Third Edition: Mar 2021

Lennon Stella

ਮੈਂ ਕਿਸਾਨ ਦੀ ਬੇਟੀ ਹਾਂ

ਮੇਰੇ ਬਾਪੂ ਜੀ, ਦਾਦਾ ਜੀ, ਪੜਦਾਦਾ ਜੀ ਅਤੇ ਵੱਡ-ਵਡੇਰਿਆਂ ਦਾ ਜਨਮ ਜ਼ਿਲਾ ਮੁਲਤਾਨ ਪਾਕਿਸਤਾਨ ਦਾ ਹੈ। ਅਸੀਂ ਛੋਟੇ ਹੁੰਦੇ ਲਹਿੰਦੇ ਪੰਜਾਬੋਂ ਆਏ ਸੀ ਤਾਂ ਸਾਡੇ ਹਿੱਸੇ ਆਈ ਜ਼ਮੀਨ ਬੇ-ਆਬਾਦ ਜੰਗਲਾਂ ਵਰਗੀ ਸੀ। ਅਸੀਂ ਸਾਰੇ ਭੈਣ ਭਰਾਵਾਂ ਨੇ ਨਿੱਕੇ-ਨਿੱਕੇ ਹੱਥਾਂ ਨਾਲ਼ ਜ਼ਮੀਨ ਵਿੱਚੋਂ ਘਾਹ- ਬੂਝੇ ਪੱਟਣੇ, ਸਰਕੜਾ ਵੱਢਣਾ ਅਤੇ ਨਾਲ਼ ਹੀ ਖਤਰਨਾਕ ਜੀਵ ਜਿਵੇਂ ਸੱਪ, ਨਿਉਲੇ, ਚੂਹੇ, ਹਿਰਨ, ਸਹੇ ਦਾ ਮੁਕਾਬਲਾ ਕਰਨਾ। ਅਸੀਂ ਸਵੇਰੇ ਸਕੂਲ ਪੜ੍ਹਨ ਜਾਂਦੇ, ਸ਼ਾਮ ਨੂੰ ਬਾਪੂ ਜੀ ਹੋਰਾਂ ਨਾਲ ਖੇਤੀ ਦਾ ਕੰਮ ਕਰਾਉਂਦੇ ਜਿਵੇਂ ਹਲ ਚਲਾਉਣਾ, ਬਲਦਾਂ ਨੂੰ ਹੱਕਣਾ, ਸਿੰਚਾਈ ਲਈ ਖਾਲ਼ਿਆਂ, ਵੱਟਾਂ-ਬੰਨਿਆਂ ਤੋਂ ਘਾਹ ਪੱਟਣਾ। ਫਿਰ ਪੱਠੇ ਵੱਢ ਕੇ ਕੁਤਰਨੇ, ਦੁੱਧ ਲੈ ਕੇ ਆਉਣਾ ਅਤੇ ਸ਼ਾਮ ਨੂੰ ਦੀਵੇ ਦੀ ਰੌਸ਼ਨੀ ‘ਚ ਸਕੂਲ ਦਾ ਕੰਮ ਕਰਨਾ। ਛੁੱਟੀ ਵਾਲੇ ਦਿਨ ਮੌਸਮ ਅਨੁਸਾਰ ਕਪਾਹ ਚੁਗਣੀ, ਮਿਰਚਾਂ ਤੋੜਨੀਆਂ, ਗੰਢੇ ਬੀਜਣੇ, ਕਮਾਦ ਬੀਜਣਾ, ਬਾਜਰੇ-ਜਵਾਰ ਦੇ ਸਿੱਟੇ ਤੋੜਨੇ, ਗੰਨੇ ਪੀੜਨੇ, ਗੁੜ ਸ਼ੱਕਰ ਬਨਾਉਣਾ। ਖੇਤਾਂ ਵਿੱਚੋਂ ਤੋੜਕੇ ਸਾਗ ਬਨਾਉਣਾ, ਛੋਲਿਆਂ ਦੇ ਪੱਤਿਆਂ ਦੀ ਚਟਣੀ ਬਨਾਉਣੀ, ਭੱਠੀ ਵਾਲੀ ਤੋਂ ਦਾਣੇ ਭੁੰਨਾਉਣੇ, ਚੌਲਾਂ ਦਾ ਮਰੂੰਡਾ ਬਨਾਉਣਾ। ਖੱਦਰ ਦੇ ਝੱਗੇ ਪਾਉਣੇ, ਨੰਗੇ ਪੈਰੀਂ ਫਿਰਨਾ, ਸਕੂਲ ਜਾਣ ਲਈ ਵਰਦੀ ਨਾਲ਼ ਚਿੱਟੇ ਬੂਟ ਪਾਉਣੇ। ਕਈ ਵਾਰ ਬੂਟ ਫਟ ਜਾਣੇ ਤੇ ਪੈਰ ਦਾ ਅੰਗੂਠਾ ਬਾਹਰ ਆ ਜਾਣਾ, ਤੇ ਜਦੋਂ ਤੱਕ ਨਵੇਂ ਨਾ ਮਿਲਣੇ, ਪਾਟੇ ਹੀ ਪਾ ਕੇ ਸਕੂਲ ਜਾਣਾ। ਸਲੇਟਾਂ ਤੇ ਸਵਾਲ ਕੱਢਣੇ, ਜੋ ਯਾਦ ਕਰਨਾ ਉਹ ਸਲੇਟਾਂ ਤੇ ਲਿਖ ਕੇ ਵੇਖਣਾ। ਖੇਡਾਂ ਖੇਡਣੀਆਂ, ਸਰੀਰ ਅਰੋਗ ਰਹਿਣਾ। ਸਿਰਫ ਘਰ ਦੀ ਖੁਰਾਕ ਖਾ ਕੇ ਮੈਂ ਅੱਜ ਤੱਕ ਸੱਤ ਨੈਸ਼ਨਲ ਖੇਡਾਂ ਖੇਡ ਚੁੱਕੀ ਹਾਂ।ਮੇਰੇ ਬਾਪੂ ਜੀ ਲਹਿੰਦੇ ਪੰਜਾਬ ਤੋਂ ਅੱਠ ਜਮਾਤਾਂ ਪੜ੍ਹੇ ਸਨ, ਉਹ ਸਾਨੂੰ ਬੰਦਾ ਸਿੰਘ ਬਹਾਦਰ ਬਾਰੇ ਦੱਸਦੇ ਕਿ ਉਹਨਾਂ ਨੇ ਵਾਹੀਕਾਰ ਕਿਸਾਨਾਂ ਨੂੰ ਭੋਇੰ ਦੇ ਮਾਲਕ ਬਣਾਇਆ ਅਤੇ ਉਹਨਾਂ ਤੋਂ ਬਾਅਦ ਹੁਣ ਤੱਕ ਇਹ ਪ੍ਰਬੰਧ ਏਵੇਂ ਹੀ ਚਲਦਾ ਆ ਰਿਹਾ ਹੈ। ਅੰਗਰੇਜ਼ਾਂ ਨੇ ਇਹ ਜ਼ਮੀਨ ਕਿਸਾਨਾਂ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਿਸਾਨਾਂ ਦੇ ਅੰਦੋਲਨ ਸਾਹਮਣੇ ਸਰਕਾਰ ਨੂੰ ਝੁਕਣਾ ਪਿਆ ਸੀ। ਬਾਪੂ ਜੀ ਦੱਸਦੇ ਕਿ ਇਹ ਜ਼ਮੀਨਾਂ ਸਾਨੂੰ ਬੜੀ ਮੁਸ਼ਕਿਲ ਨਾਲ ਜ਼ੁਲਮ ਸਹਿ ਕੇ ਮਿਲੀਆਂ ਹਨ। ਸਾਡੇ ਦੇਸ਼ ਦੀ ਧਰਤੀ ਸਦੀਆਂ ਤੋਂ ਵਿਦੇਸ਼ੀ ਹਮਲਾਵਰਾਂ ਦੇ ਪੈਰਾਂ ਥੱਲੇ ਲਤਾੜੀ ਜਾਂਦੀ ਰਹੀ ਹੈ। ਪਰ ਅਫਸੋਸ ਤੇ ਦੁੱਖ ਦੀ ਗੱਲ ਇਹ ਹੈ ਕਿ ਹੁਣ ਸਾਡੇ ਦੇਸ਼ ਦੀ ਧਰਤੀ ਤੇ ਵਿਦੇਸ਼ੀ ਹਮਲਾਵਰਾਂ ਦਾ ਹਮਲਾ ਨਹੀਂ ਹੋਇਆ ਬਲਕਿ ਸਾਡੀ ਹੀ ਸਰਕਾਰ ਨੇ ਸਾਡੀ ਜ਼ਮੀਨ ਤੇ ਸਿੱਧਾ ਡਾਕਾ ਮਾਰਿਆ ਹੈ। ਇਹ ਸਰਕਾਰ 135 ਕਰੋੜ ਦੇਸ ਵਾਸੀਆਂ ਦੀ ਨਹੀਂ ਸਗੋਂ ਦੋ ਚਾਰ ਕੁ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ। ਅੱਜ ਕਿਸਾਨ, ਮਜ਼ਦੂਰ, ਆੜਤੀਏ, ਦੁਕਾਨਦਾਰ ਸਭ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ; ਆਪਣੀਆਂ ਜ਼ਮੀਨਾਂ, ਆਪਣੀ ਹੋਂਦ ਨੂੰ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ਤੇ ਪਿਛਲੇ ਤਿੰਨ ਮਹੀਨਿਆਂ ਤੋਂ ਬੈਠੇ ਹਨ। ਪਰ ਦੇਸ਼ ਦੇ ਹੁਕਮਰਾਨ ਉੱਤੇ ਕੋਈ ਅਸਰ ਨਹੀਂ ਹੈ। ਅਸਲ ਵਿੱਚ ਲੋਕਰਾਜ ਵਿੱਚ ਸਰਕਾਰਾਂ ਲੋਕਾਂ ਦੇ ਦੁੱਖ ਦੂਰ ਕਰਨ ਲਈ ਹੁੰਦੀਆਂ ਹਨ ਨਾ ਕਿ ਦੁਖੀ ਕਰਨ ਲਈ। ਇਸ ਬੀ.ਜੇ.ਪੀ. ਸਰਕਾਰ ਨੇ 2014 ਤੋਂ ਲੈ ਕੇ ਹੁਣ ਤੱਕ ਜੋ ਵੀ ਫੈਸਲੇ ਲਏ ਹਨ ਉਹ ਲੋਕਾਂ ਲਈ ਘਾਤਕ ਸਿੱਧ ਹੋਏ ਨੇ ਜਿਵੇਂ ਨੋਟਬੰਦੀ ਕਰਨ ਦਾ, ਜੀ.ਐਸ.ਟੀ. ਲਗਾਉਣ ਦਾ, ਅਤੇ ਧਾਰਾ 370 ਦਾ।ਅਜਿਹੇ ਫੈਸਲਿਆਂ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਨਿਘਾਰ ਦਿੱਤਾ ਹੈ। ਮਹਿੰਗਾਈ ਨੇ ਦੇਸ਼ ਦੀ ਜਨਤਾ ਦੇ ਨੱਕ ਵਿੱਚ ਦਮ ਕਰ ਦਿੱਤਾ ਹੈ। ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਦੇਸ਼ ਵੇਚ ਦਿੱਤਾ ਹੈ। ਸਰਦੀ ਦੀਆਂ ਮਾਰਾਂ ਸਹਿੰਦੇ ਹੋਏ ਇਹ ਕਿਸਾਨ ਸਰਕਾਰ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ, ਪਰ ਇਸ ਜ਼ਾਲਮ ਸਰਕਾਰ ਨੇ ਕਿਸਾਨਾਂ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਅਸੀਂ ਨਹੀਂ ਡਰੇ। ਅੱਥਰੂ ਗੈਸ ਦੇ ਗੋਲੇ ਮਾਰੇ, ਅਸੀਂ ਨਹੀਂ ਡਰੇ। ਡਾਂਗਾਂ ਵਰ੍ਹਾਈਆਂ, ਅਸੀਂ ਨਹੀਂ ਡਰੇ। ਬੈਰੀਕੇਡ ਲਗਵਾਏ, ਅਸੀਂ ਤੋੜ ਕੇ ਔਹ ਮਾਰੇ। ਹਮਲੇ ਕਰਵਾਏ, ਸਾਡੇ ਹੌਂਸਲੇ ਹੋਰ ਵਧੇ। ਸੜਕ ਤੇ ਕਿੱਲ ਲਗਵਾਏ, ਅਸੀਂ ਪ੍ਰਵਾਹ ਨਹੀਂ ਕੀਤੀ।ਅਸੀਂ ਇਹ ਕਾਲੇ ਕਾਨੂੰਨ ਜੋ ਕਿ ਕਿਸਾਨ ਦੀ ਬਰਬਾਦੀ ਹਨ, ਕਿਸਾਨ ਦੀ ਮੌਤ ਹਨ, ਕਿਸਾਨ ਉੱਤੇ ਅੱਤਿਆਚਾਰ ਹਨ, ਅਤੇ ਕਿਸਾਨ ਤੇ ਜ਼ਬਰਦਸਤੀ ਥੋਪੇ ਜਾ ਰਹੇ ਹਨ, ਇਹਨਾਂ ਨੂੰ ਰੱਦ ਕਰਵਾ ਕੇ ਹੀ ਵਾਪਿਸ ਜਾਵਾਂਗੇ, ਚਾਹੇ ਜੋ ਮਰਜ਼ੀ ਹੋ ਜਾਵੇ। ਇਹ ਜ਼ਮੀਨ ਸਾਡੀ ਹੈ, ਅਸੀਂ ਚੱਟਾਨ ਬਣਕੇ ਇਹਨਾਂ ਕਾਨੂੰਨਾਂ ਦੇ ਖਿਲਾਫ਼ ਖੜ੍ਹੇ ਹਾਂ, ਅਸੀਂ ਇਹਨਾਂ ਲੁਟੇਰਿਆਂ ਤੇਂ ਡਰਨ ਵਾਲੇ ਨਹੀਂ।   

Lennon Stella

ਲਾਹੌਰ ਦਾ ਔਰਤ ਮਾਰਚ ਕਿਵੇਂ ਸ਼ੁਰੂ ਹੋਇਆ

ਦਿਸੰਬਰ 2012 ਵਿੱਚ ਜਦੋਂ 23 ਸਾਲਾ ਜਿਓਤੀ ਸਿੰਘ ਦਾ ਦਿੱਲੀ ਦੀ ਇੱਕ ਪ੍ਰਾਈਵੇਟ ਬੱਸ ਵਿੱਚ ਗੈਂਗ ਰੇਪ ਤੇ ਕਤਲ ਹੋਇਆ ਤਾਂ ਭਾਰਤ ਵਿੱਚ ਕਿਸੇ ਦੇ ਜ਼ਿਹਨ ਵਿੱਚ ਨਹੀਂ ਸੀ ਕਿ ਇਸ ਕਤਲ ਤੋਂ ਬਾਅਦ ਇੱਕ ਨਾ ਰੁਕਣ ਵਾਲੇ ਏਹਤੇਜਾਜ਼ਾਂ (ਸੰਘਰਸ਼ਾਂ) ਦਾ ਸਿਲਸਿਲਾ ਸ਼ੂਰੂ ਹੋ ਜਾਵੇਗਾ। “ਸਾਨੂੰ ਇਨਸਾਫ਼ ਚਾਹੀਦੈ” ਇਹ ਸਭ ਦਾ ਨਾਅਰਾ ਬਣ ਗਿਆ ਸੀ। ਸਰਹੱਦ ਦੇ ਇਸ ਪਾਰ ਮੈਂ ਇਹੀ ਸੋਚਦੀ ਸੀ ਕਿ ਅਸੀਂ ਸਭ ਔਰਤਾਂ ਕਦੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੜਕਾਂ ‘ਤੇ ਨਿਕਲਾਂਗੀਆਂ? ਚੰਦ ਜਾਣੇ ਪਹਿਚਾਣੇ ਚਿਹਰੇ ਹੀ ਤੁਹਾਨੂੰ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਜਾਂ ਇਸਲਾਮਾਬਾਦ ਪ੍ਰੈਸ ਕਲੱਬ ਦੇ ਬਾਹਰ ਨਜ਼ਰ ਆਉਂਦੇ ਸਨ। 2018 ਵਿੱਚ ਜਦੋਂ ਕਰਾਚੀ ਦੀ ਦੋਸਤ ਨੌਸ਼ੀਨ ਅਲੀ ਨੇ ਮੈਨੂੰ ਔਰਤ ਮਾਰਚ ਬਾਰੇ ਬਹੁਤ ਉਤਸ਼ਾਹ ਨਾਲ ਦੱਸਦਿਆਂ ਕਿਹਾ ਕਿ ਮੈਨੂੰ ਉਹਨਾਂ ਦੀ ਪ੍ਰਬੰਧਕ ਕਮੇਟੀ ਦੀ ਮੈਂਬਰ ਬਣਨਾ ਚਾਹੀਦਾ ਹੈ, ਤਾਂ ਮੈਨੂੰ ਕੁਝ ਅਜੀਬ ਜਿਹਾ ਲੱਗਿਆ ਕਿ ਮੈਂ ਲਾਹੌਰ ਵਿੱਚ ਹਾਂ ਅਤੇ ਔਰਤ ਮਾਰਚ ਕਰਾਚੀ ਦੀਆਂ ਤਿਆਰੀਆਂ ਕਰਾਚੀ ਵਿੱਚ ਹੋ ਰਹੀਆਂ ਹਨ ਪਰ ਮੈਂ ਵਟਸਐਪ ਉੱਤੇ ਜਾਇਨ ਕਰ ਲਿਆ। 2018 ਵਿੱਚ 8 ਮਾਰਚ ਤੋਂ ਦੋ ਹਫ਼ਤੇ ਪਹਿਲਾਂ ਮੈਨੂੰ ਔਰਤ ਮਾਰਚ ਕਰਾਚੀ ਦੇ ਜੋਸ਼ ਜਜ਼ਬੇ ਅਤੇ ਵਲਵਲੇ ਨੇ ਇੰਨਾ ਉਕਸਾਇਆ ਕਿ ਜੋ ਖਵਾਬ ਮੈਂ ਹਮੇਸ਼ਾ ਤੋਂ ਦੇਖਦੀ ਹਾਂ ਕਿ ਜੇ ਹਜ਼ਾਰਾਂ ਨਹੀਂ ਤਾਂ ਸੈਂਕੜੇ ਔਰਤਾਂ ਹੀ ਲਾਹੌਰ ਅਤੇ ਬਾਕੀ ਸ਼ਹਿਰਾਂ ਦੀਆਂ ਸੜਕਾਂ ‘ਤੇ ਵੀ ਨਿਕਲਣ ਅਤੇ ਆਪਣੇ ਹੱਕਾਂ ਦੀ ਗੱਲ ਕਰਨ, ਪਰ ਇਹ ਉਦੋਂ ਹੀ ਪੂਰਾ ਹੋ ਸਕਦਾ ਹੈ, ਜਦੋਂ ਕਰਾਚੀ ਔਰਤ ਮਾਰਚ ਵਰਗੇ ਮਾਡਲ ਨੂੰ ਅਸੀਂ ਲਾਹੌਰ ਵਿੱਚ ਵੀ ਲਾਗੂ ਕਰੀਏ। ਫਿਰ ਮੈਂ ਤੇ ਮੇਰੀਆਂ ਕੁਝ ਨਾਰੀਵਾਦੀ ਸਾਥਣਾਂ ਨੇ ਅਤੇ ਕਰਾਚੀ ਔਰਤ ਮਾਰਚ ਦੀਆਂ ਦੋਸਤਾਂ ਦੀ ਹੌਂਸਲਾ ਅਫ਼ਜ਼ਾਈ ਨਾਲ਼ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਲਾਹੌਰ ਵਿੱਚ ਵੀ, ਉਸੇ ਹੀ ਤਰ੍ਹਾਂ ਦਾ ਮਾਰਚ ਕਰਾਂਗੇ ਜਿਵੇਂ ਦਾ ਕਰਾਚੀ ਵਿੱਚ ਹੋਣ ਜਾ ਰਿਹਾ ਹੈ। ਜਦ 8 ਮਾਰਚ ਦਾ ਦਿਨ ਆਇਆ ਤਾਂ ਸੈਂਕੜੇ ਔਰਤਾਂ ਅਤੇ ਬੱਚਿਆਂ ਨੇ ਔਰਤ ਮਾਰਚ ਵਿੱਚ ਹਿੱਸਾ ਲਿਆ। ਮੈਂ ਆਪਣੀ ਜਿੰਦਗੀ ਵਿਚ ਕਦੇ ਇੰਨੀ ਤਾਦਾਦ ਵਿੱਚ ਔਰਤਾਂ ਨੂੰ ਲਾਹੌਰ ਦੀਆਂ ਸੜਕਾਂ ਤੇ ਨਿਕਲਦੇ ਨਹੀਂ ਦੇਖਿਆ। ਹਵਾ ਵਿੱਚ ਬਹੁਤ ਹੀ ਖੂਬਸੂਰਤ ਪੁਰਜੋਸ਼ੀ ਅਤੇ ਵਲਵਲਾ ਸੀ। ‘ਹਮ ਲੇ ਕੇ ਰਹੇਂਗੇ ਆਜ਼ਾਦੀ, ਹਮ ਛੀਨ ਕੇ ਲੇਂਗੇ ਆਜ਼ਾਦੀ’ ਦੇ ਨਾਅਰੇ ਹਰ ਜਗ੍ਹਾ ਗੂੰਜ ਰਹੇ ਸੀ। ਮਾਰਚ ਲਾਹੌਰ ਦੇ ਲਿਟਨ ਰੋਡ ਹਮਦਰਦ ਹਾਲ ਤੋਂ ਸ਼ੁਰੂ ਹੋਇਆ ਅਤੇ ਚੀਅਰਿੰਗ ਕਰਾਸ ਮਾਲ ਰੋਡ ਤੇ ਖਤਮ ਹੋਇਆ, ਜਿਸਦੀ ਆਪਣੀ ਸਿਆਸੀ ਤਵਾਰੀਖ ਹੈ। ਔਰਤ ਮਾਰਚ ਲਾਹੌਰ ਦੀਆਂ ਮੰਗਾਂ ਦਾ ਸਭ ਤੋਂ ਵੱਡਾ ਹਿੱਸਾ ਇਹ ਸੀ ਕਿ ਪਾਕਿਸਤਾਨ ਦੀ ਹਰ ਔਰਤ, ਮਜ਼ਹਬੀ ਅਕਲੀਅਤਾਂ(ਧਾਰਮਿਕ ਘੱਟ ਗਿਣਤੀਆਂ ) ਪੁਰ ਵਕਾਰ ਸਵੈ ਮਾਣ ਵਾਲੀ ਜ਼ਿੰਦਗੀ ਗੁਜ਼ਾਰਨ ਦਾ ਅਇਨੀ (ਸੰਵਿਧਾਨਿਕ) ਹੱਕ ਹਾਸਿਲ ਹੈ। ਉਹਨਾਂ ਦੇ ਸਮਾਜੀ ਹੱਕਾਂ ਅਤੇ ਇਨਸਾਨੀ ਹੱਕਾਂ ਨੂੰ ਪੈਰਾਂ ਵਿਚ ਰੋਲਣਾ ਬੰਦ ਕੀਤਾ ਜਾਵੇ। ਜੇਕਰ ਸਭ ਤੋਂ ਵਧ ਪਿਸਿਆ ਹੋਇਆ ਤਬਕਾ ਆਜ਼ਾਦ ਨਹੀਂ ਹੋਵੇਗਾ, ਪਾਕਿਸਤਾਨ ਦੀ ਕੋਈ ਔਰਤ ਆਜ਼ਾਦ ਨਹੀਂ ਹੋ ਸਕਦੀ। ਔਰਤਾਂ ਦੇ ਖਿਲਾਫ਼ ਤਸ਼ੱਦਦ, ਮਜ਼ਦੂਰ ਤੇ ਕਿਸਾਨ ਔਰਤਾਂ ਦੀਆਂ ਮੰਗਾਂ, ਬਰਾਬਰ ਦੀ ਮਜ਼ਦੂਰੀ ਅਤੇ ਘੱਟ ਉਮਰ ਦੇ ਵਿਆਹ, ਇਸ ਤਰ੍ਹਾਂ ਦੀਆਂ ਮੰਗਾਂ ਸਨ ਜੋ ਅਲਗ ਅਲਗ ਨਾਅਰਿਆਂ ਅਤੇ ਪੋਸਟਰਾਂ ਵਿੱਚ ਨਜ਼ਰ ਆਏ। ਔਰਤ ਮਾਰਚ ਦਾ ਮਕਸਦ ਇੱਕ ਐਸਾ ਅੰਦੋਲਨ ਖੜਾ ਕਰਨਾ ਹੈ ਜੋ ਵਰਗ ਵੰਡ (ਤਬਕਾਤੀ ਤਕਸੀਮ) ਅਤੇ ਨਸਲ ਦੀ ਬੁਨਿਆਦ ਤੇ ਜ਼ੁਲਮ ਨੂੰ ਉਜਾਗਰ ਕਰਦਾ ਰਹੇਗਾ।2018 ਵਿੱਚ ਜਦੋਂ ਲਾਹੌਰ ਵਿੱਚ ਔਰਤ ਮਾਰਚ ਸ਼ੁਰੂ ਕੀਤਾ ਗਿਆ ਤਾਂ ਉਸਦਾ ਮਕਸਦ ਇਹ ਸੀ ਕਿ ਅਸੀਂ ਔਰਤਾਂ ਜਿਸ ਸੁਰੱਖਿਅਤ ਦੁਨੀਆਂ ਦੀ ਗੱਲ ਕਰਦੀਆਂ ਹਾਂ ਉਹ ਕੋਈ ਖਿਆਲੀ ਦੁਨੀਆਂ ਨਹੀਂ ਹੈ, ਬਲਕਿ ਉਸਦਾ ਅਮਲੀ ਜਾਮਾ ਮੁਮਕਿਨ ਹੈ। ਇਹ ਔਰਤ ਮਾਰਚ ਸਾਡੇ ਸਭ ਔਰਤਾਂ ਲ਼ਈ ਪਾਕਿਸਤਾਨ ਵਿਚ ਵੀ ਅਤੇ ਸਰਹੱਦ ਤੋਂ ਪਾਰ ਵੀ ਇਸ ਦੁਨੀਆਂ ਨੂੂੰ ਬਣਾ ਕੇ ਰਹੇਗਾ। 2018 ਤੋਂ ਹੁਣ ਤੱਕ ਔਰਤ ਮਾਰਚ ਹੁੰਦਾ ਆ ਰਿਹਾ ਹੈ ਅਤੇ ਔਰਤਾਂ ਦੀ ਤਦਾਦ ਸੈਂਕੜੇ ਤੋਂ ਹਜ਼ਾਰਾਂ ਵਿੱਚ ਬਦਲ ਗਈ ਹੈ। ਜੋ ਹਰ ਸਾਲ ਕਰਾਚੀ, ਲਾਹੌਰ, ਇਸਲਾਮਾਬਾਦ, ਹੈਦਰਾਬਾਦ, ਮੁਲਤਾਨ, ਕੋਇਟਾ ਅਤੇ ਪਿਸ਼ਾਵਰ ਦੀਆਂ ਸੜਕਾਂ ‘ਤੇ ਆਪਣੇ ਹੱਕ ਖੋਹਣ ਲਈ ਨਿਕਲਦੀਆਂ ਹਨ ਅਤੇ ਸਾਡੇ ਸਾਥੀਆਂ ਦਾ ਇਹ ਕਾਰਵਾਂ ਚਲਦਾ ਰਹੇਗਾ।

Lennon Stella

ਟੀਕਰੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ

ਗ੍ਰੀਨ ਲਾਈਨ ਮੈਟਰੋ ਤੇ ਔਰਤ ਦਿਹਾੜੇ ਤੇ ਜਾਂਦਿਆਂ ਐਲਾਨ ਹੋਇਆ ਕਿ ਟਰੇਨ ਸਿਰਫ ਟੀਕਰੀ ਕਲਾਂ ਤੱਕ ਹੀ ਜਾਵੇਗੀ। ਅਸੀਂ ਮੋਢਿਆਂ ਉੱਤੇ ਭਾਰੀ ਝੋਲੇ ਚੁੱਕ ਰਖੇ ਸੀ। ਝੋਲਿਆਂ ਵਿਚ ਅਸੀਂ ਇਨਕ਼ਲਾਬ ਹਾਂ ਦੇ ਪੋਸਟਰ ਸਨ। ਅਸੀਂ ਟ੍ਰੇਨ ਤੋਂ ਉੱਤਰ ਕੇ ਇਕ ਤੁਰੇ ਜਾਂਦੇ ਬੰਦੇ ਨੂੰ ਕਾਰਨ ਪੁੱਛਿਆ। ਉਸਨੇ ਕਿਹਾ: ਬੌਰਡਰ ਪਰ ਆਜ ਬਹੁਤ ਸਾਰੀ ਔਰਤੇਂ ਆ ਗਈ ਹੈਂ, ਇਸੀ ਲੀਏ।

Lennon Stella

ਵਸਰਾਂਦ

ਰਾਜੇ ਸ਼ੀਹ ਮੁਕਦਮ ਕੁਤੇ ॥ ਜਾਇ ਜਗਾਇਨ੍ਹ੍ਹਿ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ ਘਾਉ ॥ - ਸ਼੍ਰੀ ਗੁਰੂ ਨਾਨਕ ਦੇਵ ਜੀ26 ਜਨਵਰੀ ਨੂੰ ਹੋਈ ਟਰੈਕਟਰ ਪਰੇਡ ਦੇ ਦੌਰਾਨ ਅਤੇ ਬਾਅਦ ਵਿੱਚ ਦਿੱਲੀ ਪੁਲਿਸ ਨੇ ਕੁੱਲ 18 ਪਰਚੇ ਦਰਜ ਕੀਤੇ।  ਕੁਝ ਦਿਨਾਂ ਮਗਰੋਂ ਚਾਰ ਹੋਰ ਪਰਚੇ ਹੋਏ ਤੇ ਗਿਣਤੀ 22 ਹੋ ਗਈ। 20 ਹੋਰ ਪਰਚੇ ਅਣਪਛਾਤੇ ਵਿਅਕਤੀਆਂ ਉੱਪਰ ਕੀਤੇ ਗਏ। ਪਹਿਲਾਂ ਝੂਠੇ ਕੇਸਾਂ ਪਾ ਕੇ 122 ਕਿਸਾਨ ਜੇਲ੍ਹਾਂ ਵਿਚ ਬੰਦ ਕੀਤੇ।  8 ਫਰਵਰੀ ਤਕ ਗ੍ਰਿਫ਼ਤਾਰੀਆਂ ਚਲਦੀਆਂ ਰਹੀਆਂ, ਜਿਸਦੇ ਨਾਲ਼ ਹਿਰਾਸਤ ਵਿਚ ਲਏ ਗਏ ਮੁਜ਼ਾਹਰਾਕਾਰੀਆਂ ਦੀ ਗਿਣਤੀ 149 ਨੂੰ ਜਾ ਪਹੁੰਚੀ।ਸੰਯੁਕਤ ਕਿਸਾਨ ਮੋਰਚੇ ਨੇ ਪੰਜ ਮੈਂਬਰੀ ਕਮੇਟੀ ਬਣਾਈ ਜਿਸਦੇ ਮੋਹਤਬਰ ਪੰਜਾਬ - ਹਰਿਆਣਾ ਹਾਈ ਕੋਰਟ ਅਦਾਲਤ ਦੇ ਵਕੀਲ ਪ੍ਰੇਮ ਸਿੰਘ ਭੰਗੂ ਹਨ। ਉਹਨਾਂ ਦਾ ਕਹਿਣਾ ਹੈ, "ਦਿੱਲੀ ਵਿਚ ਕੇਸ ਲੜਨ ਲਈ ਸਥਾਨਕ ਵਕੀਲਾਂ ਦੀ ਸਖ਼ਤ ਜ਼ਰੂਰਤ ਸੀ। ਸਾਨੂੰ ਨਾ ਕੋਰਟਾਂ ਦਾ ਪਤਾ, ਨਾ ਥਾਣਿਆਂ ਦਾ। ਨਾ ਸਾਡੇ ਕੋਲ ਅਰਜੀਨਵੀਸ, ਨਾ ਦਫ਼ਤਰ, ਨਾ ਮੁਨਸ਼ੀ। ਅਜੇ ਅਸੀਂ ਸੋਚ ਵਿਚਾਰ ਹੀ ਕਰ ਰਹੇ ਸੀ ਕਿ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ਼ ਸਾਡਾ ਰਾਬਤਾ ਬਣਿਆ।” ਦੂਜੇ ਪਾਸੇ ਦਿੱ.ਸਿੱ.ਗੁ.ਪ੍ਰ.ਕ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਕੀਲਾਂ ਨੂੰ ਇਕੱਠੇ ਕਰਕੇ ਜੇਲਾਂ ਤੇ ਥਾਣਿਆਂ ਵਿਚ ਬੰਦ ਕਿਸਾਨਾਂ ਦੀ ਮਦਦ ਦਾ ਰਾਹ ਬਣਾ ਰਹੇ ਸਨ। ਰਕਾਬਗੰਜ ਗੁਰਦਵਾਰੇ ਵਿਚ ਇਹਨਾਂ ਦੀ ਆਪਸੀ ਮੀਟਿੰਗ ਹੋਈ, ਜਿੱਥੇ 150 ਦੇ ਕਰੀਬ ਵਕੀਲ ਇਕੱਠੇ ਹੋਏ। 11 ਮੈਂਬਰੀ ਕਮੇਟੀ ਬਣੀ, ਜਿਸਦੇ ਵਿੱਚ 5 ਮੈਂਬਰ ਮੋਰਚੇ ਦੇ ਹਨ। ਦਫ਼ਤਰ ਗੁਰਦਵਾਰੇ ਵਿਚ ਹੀ ਰੱਖਿਆ ਗਿਆ। ਕਾਨੂੰਨੀ ਪੈਰਵਾਈ ਸੰਬੰਧੀ ਰੋਜ਼ਾਨਾ ਮੀਟਿੰਗ ਹੋਣ ਲੱਗੀ। ਰਾਜਿੰਦਰ ਸਿੰਘ ਚੀਮਾ, ਪੂਨਮ ਕੌਸ਼ਲ, ਹਰਬੀਰ ਸਿੰਘ ਭੁੱਲਰ, ਜਗਦੀਪ ਸਿੰਘ ਕਾਹਲੋਂ, ਚਿਤਵਨ ਗੋਦਾਰਾ ਸਮੇਤ ਬਹੁਤ ਸਾਰੇ ਵਕੀਲਾਂ ਨੇ ਕਾਨੂੰਨੀ ਸੇਵਾਵਾਂ ਦਾ ਲੰਗਰ ਆਰੰਭਿਆ। ਇਹ ਇਕ ਤਰ੍ਹਾਂ ਦਾ ਜੱਥੇਬੰਦਕ ਹੰਭਲਾ ਸਾਬਤ ਹੋਇਆ, ਜਿਸਦੇ ਸਦਕਾ ਹੁਣ ਤੱਕ 149 ਦੇ 149 ਕਿਸਾਨ ਤੇ ਮਜ਼ਦੂਰ ਜ਼ਮਾਨਤ ਤੇ ਬਾਹਰ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਉਹ ਵੀ ਰਿਹਾਅ ਹੋਏ ਹਨ ਜਿਹਨਾਂ ਤੇ ਧਾਰਾ 307 (ਇਰਾਦਾ ਏ ਕਤਲ) ਵੀ ਲੱਗੀ ਸੀ।। ਸੰ.ਕਿ.ਮੋ. ਅਤੇ ਦਿੱ.ਸਿੱ.ਗੁ.ਪ੍ਰ.ਕ. ਨੇ ਜੇਲ੍ਹਬੰਦ ਮੋਰਚਕਾਰੀਆਂ ਨੂੰ ਦੋ ਹਜ਼ਾਰ ਰੁਪਏ ਨਿੱਜੀ ਖਰਚੇ ਲਈ ਪਹੁੰਚਾਏ। ਉਹਨਾਂ ਇਹ ਵੀ ਸਖ਼ਤ ਹਦਾਇਤ ਦਿੱਤੀ ਕਿ ਜ਼ਮਾਨਤ ਲਈ ਬੇਲ ਬੌਂਡ ਨਕਦ ਨਹੀਂ ਦੇਣਾ। ਜਿਨ੍ਹਾਂ ਦੀ ਪਹੁੰਚ ਵਿੱਚ ਸੀ ਓਨ੍ਹਾਂ ਨੂੰ ਐਫ.ਡੀ. ਦੀ ਰਸੀਦ ਭਰਨ ਬਾਰੇ ਕਿਹਾ। ਬਹੁਤਿਆਂ ਦਾ ਬੇਲ ਬੌਂਡ ਮੋਰਚੇ ਅਤੇ ਕਮੇਟੀ ਵੱਲੋਂ ਖੁਦ ਭਰਿਆ ਜਾਂਦਾ ਹੈ। ਜੇਲ੍ਹ ਵਿਚ ਬੰਦ ਪਏ ਬੰਦਿਆਂ ਤੋਂ ਇਲਾਵਾ, 40 ਦੇ ਕਰੀਬ ਮੁਜ਼ਾਹਰਾਕਾਰੀ ਗੁੰਮਸ਼ੁਦਾ ਸਨ। ਭੰਗੂ ਨੇ ਦੱਸਿਆ ਕਿ ਇਹਨਾਂ ਵਿੱਚੋਂ ਬਹੁਤਿਆਂ ਦੀ ਸ਼ਨਾਖ਼ਤ ਹੋ ਚੁੱਕੀ ਹੈ। 12 ਅਜੇ ਵੀ ਲਾਪਤਾ ਹਨ। ਦਿੱਲੀ ਉੱਚ ਅਦਾਲਤ ਵਿੱਚ ਇਨ੍ਹਾਂ 12 ਲਈ ਹੇਬੀਅਸ ਕੋਰਪਸ(ਬੰਦਾ ਕਿੱਥੇ ਹੈ) ਅਰਜ਼ੀ ਵੀ ਸਾਂਝੀ ਕਮੇਟੀ ਵੱਲੋਂ ਪਾਈ ਜਾਏਗੀ। ਟਰੈਕਟਰ ਪਰੇਡ ਵਿਚ ਸ਼ਾਮਲ ਹੋਏ ਲੋਕਾਂ ਨੂੰ ਲਗਾਤਾਰ ਕਨੂੰਨੀ ਨੋਟਿਸ ਦਿੱਲੀ ਪੁਲਿਸ ਵੱਲੋਂ ਭੇਜੇ ਜਾ ਰਹੇ ਹਨ। ਇਹ ਨੋਟਿਸ ਸਿਰਫ਼ ਤੇ ਸਿਰਫ਼ ਆਪਣੇ ਹੱਕ ਮੰਗਦੇ ਲੋਕਾਂ ਨੂੰ ਲਈ ਤੰਗ ਕਰਨ ਲਈ ਵਰਤਿਆ ਜਾ ਰਿਹਾ ਹੱਥਕੰਡਾ ਹੈ। "ਇਹਨਾਂ ਨੋਟਿਸਾਂ ਦੀ ਸਾਡੇ ਲੋਕਾਂ ਨੂੰ ਪ੍ਰਵਾਹ ਕਰਨ ਦੀ ਲੋੜ ਨਹੀਂ। ਅਸੀਂ ਜੇ ਕਿਤੇ ਲੋੜ ਲੱਗ ਰਹੀ ਹੈ, ਅਗਾਊਂ ਜ਼ਮਾਨਤਾਂ ਕਰਵਾ ਰਹੇ ਹਾਂ," ਭੰਗੂ ਨੇ ਦੱਸਿਆ। ਦਿੱਲੀ ਪੁਲਿਸ ਦੇ ਜ਼ਬਰ ਅਤੇ ਕੇਂਦਰ ਸਰਕਾਰ ਵੱਲੋਂ ਸੰਵਿਧਾਨ(ਆਈਨ) ਅਤੇ ਕਾਨੂੰਨੀ ਢਾਂਚੇ ਦੀ ਦੁਰਵਰਤੋਂ ਵਿਰੁੱਧ 24 ਫ਼ਰਵਰੀ ਨੂੰ ਮੋਰਚੇ ਵੱਲੋਂ ਜ਼ਬਰ ਵਿਰੋਧੀ ਦਿਹਾੜਾ ਮਨਾਇਆ ਗਿਆ। ਹਰਿਆਣੇ ਦੀ ਚਿਤਵਨ ਗੋਦਾਰਾ ਨੇ ਕਾਨੂੰਨ ਦੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ। ਓਹਨਾਂ ਨੇ 27 ਜਨਵਰੀ ਤੋਂ ਹੀ ਵਕਲਾਤਨਾਮੇ ਭਰਨੇ ਸ਼ੁਰੂ ਕਰ ਦਿੱਤੇ ਸੀ। "ਸਾਡੇ ਸਾਂਝੇ ਕਾਨੂੰਨੀ ਫ਼ਰੰਟ ਕਾਰਨ ਹੀ ਅੱਜ 100 ਤੋਂ ਵੱਧ ਮੋਰਚਾਕਾਰੀ ਬਾਹਰ ਹਨ। ਇਹ ਕੰਮ ਕਰਕੇ ਮੈਨੂੰ ਲੱਗਦਾ ਹੈ ਕੇ ਮੇਰਾ ਪੜ੍ਹਿਆ ਕਿਤੇ ਕੰਮ ਆਇਆ ਹੈ।”ਗ਼ੈਰਕਾਨੂੰਨੀ ਹੱਥਕੰਡਿਆਂ ਤੇ ਉੱਤਰੀ ਹੋਈ ਸਰਕਾਰ ਇਹ ਭੁੱਲ ਬੈਠੀ ਹੈ ਕਿ ਦੇਸ਼ ਉਹਨਾਂ ਦਾ ਹੈ ਜਿਹੜੇ ਗਣਤੰਤਰ ਦਿਹਾੜੇ ਤੇ 1952 ਵਿਚ ਲਾਗੂ ਹੋਏ ਸੰਵਿਧਾਨ ਦੇ ਰਖਵਾਲੇ ਨੇ। ਗਣਤੰਤਰ ਦਿਹਾੜੇ ਤੇ ਗਣ ਉੱਤੇ ਹੋਏ ਦਿੱਲੀ ਪੁਲਿਸ, ਕੇਂਦਰੀ ਸਰਕਾਰ ਤੇ ਵਿਕੇ ਹੋਏ ਮੀਡਿਆ ਦੇ ਗੈਰਸੰਵਿਧਾਨਕ ਹਮਲਿਆਂ ਕਾਰਨ ਲੋਕਾਂ ਵਿਚ ਰੋਹ ਹੋਰ ਤਿੱਖਾ ਹੋਇਆ ਹੈ। ਕਿਸਾਨ ਆਗੂ ਬੰਗਾਲ ਪਹੁੰਚ ਚੁੱਕੇ ਨੇ। ਤਾਮਿਲ ਨਾਡੂ, ਅਸਾਮ, ਕੇਰਲਾ ਵਿਖੇ ਅਪ੍ਰੈਲ ਵਿਚ ਹੋ ਰਹੀਆਂ ਚੋਣਾਂ ਵਿਚ ਪਹੁੰਚਣ ਦੀ ਤਿਆਰੀ ਹੈ। ਹੁਣ ਤਕ ਆਰਥਿਕ ਤਾਣੇ-ਬਾਣੇ ਖਿਲਾਫ਼ ਵਿੱਢਿਆ ਗਿਆ ਇਹ ਘੋਲ, ਸਿਆਸੀ ਬਦਲਾਅ ਲੈ ਆਉਣ ਵੱਲ ਝੁਕ ਰਿਹਾ ਹੈ। ਮੋਦੀ ਕਿਸਾਨ ਵਿਰੋਧੀ ਹੈ, ਇਹ ਨਾਅਰਾ ਗਣ ਤੇ ਤੰਤਰ ਵਿਚ ਪੈ ਚੁੱਕੇ ਫ਼ਾਸਲੇ ਨੂੰ ਤੈਅ ਕਰਨ ਲਈ ਇਕ ਅਹਿਮ ਕਦਮ ਸਿੱਧ ਹੋਵੇਗਾ। 

Lennon Stella

ਇਸ਼ਕ ਕਹਾਣੀ - ਲੋਕ ਕਹਾਣੀ

ਸਿਆਣਿਆ, ਇਹਨਾਂ ਜਾਤਾਂ ਚੋਂ ਹੀਰ ਦੀ ਕਹਾਣੀ, ਛੜੀ ਕੁੜੀ ਮੁੰਡੇ ਦੀ ਇਸ਼ਕ ਕਹਾਣੀ ਹੈ ਈ ਨਈਂ, ਇਹ ਕਹਾਣੀ ਤੇ ਲੋਕਾਈ ਦੀ ਕਹਾਣੀ ਹੈ। ਨਿਮਾਣਿਆਂ, ਦਬੇਲਾਂ(ਦੱਬੇ ਹੋਇਆਂ), ਚਾਕਾਂ(ਨੌਕਰਾਂ), ਛਾਹ(ਲੱਸੀ) ਪਿਆਕਾਂ ਦੀ ਵਾਰ। ਨਿਮਾਣੀਆਂ, ਦਬੇਲਾਂ, ਜ਼ਨਾਨੀਆਂ ਦੀ ਕਦੀਮੀ ਵਾਰ ਤੇ ਏਸ ਕਹਾਣੀ ਰਾਹੀਂ ਦਬੀਲ ਜਣੀਆਂ-ਜਣੇ ਵਸੇਬ ਦੀ ਬਣਤਰ ਨੂੰ, ਆਪਣੀ ਹੋਂਦ ਨੂੰ, ਭਾਰੂ ਮੇਲਾਂ ਨਾਲ਼ ਭਿੜਨ ਦੀ ਆਪਣੀ ਸਕਤ(ਤਾਕਤ) ਨੂੰ ਜਾਨਣਾ ਤੇ ਜਾਚਣਾ ਚਾਹੁੰਦੇ ਹਨ। ਆਪਣੀ ਕਰਨੀ ਲਈ ਰਾਹ ਬਣਾਉਣਾ ਚਾਹੁੰਦੇ ਹਨ। ਹੀਰ ਨੂੰ ਕੱਢ ਖੜ੍ਹਨ, ਤੇ ਕਿੱਥੇ? ਆਪਣੀ ਧਰਤੀ ‘ਤੇ? ਆਪਣੇ ਮੇਲ ਦਿਆਂ ਪੁਆੜਿਆਂ ਤੋਂ ਬਾਹਰ ਕਿਸੇ ਮੰਗਵੀਂ ਬਹਿਸ਼ਤ? ਕੇ ਆਪੂੰ ਰਾਠ(ਰਾਜੇ) ਨਰ ਬਣ ਵੰਝਣ(ਜਾਣ)? ਅਸਲ ਵਿਚ ਸਾਡੇ ਸਿਆਣੇ ਹੀਰ ਦੀ ਕਹਾਣੀ ਦੀਆਂ ਪੁੱਛਾਂ ਕੋਲੋਂ ਪੱਲਾ ਛੁਡਾਉਣਾ ਲੋੜਦੇ ਹਨ। ਲੋਕਾਈ ਦਿਆਂ ਪੁਆੜਿਆਂ ਵੱਲ ਕੰਡ ਕਰਨੀ ਲੋੜਦੇ ਹਨ। ਕਿਸੇ ਕਰਾਮਾਤੀ ਬੱਕੀ ਤੇ ਚੜ੍ਹ ਕੇ ਮਾਪਿਆਂ ਦੀ ਗਵਾਚੀ ਜੂਹ ਦੇ ਸੁਖਾਲ ਵਿਚ ਉੱਡ ਅਪੜਨ ਤੇ ਉਤਾਵਲੇ ਹਨ। ਨਹੀਂ ਜਾਣਦੇ ਜੋ ਮਾਪਿਆਂ ਦੇ ਜੂਹੇ ਪਰਤਣ ਦਾ ਰਾਹ ਕੋਈ ਨਈਂ ਹੁੰਦਾ। ਕਰਾਮਾਤੀ ਬੱਕੀਆਂ ਆਪ ਭੁਲਾਵੇ ਦੀ ਘੂਕੀ ਵਿਚ ਆਣ ਉਤਾਰਦੀਆਂ ਹਨ ਤੇ ਆਪ ਭੁਲਾਵੇ ਦੀ ਘੂਕੀ ਮੌਤ ਦੀ ਘੂਕੀ ਹੁੰਦੀ ਹੈ।

Lennon Stella

ਆਤਣ ਵਿਚਾਰ

ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ।।ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ।। - ਗੁਰੂ ਅਰਜਨ ਦੇਵ ਆਹਰ ਸਾਂਝਾ ਕੰਮ ਏ, ਆਹਰ ਤੇ ਸਾਰੇ ਈ ਕਰਦੇ ਨੇ ਪਰ ਇਤਨੇ ਆਹਰ ਕੀਤਿਆਂ ਵੀ ਜੀਵਨ ਬੇਰੰਗ ਏ। ਇਤਨੀ ਸਾਇੰਸੀ ਤਰੱਕੀ, ਹਯਾਤੀ ਵਿੱਚ ਹਾਸੇ ਤੇ ਖ਼ੁਸ਼ੀਆਂ ਨਹੀਂ ਪਰਤਾ ਸਕੀ। ਉਹ ਹਾਸੇ ਉਹ ਖ਼ੁਸ਼ੀਆਂ ਜੋ ਜੀਵਨ ਦਾ ਰੰਗ ਹੈ। ਉਹ ਚਾਅ ਉਹ ਸੱਧਰਾਂ ਕਿਵੇਂ ਗਵਾਚ ਗਏ? ਉਹ ਕਿਹੜਾ ਆਹਰ ਹੋਏ ਜਿਸ ਨਾਲ ਕੁੱਲ ਜਹਾਨ ਫਿਰ ਤੋਂ ਹੱਸ ਪਵੇ ਤੇ ਵੱਸ ਪਵੇ?  ਭਾਈ ਗੁਰਦਾਸ ਦਾ ਇਹ ਸ਼ਬਦ ਇਹੀ ਆਹਰ ਪਿਆ ਏ ਦੱਸਦਾ:  ਜੋ ਜੱਗ ਉਧਰੇ ਤਾਂ ਜੱਗ ਵੱਸੇ ਉਧਰਨ ਏ ਆਜ਼ਾਦ ਹੋਵਣਾ, ਬਾਂਧਾਂ ਦਾ ਤਰੁੱਟਣ ਈ ਉਧਾਰਦਾ ਏ ਹਯਾਤੀ ਨੂੰ,  ਜੀਵਨ ਦੀ ਖੁੱਲ੍ਹ ਖੇਡ ਹੀ ਜੀਵਨ ਨੂੰ ਜਿਊਂਦਾ ਰੱਖਦੀ ਏ। ਨਾਰ ਕਰਨਹਾਰ ਏ, ਨਾਰ ਜੰਮਣਹਾਰ ਏ, ਨਾਰ ਪਾਲਣ - ਸਾਂਭਣ ਹਾਰ ਏ, ਨਾਰ ਜੋੜਨ ਹਾਰ ਏ, ਨਾਰ ਜੀਵਨ ਦਾਨ ਕਰਨ ਹਾਰ ਏ। ਦਾਨ ਕਰਨ ਹਾਰ ਓਹੀ ਹੁੰਦਾ ਏ ਜੋ ਕੁੱਲ ਕੁਦਰਤ ਨੂੰ  ਆਪਣੀ ਹੋਂਦ ਅੰਦਰ ਮਾਣਦਾ ਏ ਤੇ ਕੁੱਲ ਕੁਦਰਤ ਅੰਦਰ ਆਪਣੀ ਹੋਂਦ ਮਾਣਦਾ ਏ।  ਸੁਆਣੀ ਜਾਣਦੀ ਏ  ਜੋ ਚਾਲੂ ਵਿਹਾਰ ਦਾ ਰੋਗ, ਬਾਂਧ ਤੇ ਕੈਦ ਏ। ਕੈਦ ਨਿਰੀ ਜੇਲ੍ਹ ਦੀ ਨਹੀਂ ਹੁੰਦੀ। ਅੱਜ ਰਾਸਵਾਲ ਵਿਹਾਰ ਦਾ ਹਰ ਜੀਅ ਮੋਹ ਮਾਇਆ ਦਾ ਬੰਦੀਵਾਨ ਏ। ਇਕਲਾਪੇ ਦੇ ਸੀਤ ਵਿੱਚ ਠਰੇ ਵਜੂਦ ਬੰਜਰ ਤੇ ਵੀਰਾਨ ਨੇ। ਹਸਤੀ  ਮਿੱਟੀ ਤੋਂ ਬਣੀ ਏ, ਜੇ ਮਿੱਟੀ ਉਪਜ ਨਾ ਕਰੇ  ਤਾਂ ਮਿੱਟੀ ਕਿਵੇਂ ਹੋਈ। ਮਿੱਟੀ ਤਾਂ ਉਪਜਾਵਣ  ਤੇ ਨਿਓਨ ਸਿਖਾਉਂਦੀ ਏ, ਸੇਵਾ ਕਰਨ ਸਿਖਾਉਂਦੀ ਏ। ਮਿੱਟੀ ਵਾਂਗ ਸੁਆਣੀ ਦੀ ਹਸਤੀ ਏ, ਜੋ ਕੁੱਲ ਦੀ ਖ਼ੈਰ ਮੰਗਦੀ ਏ, ਕੁੱਲ ਦਾ ਭਲਾ, ਕੁੱਲ ਦੀ ਆਜ਼ਾਦੀ ਨਾਲ ਈ ਐ। ਸੁਆਣੀ ਜਿੱਦਣ  ਆਜ਼ਾਦੀ ਦੀ ਗੱਲ ਕਰਦੀ ਏ  ਤੇ ਉਹ ਨਿਰੀ ਆਪਣੀ ਹਸਤੀ ਦੀ ਆਜ਼ਾਦੀ ਦੀ ਗੱਲ ਨਹੀਂ ਕਰਦੀ, ਨਾਰ ਕੁੱਲ ਦੀ ਆਜ਼ਾਦੀ ਦੀ ਗੱਲ ਕਰਦੀ ਏ। ਕੱਲਾ ਜੀਅ ਆਜ਼ਾਦ ਹੋ ਵੀ ਜਾਵੇ  ਪਰ ਜੇ ਵਿਹਾਰ ਈ ਬੰਦੀਵਾਨ ਏ ਸਾਰਾ ਤੇ ਉਹ ਇਕੱਲੀ ਹਸਤੀ ਕਿੱਥੇ ਜੀਵਸੀ? ਜਦੋਂ ਤੀਕ ਜਣੇ ਦੀ ਆਪਣੀ ਹਸਤੀ ਆਜ਼ਾਦ ਨਾ ਹੋ ਜਾਵੇ ਉਸ ਨੂੰ ਜਣੀ ਦੀ ਕੀਤੀ ਆਜ਼ਾਦੀ ਦੀ ਇਸ ਮੰਗ ਦੀ ਸਮਝ ਨਹੀਂ ਆ ਸਕਦੀ। ਜਣੀ ਆਜ਼ਾਦ ਏ ਤਾਂਹੀਓਂ ਤਾਂ ਆਪਣੇ ਉੱਪਰ ਹਕੂਮਤ ਕਰਨ ਵਾਲੇ ਨਰ ਆਪ ਪਈ ਜੰਮਦੀ ਏ। ਸੁਆਣੀ ਬੰਦੀਵਾਨ ਹੋਵੇ ਤਾਂ ਉਸ ਦੀ ਵੀਰਾਨੀ ਹਸਤੀ ਉਪਜ ਨਾ ਕਰੇ। ਰਾਸਵਾਲ ਵਿਹਾਰ ਦਾ ਕੈਦੀ ਜਣਾ ਆਜ਼ਾਦ ਹੋਵਣ ਦੇ ਭੁਲਾਵੇ ਵਿੱਚ ਐ। ਜੋ ਆਪ ਆਜ਼ਾਦ ਏ ਉਹ ਕਿਸੇ ਜਿਊਂਦੇ ਜੀ ਨੂੰ ਕੈਦ ਨਹੀਂ ਕਰਦਾ। ਦੂਜੇ ਨੂੰ ਗੁਲਾਮ ਉਹੀ ਕਰਦਾ ਏ  ਜੋ ਆਪ ਗੁਲਾਮ ਹੋਵੇ। ਕੁੱਲ ਪੱਖੋਂ, ਪਸ਼ੂ ਤੇ ਰੁੱਖ ਆਜ਼ਾਦ ਨੇ, ਸੋ ਆਜ਼ਾਦੀ ਮਾਣਦੇ ਨੇ ਤੇ ਕਿਸੇ ਨੂੰ ਕੈਦ ਨਹੀਂ ਕਰੇਂਦੇ। ਨਰ ਹੋਵੇ ਜਾਂ ਨਾਰ,  ਜੋ ਹੋਂਦ ਆਪ ਕੈਦ ਏ ਉਹ ਹੋਰਾਂ ਨੂੰ ਵੀ ਕੈਦ ਕਰੇਂਦੀ ਏ। ਅੱਜ ਨਾਰ ਦਾ ਆਜ਼ਾਦੀ ਲਈ ਦਿੱਤਾ ਹੋਕਾ, ਕੁੱਲ ਬੰਦਿਆਈ ਦੀ ਆਜ਼ਾਦੀ ਦਾ ਹੋਕਾ ਏ।  

Lennon Stella

ਮਲੰਗੀ ਵਿਚ ਰੰਗੀ

ਮਲੰਗੀ ਸੱਤ ਰੰਗੀ ਮਲੰਗੀ ਦੇ ਵਿਚ ਹਰ ਕੋਈ ਮੇਰਾ ਸੰਗੀ ਰਿਹਾ ਕੋਈ ਨਾ ਓਹਲਾ ਮਨ ਚੁੱਪ ਕੀਤਾ ਮੁਕਿਆ ਰੌਲਾ ਇਹ ਜੱਗ ਸਾਰਾ ਸਿਰ ਦੇ ਖੁੱਲ੍ਹੇ ਵਾਲਾਂ ਵਾਂਗੂ ਜੰਗਲ ਕਾਲਾ ਗੁੰਝਲਾਂ ਵਾਲਾ ਇਸ ਦੁਨੀਆਂ ਦੀ ਗੁੱਤ ਮੈਂ ਬਣਾਈ ਮਾਰ ਮਾਰ ਕੇ ਸਬਰ ਦੀ ਕੰਘੀ ਲਾਲ ਸਾਈਂ ਨਾਲ ਮੰਗੀ ਆਈ ਮਲੰਗੀ  

Lennon Stella

ਤਤਾਰੀਏ ਵਾਲੇ ਤੋਂ ਤਿਹਾੜ ਜੇਲ੍ਹ ਤੱਕ

ਗੁਰਜੀਤ ਕੌਰ ਮੰਜੇ ਦੇ ਕੋਨੇ ’ਤੇ ਬੈਠੀ ਵਾਰ–ਵਾਰ ਫੋਨ ਵੇਖਦੀ ਰਹੀ। ਉਸ ਦਾ ਦਸ ਸਾਲਾਂ ਦਾ ਮੁੰਡਾ ਅਰਸ਼ਨੂਰ ਉਸ ਦੇ ਮੋਢੇ ਉੱਤੋਂ ਦੀ ਫੋਨ’ਤੇ ਝਾਤੀ ਮਾਰਦਾ ਹੈ। ਦੋਵੇਂ ਜਣੇ ਤਿਹਾੜ ਤੋਂ ਵੀਡੀਓ ਕਾਲ ਉਡੀਕ ਰਹੇ ਸਨ। ਗੁਰਜੀਤ ਦਾ ਘਰਵਾਲਾ ਭਾਗ ਸਿੰਘ ਜਨਵਰੀ ਦੇ ਅਖ਼ੀਰਲੇ ਹਫ਼ਤੇ ਤੋਂ ਉਥੇ ਕੈਦ ਸੀ। ਕਿਸਾਨ ਗਣਤੰਤਰ ਪਰੇਡ ਦਾ ਹਿੱਸਾ ਬਣਨ ਲਈ ਉਹ 23 ਜਨਵਰੀ ਨੂੰ ਪਿੰਡੋਂ ਗਿਆ ਸੀ। 27 ਜਨਵਰੀ ਦੀ ਸ਼ਾਮ ਨੂੰ ਉਸ ਦੇ ਘਰ ਵਾਲੇ ਨੇ ਫੋਨ ’ਤੇ ਦੱਸਿਆ ਕਿ ਪਿੰਡ ਦੇ ਬਾਕੀ ਜਣਿਆਂ ਨਾਲ ਉਸ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਰੱਖਿਆ ਹੋਇਆ ਹੈ। ਇਨ੍ਹਾਂ ਨੇ ਕਿਹਾ ਸੀ ਕਿ,‘‘ਥੋੜ੍ਹੇ ਦਿਨਾਂ ਦੀ ਗੱਲ ਐ ਅਤੇ ਅਸੀਂ ਜਲਦੀ ਹੀ ਛੱਡ ਦਿੱਤੇ ਜਾਵਾਂਗੇ।’’ ਗੁਰਜੀਤ ਨੇ ਕਿਹਾ ਦੋ–ਤਿੰਨ ਦਿਨ ਹੋ ਗਏ ਕੋਈ ਫੋਨ ਨਹੀਂ ਆਇਆ। ਉਸ ਨੂੰ ਅਤੇ ਬਾਕੀ 11 ਪਰਿਵਾਰਾਂ ਨੂੰ ਕੋਈ ਪਤਾ ਨਹੀ ਹੋਇਆ ਸੀ ਕਿ ਉਨ੍ਹਾਂ ਦੇ ਬੰਦੇ ਕਿਥੇ ਹਨ।ਗੁਰਜੀਤ ਦੀ ਮਾਂ ਗੁਰਦੀਪ ਕੌਰ ਦੀ ਉਮਰ 70 ਸਾਲ ਹੈ। ਜਦੋਂ ਹੀ ਉਸ ਨੂੰ ਖ਼ਬਰ ਹੋਈ ਤਾਂ ਉਹ ਓਨ੍ਹੀਂ ਪੈਰੀਂ ਇੱਥੇ ਆ ਗਈ। ‘‘ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ,’’ ਉਸ ਨੇ ਕਿਹਾ। ਗੁਰਜੀਤ ਅਤੇ ਭਾਗ ਹੋਰਾਂ ਦਾ ਦੁੱਧ ਦੀ ਡੇਅਰੀ ਦਾ ਕੰਮ ਹੈ। ਭਾਗ ਦੀ ਗ਼ੈਰ ਹਾਜ਼ਰੀ ਵਿਚ ਗੁਰਜੀਤ ਇਹ ਕੰਮ ਸਾਂਭ ਰਹੀ ਹੈ। ਡੇਅਰੀ ਦੀ ਲਿਖਤ ਪੜ੍ਹਤ ਆਨਲਾਈਨ ਹੈ। ਲੋਕ ਦੁੱਧ ਲੈ ਕੇ ਆਉਂਦੇ ਹਨ, ਉਹ ਮਸ਼ੀਨ ਉੱਤੇ ਧਰ ਕੇ ਤੋਲ ਦਿੰਦੀ ਹੈ। ਉਸ ਦੀ ਫੈਟ ਚੈੱਕ ਕਰਦੀ ਹੈ ਅਤੇ ਸਾਰੀ ਜਾਣਕਾਰੀ ਦੀ ਰਸੀਦ ਬਣਾ ਦਿੰਦੀ ਹੈ। ਡੇਅਰੀ  ਕੰਪਨੀ ਦੀ ਵੈਨ ਆਉਂਦੀ ਹੈ ਅਤੇ ਦੁੱਧ ਅਤੇ ਰਸੀਦਾਂ ਲੈ ਜਾਂਦੀ ਹੈ। ਉਨ੍ਹਾਂ ਕੋਲ ਦੋ ਕਿੱਲੇ ਪੈਲੀ ਹੈ। ਜ਼ਮੀਨ ਹਾਲੇ ਭਾਗ ਦੇ ਦੋ ਭਾਈਆਂ ਨਾਲ ਸਾਂਝੀ ਹੈ। ਡੇਅਰੀ ਨਾਲ਼ ਤੋਰੀ ਫੁਲਕਾ ਚਲਾਉਣ ਵਿਚ ਸੌਖ ਰਹਿੰਦੀ ਹੈ। ਉਨ੍ਹਾਂ ਕੋਲ ਦੋ ਮੱਝਾਂ ਵੀ ਹਨ। ਜਿਨ੍ਹਾਂ ਦੀ ਦੇਖ–ਭਾਲ ਹੁਣ ਗੁਰਜੀਤ ਦੇ ਜ਼ਿੰਮੇ ਹੈ।ਤਿਹਾੜ ਜੇਲ੍ਹ ਦਾ ਵੀਡੀਓ ਕਾਲ ਸਿਸਟਮ ਵੀ ਆਨਲਾਈਨ ਹੈ, ਪਰ ਗੁਰਜੀਤ ਨੂੰ ਇਹ ਵਰਤਣਾ ਔਖਾ ਲਗਦਾ ਹੈ ਕਿਉਂਕਿ ਉਸ ਕੋਲ ਈਮੇਲ ਪਤਾ ਨਹੀਂ ਹੈ। ਭਾਗ ਦੇ ਭਤੀਜਿਆਂ ਨੇ ਇਹ ਵੀਡੀਓ ਮੁਲਾਕਾਤ ਕਰਾਉਣ ਵਿਚ ਮਦਦ ਕੀਤੀ। ਇੱਕ ਹਿਰਾਸਤੀ ਨੂੰ ਦੋ ਹਫ਼ਤਿਆਂ ਵਿਚ ਇੱਕ ਵਾਰ ਵੀਡੀਓ ਕਾਲ ਦੀ ਇਜ਼ਾਜਤ ਹੈ। ਇਹ ਕਾਲ 12 ਤੋਂ 15 ਮਿੰਟ ਲੰਮੀ ਹੋ ਸਕਦੀ ਹੈ। ਅਰਸ਼ਨੂਰ ਅਤੇ ਗੁਰਜੀਤ ਬੇਸਬਰੀ ਨਾਲ ਕਾਲ ਉਡੀਕ ਰਹੇ ਸਨ। ਅੱਧੇ ਘੰਟੇ ਬਾਅਦ ਫੋਨ ਦੀ ਘੰਟੀ ਖੜਕੀ। ਅਰਸ਼ਨੂਰ ਨੇ ਸਬ੍ਹਾਤ ਵਿੱਚ ਜਾ ਫੋਨ ਚੁੱਕਿਆ ਤੇ ਗੁਰਜੀਤ ਵੀ ਅੰਦਰ ਗਈ। ਭਾਗ ਸਿੰਘ ਦਾ ਵੱਡਾ ਭਰਾ ਵੀ ਅੰਦਰ ਗਿਆ। ਦੋ ਗੁਆਂਢਣਾਂ ਵੀ ਗੱਲ ਕਰਨ ਅੰਦਰ ਗਈਆਂ। ਉਡੀਕ ਅਜੇ ਪੂਰੀ ਨਹੀਂ ਸੀ। ਪੁਲਿਸ ਅਫ਼ਸਰ ਨੇ ਉਨ੍ਹਾਂ ਨੂੰ 10–15 ਮਿੰਟ ਹੋਰ ਉਡੀਕਣ ਲਈ ਕਿਹਾ। ਉਹ ਭਾਗ ਨੂੰ ਉਸ ਦੀ ਕੋਠੜੀ ਵਿੱਚੋਂ ਲੈਣ ਗਏ ਨੇ, ਗੁਰਜੀਤ ਨੇ ਦੱਸਿਆ।ਉਡੀਕ ਦਾ ਇਹ ਸਮਾਂ ਹੋਰ ਔਖਾ ਸੀ। ਉਹ ਫੇਰ ਗੱਲਬਾਤ ਕਰਨ ਲੱਗੀ। ਪਹਿਲੇ ਫੋਨ ਤੋਂ ਬਾਅਦ ਉਸ ਦੇ ਘਰ ਵਾਲੇ ਦਾ ਕੋਈ ਥਹੁ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ। ਪਿੰਡ ਵਾਲਿਆਂ ਵਿੱਚੋਂ ਇੱਕ ਜਣਾ ਨਾਬਾਲਗ ਸੀ, ਉਸ ਨੂੰ ਗਣਤੰਤਰ ਦਿਵਸ ਵਾਲੇ ਦਿਨ ਪੁਲਿਸ ਨੇ ਫੜ੍ਹਿਆ ਸੀ, ਪਰ ਦੋ ਦਿਨਾਂ ਬਾਅਦ ਛੱਡ ਦਿੱਤਾ। ਉਸ ਨੇ ਬਾਕੀ ਜਣਿਆ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਟਿਕਾਣੇ ਦੀ ਖ਼ਬਰ ਦਿੱਤੀ। “ਨਵਦੀਪ ਨੇ ਸਾਨੂੰ ਦੱਸਿਆ ਕਿ 29 ਤੱਕ ਉਹ ਨਾਂਗਲੋਈ ਥਾਣੇ ਹਿਰਾਸਤ ਵਿੱਚ ਸਨ, ਪਰ ਮਗਰੋਂ ਤਿਹਾੜ ਜੇਲ੍ਹ ਭੇਜ ਦਿੱਤੇ ਗਏ।,” ਗੁਰਜੀਤ ਨੇ ਕਿਹਾ।ਜਦੋਂ ਭਾਗ ਸਿੰਘ ਸਕਰੀਨ ‘ਤੇ ਆਇਆ ਤਾਂ ਅਰਸ਼ਨੂਰ ਨੇ ਗੁਰਜੀਤ ਨੂੰ ਆਵਾਜ਼ ਮਾਰੀ। ਅਰਸ਼ਨੂਰ ਨੇ ਪਿਤਾ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਪਰ ਹੋਰ ਗੱਲ ਨਾ ਕਰ ਸਕਿਆ ਅਤੇ ਰੋਣ ਲੱਗ ਪਿਆ। ਗੁਰਜੀਤ ਨੇ ਫੋਨ ਫੜਿਆ ਅਤੇ ਭਾਗ ਨੂੰ ਹੌਸਲਾ ਦੇਣ ਲੱਗ ਪਈ।‘ਤੁਸੀਂ ਕੁਝ ਵੀ ਗਲਤ ਨਹੀਂ ਕੀਤਾ। ਤੁਸੀਂ ਤਾਂ ਆਪਣੇ ਹੱਕਾਂ ਵਾਸਤੇ ਸ਼ਾਂਤਮਈ ਮੁਜ਼ਾਹਰਾ ਕਰਨ ਗਏ ਸੀ।’ ਉਸ ਨੇ ਕਿਹਾ ‘ਤੁਸੀਂ ਟੋਪੀ ਕਿਉਂ ਪਾਈ ਹੈ, ਅੱਜ ਕੱਲ੍ਹ ਤਾਂ ਗਰਮੀ ਬਹੁਤ ਹੈ’ ਉਸ ਨੇ ਪੁਛਿਆ। ‘ਅੰਦਰ ਠੰਡ ਹੁੰਦੀ ਹੈ’ ਭਾਗ ਨੇ ਜਵਾਬ ਦਿੱਤਾ। ਮੁੰਡਾ ਮੰਜੇ ਤੇ ਪਿਆ ਰਿਹਾ ਅਤੇ ਆਪਣੇ ਪਿਓ ਨਾਲ ਗੱਲ ਕਰਨ ਤੋਂ ਮੁਨਕਰ ਰਿਹਾ। ਅੰਤ ਵਿਚ ਭਾਗ ਵੀ ਭਾਵੁਕ ਹੋ ਗਿਆ। ਪਰ ਗੁਰਜੀਤ ਅਤੇ ਉਸ ਦੇ ਜੇਠ ਨੇ ਮਾਹੌਲ ਖ਼ੁਸ਼ਗਵਾਰ ਰੱਖਿਆ। ਦੂਜੀਆਂ ਦੋ ਔਰਤਾਂ ਬਲਧੀਰ ਬਾਰੇ ਪੁੱਛਣ ਲੱਗੀਆਂ, ਜਿਹੜਾ ਭਾਗ ਦੇ ਨਾਲ਼ ਹੀ ਹਿਰਾਸਤ ਵਿਚ ਸੀ। 29 ਸਾਲਾਂ ਦਾ ਬਲਧੀਰ, ਘਰ ਦਾ ਇਕੱਲਾ-ਇਕਹਿਰਾ ਕਮਾਊ ਜੀਅ ਹੈ। “ਉਸ ਨੂੰ ਦੱਸ ਦਈਂ ਕਿ ਅਸੀਂ ਉਹਦੀ ਆਵਾਜ਼ ਸੁਣ ਲਈ ਸੀ, ਪਰ ਸਾਡੀ ਆਵਾਜ਼ ਸਾਫ਼ ਨਹੀਂ ਆ ਰਹੀ ਸੀ। ਉਸ ਨੂੰ ਕਹੀਂ ਕਿ ਉਹਦੇ ਕੱਪੜੇ ਭੇਜ ਦਿੱਤੇ ਹਨ,” ਇੱਕ ਔਰਤ ਨੇ ਭਾਗ ਨੂੰ ਸੁਨੇਹਾ ਦਿੱਤਾ। ਵੀਡੀਓ ਕਾਲ ਨਾਲ਼ ਸਾਰਿਆਂ ਦਾ ਕਾਫ਼ੀ ਭਰੋਸਾ ਬੱਝਿਆ। ਸੰਯੁਕਤ ਕਿਸਾਨ ਮੋਰਚੇ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾ ਰਹੀ ਕਾਨੂੰਨੀ ਸਹਾਇਤਾ ਦੀ ਗੱਲ ਹੋਈ। ‘ਮੱਝਾਂ ਠੀਕ-ਠਾਕ ਨੇ। ਮੌਸਮ ਚੰਗਾ ਹੈ। ਡੇਅਰੀ ਉਵੇਂ ਹੀ ਚੱਲ ਰਹੀ ਹੈ। ਵਾਢੀ ਦੀ ਉਡੀਕ ਹੈ। ਖੇਤੀ ਕਾਨੂੰਨ ਰੱਦ ਹੋਣਗੇ। ਹਫ਼ਤੇ ਕੁ ਬਾਅਦ ਉਹ ਤਿਹਾੜ ਤੋਂ ਬਾਹਰ ਆ ਜਾਣਗੇ। ‘ਜਦੋਂ ਤੁਸੀਂ ਆਉਂਗੇ ਤਾਂ ਪਿੰਡ ਵਿੱਚ ਤੁਹਾਡਾ ਬਹੁਤ ਵਧੀਆ ਸਵਾਗਤ ਕੀਤਾ ਜਾਵੇਗਾ। ਸਾਨੂੰ ਤੁਹਾਡੇ ‘ਤੇ ਬਹੁਤ ਮਾਣ ਹੈ।’ ਗੁਰਜੀਤ ਨੇ ਭਾਗ ਨੂੰ ਕਿਹਾ।ਚਰਨ ਕੌਰ ਬਲਧੀਰ ਸਿੰਘ ਦੀ ਮਾਸੀ ਹੈ। ਉਹ ਅਤੇ ਬਲਧੀਰ ਦੀ ਮਾਂ ਜਸਵੀਰ ਕੌਰ, ਦੋ ਭੈਣਾਂ ਸਕੇ ਭਰਾਵਾਂ ਨੂੰ ਵਿਆਹੀਆਂ ਹੋਈਆਂ ਹਨ। ਚਰਨ ਦਾ ਘਰ ਵਾਲਾ 25 ਸਾਲ ਪਹਿਲਾਂ ਪੂਰਾ ਹੋ ਗਿਆ ਸੀ ਅਤੇ ਬਲਧੀਰ ਦਾ ਪਿਓ 2013 ਵਿਚ। ਆਪਣੇ ਘਰ ਵਾਲੇ ਦੀ ਮੌਤ ਤੋਂ ਬਾਅਦ ਜਸਵੀਰ ਨੇ ਕੰਮ–ਕਾਰ ਛੱਡ ਦਿੱਤਾ। ਦੋਨਾਂ ਪਰਿਵਾਰਾਂ ਦੀ ਜ਼ਮੀਨ ’ਤੇ ਬਲਧੀਰ ਵਾਹੀ ਕਰਦਾ ਹੈ। ਚਰਨ ਦੀਆਂ ਤਿੰਨ ਧੀਆਂ ਹਨ। ਇੱਕ ਵਿਆਹੀ ਹੋਈ ਹੈ। ਦੂਜੀਆਂ ਘਰੇ ਸਨ- ਰਣਜੀਤ ਕੌਰ ਤੇ ਬਲਜੀਤ ਕੌਰ। ਬਲਧੀਰ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਤੇ ਪਿੰਡ ਵਾਲੇ ਜੇਲ੍ਹ ਵਿੱਚ ਸੁੱਟ ਦਿੱਤੇ ਜਾਣਗੇ। “ਪੁਲਿਸ ਨੇ ਉਹਦਾ ਨਾਮ ਹੀ ਗਲਤ ਲਿਖ ਦਿੱਤਾ- ਬਲਬੀਰ। ਉਨ੍ਹਾਂ ਨੂੰ ਪਿੰਡ ਵਾਲਿਆਂ ਨੂੰ ਹੀ ਆਪਣੇ ਨਾਮ ਅਤੇ ਪਿੰਡ ਦਾ ਨਾਮ ਲਿਖਣ ਵਾਸਤੇ ਕਹਿਣਾ ਚਾਹੀਦਾ ਸੀ। ਮੀਡੀਆ ਸਾਡੇ ਪਿੰਡ ਨੂੰ ਟੂਟਰੀ ਵਾਲਾ ਕਹਿ ਰਿਹਾ ਸੀ। ਪਰ ਉਨ੍ਹਾਂ ਨੂੰ ਡਰ ਹੋਊ ਕਿ ਮੁੰਡੇ ਨਾਮਾਂ ਤੋਂ ਇਲਾਵਾ ਕੁਝ ਹੋਰ ਨਾ ਲਿਖ ਦੇਣ।” ਚਰਨ ਨੇ ਕਿਹਾ। “ਕੀ ਪਤਾ ਜੇ ਪੈੱਨ ਤੇ ਕਾਗਜ਼ ਦਿੱਤਾ ਜਾਵੇ, ਇਹ ਹਿਰਾਸਤੀ ਇਤਿਹਾਸ ਹੀ ਲਿਖ ਦੇਣ?” ਉਸ ਨੇ ਅੱਗੇ ਕਿਹਾ।ਹਰਵਿੰਦਰ ਕੌਰ ਵਿਹੜੇ ਵਿਚ ਮੱਝਾਂ ਨਹ੍ਵਾ ਰਹੀ ਸੀ। ਉਸ ਦਾ ਚੌਵੀ ਵਰ੍ਹਿਆਂ ਦਾ ਪੁੱਤਰ ਰਣਜੀਤ ਤਿਹਾੜ ਵਿੱਚ ਸੀ। ਹਰਵਿੰਦਰ ਦੀ ਸਕੀ ਭੈਣ ਬਲਵਿੰਦਰ ਕੌਰ ਵੀ ਉਸ ਦੇ ਨਾਲ ਸੀ। ਦੋਵੇਂ ਭੈਣਾਂ ਸਕੇ ਭਰਾਵਾਂ ਲਹੌਰਾ ਸਿੰਘ ਤੇ ਨਿਰੰਜਣ ਸਿੰਘ ਨੂੰ ਵਿਆਹੀਆਂ ਹੋਈਆਂ ਸਨ। ‘ਖੇਤੀਬਾੜੀ ਉਹੀ ਕਰਦਾ ਸੀ। ਉਸ ਦੇ ਸਹਾਰੇ ਘਰ ਦਾ ਤੋਰੀ ਫੁਲਕਾ ਚੱਲਦਾ ਸੀ। ਹੁਣ ਇਹਦਾ ਪਿਓ ਖੇਤ ਦਾ ਕੰਮ ਦੇਖਦਾ। ਜਿੰਨਾ ਕੁ ਉਸ ਤੋਂ ਹੁੰਦਾ।’ ਉਸ ਨੇ ਕਿਹਾ। ਰਣਜੀਤ ਦਾ ਛੋਟਾ ਭਰਾ ਸੁਖਚੈਨ 19 ਸਾਲਾਂ ਦਾ ਹੈ ਅਤੇ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਹੈ। ‘ਮੇਰਾ ਤਾਇਆ ਮੋਰਚੇ ’ਤੇ ਡਟਿਆ ਹੋਇਆ ਸੀ। ਗਣਤੰਤਰ ਦਿਵਸ ਖ਼ਾਸ ਦਿਨ ਸੀ। ਮੈਂ ਵੀ ਜਾਣਾ ਸੀ ਪਰ ਮੇਰਾ ਪੇਪਰਾਂ ਦਾ ਕੰਮ ਸੀ। ਮੈਨੂੰ ਉਮੀਦ ਹੈ ਕਿ ਸਾਰੇ ਜਣੇ ਛੇਤੀ ਹੀ ਬਾਹਰ ਆ ਜਾਣਗੇ।’ ਉਸ ਨੇ ਕਿਹਾ।ਰਮਨਦੀਪ ਕੌਰ ਆਪਣੇ ਤਿੰਨ ਮਹੀਨਿਆਂ ਦੇ ਪੁੱਤ ਦੀ ਦੇਖਭਾਲ ਵਿਚ ਲੱਗੀ ਹੋਈ ਸੀ। ਸਾਰਾ ਪਰਿਵਾਰ ਵਿਹੜੇ ਵਿੱਚ ਬੈਠਾ ਸੀ। ਉਸ ਦੀ ਪੰਜ ਸਾਲਾਂ ਦੀ ਕੁੜੀ ਅਕਵੀਰ ਨੇ ਸਾਨੂੰ ਪਾਣੀ ਦਿੱਤਾ। ਪੰਤਾਲੀ ਸਾਲਾਂ ਦਾ ਜਗਦੀਸ਼ ਸਿੰਘ ਜਨਵਰੀ ਦੇ ਅਖ਼ੀਰ ਤੋਂ ਤਿਹਾੜ ਵਿੱਚ ਹੈ। ਉਸ ਦੀ 75 ਸਾਲਾਂ ਦੀ ਮਾਂ ਗੁਰਦੇਵ ਕੌਰ ਇੱਕ ਪਾਸੇ ਕੁਰਸੀ ’ਤੇ ਬੈਠੀ ਸੀ। ਅਕਵੀਰ ਕਹਿੰਦੀ ਉਸ ਦੇ ਪਾਪਾ ਦਿੱਲੀ ਨੇ। ‘ਜਦੋਂ ਵੀਡੀਓ ਕਾਲ ਆਉਂਦੀ ਹੈ। ਇਹ ਸਕੂਲ ਹੁੰਦੀ ਹੈ। ਇਨ੍ਹੇ ਆਖ਼ਰੀ ਵਾਰ 23 ਜਨਵਰੀ ਨੂੰ ਉਨ੍ਹਾਂ ਨੂੰ ਦੇਖਿਆ ਸੀ ਜਦੋਂ ਉਹ ਦਿੱਲੀ ਨੂੰ ਤੁਰੇ ਸਨ।’ ਰਮਨ ਨੇ ਸਾਨੂੰ ਦੱਸਿਆ। ਪਰਿਵਾਰ ਖੇਤੀ ਕਰਦਾ ਹੈ ਅਤੇ ਦੁੱਧ ਵੇਚਦਾ ਹੈ। ਰਮਨ ਬੱਚੇ ਨੂੰ ਦੁੱਧ ਚੁੰਘਾਉਂਦੀ ਕਹਿਣ ਲੱਗੀ ਕਿ ਝੂਠੇ ਕੇਸਾਂ ਵਿਚ ਫਸਾ ਕੇ ਪੁਲਿਸ ਉਨ੍ਹਾਂ ਨੂੰ ਜ਼ਿਆਦਾ ਸਮਾਂ ਅੰਦਰ ਨਹੀਂ ਰੱਖ ਸਕਦੀ। ਉਸ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਹੁਰਾਂ ਨੇ ਉਨ੍ਹਾਂ ਦੀ ਕਾਨੂੰਨੀ ਪੈਰਵਾਈ ਕਰਵਾਈ ਹੈ। ਉਨ੍ਹਾਂ ਨੂੰ ਕੋਈ ਖਰਚਾ ਨਹੀਂ ਕਰਨਾ ਪਿਆ। ਅਸੀਂ ਪੁੱਛਿਆ ਕਿ ਹੋਰ ਕੌਣ–ਕੌਣ ਜੇਲ੍ਹ ਵਿਚ ਹੈ। ਜਗਦੀਸ਼ ਦੀ ਭਾਬੀ ਸੁਖਦੇਵ ਕੌਰ ਨੇ ਕਿਹਾ ਕਿ ਇੱਕ ਜਸਵੰਤ ਸਿੰਘ ਵੀ ਹੈ ਜਿਸ ਦਾ ਕੋਈ ਪਰਿਵਾਰ ਨਹੀਂ ਹੈ। ਉਸ ਦੇ ਮਾਂ–ਪਿਓ ਚਲਾਣਾ ਕਰ ਗਏ ਅਤੇ ਉਸ ਨੇ ਵਿਆਹ ਨਹੀਂ ਕਰਵਾਇਆ। ਉਸ ਦੇ ਕਾਨੂੰਨੀ ਪੈਰਵਾਈ ਦੀ ਖ਼ਬਰ ਪਿੰਡ ਦਾ ਸਰਪੰਚ ਰੱਖਦਾ ਹੈ।ਗੁਰਜੀਤ ਕੌਰ ਗ੍ਰੈਜੂਏਟ ਮੁਟਿਆਰ ਹੈ ਅਤੇ ਆਈਲੈਟਸ ਕਰਕੇ ਕੇਨੈਡਾ ਜਾਣ ਦੀ ਤਿਆਰ ਕਰ ਰਹੀ ਹੈ। ਉਸ ਦਾ ਭਰਾ ਜਗਦੀਪ ਸਿੰਘ ਵੀ ਜੇਲ੍ਹ ਵਿੱਚ ਹੈ। ਉਸ ਨੇ ਸਾਨੂੰ ਪਾਣੀ ਪਿਲਾਇਆ। ਉਸ ਦੀ ਮਾਂ ਵੀਰਪਾਲ ਕੌਰ ਨੇ ਬੈਠਣ ਲਈ ਮੰਜੇ ਕੱਢੇ। ਉਸ ਦਾ ਸਹੁਰਾ 90 ਸਾਲਾ ਅਜੈਬ ਸਿੰਘ ਵੀ ਸਾਡੇ ਕੋਲ ਬੈਠ ਗਿਆ। ਉਹ ਭਾਰਤੀ ਫੌਜ ਵਿਚ ਸੀ ਅਤੇ ਜੰਮੂ, ਪਠਾਨਕੋਟ, ਡਲਹੌਜ਼ੀ, ਸ਼੍ਰੀਨਗਰ ਵਰਗੀਆਂ ਥਾਵਾਂ ’ਤੇ ਤਾਇਨਾਤ ਰਿਹਾ ਸੀ। ਉਸ ਨੂੰ ਫੌਜ ਦੀ ਨੌਕਰੀ ਛੱਡਣੀ ਪਈ ਕਿਉਂਕਿ ਉਸਦਾ ਛੋਟਾ ਭਰਾ ਜੋ ਉਸ ਵਾਂਗ ਫੌਜ ਵਿੱਚ ਹੀ ਸੀ, ਜਵਾਨ ਉਮਰੇ ਹੀ ਇਕ ਹਾਦਸੇ ਚ ਚੱਲ ਵਸਿਆ ਸੀ। ਜਗਦੀਪ ਦਾ ਪਿਓ ਘਰ ਨਹੀਂ ਸੀ ਕਿਉਂਕ ਉਹ ਨੇੜਲੇ ਧਰਨੇ ’ਤੇ ਗਿਆ ਹੋਇਆ ਸੀ। ‘ਸਾਨੂੰ ਪ੍ਰੇਮ ਸਿੰਘ ਭੰਗੂ ਦਾ ਫੋਨ ਆਉਂਦਾ ਹੈ। ਉਹ ਸਾਨੂੰ ਜਾਣਕਾਰੀ ਦਿੰਦੇ ਹਨ। ਸੱਚੀ ਗੱਲ ਦੱਸੀਏ ਤਾਂ ਸਾਨੂੰ ਲਗਦਾ ਹੈ, ਕਾਨੂੰਨੀ ਕਾਰਵਾਈ ਠੀਕ–ਠਾਕ ਹੋ ਰਹੀ ਹੈ ਅਤੇ ਸਾਨੂੰ ਪਤਾ ਹੈ ਕਿ ਪਿੰਡ ਵਾਸੀਆਂ ਦੇ ਨਾਲ਼ ਵੀਰ ਜੀ ਵੀ ਛੇਤੀ ਬਾਹਰ ਆ ਜਾਣਗੇ।’ ਗੁਰਜੀਤ ਨੇ ਦੱਸਿਆ। ਉਨ੍ਹਾਂ ਦੇ ਵਿਹੜੇ ਵਿਚ ਅੰਦਰ ਵੜਦਿਆਂ ਹੀ ਛੋਟਾ ਜਿਹਾ ਸ਼ੈੱਡ ਹੈ। ਇੱਕ ਚਾਰਾ ਕੱਟਣ ਦੀ ਮਸ਼ੀਨ ਖੜ੍ਹੀ ਸੀ ਅਤੇ ਨੇੜੇ ਹੀ ਦੋ ਮੱਝਾਂ ਚਾਰਾ ਚਰ ਰਹੀਆਂ ਸੀ। ‘ਤੁਸੀਂ ਸਾਡੇ ਸਕਿਆਂ ਨਾਲ ਗੱਲ ਕੀਤੀ ਹੈ ਜਿਹੜੇ ਪਿੰਡ ਦੇ ਬਾਹਰਵਾਰ ਰਹਿੰਦੇ ਨੇ?’ ਵੀਰਪਾਲ ਨੇ ਗੁਰਪ੍ਰੀਤ ਸਿੰਘ ਬਾਰੇ ਪੁੱਛਿਆ ਜਿਹੜੇ ਸਵਰਗਵਾਸੀ ਫੌਜੀ ਦਾ ਪੋਤਾ ਹੈ। ਸੰਗੀਤ ਤੂਰਲੋਹੇ ਦਾ ਗੇਟ ਖੜ੍ਹਕਾ ਕੇ ਜਦੋਂ ਅਸੀਂ ਅੰਦਰ ਵੜ੍ਹੇ ਤਾਂ ਕੁੱਤਾ ਭੌਂਕਣ ਲੱਗਿਆ। ਸ਼ੈੱਡ ਵਿਚ ਮੱਝਾਂ ਸਨ ਅਤੇ ਖੂੰਜੇ ਵਿੱਚ ਕੁੱਤਾ ਬੰਨ੍ਹਿਆ ਹੋਇਆ ਸੀ। ਦੂਜੇ ਪਾਸੇ, ਅਮਰੂਦ, ਕਿੰਨੂ ਅਤੇ ਚੀਕੂ ਦੇ ਬੂਟੇ ਸਨ ਜਿੰਨ੍ਹਾਂ ਦੀ ਛਾਂ, ਥੱਲੇ, ਲਸਣਾਂ ਦੀ ਕਿਆਰੀ ’ਤੇ ਪੈ ਰਹੀ ਸੀ। ਬੈਂਗਣੀ ਅਤੇ ਸਫ਼ੈਦ ਬੈਂਗਣ ਹਰੇ ਪੱਤਿਆਂ ਵਿਚ ਚਮਕ ਰਹੇ ਸਨ।  ਗੁਰਪ੍ਰੀਤ ਸਿੰਘ ਸਪੁੱਤਰ ਹਰਮੇਲ ਸਿੰਘ ਦੀ ਉਮਰ 24 ਸਾਲ ਹੈ। ਗੁਰਪ੍ਰੀਤ ਖੇਤੀ ਕਰਦਾ ਹੈ ਅਤੇ ਨਾਲ਼ ਮੋਟਰਾਂ ਬੰਨ੍ਹਣ ਦਾ ਕੰਮ ਵੀ ਕਰਦਾ ਹੈ। ਗੁਰਪ੍ਰੀਤ ਦਾ ਵੱਡਾ ਭਰਾ ਫ਼ੌਜ ਵਿੱਚ ਹੈ। ਹਰਜਿੰਦਰ ਸਿੰਘ ਸਪੁੱਤਰ ਸ. ਅਮਰਜੀਤ ਸਿੰਘ, ਉਮਰ 23 ਸਾਲ, ਦੀ ਮਾਤਾ ਸੁਖਜਿੰਦਰ ਕੌਰ ਦੱਸਦੀ ਹੈ ਕਿ 23 ਤਾਰੀਖ ਨੂੰ ਮੇਰਾ ਪੁੱਤ ਚਹੁੰ ਦਿਨਾਂ ਦੇ ਪੱਠੇ ਲਿਆ ਕੇ ਦੇ ਗਿਆ। ਮੈਂ ਕਿਹਾ, ਪੁੱਤ ਅਸੀਂ ਘਰੇ ਇਕੱਲੀਆਂ ਹਾਂ ਤਾਂ ਕਹਿੰਦਾ ਬੀਬੀ ਜਾਣਾ ਜ਼ਰੂਰੀ ਹੈ। ਸਾਂਝਾ ਕਿਸਾਨੀ ਘੋਲ ਹੈ, ਸਾਰਾ ਪਿੰਡ ਜਾ ਰਿਹਾ ਹੈ, ਆਪਾਂ ਵੀ ਕਿਸਾਨੀ ਵਾਲੇ ਹਾਂ, 28 ਤੱਕ ਆ ਜਾਵਾਂਗਾ। ਮੈਂ ਕਿਹਾ ਕਿ ਚੱਲ ਚੰਗਾ, ਜਾ ਆ। 26 ਨੂੰ ਸਾਡੇ ਪਿੰਡ ਦੇ ਸਾਰੇ ਮੁੰਡੇ ਇਕੱਠੇ ਹੀ ਸਨ। ਟ੍ਰੈਕਟਰ ਪਰੇਡ ਵਿੱਚ ਜਾ ਰਹੇ ਸਨ ਕਿ ਟਰੈਕਟਰ ਖ਼ਰਾਬ ਹੋ ਗਿਆ, ਠੀਕ ਕਰਨ ਤੱਕ ਸ਼ਾਮ ਦੇ ਸਾਢੇ ਚਾਰ ਵੱਜ ਚੁੱਕੇ ਸਨ। ਪਤਾ ਨਾ ਲੱਗੇ ਕਿ ਸਰਕਾਰ ਨੇ ਸਾਨੂੰ ਕਿਹੜਾ ਰੋਡਮੈਪ ਦਿੱਤਾ ਹੈ, ਸ਼ਾਂਤਮਈ ਪਰੇਡ ਕਰਨ ਲਈ ਨੇੜੇ ਖੜ੍ਹੇ ਪੁਲੀਸ ਵਾਲਿਆਂ ਤੋਂ ਰਾਹ ਪੁੱਛ ਲਿਆ। ਉਹ ਨਾਲ਼ ਬੈਠ ਗਏ ਤੇ ਕਹਿੰਦੇ, ਚਲੋ ਤੁਹਾਨੂੰ ਅਸੀਂ ਲੈ ਚਲਦੇ ਹਾਂ ਅਤੇ ਉਹ ਨਾਂਗਲੋਈ ਥਾਣੇ ਲੈ ਗਏ। ਪਹਿਲਾਂ ਤਾਂ ਮੈਨੂੰ ਕਿਸੇ ਨੇ ਨਹੀਂ ਦੱਸਿਆ ਕਿ ਮਾਂ ਫ਼ਿਕਰ ਕਰੇਗੀ ਅੱਜ-ਭਲਕ ਛੁੱਟ ਕੇ ਆ ਜਾਣਗੇ ਪਰ ਜਦੋਂ ਉੱਥੇ ਕਾਗਜ਼ ਪੱਤਰਾਂ ਦੀ ਲੋੜ ਪਈ ਤਾਂ ਮੁੰਡਿਆਂ ਨੇ ਮੈਨੂੰ ਸਾਰੀ ਗੱਲ ਦੱਸੀ । ਮੈਂ ਆਪ ਚੰਡੀਗੜ੍ਹ ਤੋਂ ਪੜ੍ਹੀ ਹਾਂ, ਸੀਟੀਆਈ(ਸੈਂਟਰਲ ਟਰੇਨਿੰਗ ਇੰਸਟੀਟਿਊਟ) ਦਾ ਕੋਰਸ ਕੀਤਾ ਹੋਇਆ ਹੈ। ਖੇਤੀ ਵਾਲੇ ਘਰ ਵਿਆਹ ਹੋ ਗਿਆ, ਬੱਚੇ ਅਤੇ ਸੱਸ-ਸਹੁਰੇ ਦੀ ਸਾਂਭ ਸੰਭਾਲ, ਪਸ਼ੂ-ਡੰਗਰਾਂ ਦੇ ਹੁੰਦਿਆਂ ਨੌਕਰੀ ਬਾਰੇ ਸੋਚਿਆ ਹੀ ਨਹੀਂ, ਪਰ ਮੈਂ ਆਪਣੇ ਪੁੱਤਾਂ ਨੂੰ ਪੜ੍ਹਨ ਲਾਇਆ। ਵੱਡਾ ਮੁੰਡਾ ਪੜ੍ਹ ਲਿਖ ਕੇ ਫ਼ੌਜ ‘ਚ ਭਰਤੀ ਹੋ ਗਿਆ, ਹੁਣ ਸ੍ਰੀਨਗਰ ਡਿਊਟੀ ਤੇ ਹੈ, ਆ ਨਹੀਂ ਸਕਦਾ, ਉੱਥੋਂ ਫੋਨ ਕਰਕੇ ਖ਼ਬਰਸਾਰ ਲੈ ਰੱਖਦਾ। ਛੋਟਾ ਅਜੇ ਨੌਵੀਂ ‘ਚ ਪੜ੍ਹਦਾ ਸੀ, ਜਦੋਂ ਇਨ੍ਹਾਂ ਦਾ ਪਿਉ ਗੁਜ਼ਰ ਗਿਆ। ਉਹ ਪੜ੍ਹਾਈ ਛੱਡ ਕੇ ਖੇਤੀ ‘ਚ ਲੱਗ ਗਿਆ,  ਕਿਉਂਕਿ ਘਰ ਦਾ ਗੁਜ਼ਾਰਾ ਖੇਤੀ ਆਸਰੇ ਸੀ, ਛੱਡਿਆਂ ਨਹੀਂ ਸੀ ਸਰਦਾ। ਹੁਣ ਸਰਕਾਰ ਨੇ ਆਹ ਕਾਨੂੰਨ ਕੱਢ ਮਾਰੇ। ਮੇਰੇ ਪੁੱਤ ਬਿਨਾਂ ਘਰੇ ਬਿੰਦ ਨ੍ਹੀਂ ਸਰਦਾ। ਇੱਕ ਵਾਰ ਤਾਂ ਸੁਣ ਕੇ ਪਤਾ ਨਾ ਲੱਗੇ ਕਿ ਹੋ ਕੀ ਗਿਆ? ਕੀ ਕਰਾਂਗੇ? ਉਸ ਨੂੰ ਕੌਣ ਛੁਡਾ ਕੇ ਲਿਆਊ ਜਾਂ ਕਿਹੜੀ ਗੱਲੋਂ ਫੜ੍ਹੇ ਗਏ? ਕੱਲ੍ਹ ਮੈਂ ਬਿਮਾਰ ਹੋ ਗਈ ਤਾਂ ਸਮਝ ਨਾ ਆਵੇ ਬਈ ਪਸ਼ੂਆਂ ਨੂੰ ਕੌਣ ਸੰਭਾਲੂ ਤੇ ਮੈਨੂੰ ਕੌਣ ਦਵਾਈ ਦਵਾਊ? ਪੋਤਾ ਵੀ ਅੱਠ ਮਹੀਨੇ ਦਾ ਹੀ ਹੈ। ਜਦੋਂ ਉਸ ਨੇ ਫੋਨ ਤੇ ਗੱਲ ਕੀਤੀ ਤਾਂ ਥੋੜ੍ਹਾ ਧਰਵਾਸ ਆਇਆ, ਨਹੀਂ ਤਾਂ ਦਸ ਦਿਨ ਨਾ ਪੱਕੀਆਂ ਨਾ ਖਾਧੀਆਂ, ਨਾ ਦਿਨੇ ਟਿਕਾਅ ਆਵੇ ਨਾ ਰਾਤ ਨੂੰ, ਕੀ ਕਰੀਏ! ਕਿੱਧਰ ਨੂੰ ਜਾਈਏ! ਫੇਰ ਘਰ ਦਾ ਕੰਮ ਸਾਂਭਣ ਲਈ ਮੇਰੀ ਨਨਾਣ ਅਤੇ ਉਹਦਾ ਮੁੰਡਾ ਆਏ, ਪਿੰਡ ਨੇੜੇ ਹੈ। ਸਾਡਾ ਕੰਮ ਵੀ ਸੰਭਾਲਦਾ ਹੈ ਅਤੇ ਆਪਦੇ ਘਰ ਦਾ ਕੰਮ ਵੀ ਕਰ ਆਉਂਦਾ ਹੈ। ਪਿੰਡ ਦੇ ਮੋਹਤਬਰ ਅਤੇ ਮੇਰਾ ਫ਼ੌਜ ‘ਚ ਬੈਠਾ ਮੁੰਡਾ ਅਤੇ ਕਿਸਾਨ ਜਥੇਬੰਦੀਆਂ ਨੇ ਆਪ ਹੀ ਕੇਸ ਦੀ ਪੈਰਵਾਈ ਕੀਤੀ ਹੈ। ਸਾਡੇ ਤਾਂ ਕੋਈ ਮਗਰ ਜਾਣ ਵਾਲਾ ਵੀ ਨਹੀਂ। ਮਨਜਿੰਦਰ ਸਿੰਘ ਸਿਰਸਾ ਸਾਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੰਦੇ ਹਨ।ਦਲਜਿੰਦਰ ਸਿੰਘ ਉਮਰ 19 ਸਾਲ, ਕਿੱਤਾ ਖੇਤੀ। ਦਲਜਿੰਦਰ ਦੀ ਮਾਂ ਬਿਮਾਰ ਰਹਿੰਦੀ ਹੈ ਅਤੇ ਉਹ ਵੀ ਥੋੜ੍ਹਾ ਬਿਮਾਰ ਹੀ ਚੱਲ ਰਿਹਾ ਸੀ ਪਰ 23 ਨੂੰ ਸਾਰੇ ਪਿੰਡ ਵਾਲੇ ਟਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਉਸ ਨੂੰ ਵੀ ਲੱਗਿਆ ਕਿ ਜਾਣਾ ਜ਼ਰੂਰੀ ਹੈ। ਇਹ ਸੋਚ ਕੇ ਗਿਆ ਸੀ ਕਿ 28 ਤੋਂ ਬਾਅਦ ਵਾਪਸ ਆ ਜਾਵਾਂਗਾ, ਪਰ ਉੱਥੇ ਫੜ੍ਹੇ ਜਾਣ ਕਰਕੇ ਅੱਜ ਤਕ ਨਹੀਂ ਆਇਆ। ਉਸ ਦੀ ਬਿਮਾਰ ਮਾਂ ਨੂੰ ਉਸ ਬਾਰੇ ਕੁਝ ਨਹੀਂ ਦੱਸਿਆ, ਇਹੀ ਦੱਸਿਆ ਕਿ ਦਿੱਲੀ ਧਰਨੇ ‘ਤੇ ਗਿਆ ਹੈ, ਆ ਜਾਵੇਗਾ। ਤਿਹਾੜ ਜੇਲ੍ਹ ਵਿੱਚ ਉਸ ਨਾਲ਼ ਕੋਈ ਵੀ ਪਿੰਡ ਦਾ ਮੁੰਡਾ ਨਹੀਂ ਸੀ, ਇਸ ਲਈ ਉਹ ਜ਼ਿਆਦਾ ਬਿਮਾਰ ਹੋ ਗਿਆ। ਫਿਰ ਜਦੋਂ ਮਨਜਿੰਦਰ ਸਿੰਘ ਸਿਰਸਾ ਉਨ੍ਹਾਂ ਨੂੰ ਮਿਲੇ ਤਾਂ ਉਹਨਾਂ ਨੇ ਹਸਪਤਾਲ ਦਾਖ਼ਲ ਕਰਵਾਇਆ। ਹੁਣ ਉਸ ਦੀ ਜ਼ਮਾਨਤ ਹੋ ਚੁੱਕੀ ਹੈ ਉਸ ਨੂੰ ਪਿੰਡ ਵਾਲੇ ਅਤੇ ਉਸ ਦੇ ਪਿਤਾ ਜੀ ਲੈਣ ਗਏ ਹੋਏ ਹਨ। ਉਸ ਦੀ ਖ਼ਬਰ ਸਾਨੂੰ ਆਂਢ ਗੁਆਂਢ ਤੋਂ ਹੀ ਲੈਣੀ ਪਈ ਤਾਂਕਿ ਉਸ ਦੀ ਮਾਂ ਨੂੰ ਕੋਈ ਖ਼ਬਰ ਨਾ ਲੱਗੇ।ਰਮਨਦੀਪ ਸਿੰਘ ਉਮਰ 29 ਸਾਲ, ਕਿੱਤਾ ਖੇਤੀ। ਘਰਵਾਲੀ ਸਰਬਜੀਤ ਕੌਰ, ਮਾਤਾ ਸੁਖਜਿੰਦਰ ਕੌਰ, ਦੋ ਜੌੜੀਆਂ ਧੀਆਂ - ਨਵਰੀਨ ਅਤੇ ਸਵਰੀਨ। ਪਿਤਾ ਕਹਿੰਦਾ ਹੈ ਕਿ ਮੇਰਾ ਪੁੱਤ ਪਸ਼ੂਆਂ ਦੀਆਂ ਬਿਮਾਰੀਆਂ ਦੇ ਇਲਾਜ ਜਾਣਦਾ ਹੈ। ਪਹਿਲਾਂ ਮੈਂ ਲੋਕਾਂ ਦੇ ਪਸ਼ੂਆਂ ਦਾ ਮੁਫ਼ਤ ਇਲਾਜ ਕਰਦਾ ਸੀ, ਹੁਣ ਮੇਰਾ ਪੁੱਤ ਕਰਦਾ ਹੈ। ਉਹ ਸਤਾਰਾਂ ਜਨਵਰੀ ਨੂੰ ਕਿਸਾਨ ਧਰਨੇ ‘ਚ ਦਿੱਲੀ ਗਿਆ ਸੀ, ਛੱਬੀ ਦੀ ਟਰੈਕਟਰ ਪਰੇਡ ‘ਚ ਹਿੱਸਾ ਲੈਂਦਾ ਪਿੰਡ ਵਾਸੀਆਂ ਨਾਲ ਹੀ ਫੜ੍ਹਿਆ ਗਿਆ। ਇਸ ਗੱਲ ਦਾ ਪਤਾ ਸਾਨੂੰ 27 ਤਰੀਕ ਨੂੰ ਲੱਗਿਆ ਪਰ ਇਹ ਨਹੀਂ ਸੀ ਪਤਾ ਕਿ ਕਿੱਥੇ ਹੈ? 29 ਤਰੀਕ ਨੂੰ ਪਿੰਡ ਵਾਲਿਆਂ ਦਾ ਦਿੱਲੀਓਂ ਫੋਨ ਆਇਆ ਕਿ ਰਮਨਦੀਪ ਤਿਹਾੜ ਜੇਲ੍ਹ ‘ਚ ਹੈ। ਇਕ ਵਾਰ ਤਾਂ ਕੋਈ ਰਾਹ ਨਹੀਂ ਸੀ ਥਿਆਉਂਦਾ ਕਿ ਕੀ ਕਰੀਏ? ਪਰ ਹੌਲੀ-ਹੌਲੀ ਸੋਚਿਆ ਕਿ ਚਲੋ ਲੋਕਾਂ ਦੇ ਨਾਲ ਹੀ ਹਾਂ, ਖੇਤਾਂ ਬਿਨਾਂ ਵੀ ਅਸੀਂ ਕਿਸੇ ਕੰਮ ਦੇ ਨਹੀਂ। ਜੋ ਹੋਊ ਵੇਖੀ ਜਾਊ, ਜ਼ਮੀਨਾਂ ਤਾਂ ਅਸੀਂ ਕਿਸੇ ਕੀਮਤ ‘ਤੇ ਵੀ ਮੋਦੀ ਨੂੰ ਨਹੀਂ ਦੇਣੀਆਂ। ਪਰ ਢਾਈ ਸਾਲਾਂ ਦੀਆਂ ਬੱਚੀਆਂ ਵੀਡੀਓ ਕਾਲ ‘ਤੇ ਗੱਲ ਕਰਨ ਵੇਲੇ ਵੇਖ ਕੇ ਰੋਣ ਲੱਗ ਜਾਂਦੀਆਂ ਹਨ, ਕਿ ਪਾਪਾ ਕਦੋਂ ਆਉਣਗੇ?ਅੰਮ੍ਰਿਤਪਾਲ ਸਿੰਘ ਉਮਰ 48 ਸਾਲ, ਘਰਵਾਲੀ ਪਰਮਜੀਤ ਕੌਰ, ਦੋ ਬੱਚੇ ਕੈਨੇਡਾ ਰਹਿੰਦੇ ਹਨ। ਛੋਟੇ ਭਰਾ ਨਾਲ਼ ਮਿਲ ਕੇ ਖੇਤੀ ਕਰਦਾ ਹੈ। ਸਤਾਰਾਂ ਜਨਵਰੀ ਨੂੰ ਘਰੋਂ ਕਿਸਾਨ ਧਰਨੇ ‘ਚ ਸ਼ਾਮਲ ਹੋਣ ਲਈ ਗਿਆ ਤੇ ਛੱਬੀ ਨੂੰ ਟਰੈਕਟਰ ਪਰੇਡ ‘ਚ ਹਿੱਸਾ ਲੈਣ ਵੇਲੇ ਪਿੰਡ ਵਾਲਿਆਂ ਦੇ ਨਾਲ਼ ਹੀ ਦਿੱਲੀ ਪੁਲੀਸ ਨੇ ਰਾਹ ਪੁੱਛਣ ਦੀ ਸਜ਼ਾ ਤਿਹਾੜ ਜੇਲ੍ਹ ਪਹੁੰਚਾ ਕੇ ਦਿੱਤੀ। ਛੋਟੀ ਭਰਜਾਈ ਸਰਬਜੀਤ ਕੌਰ ਦੱਸਦੀ ਹੈ ਕਿ ਸਤਾਈ ਤਰੀਕ ਅਸੀਂ ਗੁਰਦੁਆਰੇ ਗਏ ਤਾਂ ਪਤਾ ਲੱਗਿਆ ਕਿ ਪਿੰਡ ਵਾਲਿਆਂ ਨਾਲ਼ ਵੀਰ ਜੀ ਵੀ ਫੜ੍ਹੇ ਗਏ ਹਨ। ਛੋਟੇ ਭਰਾ ਨੇ ਜਾ ਕੇ ਅਤਾ-ਪਤਾ ਲਿਆ, ਦਿੱਲੀ ਦੇ ਸਭ ਰਾਹ ਛਾਣ ਮਾਰੇ। ਸਾਡੇ ਕੋਲ ਭੈਣ ਜੀ, ਜੋ ਲਾਗੇ ਪਿੰਡ ਵਿਆਹੇ ਹੋਏ ਹਨ ਤੇ ਉਨ੍ਹਾਂ ਦੀਆਂ ਧੀ ਆਈਆਂ ਹੋਈਆਂ ਹਨ। ਦਸ ਦਿਨ ਬਾਅਦ ਵੀਡੀਓ ਕਾਲ ‘ਤੇ ਵੀਰ ਜੀ ਦੀ ਦੋ ਮਿੰਟ ਗੱਲ ਹੋਈ। ਛੋਟੇ ਭਰਾ ਨੂੰ ਕਹਿੰਦੇ ਹਨ ਕਿ ਮੇਰੀ ਇਕੱਲੇ ਦੀ ਪੈਰਵਾਈ ਨਾ ਕਰੀਂ, ਸਾਰੇ ਪਿੰਡ ਦੇ ਮੁੰਡਿਆਂ ਦੀ ਕਰੀਂ, ਕਿਉਂਕਿ ਸਾਰਿਆਂ ਦਾ ਗੁਨਾਹ ਤਾਂ ਇੱਕੋ ਹੈ, ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਹੱਕ ਦੀ ਲੜਾਈ ਲੜਨਾ। ਭਾਵੇਂ ਕੇਸ ਫ੍ਰੀ ਲੜੇ ਜਾ ਰਹੇ ਹਨ, ਫਿਰ ਵੀ ਪੰਜਾਹ ਹਜ਼ਾਰ ਰੁਪਇਆ ਲੱਗ ਚੁੱਕਿਆ ਹੈ, ਕਿਉਂਕਿ ਸਾਰਿਆਂ ਦੀ ਹੀ ਪੈਰਵਾਈ ਕਰਨੀ ਹੈ। ਜਥੇਬੰਦੀਆਂ ‘ਤੇ ਪੂਰਾ ਭਰੋਸਾ ਹੈ ਪਰ ਜਿੰਨਾ ਚਿਰ ਘਰ ਨਹੀਂ ਆਉਂਦਾ ਤਾਂ ਉਨ੍ਹਾਂ ਚਿਰ ਦਿਲ ਨੀ ਖੜ੍ਹਦਾ।ਨਵਦੀਪ ਸਿੰਘ ਪੁੱਤਰ ਜਸਵੰਤ ਸਿੰਘ ਮਨਜੀਤ ਕੌਰ, ਉਮਰ - ਸਤਾਰਾਂ ਸਾਲ, ਮੋਗੇ ਸਕੂਲ ਵਿਚ ਪੜ੍ਹਦਾ ਹੈ, ਘਰ ਦਾ ਕੰਮ ਨਾਲ ਕਰਵਾਉਂਦਾ ਹੈ। ਦਾਦੀ ਹਰਬੰਸ ਕੌਰ, ਤਾਈ ਜਸਵੀਰ ਕੌਰ। 23 ਜਨਵਰੀ ਨੂੰ ਟਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਗਏ ਸੀ, ਟਰੈਕਟਰ ਖ਼ਰਾਬ ਹੋ ਗਿਆ। ਅਸੀਂ ਸਤਾਈ ਤਰੀਕ ਨੂੰ ਸਵੇਰੇ ਗੁਰਦੁਆਰੇ ਗਏ ਤਾਂ ਉੱਥੇ ਸਾਨੂੰ ਲੋਕਾਂ ਨੇ ਦੱਸਿਆ ਕਿ ਆਪਣੇ ਮੁੰਡੇ ਫੜ੍ਹੇ ਗਏ। ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਕਿ ਸਰਕਾਰ ਕਾਲੇ ਕਾਨੂੰਨ ਰੱਦ ਕਰ ਦੇਵੇ ਤਾਂ ਅਸੀਂ ਦਿੱਲੀ ਤੋਂ ਕੀ ਲੈਣਾ ਹੈ? ਅਸੀਂ ਤਾਂ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਧਰਨੇ ‘ਤੇ ਬੈਠੇ ਹਾਂ। ਇੱਥੇ ਸਰਕਾਰ ਨੇ ਸਾਡੀ ਨਹੀਂ ਸੁਣੀ ਤਾਂ ਅਸੀਂ ਦਿੱਲੀ ਦੀਆਂ ਬਰੂਹਾਂ ‘ਤੇ ਜਾ ਬੈਠੇ ਕਿ ਸ਼ਾਇਦ ਸਰਕਾਰ ਸਾਡੀ ਗੱਲ ਸੁਣੇ। ਪਿਓ ਜਸਵੰਤ ਸਿੰਘ ਪਰੇਡ ‘ਤੇ ਜਾਣ ਲਈ ਤਿਆਰ ਹੋਇਆ ਸੀ। ਨਵਦੀਪ ਕਹਿੰਦਾ ਨਹੀਂ ਡੈਡੀ ਮੈਂ ਜਾਣਾ ਹੈ। ਨਬਾਲਗ ਹੋਣ ਕਰਕੇ ਤਿਹਾੜ ਜੇਲ੍ਹ ਨਹੀਂ ਭੇਜਿਆ, ਚਾਰ ਦਿਨਾਂ ਬਾਅਦ ਰਿਹਾਅ ਕਰ ਦਿੱਤਾ।ਪਿੰਡ ਤਤਾਰੀਏ ਵਾਲਾ ਮੋਗਾ ਜ਼ਿਲ੍ਹੇ ਤੋਂ ਪੰਦਰਾਂ-ਵੀਹ ਮਿੰਟ ਦਾ ਰਸਤਾ ਹੈ। ਛੇ ਸੌ ਕੁ ਵੋਟ ਦਾ ਪਿੰਡ ਖੇਤੀ ਕਿਰਤ ਅਤੇ ਛੋਟੀਆਂ-ਮੋਟੀਆਂ ਨੌਕਰੀਆਂ ਜਾਂ ਪਸ਼ੂ ਪਾਲਣ ਦੇ ਸਹਾਇਕ ਧੰਦੇ ਕਰਕੇ ਬਾਬੇ ਨਾਨਕ ਦੇ ਦਿੱਤੇ ਸਬਰ ਸ਼ੁਕਰ ਨਾਲ ਪੂਰਾ ਖੁਸ਼ਹਾਲ ਹੈ। ਕਿਸੇ ਪਾਰਟੀ ਜਾਂ ਜਥੇਬੰਦੀਆਂ ਨਾਲ਼ ਬਹੁਤਾ ਕੋਈ ਲੈਣਾ ਦੇਣਾ ਨਹੀਂ। ਕਾਲੇ ਕਾਨੂੰਨਾਂ ਦਾ ਹੋ - ਹੱਲਾ ਮੱਚਿਆ ਤਾਂ ਕਿਸਾਨ ਜਥੇਬੰਦੀਆਂ ਦੀ ਸ਼ਰਨ ‘ਚ ਧਰਨਿਆਂ ਨਾਲ  ਕਿਸਾਨੀ ਘੋਲ ‘ਚ ਸ਼ਾਮਲ ਹੋ ਗਏ। ਪਿੰਡ ਛੋਟਾ ਹੋਣ ਕਾਰਨ ਇੱਕ ਦੂਜੇ ਨਾਲ ਦੁੱਖਾਂ-ਸੁੱਖਾਂ ਦੀ ਗੂੜ੍ਹੀ ਸਾਂਝ ਹੈ। ਛੋਟੇ-ਮੋਟੇ ਝਗੜੇ ਪੰਚਾਇਤੀ ਤੌਰ ‘ਤੇ ਹੀ ਨਿਬੇੜ ਲੈਂਦੇ ਹਨ। ਠਾਣੇ-ਕਚਹਿਰੀਆਂ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ। ਪਰ ਹੁਣ ਕਿਸਾਨੀ ਘੋਲ਼ ਵਿੱਚ ਉਨ੍ਹਾਂ ਦੇ ਪੁੱਤਾਂ ਨੂੰ ਜੇਲ੍ਹ ਹੋਈ ਹੈ ਤਾਂ ਸਿੱਧਾ ਦਿੱਲੀ ਦੀ ਤਿਹਾੜ ਜੇਲ੍ਹ ਨਾਲ ਵਾਹ ਪਿਆ ਹੈ। ਘਰ ਤੋਂ ਖੇਤ ਤੇ ਖੇਤੋਂ ਘਰ ਤੱਕ ਰਹਿਣ ਵਾਲੇ ਭਲੇ ਕਿਸਾਨ ਜੋ ਕਿਸੇ ਦੇ ਰਾਹ ਪੁੱਛਣ ਤੇ ਆਪਣੇ ਘਰੋਂ ਚਾਹ ਪਾਣੀ ਪਿਆ ਕੇ ਦੂਜੇ ਦੇ ਘਰ ਛੱਡਣ ਜਾਂਦੇ ਹਨ, ਦਿੱਲੀ ਸਰਕਾਰ ਦੀਆਂ ਸਾਜ਼ਸ਼ੀ ਚਾਲਾਂ ਨੂੰ ਕੀ ਜਾਣਨ, ਜਿਹੜੀ ਕਿਸਾਨਾਂ ਦੀ ਕਿਰਤ ਦਾ ਮੁੱਲ ਪਾਉਣ ਦੀ ਥਾਂ ‘ਤੇ ਕਿਸਾਨ ਸਮੱਸਿਆਵਾਂ ਦਾ ਹੱਲ ਕੱਢਣ ਦੀ ਥਾਂ ‘ਤੇ ਜ਼ਮੀਨਾਂ ਹੀ ਖੋਹਣ ਨੂੰ ਤਿਆਰ ਹੈ,  ਕਿ ਨਾ ਰਹੇ ਬਾਂਸ ਤੇ ਨਾ ਵੱਜੇਗੀ ਬੰਸਰੀ। ਪਰ ਇਸ ਸਾਂਝੀ ਮੁਸੀਬਤ ਵੇਲੇ ਸਾਰਾ ਪਿੰਡ ਇਕਮੁੱਠ ਹੈ। ਹੁਣ ਤਾਂ ਉਨ੍ਹਾਂ ਨੇ ਸਰਕਾਰ ਨਾਲ ਲੜਨਾ ਅਤੇ ਦਿੱਲੀ ਜਾਣਾ ਸਿੱਖ ਲਿਆ ਹੈ। ਉਹ ਜਿਉਂਦੇ-ਜੀਅ ਆਪਣੀਆਂ ਜ਼ਮੀਨਾਂ ਕਿਸੇ ਕੀਮਤ ‘ਤੇ ਸਰਕਾਰ ਨੂੰ ਨਹੀਂ ਦੇਣਗੇ। ਮੋਹਤਬਰ ਬੰਦੇ ਕਹਿੰਦੇ ਹਨ ਕਿ ਸਾਡੇ ਮੁੰਡੇ ਤਾਂ ਲਾਲ ਕਿਲੇ ਗਏ ਹੀ ਨਹੀਂ, ਚਾਲੀ ਕਿਲੋਮੀਟਰ ਪਿੱਛੇ ਹੀ ਸਨ। ਫੇਰ ਉਨ੍ਹਾਂ ਨੂੰ ਸਰਕਾਰ ਕਿਸ ਗੁਨਾਹ ‘ਚ ਫੜ੍ਹਦੀ ਹੈ? ਸਾਨੂੰ ਚੰਗੇ-ਭਲੇ ਵਸਦਿਆਂ ਨੂੰ ਕਾਲੇ ਕਾਨੂੰਨ ਬਣਾ ਕੇ ਵਖ਼ਤ ਖੜ੍ਹਾ ਕਰ ਦਿੱਤਾ। ਹੁਣ ਅਸੀਂ ਜ਼ਮੀਨਾਂ ਉਨ੍ਹਾਂ ਨੂੰ ਕਿਵੇਂ ਦੇ ਦੇਈਏ, ਹੁਣ ਤਾਂ ਅਸੀਂ ਸ਼ਾਂਤਮਈ ਧਰਨਿਆਂ ‘ਚ ਵੱਧ ਤੋਂ ਵੱਧ ਸ਼ਾਮਲ ਹੋਵਾਂਗੇ।ਸ਼ਰਨਜੀਤ ਕੌਰ

Lennon Stella

ਤਿਹਾੜ ਤੋਂ ਤਤਾਰੀਏ ਵਾਲੇ ਤੱਕ

 ਦੋ ਮਾਰਚ ਨੂੰ ਜ਼ਮਾਨਤ ਹੋਈ ਤਾਂ ਜਿਹੜੇ ਪਰਵਾਰਾਂ ਨਾਲ ਅਸੀਂ ਗੱਲਬਾਤ ਕਰਕੇ ਆਏ ਸੀ, ਉਹਨਾਂ ਨੂੰ ਫੋਨ ਕੀਤੇ। ਵਧਾਈਆਂ ਦਿੱਤੀਆਂ। ਸੁੱਖੀ-ਸਾਂਦੀ ਜੀਅ ਘਰ ਆਉਣ। ਲੱਗਿਆ ਕਿ ਚਾਰ ਤਰੀਕ ਤੱਕ ਉਹ ਸਾਰੇ ਪਿੰਡ ਪਹੁੰਚ ਜਾਣਗੇ। ਪਰ ਕਾਗਜ਼ੀ ਅੜਿੱਕੇ ਈ ਬਾਹਲੇ ਸੀ। ਚਾਰ ਤੋਂ ਪੰਜ ਤੇ ਫੇਰ ਛੇ । ਮਸਾਂ ਦਿਨ ਆਇਆ। ਛੇ ਮਾਰਚ ਦਿਨ ਸ਼ਨਿੱਚਰਵਾਰ ਨੂੰ ਦੋ ਕੁ ਵਜੇ ਮੋਗਾ ਜ਼ਿਲ੍ਹੇ ਦੇ ਬੁੱਘੀਪੁਰਾ ਚੌਕ ‘ਚ ਭਾਰੀ ਇਕੱਠ ਸੀ, ਜਿੱਥੇ ਸਮੁੱਚਾ ਤਤਾਰੀਏ ਵਾਲਾ ਅਤੇ ਨਾਲ਼ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਚੌਂਕ ਵਿੱਚ ਪਹੁੰਚੇ ਹੋਏ ਸਨ, ਕਿਉਂਕਿ ਅੱਜ ਤਤਾਰੀਏਵਾਲਾ ਦੇ ਜੁਝਾਰੂ ਪੁੱਤ ਜੇਲ੍ਹ ‘ਚੋਂ ਰਿਹਾਅ ਹੋ ਕੇ ਆ ਰਹੇ ਸਨ। ਢਾਈ ਕੁ ਵਜੇ ਉਹ ਚੌਕ ‘ਚ ਪਹੁੰਚੇ ਤਾਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ। ਪੱਤਰਕਾਰ ਭਾਈਚਾਰਾ ਤੇ ਸਿਆਸੀ ਬੰਦੇ ਵੀ ਪੂਰੇ ਸਰਗਰਮ ਸਨ। ਸਿਆਸੀ ਬੰਦਿਆਂ ਵੱਲੋਂ ਸਿਰੋਪੇ ਅਤੇ ਪਿੰਡ ਵਾਲਿਆਂ ਵੱਲੋਂ ਹਾਰ ਪਾ ਕੇ ਇਹਨਾਂ ਜੁਝਾਰੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਟੈਂਪੂ ਟਰੈਵਲਰ ‘ਚੋਂ ਉਤਾਰ ਕੇ ਸਾਰਿਆਂ ਨੂੰ ਖੁੱਲ੍ਹੀਆਂ ਜੀਪਾਂ ਵਿੱਚ ਖੜ੍ਹੇ ਕਰਕੇ ਮੋਟਰਸਾਈਕਲਾਂ ਦੇ ਪਿੱਛੇ ਅਤੇ ਬਾਕੀ ਪੰਚਾਇਤੀ ਗੱਡੀਆਂ ਦੇ ਅੱਗੇ  ਜੀਪਾਂ ਨੂੰ ਲਾ ਕੇ ਨੇੜੇ ਦੇ ਪਿੰਡ ਤਲਵੰਡੀ ਭੰਗੇਰੀਆਂ ਦੇ ਗੁਰਦੁਆਰੇ ਲਿਜਾ ਕੇ ਸਨਮਾਨਿਤ ਕੀਤਾ ਗਿਆ, ਚਾਹ-ਪਾਣੀ ਪਿਆਇਆ ਗਿਆ। ਉਸ ਤੋਂ ਅੱਗੇ ਤਤਾਰੀਏ ਵਾਲਾ ਪਿੰਡ ਵਿੱਚ ਗੁਰਦੁਆਰੇ ਅੱਗੇ ਸਾਰੇ ਪਿੰਡ ਦੀਆਂ ਬੀਬੀਆਂ, ਵੱਡੀ ਉਮਰ ਦੇ ਬੇਬੇ - ਬਜ਼ੁਰਗ ਤੇ ਨਿੱਕੇ ਤੋਂ ਨਿੱਕਾ ਬੱਚਾ ਵੀ ਇੰਤਜ਼ਾਰ ਕਰ ਰਿਹਾ ਸੀ। ਪਰਿਵਾਰ ਅਤੇ ਪਿੰਡ ਬਹੁਤ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਸਨ। ਪਤਨੀਆਂ ਗੁਲਾਬੀ ਸੂਟ ਪਾ ਕੇ ਸਜ ਸੰਵਰ ਕੇ ਆਈਆਂ ਸਨ ਅਤੇ ਮਾਵਾਂ ਫੁੱਲਾਂ ਨਾਲ ਝੋਲੀਆਂ ਭਰ-ਭਰ ਲਿਆਈਆਂ ਸਨ, ਜੋ ਉੱਥੇ ਹਰ ਕਿਸੇ ਨੂੰ ਵੰਡੇ ਗਏ। ਬੱਚਿਆਂ ਤੋਂ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ। ਘੰਟੇ ਕੁ ਬਾਅਦ ਜੁਝਾਰੂ ਪੁੱਤ ਪੰਚਾਇਤ ਸਮੇਤ ਪਿੰਡ ਪਹੁੰਚੇ ਅਤੇ ਸਾਰੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਗੱਡੀਆਂ ਤੋਂ ਉੱਤਰ ਕੇ ਸਾਰੇ ਜਣੇ ਆਪਣੇ ਪਰਿਵਾਰਾਂ ਨੂੰ ਮਿਲੇ ਅਤੇ ਸਾਰਿਆਂ ਨੂੰ ਗੁਰਦੁਆਰੇ ਦੇ ਅੰਦਰ ਸ਼ੁਭ ਅਰਦਾਸ ਕਰਨ ਲਈ ਲਿਜਾਇਆ ਗਿਆ। ਗੁਰਦੁਆਰੇ ਦਾ ਸਮਾਗਮ ਤਿੰਨ ਘੰਟੇ ਚੱਲਿਆ। ਕੁੱਝ ਜਥੇਬੰਦੀਆਂ ਵੱਲੋਂ ਹੋਈਆਂ ਘਟਨਾਵਾਂ ਦਾ ਜ਼ਿਕਰ ਅਤੇ ਕੁਝ ਸਿਆਸੀ ਬੰਦਿਆਂ ਵੱਲੋਂ ਸਮੇਂ ਦੀ ਨਜ਼ਾਕਤ ਦਾ ਫ਼ਾਇਦਾ ਉਠਾਉਂਦਿਆਂ ਆਪਣੇ ਵੱਲੋਂ ਸਭ ਦੇ ਸ਼ੁਭਚਿੰਤਕ  ਹੋਣ ਦਾ ਭਰੋਸਾ ਦਿਵਾਇਆ ਗਿਆ। ਘਰਦਿਆਂ ਨੂੰ ਆਪਣੇ ਬੰਦੇ ਘਰ ਲਿਜਾਣ ਦੀ ਬਹੁਤ ਕਾਹਲੀ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਤਿੰਨ ਘੰਟੇ ਇਹ ਸਭ ਬਰਦਾਸ਼ਤ ਕਰਨਾ ਪਿਆ। ਪਿੰਡ ਵਾਲਿਆਂ ਵੱਲੋਂ ਖੁੱਲ੍ਹਾ ਚਾਹ-ਪਾਣੀ ਦਾ ਲੰਗਰ ਹਰ ਕਿਸੇ ਲਈ ਤਿਆਰ ਕੀਤਾ ਗਿਆ ਸੀ। ਖ਼ੂਬ ਲੱਡੂ ਵੰਡੇ ਗਏ ਅਤੇ ਸਾਰਿਆਂ ਨੂੰ ਸਿਰੋਪੇ ਪਾਏ ਗਏ, ਪ੍ਰਬੰਧਕਾਂ ਨੂੰ ਵੀ ਸਰੋਪਿਆਂ ਨਾਲ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਪੂਰੇ ਪਿੰਡ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ। ਗੁਰਦੁਆਰੇ ਦੇ ਸਮਾਗਮ ਤੋਂ ਬਾਅਦ ਫੇਰ ਖੁੱਲ੍ਹੀਆਂ ਜੀਪਾਂ ਵਿੱਚ ਬੈਠਾ ਕੇ ਸਾਰਿਆਂ ਨੂੰ ਆਦਰ ਸਤਿਕਾਰ ਨਾਲ ਉਨ੍ਹਾਂ ਦੇ ਘਰੀਂ ਪਹੁੰਚਦਾ ਕੀਤਾ।