Second Edition: Mar, 2021

Lennon Stella

ਪੰਜਾਬ ਦੇ ਖੇਤੀ ਸੰਕਟ ਵਿਚ ਦਲਿਤ ਮਜ਼ਦੂਰ ਔਰਤ

ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੇ ਭਾਰਤ ਦੇ ਵਿਕਾਸ ਮਾਡਲ ਵਿਚ ਖੇਤੀ ਦਾ ਭਵਿੱਖ ਕੀ ਹੋਵੇ ਦਾ ਸਵਾਲ ਸੰਘਰਸ਼ੀ ਪਿੜਾਂ ਵਿੱਚ ਖੋਲ੍ਹ ਦਿੱਤਾ ਹੈ। ਪਰ ਇਸ ਸੰਕਟ ਦੀਆਂ ਕਈ ਢਕੀਆਂ ਪਰਤਾਂ ਹਨ ਜੋ ਹਾਲੀ ਖੋਲ੍ਹੀਆਂ ਜਾਣੀਆਂ ਬਾਕੀ ਹਨ। ਸੰਘਰਸ਼ਾਂ ਅੰਦਰ ਚਲਦੀਆਂ ਬਹਿਸਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਕਿਸਾਨੀ ਸੰਕਟ ਲਾਹੇਵੰਦ ਕੀਮਤਾਂ, ਅਤੇ ਕਰਜ਼ੇ ਦੀਆਂ ਪੰਡਾਂ ਤਕ ਸੀਮਤ ਨਹੀਂ, ਇਹ ਖੇਤੀ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਅਤੇ ਖੇਤੀ ਦੀ ਹੋਂਦ ਨਾਲ ਜੁੜਿਆ ਸਵਾਲ ਵੀ ਹੈ। ਇਸ ਦੇ ਨਾਲ ਹੀ ਜੁੜਿਆ ਸਵਾਲ ਹੈ ਕਿ ਖੇਤੀ ਦੇ ਭਵਿੱਖ ਨਾਲ ਜ਼ਮੀਨ ਤੋਂ ਵਾਂਝੇ ਰੱਖੇ ਗਏ ਖੇਤ ਮਜ਼ਦੂਰ ਵੀ ਜੁੜੇ ਹਨ, ਅਤੇ ਨਾਲ ਹੀ ਜੁੜਿਆ ਹੈ ਦਲਿਤ ਖੇਤ ਮਜ਼ਦੂਰ ਔਰਤਾਂ ਦਾ ਭਵਿੱਖ। ਕਿਸਾਨੀ ਸੰਕਟ ਸਾਡੇ ਪੂਰੇ ਸਮਾਜ ਤੇ ਨਸੂਰ ਬਣਕੇ ਉੱਗ ਚੁੱਕਾ ਹੈ ਅਤੇ ਇਸ ਦੀ ਪੀੜ ਦਲਿਤ ਮਜ਼ਦੂਰ ਔਰਤਾਂ ਵੀ ਝੱਲ ਰਹੀਆਂ ਹਨ। ਅੱਜ ਖੇਤੀ-ਜ਼ਮੀਨੀ ਸੰਬੰਧਾਂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਅਤੇ ਡਵੈਲਪਮੈਂਟ ਪ੍ਰੋਜੈਕਟਾਂ ਦੀ ਵਜ੍ਹਾ ਨਾਲ ਜ਼ਮੀਨ ਦੀ ਵਰਤੋਂ ਵੀ ਬਦਲ ਰਹੀ ਹੈ। ਬਹੁਤ ਥਾਵਾਂ ਤੇ ਕਿਸਾਨਾਂ ਦੀਆਂ ਨਿੱਜੀ ਜ਼ਮੀਨਾਂ ਪ੍ਰੋਜੈਕਟਾਂ ਥੱਲੇ ਆ ਰਹੀਆਂ ਹਨ ਅਤੇ ਉਹ ਜਾਇਜ਼ ਮੁਆਵਜ਼ੇ ਤੇ ਵਟਾਵੀਂ ਜ਼ਮੀਨ ਲਈ ਜੱਦੋਜਹਿਦ ਵੀ ਕਰ ਰਹੇ ਹਨ। ਪਰ ਨਵੇਂ ਧੱਕੇ ਜਾ ਰਹੇ ਜ਼ਮੀਨ ਪ੍ਰਾਪਤੀ ਕਾਨੂੰਨ, ਅਤੇ ਸ਼ਾਮਲਾਟ ਅਤੇ ਪੰਚਾਇਤੀ ਜ਼ਮੀਨਾਂ ਉੱਤੇ ਉਦਯੋਗ ਸਥਾਪਤ ਕਰਨ ਲਈ ਕ਼ਾਨੂੰਨ ਵਿਚ ਸੋਧਾਂ ਨਾਲ ਪੇਂਡੂ ਦਲਿਤ ਵਰਗ ਦਾ ਪਿੰਡਾਂ ਦੀ ਇੱਕ ਤਿਹਾਈ ਸ਼ਾਮਲਾਟ ਜ਼ਮੀਨਾਂ ਤੇ ਬੋਲੀ ਦੇਣ ਦੇ ਹੱਕ ਤੇ ਵੀ ਡੂੰਘਾ ਅਸਰ ਪੈ ਰਿਹਾ ਹੈ। ਪਿੰਡ ਵਿਚ ਰੋਜ਼ਗਾਰ ਦੇ ਵਸੀਲੇ ਅਤੇ ਜ਼ਮੀਨਾਂ ਘਟਣ ਨਾਲ ਖੇਤ ਮਜ਼ਦੂਰ ਹਮੇਸ਼ਾ ਵਾਸਤੇ ਦਿਹਾੜੀਦਾਰ ਮਜ਼ਦੂਰ ਵਿੱਚ ਤਬਦੀਲ ਹੋ ਚੁੱਕੇ ਹਨ। ਆਦਮੀ ਸ਼ਹਿਰਾਂ ਵਿੱਚ ਦਿਹਾੜੀਆਂ ਕਰਨ ਤੇ ਮਜ਼ਬੂਰ ਹਨ ਤੇ ਮਗਰ ਰਹਿ ਜਾਂਦੀਆਂ ਹਨ ਮਜ਼ਦੂਰ ਔਰਤਾਂ ਕਿਸੇ ਤਰੀਕੇ ਡੰਗ ਟਪਾਉਣ ਨੂੰ।  ਖੇਤ ਮਜ਼ਦੂਰ ਔਰਤਾਂ ਵਾਸਤੇ ਰੋਜ਼ਗਾਰ ਦੀ ਬੇਹੱਦ ਕਮੀ ਹੈ। ਸਾਡੇ ਸਰਵੇ ਦਸਦੇ ਹਨ ਕਿ ਪੰਜਾਬ ਵਿੱਚ ਔਰਤ ਖੇਤ ਮਜ਼ਦੂਰ ਨੂੰ ਸਾਲ ਭਰ ਵਿਚ ਵੱਧ ਤੋਂ ਵੱਧ 150 ਦਿਹਾੜੀਆਂ ਦਾ ਖੇਤੀ ਅੰਦਰਲਾ ਕੰਮ ਮਿਲਦਾ ਹੈ ਤੇ ਔਸਤਨ ਦਿਹਾੜੀ ਸਰਕਾਰੀ ਨਿਊਨਤਮ ਉਜਰਤ ਤੋਂ ਕਿਤੇ ਥੱਲੇ ਮਿਲਦੀ ਹੈ। ਇਹ ਦਿਹਾੜੀ ਮਜ਼ਦੂਰ ਮਰਦ ਨੂੰ ਮਿਲਦੀ ਦਿਹਾੜੀ ਤੋਂ ਵੀ ਘੱਟ ਹੈ। ਇਸੇ ਲਈ ਮਜ਼ਦੂਰ ਔਰਤਾਂ ਬਹੁਤ ਹੀ ਘੱਟ ਉਜਰਤ ਵਾਲੇ, ਹੱਡ ਭੰਨਵੇਂ, ਮਾੜੇ ਮੋਟੇ ਕਿੱਤਿਆਂ ਵਿੱਚ ਹੀ ਪੀਸੀਆਂ ਜਾ ਰਹੀਆਂ ਨੇ। ਉਨ੍ਹਾਂ ਦੇ ਕਿੱਤਿਆਂ ਦਾ ਕੋਈ ਮੁੱਲ ਨਹੀਂ ਹੈ ਕਿਓਂਕਿ ਗੋਹਾ-ਕੂੜਾ, ਪਸ਼ੂਆਂ ਦੀ ਸਾਂਭ ਸੰਭਾਲ ਤੇ ਸਾਫ਼ ਸਫ਼ਾਈ ਭਾਵੇਂ ਹੱਡ ਭੰਨਵੀਂ ਮਜ਼ਦੂਰੀ ਹੈ ਪਰ ਇਸ ਨੂੰ ਘਰ ਦੇ ਕੰਮ ਦਾ ਵਿਸਤਾਰ ਹੀ ਸਮਝਿਆ ਜਾਂਦਾ ਹੈ, ਜੋ ਔਰਤ ਦੇ ਹਿੱਸੇ ਆਇਆ ਹੈ ਪਰ ਇਸ ਦਾ ਮਜ਼ਦੂਰ ਮੰਡੀ ਵਿੱਚ ਕੋਈ ਮੁੱਲ ਨਹੀਂ। ਹਰ ਮਜ਼ਦੂਰ ਔਰਤ, ਮਜ਼ਦੂਰ ਮੰਡੀ ਵਿੱਚ ਇਸ ਕਸਰ ਨਾਲ ਦਾਖਲ ਹੁੰਦੀ ਹੈ ਤੇ ਦਲਿਤ ਮਜ਼ਦੂਰ ਔਰਤ ਇਸਦੇ ਨਾਲ ਆਪਣੀ ਜਾਤ ਦੀ ਕਸਰ ਵੀ ਝਲਦੀ ਹੈ। ਦਲਿਤ ਔਰਤਾਂ ਦੇ ਕੰਮ  ਦੀ ਕੀਮਤ ਏਨੀ ਘਟ ਚੁਕੀ ਹੈ ਕਿ ਮਜ਼ਦੂਰ ਮੰਡੀ ਵਿੱਚ ਉਸ ਦੀ ਹੈਸੀਅਤ ਬਹੁਤ ਨਿਗੂਣੀ ਰਹਿ ਗਈ ਹੈ। ਜ਼ਮੀਨ ਅਤੇ ਹੋਰ ਵਸੀਲਿਆਂ ਦੇ ਮਾਲਕਾਂ ਦੀ ਭੈੜੀ ਨਜ਼ਰ, ਅਸ਼ਲੀਲ ਬੋਲ, ਜਿਨਸੀ ਹਮਲੇ, ਜ਼ਮੀਨ ਮਾਲਕਾਂ ਦੀ ਅੰਨ੍ਹੀ ਵਧਦੀ ਤਾਕਤ ਅਤੇ ਮਜ਼ਦੂਰ ਔਰਤਾਂ ਦੀ ਖੁਰੀ ਹੈਸੀਅਤ ਅਤੇ ਨਿਘਰਦੀ ਹਾਲਤ ਦਾ ਹੀ ਨਤੀਜਾ ਹੈ। ਦਲਿਤ ਔਰਤ ਦੇ ਸਮਾਜਕ ਨਿਘਾਰ ਦਾ ਇੱਕ ਚਿੰਤਾਜਨਕ ਉਦਾਹਰਣ “ਵਾਅਦਿਆਂ ਨੂੰ ਅਮਲ ਵਿੱਚ ਲਿਆਉਣਾ: 2030 ਦੇ ਏਜੰਡੇ ਵਿੱਚ ਲਿੰਗ ਸਮਾਨਤਾ” ਨਾਂ ਦੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ। 2018 ਦੀ ਇਹ ਰਿਪੋਰਟ ਕਹਿੰਦੀ ਹੈ ਕਿ ਭਾਰਤ ਵਿਚ ਦਲਿਤ ਔਰਤ ਦੀ ਔਸਤਨ ਉਮਰ ਉੱਚ ਜਾਤੀ ਦੀਆਂ ਔਰਤਾਂ ਤੋਂ 14.6 ਸਾਲ ਘੱਟ ਹੈ। ਇਸ ਅੰਕੜੇ ਨੂੰ ਅਸੀਂ ਕਿਵੇਂ ਸਮਝਦੇ ਹਾਂ? ਕੌਣ ਖਾ ਗਿਆ ਹੈ ਦਲਿਤ ਔਰਤਾਂ ਦੀ ਉਮਰ ਦੇ 14 ਸਾਲ 6 ਮਹੀਨੇ? ਕਿਉਂ ਸਰਕਾਰ ਜਵਾਬਦੇਹ ਨਹੀਂ? ਕਿਉਂ ਨੀਤੀਘਾੜਿਆਂ ਨੂੰ ਸ਼ਰਮ ਨਹੀਂ ਆਉਂਦੀ? ਕਿਉਂ ਸਾਡਾ ਸਮਾਜ ਸ਼ਰਮਿੰਦਾ ਨਹੀਂ?ਦਲਿਤ ਖੇਤ ਮਜ਼ਦੂਰ ਔਰਤਾਂ ਸਚਮੁਚ ਕਿਸੇ ਦੇ ਚਿੱਤ ਚੇਤੇ ਨਹੀਂ। ‘ਹਰੇ ਇਨਕਲਾਬ’ ਦੇ ਆਉਣ ਨਾਲ ਖੇਤ ਮਜ਼ਦੂਰ ਔਰਤਾਂ ਨਾਲ ਕੀ ਬੀਤੀ, ਉਨ੍ਹਾਂ ਦੇ ਰੋਜ਼ਗਾਰ ਦੇ ਵਸੀਲੇ ਕਿਵੇਂ ਅਲੋਪ ਹੋ ਗਏ, ਉਹ ਗੁਜ਼ਾਰਾ ਕਿਵੇਂ ਕਰ ਰਹੀਆਂ ਨੇ, ਦਲਿਤ ਬੱਚੀਆਂ ਦੀ ਸਿਖਿਆ ਅਤੇ ਅੱਗੇ ਵਧਣ ਦੇ ਕੀ ਰਾਹ ਹਨ, ਕਿਸੇ ਨੀਤੀਘਾੜੇ ਜਾਂ ਸਰਕਾਰ ਨੇ ਨਾ ਇਹ ਸਵਾਲ ਪੁੱਛੇ ਅਤੇ ਨਾ ਹੀ ਕੋਈ ਹੀਲੇ ਕੱਢੇ। ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਸਵਾਲ ਉੱਠੇ ਹੀ ਨਹੀਂ। ਪੰਜਾਬ ਵਿੱਚ ਇਹ ਸਵਾਲ ਲੋਕ ਜਮਹੂਰੀ ਸੱਭਿਆਚਾਰਕ ਅਤੇ ਸਿਆਸੀ ਪਿੜ੍ਹਾਂ ਵਿੱਚ ਪੂਰੀ ਤਰਾਂ ਖੁੱਲ੍ਹੇ। ਇਹ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਤੇ ਗੀਤਾਂ ’ਚ ਗੂੰਜੇ ਜਿਨ੍ਹੇ ਮਜ਼ਦੂਰ ਧੀਆਂ ਤੇ ਗੀਤ ਸਿਰਜੇ, ਵਗਦੇ ਨੱਕ, ਚੁੰਨੀਆਂ ਅੱਖਾਂ ਤੇ ਕਰੇੜੇ ਦੰਦਾਂ ਨੂੰ ਆਪਣੇ ਗੀਤਾਂ ਵਿੱਚ ਸ਼ਾਮਲ ਕੀਤਾ, ਅਤੇ ਸੂਰਜ ਨੂੰ ਵਿਹੜਿਆਂ ਵਿਚ ਮਘਦੇ ਰਹਿਣ ਦਾ ਹੋਕਾ ਦਿੱਤਾ। ਇਹ ਗੁਰਸ਼ਰਨ ਸਿੰਘ ਦੇ ਨਾਟਕਾਂ ਰਾਹੀਂ ਸਾਹਮਣੇ ਆਏ। ਇਹ ਸਵਾਲ ਮਜ਼ਦੂਰ ਯੂਨੀਅਨਾਂ ਦੇ ਹਵਾਲਿਆਂ ਵਿਚ ਉੱਭਰੇ।  ਹਾਲ ਵਿੱਚ ਦਲਿਤ ਔਰਤਾਂ ਦਾ ਜਾਤ ਅਧਾਰਤ ਜਿਨਸੀ ਤਸ਼ੱਦਦ, ਭੋਂ ਤੇ ਹੋਰ ਵਸੀਲਿਆਂ ਤੋਂ ਬੇਦਖਲੀ, ਸਵੈਮਾਨ ਨੂੰ ਸੱਟ, ਅਤੇ ਜ਼ਮੀਨ ਪ੍ਰਾਪਤੀ ਵਰਗੇ ਮਸਲੇ, ਜਥੇਬੰਧਕ ਟਾਕਰੇ ਦਾ ਆਧਾਰ ਬਣੇ ਹਨ। ਇਨ੍ਹਾਂ ਸਾਰੇ ਘੋਲਾਂ ਨਾਲ ਦਲਿਤ ਮਜ਼ਦੂਰ ਔਰਤ, ਤੇ ਖਾਸ ਕਰਕੇ ਨਵੀਂ ਪੀੜ੍ਹੀ ਨੇ ਸਿਆਸੀ ਪਿੜ ਵਿੱਚ ਦਸਤਕ ਦਿੱਤੀ ਹੈ। ਨੌਦੀਪ ਕੌਰ ਤੇ ਰਾਜਵੀਰ ਕੌਰ ਵਰਗੀਆਂ ਬਹਾਦਰ ਨੌਜਵਾਨ ਔਰਤਾਂ ਹੱਕ ਇਨਸਾਫ਼ ਦੀ ਜੰਗ ਵਿਚ ਸ਼ਾਮਲ ਹੋਈਆਂ ਹਨ। ਅੱਜ ਲੋੜ ਹੈ ਕਿ ਦਲਿਤ ਔਰਤ ਦਾ ਸੰਦਰਭ ਅਤੇ ਉਸ ਦੇ ਕਿੱਤੇ ਨਾਲ ਜੁੜੀਆਂ ਮੰਗਾਂ ਜਿਵੇਂ ਸ਼ਾਮਲਾਟ ਜ਼ਮੀਨ ਅਤੇ ਨਿਊਨਤਮ ਉਜਰਤ ਦਾ ਬਰਾਬਰ ਹੱਕ, ਖੇਤ ਮਜ਼ਦੂਰੀ ਦੀਆਂ ਵਾਜਬ ਦਰਾਂ, ਘਰ ਪਾਉਣ ਲਈ ਜ਼ਮੀਨ, ਮਜ਼ਦੂਰ ਖੁਦਕੁਸ਼ੀਆਂ ਲਈ ਮੁਆਵਜ਼ੇ ਅਤੇ ਲੈਂਡ ਸੀਲਿੰਗ ਐਕਟ ਅਧੀਨ ਜ਼ਮੀਨ ਦੀ ਮੁੜ ਵੰਡ, ਮਜ਼ਦੂਰ ਕਿਸਾਨ ਘੋਲ ਅੰਦਰ ਇਮਾਨਦਾਰੀ ਨਾਲ ਖੋਲ੍ਹੀਆਂ ਜਾਣ ਅਤੇ ਉਠਾਈਆਂ ਜਾਣ। ਸ਼ਾਨਾਮੱਤੇ ਮੌਜੂਦਾ ਕਿਸਾਨ ਘੋਲ ਵਿੱਚੋਂ ਉੱਭਰੇ ਇੱਕ ਨਵੇਂ ਸਮਾਜ ਦੀ ਕਲਪਨਾ ਇਨ੍ਹਾਂ ਮੰਗਾਂ ਨਾਲ ਸਿੱਧੇ ਤੌਰ ਤੇ ਜੁੜੀ ਹੈ।

Lennon Stella

ਪਗੜੀ ਸੰਭਾਲ ਜੱਟਾ

 ‘ਪਗੜੀ ਸੰਭਾਲ ਜੱਟਾ’ ਪੰਜਾਬੀ ਕਿਸਾਨ ਦੇ ਜੁਝਾਰੂ ਸੁਭਾਅ ਦੇ ਨਾਲ-ਨਾਲ ਛੋਟੇ ਕਾਸ਼ਤਕਾਰ ਦੀ ਇੱਜ਼ਤ ਨੂੰ ਵੀ ਦਰਸਾਉਂਦਾ ਹੈ। 25 ਸਤੰਬਰ ਨੂੰ ਰਾਏਕੋਟ, ਜ਼ਿਲ੍ਹਾ ਲੁਧਿਆਣਾ ਦੇ ਹਰੀ ਸਿੰਘ ਨਲੂਆ ਚੌਂਕ ਵਿਚ ਹਜ਼ਾਰਾਂ ਮੁਜ਼ਾਹਰਾਕਾਰੀ ਇਕੱਠੇ ਹੋਏ। ਛੋਟੇ ਜਿਹੇ ਟੈਂਟ ਦਾ ਆਸਰਾ ਇਕੱਠ ਦੇ ਕੁਝ ਹਿੱਸੇ ਨੂੰ ਹੀ ਸੀ, ਜਦਕਿ ਬਾਕੀ ਧੁੱਪੇ ਖੜ੍ਹੇ ਹੋਏ ਸਨ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਟਰੈਕਟਰ ਟਰਾਲੀਆਂ ਨੂੰ ਮੀਲ ਵਾਟ ਸੜਕਾਂ ਦੇ ਨਾਲ਼ ਪਾਲੋ-ਪਾਲ ਖੜ੍ਹਾ ਦਿੱਤਾ, ਚਾਰ ਸੜਕਾਂ ਜੋ ਉਸ ਚੌਂਕ ਤੇ ਮੁੱਕਦੀਆਂ ਹਨ, ਜਿੱਥੇ ਇਹ ਟੈਂਟ ਲੱਗਾ ਹੋਇਆ ਹੈ।“ਕੀ ਤੁਹਾਨੂੰ ਚਾਚਾ ਅਜੀਤ ਸਿੰਘ ਯਾਦ ਹੈ ਜਿਸ ਨੇ ਸਾਨੂੰ ਪਗੜੀ ਸੰਭਾਲ ਜੱਟਾ ਲਹਿਰ ਦੀ ਵਿਰਾਸਤ ਦਿੱਤੀ?” ਹਰੀ ਪੱਗ ਬੰਨ੍ਹੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪ੍ਰਦਰਸ਼ਨਕਾਰੀਆਂ ਨੂੰ ਪੁੱਛਿਆ। ਉਨ੍ਹਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਹਰੇ ਝੰਡੇ ਜੋ ਕਿ ਜਵਾਨ ਫ਼ਸਲਾਂ ਦੀ ਪ੍ਰਤੀਨਿਧਤਾ ਕਰਦੇ ਨੇ, ਉੱਚੇ ਕਰਕੇ ਹੁੰਗਾਰਾ ਭਰਿਆ।ਜਿਸ ਗੀਤ ਦਾ ਉਹਨਾਂ ਹਵਾਲਾ ਦਿੱਤਾ ਹੈ, ‘ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ’ ਦਾ ਬਹੁਤ ਲੰਮਾ ਇਤਿਹਾਸ ਹੈ, ਜੋ ਬਗਾਵਤ ਚੋਂ ਜਨਮਿਆ ਹੈ ਅਤੇ ਹੱਕਾਂ ਲਈ ਦ੍ਰਿੜ ਕਰਦਾ ਹੈ। ਇਹ ਬਾਂਕੇ ਦਿਆਲ ਨੇ ਲਿਖਿਆ ਸੀ ਅਤੇ ਪਹਿਲੀ ਦਫ਼ਾ ਲਾਇਲਪੁਰ ਵਿਖੇ 1907 ਦੀ ਰੈਲੀ ਵਿੱਚ ਅਜੀਤ ਸਿੰਘ, ਕਿਸ਼ਨ ਸਿੰਘ, ਘਸੀਟਾ ਰਾਮ ਅਤੇ ਸੂਫੀ ਅੰਬਾ ਪ੍ਰਸਾਦ ਨੇ ਗਾਇਆ ਸੀ। ਕਿਸ਼ਨ ਸਿੰਘ, ਸ਼ਹੀਦ ਭਗਤ ਸਿੰਘ ਦਾ ਪਿਤਾ ਅਤੇ ਅਜੀਤ ਸਿੰਘ, ਉਸਦਾ ਚਾਚਾ ਸੀ। ਉਨ੍ਹਾਂ ਨੇ 1906 ਵਿੱਚ ਸੂਫੀ ਅੰਬਾ ਪ੍ਰਸ਼ਾਦ ਅਤੇ ਘਸੀਟਾ ਰਾਮ ਦੇ ਨਾਲ ਮਿਲ ਕੇ, ਮਹਿਬੂਬੇ ਵਤਨ ਨਾਮਕ ਰੂਹਪੋਸ਼ ਸੰਸਥਾ ਦੀ ਸਥਾਪਨਾ ਕੀਤੀ ਸੀ, ਅਤੇ ਉਨ੍ਹਾਂ ਦਾ ਉਦੇਸ਼ 1857 ਦੀ 50 ਵੀਂ ਵਰ੍ਹੇਗੰਢ ਤੇ 1907 ਵਿੱਚ ਇਸਨੂੰ ਮੁੜ ਸੰਗਠਿਤ ਕਰਨਾ ਸੀ।ਉਨ੍ਹਾਂ ਨੇ ਬ੍ਰਿਟਿਸ਼ ਰਾਜ ਦੇ ਵਿਰੁੱਧ ਬਸਤੀਵਾਦੀ ਐਕਟ ਅਤੇ ਬਾਰੀ ਦੁਆਬ ਐਕਟ ਤੋਂ ਉਬਾਲੇ ਚ ਆਏ ਕਿਸਾਨਾਂ ਦੀ ਅਗਵਾਈ ਕੀਤੀ। ਅੰਦੋਲਨ ਨੂੰ ਪਗੜੀ ਸੰਭਾਲ ਜੱਟਾ ਲਹਿਰ ਵਜੋਂ ਜਾਣਿਆ ਗਿਆ ਅਤੇ ਇਹ ਪਗੜੀ ਹੀ ਸੀ ਜੋ ਕਿਸਾਨਾਂ ਨੂੰ ਧਰਮ ਅਤੇ ਜਾਤੀ ਦੀਆਂ ਵੰਡੀਆਂ ਤੋਂ ਪਾਰ ਇਕਜੁਟ ਹੋਣ ਦਾ ਪ੍ਰਤੀਕ ਬਣੀ।ਪਗੜੀ ਜਾਂ ਪੱਗ ਆਮ ਬੰਦੇ ਦੀ ਇੱਜ਼ਤ ਦਰਸਾਉਂਦਾ ਹੈ। ਮੱਧਕਾਲੀ ਸਮੇਂ, ਸਿਰਫ਼ ਮੁਗ਼ਲ ਹਕੂਮਤ ਵੱਲੋਂ ਥਾਪੜੇ ਵੱਡੇ ਰੁਤਬੇ ਵਾਲੇ ਲੋਕਾਂ ਨੂੰ ਦਸਤਾਰ ਬੰਨ੍ਹਣ ਦੀ ਆਗਿਆ ਸੀ, ਪਰ 17ਵੀਂ ਸਦੀ ਵਿਚ ਸਿੱਖ ਇਨਕਲਾਬ ਦੇ ਸਮੇਂ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਵਿਦਰੋਹ ਦੇ ਪ੍ਰਤੀਕ ਬਣਾਇਆ। ਇਸਦੇ ਰੁਤਬੇ  ਨੂੰ ਉਲਟਾਉਂਦਿਆਂ ਆਮ ਲੋਕਾਂ ਨੂੰ ਆਪਣੇ ਸ੍ਵੈ-ਮਾਣ ਦਾ ਦਾਅਵਾ ਕਰਨ ਦਾ ਰਾਹ ਸੁਝਾਇਆ। ਪੱਗ ਦੀ ਇੱਕ ਜਗ੍ਹਾ ਹੈ; ਇਹ ਸਿਰ ਨੂੰ ਸ਼ਿੰਗਾਰਦੀ ਹੈ, ਅਤੇ ਪੰਜਾਬ ਵਿਚ, ਇਹ ਅਜਿਹੀ ਪਛਾਣ ਨੂੰ ਦਰਸਾਉਂਦੀ ਹੈ ਜਿਸ ਦਾ ਖਾਸਾ ਨਾਬਰੀ ਹੈ। ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਦਾ ਪਰਵਾਰ ਖ਼ਤਮ ਹੋ ਗਿਆ; ਉਹਨਾਂ ਆਪਣੇ ਚਾਰ ਪੁੱਤਰ ਵਾਰ ਦਿੱਤੇ; ਪਰੰਤੂ ਉਹਨਾਂ ਇਸਨੂੰ ਪਰਮਾਤਮਾ ਦੀ ਰਜ਼ਾ ਵਜੋਂ ਸਵੀਕਾਰ ਨਹੀਂ ਕੀਤਾ।ਜ਼ੁਲਮ ਅਤੇ ਬੇਇਨਸਾਫ਼ੀ ਨੂੰ ਰੱਬ ਦੀ ਰਜ਼ਾ ਆਖ ਸਵੀਕਾਰ ਨਹੀਂ ਕੀਤਾ ਜਾਂਦਾ। ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਆਂ ਦੀ ਲੜਾਈ ਨੂੰ ਅੱਗੇ ਵਧਾਉਣ ਲਈ ਕਿਹਾ। 1710 ਵਿਚ, ਯਮੁਨਾ ਤੋਂ ਸਤਲੁਜ ਦੇ ਵਿਚਕਾਰ ਦੇ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ, ਬੰਦਾ ਬਹਾਦਰ ਨੇ ਜ਼ਿਮੀਂਦਾਰੀ ਸਿਸਟਮ ਨੂੰ ਖ਼ਤਮ ਕਰ ਦਿੱਤਾ ਅਤੇ ਹਲਵਾਹਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ।ਦੂਜੇ ਸ਼ਬਦਾਂ ‘ਚ, ਪੱਗ ਦਾ ਉੱਤਰਨਾ ਰਾਜਨੀਤਿਕ ਬੇਇਨਸਾਫ਼ੀ ਦੇ ਜ਼ੁਲਮ ਨੂੰ ਸਵੀਕਾਰ ਕਰਨ ਵੱਲ ਸੰਕੇਤ ਕਰਦਾ ਹੈ। “ਮੰਨਦੀ ਨਾ ਗੱਲ ਸਾਡੀ, ਇਹ ਭੈੜੀ ਸਰਕਾਰ ਵੋਅਸੀਂ ਕਿਓਂ ਮੰਨੀਏ ਵੀਰੋ, ਏਸ ਦੀ ਕਾਰ ਵੋਹੋਇਕੇ ‘ਕੱਠੇ ਵੀਰੋ, ਮਾਰੋ ਲਲਕਾਰ ਵੋਤਾੜੀ ਦੋ ਹੱਥੜ ਵੱਜਣੀ, ਛੈਣਿਆਂ ਨਾਲ ਵੋਪਗੜੀ ਸੰਭਾਲ ਜੱਟਾ…………..”1900 ਦੇ ਦਹਾਕੇ ਵਿੱਚ, ਖੇਤੀਬਾੜੀ ਆਮਦਨੀ ਖ਼ਰਾਬ ਹੋਣ ਨਾਲ, ਪੰਜਾਬੀਆਂ ਨੇ ਪਰਦੇਸ ਜਾਣਾ ਸ਼ੁਰੂ ਕਰ ਦਿੱਤਾ। ਪਗੜੀ ਸੰਭਾਲ ਜੱਟਾ ਅੰਦੋਲਨ ਨੇ 1913 ਵਿਚ ਅਮਰੀਕਾ ਵਿਚ ਗ਼ਦਰ ਲਹਿਰ ਦੀ ਸਥਾਪਨਾ ਕਰਨ ਵਾਲੇ ਪੰਜਾਬੀ ਡਾਇਸਪੋਰਾ ਨੂੰ ਬਲ ਬਖਸ਼ਿਆ ਅਤੇ ਅੰਗਰੇਜ਼ੀ ਹਕੂਮਤ ਦਾ ਖਾਤਮਾ ਕਰਨ ਭਾਰਤ ਵਾਪਸੀ ਕੀਤੀ। ਇਸ ਲੋਕ ਲਹਿਰ ਦੇ ਇਤਿਹਾਸਕਾਰ ਚਿਰੰਜੀ ਲਾਲ ਕੰਗਣੀਵਾਲ ਕਹਿੰਦੇ ਹਨ, “ਬਾਬਾ ਜਵਾਲਾ ਸਿੰਘ ਠੱਠੀਆਂ ਗਦਰ ਪਾਰਟੀ ਕਾਰਕੁਨ ਸਨ, ਜਿਨ੍ਹਾਂ ਨੇ ਲਹਿਰ ਤੋਂ ਪ੍ਰੇਰਨਾ ਲੈ ਕੇ ਮਾਰਚ 1937 ਨੂੰ ਲਾਹੌਰ ਵਿਚ ਕਿਸਾਨ ਸਭਾ ਦੀ ਸਥਾਪਨਾ ਕੀਤੀ।”ਪਿਛਲੇ ਕੁਝ ਦਹਾਕਿਆਂ ਵਿਚ, ਖ਼ਾਸਕਰ ਖਾੜਕੂਵਾਦ ਤੋਂ ਬਾਅਦ ਪੰਜਾਬ ਵਿਚ, ਸ਼ਬਦ ‘ਜੱਟ’ ਨੇ ਪੰਜਾਬੀਆਂ ਵਿਚਕਾਰ ਕਠੋਰ ਲਾਈਨ ਖਿੱਚ ਦਿੱਤੀ ਹੈ, ਇੱਕ ਪਾਸੇ ਜੱਟ ਤੇ ਦੂਜੇ ਪਾਸੇ ਬਾਕੀ। ਇਤਿਹਾਸਕ ਤੌਰ ਤੇ ਜੱਟ ਮੁਜ਼ਾਰੇ ਸਨ, ਅਤੇ ਖੁਦਕਾਸ਼ਤੀਏ, ਜ਼ਮੀਨ ਆਪ ਵਾਹੁਣ ਵਾਲੇ। ਇਹ ਸਮਾਨ ਸ਼ਬਦ ਸੀ, ਜੋ ਕਿਸਾਨੀ ਜਾਂ ਕਿਸਾਨ ਲਈ ਵਰਤਿਆ ਜਾਂਦਾ। ਹਾਲ ਹੀ ਦੇ ਸਮੇਂ ਵਿੱਚ, ਹਾਲਾਂਕਿ, ਕੁਝ ਵੱਡੇ ਕਿਸਾਨਾਂ ਵਿੱਚ ਖੁਸ਼ਹਾਲੀ ਨੇ ਇਹ ਧਾਰਨਾ ਪੈਦਾ ਕੀਤੀ ਹੈ ਕਿ ਸਿਰਫ਼ ਉੱਚ ਜਾਤੀ ਦੇ ਸਿੱਖ ਹੀ ਜੱਟ ਹਨ-ਇਹ ਧਨ-ਦੌਲਤ ਨਾਲ ਵੀ ਜੁੜਿਆ ਹੋਇਆ ਹੈ। ਮੁੱਖ ਧਾਰਾ ਦੇ ਪੰਜਾਬੀ ਗੀਤਾਂ ਵਿਚ ਸ਼ਬਦ 'ਜੱਟ' ਅਤੇ ਇਸ ਦੇ ਸਮਾਨ ਚਿੱਤਰਾਂ ਦੀ ਬੋਲਚਾਲ ਦੀ ਵਰਤੋਂ ਨੇ ਇਕ ਖਾਸ ਰੁਝਾਨ ਜਿਸਨੂੰ 'ਜੱਟਵਾਦ' ਕਿਹਾ ਜਾਂਦਾ ਹੈ, ਨੂੰ ਬੜਾਵਾ ਦੇ ਦੇ ਕੇ ਹਾਸ਼ੀਏ ਦੇ ਕਿਸਾਨ ਅਤੇ ਵੱਡੇ ਜਿਮੀਦਾਰ  ਅਤੇ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਕਿਸਾਨਾਂ ਵਿੱਚ ਪਾੜਾ ਪੈਦਾ ਕਰ ਦਿੱਤਾ ਹੈ।   ਜ਼ਮੀਨੀ ਹਕੀਕਤ ਨੇ ਵੀ ਇਹ ਤਬਦੀਲੀਆਂ ਹੰਢਾਈਆਂ। 1990-2011 ਦੇ ਵਿਚਾਲੇ, 2 ਕਿੱਲਿਆਂ ਤੋਂ ਘੱਟ ਦੇ ਮਾਲਕ, ਸੀਮਾਂਤ ਅਤੇ ਛੋਟੇ ਕਿਸਾਨਾਂ ਦੀ ਗਿਣਤੀ 0.50 ਮਿਲੀਅਨ ਤੋਂ ਘੱਟ ਕੇ 0.36 ਮਿਲੀਅਨ ਹੋ ਗਈ, ਜਦੋਂ ਕਿ ਅਰਧ-ਮੱਧਮ, ਦਰਮਿਆਨੇ ਅਤੇ ਵੱਡੇ ਖੇਤ ਜ਼ਮੀਨਾਂ (2-4 ਕਿੱਲ਼ੇ, 4-10 ਕਿੱਲੇ  ਅਤੇ 10 ਕਿੱਲੇ ਕ੍ਰਮਵਾਰ) 0.62 ਮਿਲੀਅਨ ਤੋਂ 0.69 ਮਿਲੀਅਨ ਤੱਕ ਵਧਿਆ। ਇਹ ਰਾਸ਼ਟਰੀ ਰੁਝਾਨ ਦੇ ਉਲਟ ਸੀ, ਜਿੱਥੇ ਸੀਮਾਂਤ ਅਤੇ ਛੋਟੀਆਂ ਜ਼ਮੀਨਾਂ ਦੀ ਹੋਲਡਿੰਗ ਉਸੇ ਸਮੇਂ ਦੌਰਾਨ 83.5 ਤੋਂ 117.6 ਮਿਲੀਅਨ ਹੋ ਗਈ। ਪੰਜਾਬ ਦਾ ਖੇਤੀ ਸੰਕਟ, ਕੇਵਲ ਸੀਮਾਂਤ ਅਤੇ ਛੋਟੇ ਕਿਸਾਨੀ ਉੱਤੇ ਬੋਝ ਬਣ ਗਿਆ। ਜਮਹੂਰੀ ਕਿਸਾਨ ਸਭਾ ਪੰਜਾਬ ਦੀਆਂ 31 ਕਿਸਾਨੀ ਜਥੇਬੰਦੀਆਂ ਵਿਚੋਂ ਇੱਕ ਹੈ। ਉਨ੍ਹਾਂ ਦਾ ਲੋਗੋ ਅਜੀਤ ਸਿੰਘ ਦੀ ਤਸਵੀਰ ਦਰਸਾਉਂਦਾ ਹੈ, ਅਤੇ ਗੋਲ ਘੇਰੇ ਦੇ ਅੰਦਰਲੇ ਪਾਸੇ ਪਗੜੀ ਸੰਭਾਲ ਜੱਟਾ ਛਪਿਆ ਹੋਇਆ ਹੈ। ਉਨ੍ਹਾਂ ਦੇ ਪ੍ਰੈਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਸਾਨ ਅੰਦੋਲਨ ਦੇ ਇਸ ਇਤਿਹਾਸਕ ਪ੍ਰਤੀਕ ਦੇ ਸੱਦੇ ਤੇ ਵਧੇਰੇ ਚਾਨਣਾ ਪਾਇਆ। “ਇਹ ਸਿਰਫ਼ ਖੇਤੀ ਬਿੱਲਾਂ ਨੂੰ ਹੀ ਵਾਪਸ ਲਏ ਜਾਣਾ ਹੀ ਨਹੀਂ , ਬਲਕਿ ਪੂਰੀ ਰਾਜਨੀਤਿਕ ਪ੍ਰਣਾਲੀ ਅਤੇ ਆਰਥਿਕ ਨਮੂਨਾ ਹੈ ਜਿਸ ਨੂੰ ਭੂਚਾਲ ਜਿਹੀ ਸ਼ਿਫਟ ਦੀ ਜ਼ਰੂਰਤ ਹੈ। ਉਹਨਾਂ ਦਿਨਾਂ ਵਿੱਚ, ਪਗੜੀ ਸੰਭਾਲ ਜੱਟਾ ਲਹਿਰ ਦਾ ਵੱਡਾ ਦ੍ਰਿਸ਼ਟੀਕੋਣ ਸੀ - ਰਾਜ ਨੂੰ ਹਰਾਉਣ। ਇਸੇ ਤਰ੍ਹਾਂ, ਸਮਕਾਲੀ ਲਹਿਰ ਦਾ ਉਦੇਸ਼ ਰਾਜਨੀਤਿਕ ਤਬਦੀਲੀ ਲਿਆਉਣਾ ਹੈ ਕਿਉਂਕਿ ਸਿਰਫ਼ ਕਿਸਾਨ ਦੀ ਇੱਜ਼ਤ ਹੀ ਦਾਅ 'ਤੇ ਨਹੀਂ ਲੱਗੀ ਹੋਈ, ਲੋਕਤੰਤਰ ਖੁਦ ਹੀ ਖ਼ਤਰੇ ਵਿੱਚ ਹੈ।”ਰਾਏਕੋਟ ਵਿਰੋਧ ਪ੍ਰਦਰਸ਼ਨ ਵਿੱਚ, ਖੇਤ ਯੂਨੀਅਨ ਦੇ ਨੇਤਾਵਾਂ ਨੇ ਆਪਣੇ ਭਾਸ਼ਣਾਂ ਵਿੱਚ ਦੇਸ਼ ਦੇ ਸਾਹਮਣੇ ਆਉਣ ਵਾਲੀ ਵੱਡੀ ਚੁਣੌਤੀ - ਵਿਦਵਾਨਾਂ, ਵਿਦਿਆਰਥੀਆਂ ਅਤੇ ਕਾਰਕੁਨਾਂ ਦੀ ਕੈਦ - ਨੂੰ ਵੀ ਸੰਬੋਧਿਤ ਕੀਤਾ। ਕਿਸਾਨ ਇਹ ਨੁਕਤਾ ਦੱਸ ਰਹੇ ਹਨ ਕਿ ਉਹ ਜਾਣਦੇ ਨੇ ਕਿ ਉਨ੍ਹਾਂ ਦੇ ਆਪਣੇ ਤੇ ਦੂਜਿਆਂ ਦੇ ਹੱਕ ਖੋਹੇ ਜਾ ਰਹੇ ਹਨ।ਸਿੱਖਾਂ ਦੀ ਬਹੁਗਿਣਤੀ ਵਾਲਾ ਰਾਜ ਹੋਣ ਕਰਕੇ ਬਹੁਤੇ ਪੰਜਾਬੀਆਂ ਨੂੰ ਨਾ ਤਾਂ ਭਾਜਪਾ ਦੀ ਅਗਵਾਈ ਵਾਲੇ ਹਿੰਦੂ ਰਾਸ਼ਟਰ ਪ੍ਰਾਜੈਕਟ, ਅਤੇ ਨਾ ਹੀ ਪੰਜਾਬੀ ਕੱਟੜ ਸਿੱਖ-ਅਗਵਾਈ ਵਾਲੀ ਖਾਲਿਸਤਾਨ ਪ੍ਰਾਜੈਕਟ ਅੱਗੇ ਵਿਕਦੇ ਹਨ। ਪ੍ਰਦਰਸ਼ਨਕਾਰੀ ਨੇਤਾਵਾਂ ਅਤੇ ਬੁਲਾਰਿਆਂ ਨੇ ਪੂਰੇ ਅੰਦੋਲਨ ਦੌਰਾਨ ਖਾਲਿਸਤਾਨ ਦੇ ਵਿਚਾਰ ਨੂੰ ਜ਼ੋਰਦਾਰ ਢੰਗ ਨਾਲ ਰੱਦ ਕਰ ਦਿੱਤਾ ਹੈ। ਅੰਦੋਲਨ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਬਚਾਉਣ ਲਈ ਯੂਨੀਅਨਾਂ ਨੇ ਹਰ ਤਰ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਪਲੇਟਫਾਰਮ ਤੋਂ ਇਨਕਾਰ ਵੀ ਕੀਤਾ। ਪੰਜਾਬੀ ਨੌਜਵਾਨਾਂ ਨੇ ਇਹ ਸਾਫ਼ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਿਆਣੇ, ਲੋਕ-ਹਿਤੈਸ਼ੀ ਅਤੇ ਲੋਕਤੰਤਰ ਪੱਖੀ ਨੇਤਾਵਾਂ ਦੀ ਅਗਵਾਈ ਚਾਹੁੰਦੇ ਹਨ। ਇਹ ਗੱਲ ਹੈਰਾਨੀ ਦੀ ਨਹੀਂ ਕਿਉਂਕਿ ਇਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ(ਪੰਜਾਬ) ਦੇ ਕਾਰਕੁਨ ਸਨ, ਜੋ ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨ ਵਿਚ ਸਭ ਤੋਂ ਪਹਿਲਾਂ ਨਿੱਤਰੇ ਸਨ ਅਤੇ ਧਾਰਾ 370 ਨੂੰ ਰੱਦ ਕਰਨ ਦੇ ਵਿਰੋਧ ਵਿੱਚ ਵੀ ਹਿੱਸਾ ਲਿਆ ਸੀ। ਖੇਤੀ ਗੁਆਉਣਾ ਜਾਂ ਜ਼ਮੀਨਾਂ ਖੁੱਸ ਜਾਣਾ ਸਿਰਫ਼ ਰੋਜ਼ੀ-ਰੋਟੀ ਦਾ ਨੁਕਸਾਨ ਹੀ ਨਹੀਂ, ਬਲਕਿ ਇਹ ਜ਼ਰੂਰੀ ਪੰਜਾਬੀ ਪਛਾਣ ਵੀ ਹੈ ਜਿਸਨੂੰ ਗੁਰੂ ਨਾਨਕ ਦੇਵ ਜੀ ਨੇ ਖੇਤੀ ਵੱਲ ਮੁੜਕੇ ਅਪਣਾਇਆ ਸੀ। ਕਿਉਂ ਅਜੀਤ ਸਿੰਘ ਸੌ ਸਾਲ ਪਹਿਲਾਂ ਕਿਸਾਨਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ ਉੱਭਰਿਆ ਸੀ, ਅਤੇ ਕਿਉਂ ਸਾਨੂੰ ਪਗੜੀ ਸੰਭਾਲ ਜੱਟਾ ਦੇ ਰੂਪ ਵਿਚ ਆਪਣੀ ਵਿਰਾਸਤ ਛੱਡ ਕੇ ਗਿਆ? ਅੰਦੋਲਨ ਨਾ ਕਰਨਾ ਅਤੇ ਤਿੰਨ ਖੇਤੀ ਕਾਨੂੰਨਾਂ ਅਤੇ ਰਾਜਨੀਤਿਕ ਸਥਿਤੀ ਨੂੰ ਵੀ ਰੱਬ ਦੀ ਰਜ਼ਾ ਮੰਨ ਬਹਿਣਾ ਘਾਤਕ ਹੋਵੇਗਾ।(ਫੋਟੋ ਕ੍ਰੈਡਿਟ ਅਵਨੀ ਰਾਏ)

Lennon Stella

ਕਿਸਾਨੀ ਤਹਿਰੀਕ 2020-21 ‘ਚੋਂ ਗੁਜ਼ਰਦਿਆਂ

ਨਵਤੇਜ ਭਾਰਤੀ ਲਿਖਦੇ ਹਨ-  ਮੈਂ ਜਿੱਥੇ ਕਿਤੇ ਵੀ ਹਾਂ,  ਦਿੱਲੀ ਦੀਆਂ ਬਰੂਹਾਂ ਤੇ ਆਂਅੱਜ ਦੀ ਘੜ੍ਹੀ ਦੇ ਸਮੂਹਿਕ ਪੰਜਾਬੀ ਅਵਚੇਤਨ ਨੂੰ ਇੱਕੋ ਕਾਵਿਕ ਸਤਰ ‘ਚ ਕਹਿ ਦੇਣ ਦਾ ਕੇਹਾ ਕਮਾਲ ਹੋਇਆ ਹੈ। ਕਣਕਾਂ ਬੀਜ 26 ਨਵੰਬਰ, 2020 ਨੂੰ ਤੁਰਿਆ ਕਿਰਸਾਨੀ ਕਾਫ਼ਲਾ ਪਿਛਲੇ ਤਿੰਨ ਮਹੀਨਿਆਂ ਤੋਂ ਰਾਜਧਾਨੀ ਦੇ ਬਾਹਰ ਠਹਿਰਿਆ ਹੈ। ਏਸ ਕਾਲ-ਖੰਡ ਦੌਰਾਨ ਬੜਾ ਕੁਝ ਵਾਪਰਦਾ ਦੇਖੀਦਾ ਹੈ। ਲੋਹੇ ਨੇ ਰੋਕਿਆ, ਭਾਵਾਂ ਨੇ ਟੱਪ ਜਾਣਾ, ਬਾਬੂ ਰਜਬ ਅਲੀ ਦੀ ਵੰਗਾਰ ਸੁਣ ਮਾਂ ਦੇ ਮਖਣੀ ਖਾਣੇ ਆਖਰ ਚੁਬਾਰਿਓਂ ਉੱਤਰੇ, ਫੁਰਤੀ ਨੇ ਛਾਲਾਂ ਮਾਰੀਆਂ, ਦੇਹਾਂ ਨੇ ਪਾਣੀ ਦੀਆਂ ਬੁਛਾੜਾਂ ਝੱਲੀਆਂ, ਅੱਥਰੂ ਗੈਸਾਂ ਦੇ ਗੋਲੇ ਨੰਗੇ ਹੱਥੀਂ ਮੋੜੇ, ਗਿੱਲੀਆਂ ਬੋਰੀਆਂ ਨੇ ਨੱਪੇ। ਮੌਸਮਾਂ ਮਿਜਾਜ਼ ਬਦਲੇ, ਕਣਕਾਂ ਪਹਿਲਾ ਪਾਣੀ ਮੰਗਿਆ, ਫ਼ਸਲਾਂ ਦੇ ਪਾਲਕ ਪਰਤੇ, ਫਿਰ ਮੁੜੇ ਓਸੇ ਰਸਤੇ, ਪੱਕੇ ਬੰਦੋਬਸਤ ਨਾਲ, ਸਿਰ ਜੁੜਦੇ ਗਏ, ਕਾਰਵਾਂ ਵਧਦਾ ਗਿਆ। ਸ਼ੋਸ਼ਲ ਮੀਡੀਆ ਦੀ ਆਪਣੀ ਦੁਨੀਆਂ, ਪੋਸਟ-ਟਵੀਟ-ਟਿੱਪਣੀਆਂ, ਹਾਕਮ ਦਿਆਂ ਤੋਤਿਆਂ ਰਟਿਆ-ਰਟਾਇਆ ਦੁਹਰਾਇਆ। ਲਹਿਰ ਨਾਲ ਕਈ ਲਕਬ ਜੋੜੇ ਗਏ, ਰੋਹ ਨੂੰ ਠੱਲ੍ਹਣ, ਸੀਮਿਤ ਕਰਨ, ਢਾਹ ਲਾਉਣ, ਰੰਗਣ ਦੀ ਕਿਹੜੀ ਕੋਸ਼ਿਸ਼ ਨਹੀਂ ਹੋਈ, ਇਮਤਿਹਾਨ ਸੀ, ਲੰਘਦੇ ਗਏ। ਖੱਬੇ-ਸੱਜੇ-ਦਰਮਿਆਨਿਆਂ ਵਿਚਕਾਰ ਉਲਝਾਅ-ਸੁਲਝਾਅ ਹੁੰਦੇ ਰਹੇ। ਆਗੂਆਂ ਨੂੰ ਉਤਲੇ-ਵਿਚਲੇ ਮਨੋਂ ਤਦਬੀਰਾਂ ਲਈ ਸੱਦਿਆ, ਉਡੀਕਿਆ, ਭੁਮਾਇਆ ਗਿਆ, ਪਰ ਸਰਕਾਰੀ ਭੋਜ ਠੁਕਰਾ, ਉਹਨਾਂ ਨਾਲ ਲਿਆਂਦਾ ਲੰਗਰ-ਪ੍ਰਸ਼ਾਦਾ ਭੁੰਜੇ ਬਹਿ ਛਕਿਆ ਤੇ ਏਹੀ ਪੁੱਛਿਆ, “ਹਾਂ ਕਿ ਨਾਂਹ?” ਕਈ ਬੈਠਕਾਂ, ਪਰ ਬੇਸਿੱਟਾ। ਮੰਤਰੀ ਮੰਡਲ ਨੇ ਸੋਧਾਂ ਦੀ ਤਜਵੀਜ਼ ਰੱਖੀ, ਪਰ ਕੋਈ ਏਨਾ ਪੈਂਡਾ ਮਾਰ ਕੇ ਆਵੇ ਤੇ ਅੱਧ-ਪਚੱਧੇ ਸਮਝੌਤੇ ਲੈ ਕੇ ਕਿਹੜੇ ਪੈਰੀਂ ਮੁੜੇ? ਇਹ ਦ੍ਰਿਸ਼ ਸਾਡੇ ਦਿਲ-ਦਿਮਾਗਾਂ, ਅੱਖਾਂ-ਕੰਨਾਂ ‘ਚੋਂ ਹੋ-ਹੋ ਗੁਜ਼ਰੇ ਹਨ। ਜੇਕਰ ਸਾਰੀਆਂ ਧਾਰਾਵਾਂ ਹੀ ਸੋਧਣ ਵਾਲੀਆਂ ਨੇ ਤਾਂ ਕਾਨੂੰਨ ਦਾ ਢਾਂਚਾ ਬਣਾ ਕੇ ਰੱਖਣ ਦੀ ਕੀ ਲੋੜ ਹੈ, ਕੈਸੀ ਹਿੰਡ ਹੈ? ਜਾਂ ਰਾਜੇ ਦਾ ਵੱਕਾਰ ਹੈ। ਹਰ ਕੋਈ ਇਸ ਸਰਕਾਰੀ ਨਾਕਾਮੀ ਖਿਲਾਫ਼ ਉੱਠੀ ਇਤਿਹਾਸਕ ਬਗ਼ਾਵਤ ਬਾਰੇ ਪੜ੍ਹ, ਸੁਣ, ਦੇਖ, ਬੋਲ, ਵਿਚਾਰ ਰਿਹਾ ਹੈ। ਦਿੱਲੀ ਦੀਆਂ ਹੱਦਾਂ ਤੋਂ ਹਰ ਕੁੱਲੀ, ਦਫ਼ਤਰ, ਖੋਖੇ, ਸਟੇਸ਼ਨ, ਬੱਸ-ਅੱਡੇ, ਧਾਰਮਿਕ ਥਾਵਾਂ, ਸਮਾਜਿਕ ਇਕੱਠਾਂ, ਸਭ ਕਿਤੇ ਇਹੀ ਚਰਚਾ ਹੈ। ਸਭ ਅਚੰਭੇ ‘ਚ ਨੇ ਆਖਰ ਕਿਹੜਾ ਵਾਰ, ਕਿਹੜੀ ਔਖ, ਕਿਹੜੀ ਵੰਗਾਰ, ਕਿਹੜਾ ਹੌਂਸਲਾ, ਕਿਹੜੀ ਗੈਰਤ ਸਾਨੂੰ ਏਥੇ ਲੈ ਆਈ ਹੈ। ਮੋਟੇ ਤੌਰ ਤੇ ਇਸ ਮਹਾਂ-ਜੋੜ ਦਾ ਜੋ ਸਬੱਬ ਬਣਿਆ ਦਿਸਦਾ ਹੈ, ਉਹ ਨੇ ਜੂਨ, 2020 ‘ਚ ਆਏ ਖੇਤੀ ਆਰਡੀਨੈਂਸ, ਜੋ ਸਤੰਬਰ ਤੱਕ ਧੱਕੇ ਨਾਲ ਪਾਸ ਕੀਤੇ ਕਾਨੂੰਨ ਬਣ ਗਏ। ਮਾਰਚ ਤੋਂ ਦੇਸ਼ ਵਿੱਚ ਕਰੋਨਾ ਮਹਾਂਮਾਰੀ ਕਰਕੇ ਲਾਕਡਾਊਨ ਸੀ। ਆਪੋ-ਆਪਣੇ ਘਰੀਂ ਬਿਠਾਈ ਲੋਕਾਈ ਅਜੇ ਬੀਮਾਰੀ ਦੇ ਕੱਚ-ਸੱਚ ਬਾਰੇ ਕਿਆਫ਼ੇ ਲਗਾ ਰਹੀ ਸੀ, ਕਾਰਨ ਇਹਤੋਂ ਪ੍ਰਹੇਜ਼ ਕਰਨ ਦਾ ਤਰੀਕਾ ਹੀ ਏਨਾ ਸਾਜਿਸ਼ੀ ਸੀ ਕਿ ਬੰਦਾ, ਬੰਦੇ ਤੋਂ ਡਰਨ ਲੱਗਾ, ਬੀਮਾਰ ਹੋਣ ਤੋਂ ਪਹਿਲਾਂ ਹੀ ਬਚਾਉ-ਢੰਗਾਂ ਨਾਲ ਸਭ ਬੀਮਾਰ ਕਰ ਦਿੱਤੇ ਗਏ। ਲਾਗ ਵਾਲਿਆਂ ਨਾਲ ਅਛੂਤਾਂ ਜਿਹਾ ਵਿਵਹਾਰ ਹੋਇਆ। ਕੁੱਲ ਦੁਨੀਆਂ ਦੀ ਆਰਥਿਕਤਾ ਡੋਲਣ ਲੱਗੀ। ਸਾਲਾਂ ਬੱਧੀ ਯੋਜਨਾਵਾਂ, ਹਫ਼ਤਿਆਂ ‘ਚ ਖਿੰਡ-ਪੁੰਡ ਗਈਆਂ। ਸੰਸਦ ਦਾ ਉਚੇਚਾ ਇਜਲਾਸ ਬੁਲਾਇਆ ਗਿਆ, ਕੁੱਲ ਧਰਤੀ ਹਿੱਲੀ ਸੀ, ਅਸੀਂ ਦੇਸ਼ਾਂਤਰੋਂ ਬਾਹਰੇ ਤਾਂ ਨਹੀਂ, ਦੇਸ਼ ਦੀ ਵਿਕਾਸ ਦਰ ਮਨਫੀ 23.9 ਪ੍ਰਤੀਸ਼ਤ ਚਲੀ ਜਾਂਦੀ ਹੈ, ਇੱਕੋ-ਇੱਕ ਖੇਤਰ ਖੇਤੀਬਾੜੀ ਵਿੱਚ 3.4 ਪ੍ਰਤੀਸ਼ਤ ਵਾਧਾ ਦਰਜ ਹੁੰਦਾ ਹੈ ਤੇ ਇਹ ਪਿੜ ਵੱਡੇ ਭਾਰਤੀ ਨਿਵੇਸ਼ਕਾਂ ਦਾ ਧਿਆਨ ਖਿੱਚ ਲੈਂਦਾ ਹੈ। ਬੱਸ ਫਿਰ ਪ੍ਰਾਈਵੇਟ ਖਿਡਾਰੀਆਂ ਦੇ ਖੁੱਲ੍ਹਾ ਖੇਡਣ ਲਈ ਇਸ ਮੈਦਾਨ ਨੂੰ ਵੱਤਰ ਕੀਤਾ ਜਾਂਦਾ ਹੈ, ਭਾਵ ਕਾਨੂੰਨੀ ਚੌਖਟੇ ਅਧੀਨ ਲਿਆਂਦਾ ਜਾਂਦਾ ਹੈ। ਪੰਜਾਬ ਵਿੱਚ ਵਿਰੋਧ ਉਦੋਂ ਤੋਂ ਹੋ ਰਿਹਾ ਹੈ, ਜਦੋਂ ਕਾਨੂੰਨ, ਕੇਵਲ ਅਧਿਆਦੇਸ਼ ਸਨ। ਪੰਜਾਬੀ ਟੋਲ-ਪਲਾਜ਼ਿਆਂ ‘ਤੇ ਬਹਿ ਸੜਕਾਂ ਰੋਕਦੇ ਨੇ, ਫਿਰ ਪਟੜੀਆਂ ‘ਤੇ ਬਹਿ ਰੇਲਾਂ ਰੋਕਦੇ ਨੇ, ਸੂਬਾ ਸਰਕਾਰ ਵਾਸਤੇ ਪਾਉਂਦੀ ਐ, ਕਿਧਰੇ ਕੋਲਾ ਮੁੱਕਣ ਦਾ ਖੇਖਣ ਹੁੰਦਾ, ਬਿਜਲੀ ਨਾ ਮਿਲਣ ਦੀ ਮਿੱਠੀ ਧਮਕੀ ਦਿੱਤੀ ਜਾਂਦੀ ਆ, ਪਰ ਇਸ ਦੌਰਾਨ ਅੰਦੋਲਨ ਪੱਕ ਰਿਹਾ ਹੁੰਦਾ, ਕਲਾਕਾਰ ਰੰਗਕਰਮੀ ਨਾਲ ਆ ਜੁੜਦੇ ਨੇ, ਸ਼ੰਭੂ ਇਕੱਠ ਬੱਝਦਾ, ਲੇਖਕ ਸਨਮਾਨ ਵਾਪਸ ਕਰਦੇ ਨੇ, ਵਜ਼ਾਰਤ ‘ਚੋਂ ਅਸਤੀਫ਼ਾ ਦੇਣ ਦੀ ਰਮਜ਼ ਸੁਣਦੀ ਹੈ ਆਦਿ-ਆਦਿ। ‘26 ਨਵੰਬਰ ਦਿੱਲੀ ਚੱਲੋ’ ਦਾ ਸੱਦਾ ਦਿੱਤਾ ਜਾਂਦਾ। ਰਾਜਧਾਨੀ ਤੱਕ ਅੱਪੜਦਾ ਇਹ ਰੋਹ ਕਈ ਬੈਰੀਕੇਡ ਉਲੰਘਦਾ, ਸੱਜਰੇ ਪੱਟੇ ਟੋਇਆਂ ਨੂੰ ਪੂਰਦਾ, ਗੁਆਂਢੀ ਸੂਬਿਆਂ ਨੂੰ ਨਾਲ ਰਲਾਉਂਦਾ, ਸੰਯੁਕਤ ਕਿਸਾਨ ਮੋਰਚੇ ‘ਚ ਵਟ ਜਾਂਦਾ ਤੇ ਇਸ ਆਕਾਰ ਤੱਕ ਲਿਆਉਣ ਲਈ ਜਥੇਬੰਦੀਆਂ ਦਾ ਬਾ-ਕਾਇਦਾ ਸਮਾਂ ਤੇ ਮਿਹਨਤ ਲੱਗੀ ਦਿਸਦੀ ਹੈ। ਪੂਰੀ ਇੱਕ ਤਿਮਾਹੀ ਤੋਂ ਸਾਡਾ ਵਿਹੜਾ, ਸਾਡਾ ਚੌਂਤਰਾ, ਸਾਡਾ ਰਹਿਣ-ਸਹਿਣ, ਖਾਣ-ਪਕਾਉਣ, ਰਾਗ-ਵੈਰਾਗ, ਚਾਅ-ਸੰਸੇ, ਵਿਸਮਾਦ-ਤੀਰਥ, ਤਿੱਥ-ਤਿਉਹਾਰ, ਸਭ ਦਿੱਲੀ ਦੀਆਂ ਸੜਕਾਂ ‘ਤੇ ਹੈ। ਆਓ, ਹਾਈਵੇਅ ਤੇ ਕਤਾਰਾਂ ਬੰਨ੍ਹੀਆਂ ਖੜ੍ਹੀਆਂ ਟਰਾਲੀਆਂ ‘ਚ ਘਰ ਸਿਰਜੀ ਬੈਠੇ ਲੋਕਾਂ ਨਾਲ ਆਪਣਾ ਰਿਸ਼ਤਾ ਤਸਦੀਕ ਕਰੀਏ।ਪਹਿਲਾ ਸਵਾਲ ਜੋ ਵਾਰ-ਵਾਰ ਉੱਠਦਾ ਰਿਹਾ। ਉਹ ਸੀ ਕਿ ਇਹ ਲੜਾਈ ਕਿਸਦੀ ਹੈ? ਇਹਨੂੰ ਕੌਣ ਲੜੇ? ਇੱਕ ਮੋਟਾ ਜਿਹਾ ਜਵਾਬ ਆਉਂਦਾ ਹੈ- ਕਿਸਾਨਾਂ ਦੀ। ਮਸਲਾ ਏਨਾ ਇਕਹਿਰਾ ਨਹੀਂ, ਤਾਹੀਂ ਹਰ ਤਪਿਆ, ਅੱਕਿਆ, ਥੱਕਿਆ, ਹੰਭਿਆ, ਭੰਨਿਆ ਨਾਗਰਿਕ ਇਸ ਲੜਾਈ ‘ਚ ਸ਼ਾਮਿਲ ਹੈ। ਹੁਣ ਕਿਸਾਨ ਕੌਣ ਹੋਏ? ਜੋ ਜ਼ਮੀਨ ਵਾਹੁੰਦੇ, ਫ਼ਸਲ ਬੀਜਦੇ ਤੇ ਉਪਜ ਗਾਹੁੰਦੇ ਹਨ, ਪਰ ਇਸਦਾ ਵਪਾਰ ਨਹੀਂ ਕਰਦੇ। ਅੰਗਰੇਜ਼ੀ ਵਿੱਚ ਸਾਡੇ ਕੋਲ ਇਨ੍ਹਾਂ ਦੋਹਾਂ ਲਈ ਅਲੱਗ-ਅਲੱਗ ਸ਼ਬਦ ਹਨ – Peasant(ਵਾਹੀਵਾਨ, ਖੇਤ ਕਾਮਾ) ਤੇ Farmer(ਜ਼ਿਮੀਦਾਰ, ਭੋਂਇ ਮਾਲਕ) ਪਰ ਇਹ ਫ਼ਸਲਾਂ ਦੀ ਬੱਝਵੀਂ ਕੀਮਤ ਤੇ ਜ਼ਮੀਨਾਂ ਖੁੱਸ ਜਾਣ ਦਾ ਡਰ ਤਾਂ ਫਿਰ ਜ਼ਿਮੀਦਾਰ ਦਾ ਹੋਣਾ ਚਾਹੀਦਾ ਹੈ, ਵਾਹੁਣ ਵਾਲੇ ਦਾ ਨਹੀਂ। ਅਸਲ ਵਿੱਚ ਸਵਾਲ ਦੀ ਡੂੰਘਾਈ ਇਹ ਵੀ ਪੁੱਛਣਾ ਚਾਹੁੰਦੀ ਹੈ ਕਿ ਇਸ ਕਿਸਾਨ ਦਾ ਅੱਗਾ-ਪਿੱਛਾ ਕੀ ਹੈ, ਕਿਹੜੇ ਮਜ਼ਹਬ, ਧਰਮ, ਜਾਤ, ਸੂਬੇ ਦਾ ਹੈ ਤੇ ਕਿਹੜੀ ਬੋਲੀ ਬੋਲਦਾ ਹੈ, ਸਮਾਜ ‘ਚ ਕਿਹੜੀ ਥਾਂ ਰੱਖਦਾ ਹੈ? ਸਵਾਲ ਸਾਨੂੰ ਹੋਇਆ ਹੈ, ਜਵਾਬ ਅਸੀਂਓਂ ਦੇਣਾ ਹੈ। ਯਾਦ ਰਹੇ, ਸਾਡੇ ਬੋਲਾਂ ਦੀਆਂ ਕੁੱਲ ਧੁਨੀਆਂ, ਕੁੱਲ ਸੁਰਾਂ ਤੇ ਕੋਈ ਕੰਨ ਧਰੀ ਬੈਠਾ ਹੈ, ਜੋ ਵਿੱਥਾਂ ਭਾਲਦਾ, ਬਿੜਕਾਂ ਭੰਨਦਾ ਫਿਰਦਾ ਹੈ। ਸ਼ਰੀਕਾਂ ਨੂੰ ਤਾਂ ਵਿਰਲਾਂ ਦਾ ਹੀ ਆਸਰਾ। ਇਸ ਪ੍ਰਸੰਗ ‘ਚ ਕਈ ਚਰਚਾਵਾਂ ਛਿੜੀਆਂ। ਕਈ ਵਾਰ ਇਤਿਹਾਸ ਦੇ ਖੂਨੀ ਦੌਰ ‘ਚੋਂ ਨਿਕਲੀਆਂ ਫ਼ਿਕਰਾਂ ਬੋਲਦੀਆਂ, ਕਦੇ ਆਗੂਆਂ ਦੀ ਕਾਰਜਕਾਰੀ ‘ਤੇ ਸ਼ੰਕੇ ਹੋਏ, ਕਦੇ ਅੰਦੋਲਨ ਦੀ ਬਹੁ-ਰੰਗੀ ਬੁਣਤੀ ਨੂੰ ਸੁਆਗਤ ਨਹੀਂ ਕਿਹਾ ਗਿਆ ਆਦਿ। ਸੰਘਰਸ਼ ਦੀ ਸਫ਼ਲਤਾ ਲਈ ਇਹਨਾਂ ਨੂੰ ਸਮੇਂ-ਸਿਰ ਅਤੇ ਸਪੱਸ਼ਟਤਾ ਨਾਲ ਸੰਬੋਧਿਤ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅਣ-ਵਿਚਾਰੀਆਂ, ਅਣ-ਚਿਤਾਰੀਆਂ, ਅਣ-ਮੁਖਾਤਿਬ ਤੰਦਾਂ ‘ਚ ਕੋਈ ਗੁੰਝਲ ਰਹਿ ਜਾਣ ਦੀ ਸੰਭਾਵਨਾ ਬਣੀ ਰਹੇਗੀ ਤੇ ਘਾਤ ਲਾਉਣ ਵਾਲੇ ਅਨਸਰਾਂ ਨੂੰ ਇਹ ਬੜੀ ਰਾਸ ਆਵੇਗੀ। ਗੱਲਬਾਤ ਚਲਦੀ ਰਹਿਣੀ ਚਾਹੀਦੀ ਹੈ, ਸਾਡੀ ਆਪਸੀ ਵੀ ਤੇ ਡਾਢਿਆਂ ਨਾਲ ਵੀ। ਭਾਵੇਂ ਮੁੱਖ ਮੁੱਦਾ ਤਿੰਨੇ ਖੇਤੀ ਕਨੂੰਨ, ਬਿਜਲੀ ਸੋਧ ਬਿੱਲ, ਵਾਤਾਵਰਨ ਬਿੱਲ 2020 ਰੱਦ ਕਰਵਾਉਣੇ ਤੇ ਜਿਨਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ ਬਾਰੇ ਹੈ, ਪਰ ਇਸ ਰੋਸ ਪ੍ਰਦਰਸ਼ਨ ਦੀ ਪ੍ਰਕਿਰਿਆ ਦੇ ਬਹੁਤ ਸਾਰੇ BY PRODUCT ਵੀ ਹਨ। ਪੰਜਾਬੀ ਦੇ ਨਾਮੀ ਰਸਾਲੇ ਦੀ ਸੰਪਾਦਿਕਾ ਜਦੋਂ ਮੋਰਚੇ ਚੋਂ ਕੀ ਨਿਕਲੇਗਾ ਪੁੱਛਦੀ ਹੈ ਤਾਂ ਪ੍ਰੀਤਾਂ ਦੀ ਪਹਿਰੇਦਾਰ ਨਜ਼ਰ ਨੂੰ ਰੋਸ ਦੇ ਇਹ ਸਾਖਿਆਤ ਪੱਖ ਆਪਮੁਹਾਰੇ ਦਿਸਣ ਕਿ ਕਿਸਾਨ ਅੰਦੋਲਨ ਥੀਂ ਅਸੀਂ ਕਿਰਤ, ਹਲੀਮੀ, ਸਬਰ ਦੀ, ਇਖਲਾਕ, ਇਮਦਾਦ, ਇਤਫਾਕ ਦੀ, ਸੱਭਿਆਚਾਰਕ ਮਾਨਵੀ ਸਾਝਾਂ ਦੀ ਵਿਰਾਸਤ ਦੇ ਮੁੜ ਅਭਿਆਸੀ ਹੋ ਰਹੇ ਹਾਂ। ਸ੍ਵੈ ਤੋਂ ਸਰਬੱਤ ਤੱਕ ਫੈਲ ਰਹੇ ਆਂ। ਸਰਬੱਤ ਦੇ ਭਲੇ ਦੀਆਂ ਗੱਲਾਂ ਕਰਨ ਜੋਗੇ ਰਹਿ ਗਏ ਸਾਂ, ਪਰ ਇਹਨਾਂ ਅਮਲਾਂ ਦੇ ਹੂ-ਬ-ਹੂ ਦਰਸ਼ਨ ਕਰਕੇ ਊਰਜਿਤ ਹੋ ਰਹੇ ਹਾਂ। ਐਸੇ ਮਹਾਂ-ਮੇਲੇ ਦੇ ਚਸ਼ਮਦੀਦ ਗਵਾਹ ਬਣ ਰਹੇ ਹਾਂ, ਜਿਸ ਵਿੱਚ ਹਰ ਉਮਰ , ਵਰਗ, ਧਰਮ, ਜਾਤ, ਲਿੰਗ ਦੀ ਸ਼ਮੂਲੀਅਤ ਹੈ। ਜਾਤੀ-ਜਮਾਤੀ ਵਲਗਣਾਂ ਤੇ ਸਥਾਪਿਤ ਜੈਂਡਰ ਰੋਲਜ਼ ਟੁੱਟ ਰਹੇ ਨੇ। ਸੰਗਤ-ਪੰਗਤ ‘ਚ ਬਰਾਬਰੀ ਵਰਤ ਰਹੀ ਹੈ। ਪ੍ਰਚੱਲਿਤ ਗੰਧਲੀ ਰਾਜਨੀਤੀ ਦੇ ਟਾਕਰੇ ਤੇ ਨਵੀਂ ਰਾਜਸੀ ਚੇਤਨਾ ਦਾ ਉਭਾਰ ਹੋ ਰਿਹਾ ਹੈ। ਸਾਡੀ ਦੁਨੀਆਂ ਵਸੀਹ ਹੋਈ ਹੈ, ਸਾਂਝਾਂ ਨੇ ਬਿਖੇੜਿਆਂ ਤੋਂ ਕੱਦ ਕੱਢ ਲਿਆ ਹੈ, ਸੁਹਿਰਦ ਜਗਿਆਸਾ ਗੰਭੀਰ ਸਵਾਲਾਂ ਨੂੰ ਜਨਮ ਦੇ ਰਹੀ ਹੈ, ਗੱਲ-ਬਾਤ ਤੇ ਮਨੋਰੰਜਨ ਦੇ ਵਿਸ਼ੇ ਨਿੱਗਰ ਹੋਏ ਨੇ। ਅਸਲੀ ਦੁਸ਼ਮਣ ਦੀ ਸ਼ਨਾਖਤ ਹੋਈ ਹੈ, ਸਾਂਝੀਆਂ ਵੱਟਾਂ-ਬੰਨਿਆਂ ਦੇ ਨਿੱਕੇ ਝਗੜੇ ਬਿਨ ਕਚਿਹਰੀਓਂ ਹੱਲ ਹੋਏ ਨੇ। ਪੰਜਾਬੀ ਦੇ ਕਵੀ ਤਨਵੀਰ ਮੂਜਬ ਉਸਦੇ ਗੁਆਂਢੀ ਪਿੰਡ ਬੱਪੀਆਣੇ ਦੇ ਦੋ ਕਿਸਾਨ, ਜਿਹਨਾਂ ਵਿਚਕਾਰ ਅਣਬਣ ਸੀ, ਧਰਨੇ ‘ਚ ਜਾ ਕੇ ਬੋਲਣ ਲੱਗੇ ਨੇ। ਲਿਖਤ ਦਾ ਤੋੜਾ ਹੈ, “ਦਿੱਲੀ ਹਾਰ ਗਈ ਹੈ, ਉਹ ਕੇਸ ਜਿੱਤ ਗਏ ਨੇ।” ਇਹ ਜੋ ਹਿਰਦੇ ਸਾਫ਼ ਹੋ ਰਹੇ ਨੇ, ਭਾਵਨਾਵਾਂ ਖਾਲਸ ਹੋ ਰਹੀਆਂ ਨੇ, ਕੀ ਇਹ ਸਭ ਹਾਸਿਲ ਨਹੀਂ ਗਿਣਿਆ ਜਾਣਾ ਚਾਹੀਦਾ? ਗੁਰੂ ਅਰਜਨ ਦੇ ਕਹਿਣ ਵਾਂਗੂੰ                            ਸਭੇ ਸਾਝੀਵਾਲ ਸਦਾਇਨਿ                            ਤੂ ਕਿਸੈ ਨਾ ਦਿਸਹਿ ਬਾਹਰਾ ਜੀਓੁ।।ਪਾਰਦਰਸ਼ੀ ਆਪਾ ਹੋਣ ਕਰਕੇ ਦੂਜਾ ਵੀ ਸਮਝ ਆਉਣ ਲੱਗਾ ਹੈ। ਨਿੱਕੇ ਮਸਲੇ ਤਿਆਗ ਕਿਸੇ ਵੱਡੀ ਵਿਚਾਰਧਾਰਕ ਜੰਗ ਦੀ ਜੋ ਲਾਮਬੰਦੀ ਹੋ ਰਹੀ ਹੈ, ਵਾਪਰ ਰਹੇ ਸਮੁੱਚੇ ਸੱਭਿਆਚਾਰਕ ਦ੍ਰਿਸ਼ ਨੂੰ ਡੀ-ਕੋਡ ਕਰਨ ਦੀ ਲੋੜ ਹੈ। ਹਾਕਮ ਨੂੰ ਇਹ ਕਹਿਣ ਲਈ ਕਿ ਸਾਨੂੰ ਤੇਰੀਆਂ ਨੀਤੀਆਂ-ਕੀਤੀਆਂ ਨਾ-ਮਨਜ਼ੂਰ ਨੇ, ਯਕੀਨਨ ਜੁਰਅਤ ਚਾਹੀਦੀ ਹੈ, ਜਿਸਦਾ ਸੋਮਾ ਉਹ ਭਾਈਵਾਲਤਾ ਹੈ, ਜਿਹੜੀ ਕਿਰਸਾਨੀ ਜੀਵਨ-ਜਾਚ ਵਿੱਚ ਪਹਿਲੋਂ ਹੀ ਮੌਜੂਦ ਹੈ, ਉੱਥੇ ਸੀਰੀ-ਸਾਂਝੀ ਦਾ ਸੰਕਲਪ ਹੈ। ਸਾਰਾ ਜਲੌਅ ਏਕੇ ਦਾ ਹੀ ਹੈ, ਕਿਉਂਕਿ ਭਾਈਆਂ ਜੀਂਵਦਿਆਂ ਕਾਈ ਹਾਰ ਨਾਹੀਂ, ਸਾਰਾ ਹੌਂਸਲਾ ਹੀ ਭਾਈਆਂ ਦਾ ਹੈ। ਪ੍ਰੋ. ਸੁਖਦੇਵ ਸਿੰਘ ਸਿਰਸਾ ‘ਵਾਰ ਟਿਕੈਤ ਸੂਰਮੇ ਦੀ’ ਲਿਖਦੇ ਨੇ,                    ਨਹੀਂ ਮਿਰਜ਼ੇ ਨੂੰ ਤੀਰ ਚਾਹੀਦੇ,                          ਮਿਰਜ਼ੇ ਰਾਠ ਨੂੰ ਵੀਰ ਚਾਹੀਦੇ।ਤੇ ਵੀਰ ਦਾ ਅਰਥ ਭਰਾ ਹੀ ਨਹੀਂ, ਯੋਧਾ ਵੀ ਹੈ। ਹੁਣ ਜਦੋਂ ਡਾਹਢੇ ਨਾਲ ਮੱਥਾ ਲਾਇਆ ਹੈ, ਬਕੌਲ ਵਾਰਸ ਇਸ਼ਕ ਦੇ ਆਣ ਮੈਦਾਨ ਰੁੱਧੇ ਆਂ ਤਾਂ ਸੂਰਮਿਆਂ ਦਾ ਰਣੋਂ ਹਿੱਲਣਾ ਬੁਰਾ ਗਿਣਿਆ ਜਾਵੇਗਾ, ਭਾਵੇਂ ਇਹ ਨੱਸਣਾ ਈਮਾਨ ਜਾਂ ਸਰੀਰਕ(ਭੌਤਿਕ) ਜਾਂ ਉੱਤਰਦਾਇਕਤਾ, ਕਿਸੇ ਵੀ ਪੱਧਰ ‘ਤੇ ਹੋਵੇ, ਭਗੌੜੇ ਤੇ ਟਿਕਾਊ, ਸਭ ਦੀ ਤਫ਼ਸੀਲ ਰੱਖੀ ਜਾਵੇਗੀ।ਅਗਲਾ ਨੁਕਤਾ ਹੈ ਕਿ ਲੜਾਈ ਲੜੀ ਕਿਸ ਬਿਧ ਜਾਵੇ, ਭਾਵ ਰਣਨੀਤੀ ਕੀ ਹੋਵੇ। ਪਹਿਲੀ ਗੱਲ ਤਾਂ ਇਹ ਹਥਿਆਰਬੰਦ ਜੰਗ ਨਹੀਂ ਹੈ। ਇਹ ਅਨਿਆਂ, ਕੁਸੱਤ, ਕੂੜ ਖਿਲਾਫ਼ ਵਿੱਢਿਆ ਉਹ ਘੋਲ ਹੈ, ਜੋ ਗੁਰੂ ਨਾਨਕ ਦੇ ਵੇਲੇ ਤੇ ਸ਼ਾਇਦ ਓਦੂੰ ਵੀ ਪਹਿਲਾਂ ਦਾ ਜਾਰੀ ਹੈ ਤੇ ਇਹ ਸਚਿਆਰ ਵੱਲ ਕੀਤੀ ਜਾ ਲੰਮੀ ਰਹੀ ਯਾਤਰਾ ਹੈ। ਅੰਗਰੇਜ਼ੀ ਲਫ਼ਜ਼ Movement ਦਾ ਅਰਥ ਹਰਕਤ ‘ਚ ਹੋਣਾ ਹੈ, ਚਲਦੇ ਰਹਿਣਾ ਹੈ, ਹੁਲਾਰੇ ‘ਚ ਰਹਿਣਾ ਹੈ। ਕਿਉਂਕਿ ਘੋਲ ਲੰਮੇਰਾ ਹੈ, ਕਿਉਂਕਿ ਪੈਂਡੇ ਬਿਖੜੇ ਨੇ, ਕਿਉਂਕਿ  ਰੁੱਤਾਂ ਰੁੱਖੀਆਂ ਨੇ, ਕਿਉਂਕਿ ਦੁਸ਼ਮਣ ਵੱਡਾ ਹੈ, ਸੋ ਤਿਆਰੀ ਵਜੋਂ ਹਰ ਨਿੱਕਾ-ਵੱਡਾ ਸੰਜਮ ਲੋੜੀਂਦਾ ਹੈ, ਜਿਵੇਂ ਮਲੇਰਕੋਟਲੇ ਵਾਲੇ ਲੰਗਰ ਵਾਲਾ ਵੀਰ ਕਹਿੰਦਾ ਸੀ, “ਹੁਣ ਪਤਾ ਲੱਗ ਗਿਆ ਹੈ ਕਿ ਏਥੇ ਕਾਰੀ ਚਿਰ ਰਹਿਣਾ ਪੈਣਾ, ਤਾਹੀਉਂ ਅਸੀਂ ਸਟੀਲ ਦੇ ਭਾਂਡੇ ਵਰਤਣ ਲੱਗੇ, ਓਹੀ ਪੈਸੇ ਅਨਾਜ ਤੇ ਲਾਵਾਂਗੇ, ਨਾਲੇ ਡਿਸਪੋਜੇਬਲ ਨਾਲ ਵੀ ਡਿੱਕਤ ਸਾਨੂੰ ਹੀ ਵਧੇਗੀ।” ਮਿੱਟੀ ਜਾਏ, ਸਰਲ ਜੀਂਵਦੇ ਨੇ। ਜਿਨ੍ਹਾਂ ਹੱਥੀਂ ਕੰਮ ਕੀਤਾ ਹੈ, ਉਹ ਹੱਥਾਂ ਤੇ ਧਕ ਕੇ ਖਾਣਾ ਤੇ ਓਕ ਨਾਲ ਪੀਣਾ ਜਾਣਦੇ ਨੇ। ਤੇ ਜਦੋਂ ਲੰਘਦੇ-ਟੱਪਦੇ ਮੱਕੀ ਦੇ ਫੁੱਲਿਆਂ ਨੂੰ ਚੁੰਨੀ ਜਾਂ ਪਰਨੇ ਦੇ ਪੱਲੇ ਚ ਪਵਾਉਂਦੇ ਨੇ ਤਾਂ ਧਰਵਾਸ ਹੁੰਦੀ ਹੈ ਕਿ ਟਿਕਾਊ ਤੇ ਬਦਲਵੇਂ ਵਿਕਲਪ ਢੂੰਡੇ ਜਾਣ ਲੱਗੇ ਨੇ। ਇਹ ਲੋਕ-ਸੋਝੀ, ਲੋਕ-ਸਿਆਣਪ, ਲੋਕ-ਜਾਗਰੂਕਤਾ ਤੇ ਲੋਕ-ਏਕਾ ਸੱਤਾ ਦੀ ਅੱਖ ਨੂੰ ਨਹੀਂ ਭਾਉਂਦੇ। ਸੋ ਉਹਨਾਂ ਪਾਸ ਇੱਕੋ ਤਰੀਕਾ ਬਚ ਰਹਿੰਦਾ ਹੈ, ਅੰਦੋਲਨਕਾਰੀਆਂ ਨੂੰ ਖਦੇੜਿਆ ਜਾਵੇ, ਫੁੱਟ ਬੀਜੀ ਜਾਵੇ, ਪਾੜ ਪਾਇਆ ਜਾਵੇ, ਮੋਰੀ ਭਾਲ ਕੇ ਉੱਥੇ ਸੰਨ੍ਹ ਲਾਇਆ ਜਾਵੇ, ਪਰ ਇੱਕ ਗੱਲ ਪੱਕੀ ਹੈ ਕਿ ਘਰ ਦੀ ਗੱਲ ਭੇਤੀ ਤੋਂ ਬਿਨਾਂ ਬਾਹਰ ਨਹੀਂ ਜਾ ਸਕਦੀ। ਸੋ ਅੰਦੋਲਨ ਜਿਸ ਪੜਾਅ ‘ਤੇ ਹੈ, ਉੱਥੇ ਕੇਵਲ ਜਰਨੈਲ ਹੀ ਨਹੀਂ, ਕੱਲੇ-ਕੱਲੇ ਸਿਪਾਹੀ ਦੀ ਬਾਜ਼ ਅੱਖ ਚਾਹੀਦੀ ਹੈ, ਕਿਉਂਕਿ ਇਸ ਅਰਸੇ ਦੌਰਾਨ ਮੋਰਚੇ ‘ਚ ਜ਼ਿੰਮੇਵਾਰ ਜੰਗਜੂ ਵਜੋਂ ਸਾਡੀ ਸਿਖਲਾਈ ਹੋ ਚੁੱਕੀ ਹੈ। ਆਗੂਆਂ ਦਾ ਅੰਦੋਲਨਕਾਰੀਆਂ ਨਾਲ ਸੰਵਾਦੀ ਰਾਬਤਾ ਤੇ ਲੋਕਾਂ ਦੀ ਲੀਡਰਸ਼ਿਪ ਪ੍ਰਤੀ ਤਸੱਲੀ ਹਰ ਹਾਲ ਬਹਾਲ ਰਹਿਣੀ ਚਾਹੀਦੀ ਹੈ, ਕਿਉਂਕਿ ਹੁਣ ਸਭ ਤੋਂ ਅਹਿਮ ਪ੍ਰਤੀਬੱਧਤਾ ਘੋਲ ਪ੍ਰਤੀ ਚਾਹੀਦੀ ਹੈ, ਜਿਸ ਲਈ ਨਿੱਜੀ ਪਹਿਚਾਣਾਂ ਨੂੰ ਛੋਟਾ ਕਰਕੇ ਸਮੱਗਰ ਕਾਰਜ ਨੂੰ ਕੇਂਦਰ ‘ਚ ਰੱਖਿਆ ਜਾਵੇ। ਇੱਕ ਬਿਆਨ, ਇੱਕ ਹਰਕਤ, ਇੱਕ ਫੈਸਲਾ, ਇੱਕ ਹੰਝੂ ਹੁਣ ਸਾਰੇ ਅੰਦੋਲਨ ਤੇ ਅਸਰ ਕਰਦਾ ਹੈ। ਘੋਲ ਕੋਈ ਖੜ੍ਹੋਤੀ ਚੀਜ਼ ਨਹੀਂ, ਬਲਕਿ ਜੀਵੰਤ ਗਤੀਸ਼ੀਲ ਵਰਤਾਰਾ ਹੈ, ਜਿਸਦੇ ਨਕਸ਼ ਸੰਵਾਰਨ ਦੀ ਗੱਲ਼ ਨਾਲ-ਨਾਲ ਚੱਲਦੀ ਰਹੇਗੀ। ਹਰ ਮੋੜ ਪਹਿਲੇ ਤੋਂ ਵੱਧ ਪੇਚੀਦਾ, ਹਰ ਦਿਨ ਕੱਲ੍ਹ ਤੋਂ ਵੱਖਰੀ ਚੁਣੌਤੀ ਲੈ ਕੇ ਆਵੇਗਾ। ਓਪਰੀ ਬੁਖਲਾਹਟ ਦਾ ਜਵਾਬ ਜ਼ਾਬਤੇ ‘ਚ ਰਹਿ ਕੇ ਵਿਧੀਵਤ ਤਰੀਕੇ ਦੇਣਾ ਹੋਵੇਗਾ। ਹਰ ਪਹਿਲੂ ਦੀ ਪੜਚੋਲ ਹੋਵੇ, ਅਸਹਿਮਤੀਆਂ/ਵਖਰੇਵਿਆਂ ਸਮੇਤ ਉੱਚੇ ਲਕਸ਼ ਲਈ ਅੱਗੇ ਵਧੀਏ, ਗੱਲ ਭਾਵੇਂ ਮੂੰਹ ਤੇ ਹੋਵੇ, ਪਰ ਸਾਫ਼ ਸੰਤੁਲਿਤ ਭਾਸ਼ਾ ਤੇ ਸਤਿਕਾਰਤ ਲਹਿਜ਼ੇ ‘ਚ, ਉਚਾਰ ਦਾ ਸੁਹਜ ਨਾ ਗਵਾਈਏ। ਹੁਣ ਇਹ ਘੋਲ ਪੂਰੇ ਦੇਸ਼ ਦਾ ਹੈ, ਸੋ ਸੂਬਾਈ, ਇਲਾਕਾਈ ਜਾਂ ਖੇਤਰੀ ਜਕੜਬੰਦੀਆਂ ਅਤੇ ਮਸਨੂਈ ਵੰਡੀਆਂ ਜਿਵੇਂ ਪੇਂਡੂ-ਸ਼ਹਿਰੀ, ਖੱਬੇ-ਸੱਜੇ, ਸਾਖ਼ਰ-ਅਨਪੜ੍ਹ, ਨੌਜਵਾਨੀ-ਬੁਢਾਪਾ ਆਦਿ ਨੂੰ ਤਵੱਜੋਂ ਦੇਣੀ ਸਿਆਣਪ ਨਹੀਂ। ਹਰ ਬੰਦਾ ਖੁਦ ਦੀ ਵੀ ਨਜ਼ਰਸਾਨੀ ਕਰੇ, ਕਿਤੇ ਕੋਈ ਥਿੜਕਣ ਤਾਂ ਨਹੀਂ। ਸਰਕਾਰ ਦੀ ਮਨਸ਼ਾ ਖੌਫ਼ ਵੰਡਣਾ ਹੈ, ਅੰਦੋਲਨਕਾਰੀਆਂ ਦੇ ਪਰਿਵਾਰਾਂ ਨੂੰ ਫ਼ਿਕਰਮੰਦ ਕਰਨਾ ਹੈ, ਪਰ ਸਾਡਾ ਅਕੀਦਾ ਨਿਡਰ ਰਹਿਣ ਦਾ ਹੋਵੇ। ਉਹ ਜ਼ਾਹਰ-ਬਾਤਨ ਰੂਪ ਵਿੱਚ ਆਪਣਾ ਬਲ ਵਿਖਾਏਗੀ ਤੇ ਸਾਨੂੰ ਸ੍ਵੈ-ਬਚਾਅ ਕਰਦਿਆਂ ਨੂੰ ਹਿੰਸਕ ਗਰਦਾਨਣ ਤੱਕ ਜਾਵੇਗੀ। ਉਹਨਾਂ ਕੋਲ ਭਾੜੇ ਦੀ ਪੁਲਿਸ, ਭਾੜੇ ਦਾ ਮੀਡੀਆ, ਭਾੜੇ ਦੇ ਪਿੰਡ ਬਥੇਰਾ ਕੁਝ ਹੈ, ਖਰੀਦਣ ਸ਼ਕਤੀ ਹੈ, ਪਰ ਸਾਡਾ ਵਿਕਣ ਦਾ ਕੋਈ ਇਰਾਦਾ ਨਹੀਂ। 26 ਜਨਵਰੀ ਦਾ ਘਟਨਾਕ੍ਰਮ ਸਾਨੂੰ ਲੀਹੋਂ ਲਾਹੁਣ, ਅੱਡੋ-ਫਾਟ ਕਰਨ ਲਈ, ਦਿਸ਼ਾਹੀਣ ਕਰਨ ਲਈ ਘੜ੍ਹੀ ਗਈ ਗਿਣੀ-ਮਿਥੀ ਸਰਕਾਰੀ ਚਾਲ ਸੀ, ਏਨਾ ਮਹੀਨ ਜਾਲ ਕਿ ਵੱਡੇ ਦਾਅਵਿਆਂ, ਸੂਖਮ ਸਮਝਾਂ ਵਾਲੇ ਅੜਿੱਕੇ ਚੜ੍ਹ ਗਏ ਜਾਂ ਕਹਿ ਲਉ ਵਹਾਅ ‘ਚ ਰੁੜ੍ਹ ਗਏ। ਹਰ ਵਾਰ ਵਰਗਲਾਉਣ ਵਾਲਾ ਬਾਹਰੀ ਨਹੀਂ ਹੁੰਦਾ, ਕਈ ਵਾਰ ਪੀਲੂ ਦੇ ਨਾਇਕ ਵਾਂਗੂੰ ਖੁਦੀ-ਗੁਮਾਨ ਵੀ ਲੈ ਬਹਿੰਦਾ ਹੈ। ਕਿਸੇ ਵੱਡੀ ਕ੍ਰਾਂਤੀ ਦੇ ਸੁਪਨਿਆਂ ਮੂਹਰੇ ਸਥਾਨਕ ਹਕੀਕੀ ਬਗਾਵਤਾਂ ਨੂੰ ਸਸਤੀਆਂ ਸਮਝ ਛੁਟਿਆਉਣਾ ਸਾਡੀ ਦੂਰ-ਅੰਦੇਸ਼ੀ ਤੇ ਫਲਸਫ਼ੇ ਨਾਲ ਵਚਨਬੱਧਤਾ ਉੱਪਰ ਪ੍ਰਸ਼ਨ-ਚਿੰਨ੍ਹ ਲਾਉਂਦਾ ਹੈ। ਇਸ ਵਾਕੇ ਨੇ ਇਕ ਵਾਰ ਸਭ ਨੂੰ ਅਵਾਕ ਕੀਤਾ, ਜਿੰਨ੍ਹਾਂ ਨੂੰ ਅਣਉੱਚਿਤ ਲੱਗਿਆ, ਉਹਨਾਂ ਦੇ ਬੋਲ ਡੱਕੇ ਗਏ, ਮਨੋਬਲ ਡਾਵਾਂਡੋਲ ਹੋਇਆ, ਪਰ ਵਕਤੀ ਖੁਸ਼ੀ ਜ਼ਾਹਰ ਕਰਨ ਵਾਲੇ ਵੀ ਛੇਤੀ ਥਥਲਾਉਣ ਲੱਗੇ, ਕੋਈ ਵਾਜਬ ਦਲੀਲ ਨਾ ਆਈ। ਖੈਰ! ਇਸਨੂੰ ਰੂਟ ਦੇ ਰੌਲੇ ਵਾਲਾ ਉਹ ਫੈਸਲਾਕੁੰਨ ਮੋੜ ਸਮਝ ਲਿਆ ਜਾਵੇ, ਜਿੱਥੇ ਇਹ ਪਛਾਣ ਹੋਣੀ ਸੀ ਕਿ ਕਈ ਵਾਰ ਭੀੜੇ ਦਰਾਂ ਨੂੰ ਚੁਣਨਾ ਸਿਆਣਪ ਹੁੰਦੀ ਹੈ, ਖੁੱਲ੍ਹੇ ਰਾਹਾਂ ਦੇ ਸਬਜ਼ਬਾਗ ਬੁਰੇ ਦੇ ਬਾਰ ਤੀਕ ਲੈ ਜਾਂਦੇ ਹਨ। ਕੀ ਤੁਸੀਂ ਛੋਟੇ ਸਾਹਿਬਜ਼ਾਦਿਆਂ ਦੀ ਉਹ ਸਾਖੀ ਭੁੱਲ ਗਏ ਜਦੋਂ ਉਹ ਛੋਟੀ ਤਾਕੀ ਰਾਹੀਂ ਸੂਬੇ ਦੀ ਕਚਹਿਰੀ ‘ਚ ਦਾਖਲ ਹੋਏ, ਪਰ ਐਸੀ ਵਿਉਂਤ ਨਾਲ ਕਿ ਸੀਸ ਨਾ ਝੁਕੇ, ਸਿਆਸਤ ਦੀ ਪਹੇਲੀ ਬੁੱਝਣਾ ਏਸੇ ਨੂੰ ਕਹਿੰਦੇ ਨੇ, ਬਿਬੇਕੋਂ-ਕਿਰਦਾਰੋਂ ਵੱਡੇ ਹੋਣ ਕਰਕੇ ਉਹ ਛੋਟੀ ਉਮਰ ਦੇ ਹੋ ਕੇ ਵੀ ਸਾਡੇ ਬਾਬੇ ਲੱਗੇ। ਵੱਡੇ ਸਾਕਿਆਂ ‘ਚ ਜੂਝੀਆਂ ਨਿੱਕੀਆਂ ਜਿੰਦਾਂ ਹਕੂਮਤ ਦੇ ਇਰਾਦੇ ਭਾਂਪ ਗਈਆਂ ਤੇ ਸਥਿਤੀ ਨੂੰ ਸਿਰੜ ਦੀ ਪਕਿਆਈ ਨਾਲ ਨਜਿੱਠ ਲਿਆ। ਹਾਲੇ ਵੇਲਾ ਹੈ, ਕਾਰਸਤਾਨੀ ਨੂੰ ਪੁਣ-ਛਾਣ ਕਰਨ ਦੇ ਮੌਕਾ ਵਜੋਂ ਸਮਝੀਏ, ਜਿੱਥੋਂ ਅੰਦੋਲਨ ਦਾ ਸੁਭਾਅ ਬਦਲਿਆ। ਹੁਣ ਇਹ ਹੋਰ ਗਹਿਰਾ, ਸੁਚੇਤ, ਸੁਜੱਗ, ਸੰਜੀਦਾ, ਚੁਕੰਨਾ ਹੋਇਆ ਹੈ। ਸਾਨੂੰ ਜ਼ੁਬਾਨ (ਦਾਅਵੇ, ਨਾਅਰੇ, ਤਕਰੀਰਾਂ) ਦੇ ਨਾਲ ਸੰਵੇਦਨਾ(ਅੱਥਰੂ) ਦਾ ਦਵੰਦਵਾਦੀ ਨਾਤਾ ਸਮਝ ਆ ਰਿਹਾ ਹੈ। ਹੋਸ਼ਿਆਰ! ਖ਼ਬਰਦਾਰ! ਹੁਣ ਅਸੀਂ ਸੰਭਾਲਾ ਲਿਆ ਹੈ। ਬੱਸ ਡਟ ਕੇ ਪਹਿਰਾ ਦੇਣਾ ਹੈ, ਜਾਗਦੇ ਰਹਿਣਾ ਹੈ ਕਿਉਂਕਿ ਬੁੱਲ੍ਹੇ ਸ਼ਾਹ ਦਾ ਹੋਕਾ ਹੈ-                       ਉੱਠ ਜਾਗ ਘੁਰਾੜੇ ਮਾਰ ਨਹੀਂ ।                       ਇਹ ਸੌਣ ਤੇਰੇ ਦਰਕਾਰ ਨਹੀਂ ।ਸਮਾਂ ਸਾਥੋਂ ਇਹਨਾਂ ਦਿਨਾਂ ਦੀ ਜਵਾਬਦੇਹੀ ਮੰਗੇਗਾ, ਉਸ ਫ਼ਸਲ ਦੇ ਮੱਥੇ ਲੱਗਣ ਤੋਂ ਪਹਿਲਾਂ ਸਾਡੇ ਹੱਥ-ਪੱਲੇ ਜ਼ਰੂਰ ਕੁਝ ਹੋਵੇ, ਜਿਸਨੂੰ ਬੀਜ ਕੇ ਆਏ ਸਾਂ ਤੇ ਜਾ ਕੇ ਇਕੱਠੀ ਕਰਨੀ ਹੈ। ਸ਼ਾਲਾ! ਕੁੱਲ ਕਿਸਾਨੀ ਲਈ ਖੁਸ਼ਹਾਲ ਵਿਸਾਖੀ ਆਵੇ। ਚੜ੍ਹਦੀ ਕਲਾ! ਜ਼ਿੰਦਾਬਾਦ!(ਫੋਟੋ ਕ੍ਰੈਡਿਟ ਅਵਨੀ ਰਾਏ)

Lennon Stella

ਵਸਰਾਂਦ

ਜਦੋਂ ਵੀ ਕੋਈ ਸੰਘਰਸ਼ ਲੜਿਆ ਜਾਂਦਾ ਹੈ ਤਾਂ ਇਸਦੇ ਕੁੱਝ ਉਦੇਸ਼ ਤੈਅ ਕੀਤੇ ਜਾਂਦੇ ਹਨ। ਸੰਘਰਸ਼ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਲੜੇ ਜਾਂਦੇ ਹਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਮਈ 2020 ਵਿਚ ਵਿੱਢੇ ਸੰਘਰਸ਼ ਦੇ ਉਦੇਸ਼ ਆਰਥਿਕ ਹਨ। 27 ਅਕਤੂਬਰ 2020 ਨੂੰ ਰਕਾਬਗੰਜ ਗੁਰਦਵਾਰੇ ਵਿਚ ਮੀਟਿੰਗ ਕਰਕੇ ਭਾਰਤ ਭਰ ਦੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਨਾਂ ਹੇਠ ਸੰਗਠਿਤ ਹੋਈਆਂ। ਇਸ ਸੰਗਠਨ ਨੂੰ ਚਲਾਉਣ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ। ਇਸ ਕਮੇਟੀ ਵਿਚ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਅਤੇ ਪੰਜਾਬ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹਨ। ਆਰਥਿਕ ਉਦੇਸ਼ਾਂ ਵਾਲੇ ਇਸ ਸੰਘਰਸ਼ ਦੀਆਂ ਮੰਗਾਂ ਕਿਸਾਨਾਂ, ਮਜ਼ਦੂਰਾਂ ਅਤੇ ਖਪਤਕਾਰਾਂ ਨੂੰ ਜੋੜਦੀਆਂ ਹਨ। ਇਸ ਅੰਦੋਲਨ ਦੀ ਮੁਖ ਮੰਗ ਤਿੰਨ ਕਾਲੇ ਕਾਨੂੰਨ ਰੱਦ ਕਰਾਉਣਾ ਹੈ। ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ ਦਵਾਉਣਾ, ਬਿਜਲੀ ਬਿੱਲ 2020 ਵਾਪਸ ਕਰਾਉਣਾ, ਅਤੇ ਵਾਤਾਵਰਨ ਬਿੱਲ ਵਿਚ ਕਿਸਾਨ ਵਿਰੋਧੀ ਧਾਰਾਵਾਂ ਨੂੰ ਰੱਦ ਕਰਾਉਣਾ ਹੈ।ਕਰਤੀ ਧਰਤੀ ਦਾ ਉਦੇਸ਼ ਇੱਕ ਵਾਰ ਫੇਰ ਤੋਂ ਇਸ ਅੰਦੋਲਨ ਦੇ ਉਦੇਸ਼ ਨੂੰ ਜ਼ੋਰਦਾਰ ਆਵਾਜ਼ ਵਿਚ ਦੁਹਰਾਉਣਾ ਹੈ। ਇਹ ਸੰਘਰਸ਼ ਆਰਥਿਕ ਹੋਣ ਦੇ ਨਾਲ਼ ਨਾਲ਼ ਫਿਰਕੂ ਸਰਕਾਰ ਦੇ ਵਿਰੁੱਧ ਵੀ ਹੈ। ਜਾਤ-ਪਾਤ, ਧਰਮ, ਮਜ਼ਹਬ, ਫਿਰਕਾ, ਇਲਾਕਾ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚਲਾਏ ਗਏ ਇਸ ਸੰਘਰਸ਼ ਵਿੱਚ ਕਿਸੇ ਤਰਾਂ ਦੇ ਫਿਰਕੂਕੱਟੜਵਾਦ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ।ਜਿੱਥੇ ਕੁਝ ਮਨਮੁਖਾਂ ਵੱਲੋਂ ਲੋਕਾਂ ਦੀਆਂ ਮੰਗਾਂ ਨੂੰ ਢਾਅ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਓਥੇ ਹੀ ਮੋਰਚੇ ਵੱਲੋਂ 12 ਫ਼ਰਵਰੀ ਨੂੰ ਜਗਰਾਓਂ ਵਿਚ ਮਹਾਂ ਪੰਚਾਇਤ ਕੀਤੀ ਗਈ, 16 ਨੂੰ ਸਰ ਛੋਟੂ ਰਾਮ ਜਨਮ-ਦਿਹਾੜਾ ਮਨਾਇਆ ਗਿਆ, ਚੰਡੀਗੜ੍ਹ ਵਿਚ 20 ਅਤੇ ਬਰਨਾਲਾ ਵਿਖੇ 21 ਨੂੰ (ਭਾ.ਕਿ.ਯੂ. ਉਗਰਾਹਾਂ ਵੱਲੋਂ) ਮਹਾਰੈਲੀ ਕੀਤੀ ਗਈ। ਲੋਕਾਂ ਨੇ ਇਹਨਾਂ ਵਿਚ ਸ਼ਾਮਲ ਹੋ ਕੇ ਆਪਣੀਆਂ ਹੱਕੀ ਮੰਗਾਂ ਲਈ ਭਾਰੀ ਹਮਾਇਤ ਦਾ ਮੁਜ਼ਾਹਰਾ ਕੀਤਾ। ਇਹਨਾਂ ਇਕੱਠਾਂ ਨੇ ਜਿੱਥੇ ਲੋਕਾਂ ਵਿਚ ਫਿਰ ਤੋਂ ਉਤਸ਼ਾਹ ਭਰਿਆ ਹੈ, ਓਥੇ ਹੀ ਕਿਸਾਨ ਅਤੇ  ਮਜ਼ਦੂਰ ਆਗੂਆਂ ਦੀ ਸ਼ਮੂਲੀਅਤ ਨੇ ਜਥੇਬੰਦੀਆਂ ਦੀ ਅਗਵਾਈ ‘ਤੇ ਕੀਤੇ ਜਾਂਦੇ ਸਵਾਲਾਂ ਦਾ ਮੋੜਵਾਂ ਜਵਾਬ ਸੁਹਿਰਦਤਾ ਨਾਲ਼ ਦਿੱਤਾ ਹੈ। ਬਰਨਾਲਾ ਵਿੱਖੇ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਦਿੱਲੀ ਜੇਲ੍ਹਾਂ ਚ ਕੈਦ ਅੰਦੋਲਨਕਾਰੀਆਂ ਦੀ ਸੰ.ਕਿ.ਮੋ. ਵੱਲੋਂ ਪੈਰਵਾਈ ਦਾ ਵਾਰ-ਵਾਰ ਜ਼ਿਕਰ ਕੀਤਾ। ਓਹਨਾਂ ਆਉਣ ਵਾਲ਼ਾ ਪ੍ਰੋਗਰਾਮ ਐਲਾਨਿਆ। 23 ਫ਼ਰਵਰੀ ਨੂੰ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਸਾਂਝੇ ਤੌਰ ਤੇ ਮਨਾਇਆ ਜਾਵੇਗਾ। 27 ਫ਼ਰਵਰੀ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਉਗਰਾਹਾਂ ਜਥੇਬੰਦੀ ਦਾ ਹੋਵੇਗਾ। ਜਦੋਂ 8 ਮਾਰਚ ਨੂੰ ਔਰਤ ਦਿਵਸ ਦਿੱਲੀ ਮਨਾਉਣ ਦਾ ਐਲਾਨ ਉਗਰਾਹਾਂ ਜਥੇਬੰਦੀ ਵੱਲੋਂ ਕੀਤਾ ਗਿਆ ਤਾਂ ਸਟੇਜ ਤੇ ਬੈਠੇ ਸੰ.ਕਿ.ਮੋ. ਆਗੂਆਂ ਨੇ ਫਟਾਫਟ ਮੋਰਚੇ ਵੱਲੋਂ ਵੀ ਇਹ ਦਿਨ ਮਨਾਉਣ ਦਾ ਫੈਸਲਾ ਸਕਿੰਟਾਂ ‘ਚ ਸਟੇਜ ਤੋਂ ਹੀ ਕਰ ਦਿੱਤਾ। ਪੰਜਾਬ ਵਿਚ ਹੋ ਰਹੀਆਂ ਲੋਕ ਪੰਚਾਇਤਾਂ ਦੇ ਦੋ ਹਾਸਿਲ ਨੇ। ਪਹਿਲਾ ਇਹ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਆਪਣੇ ਵਖਰੇਵੇਆਂ ਨੂੰ ਮੰਨਦਿਆਂ ਮੌਜੂਦਾ ਸੰਘਰਸ਼ ਵਿਚ ਜਥੇਬੰਦਕ ਏਕੇ ਦਾ ਰਾਹ ਉਲੀਕਿਆ ਹੈ। ਦੂਸਰਾ ਹਾਸਿਲ ਹੈ ਪੰਜਾਬ ਦੇ ਲੋਕਾਂ ਦਾ ਹੁੰਗਾਰਾ। ਇਹ ਹੁੰਗਾਰੇ ਅਤੇ ਭਾਰੀ ਇਕੱਠ ਹੀ ਹੈ ਜਿਹੜੇ ਇਸ ਘੋਲ ਦੇ ਆਗੂਆਂ ਨੂੰ ਬਲ ਬਖ਼ਸ਼ਦਾ ਹੈ। ਇੰਨੇ ਵਿਸ਼ਵਾਸ ਨਾਲ ਦਿੱਲੀ ਪੁਲਿਸ ਦੇ ਕਾਨੂੰਨੀ ਕੇਸਾਂ ਤੇ ਹਕੂਮਤ ਦੇ ਡਰਾਵੇਆਂ ਨੂੰ ਟਿੱਚ ਜਾਨਣਾ ਲੋਕਾਂ ਦੇ ਲੱਖਾਂ ਦੀ ਗਿਣਤੀ ਵਿਚ ਜੁੜੇ ਹੋਣ ਕਰਕੇ ਸੰਭਵ ਹੋਇਆ ਹੈ।   (ਫੋਟੋ ਕ੍ਰੈਡਿਟ : ਨਵ ਰਾਹੀ)

Lennon Stella

ਪਾਣੀ ਅਤੇ ਮਿੱਟੀ

ਹਾਂ ਕਣੀਆਂ ਹੋ ਲੜੀਆਂ ਅਸਾਂ ਵਰ੍ਹਨਾ ਚਿਤ ਪੱਤਰਾਂ ਦੇ ਕਰਨੇ ਨਕੋਰ ਨਜਮ ਹੁਸੈਨ ਸੱਯਦ ਦਾ ਇਹ ਜੋੜ ਵਸਰਾਂਦ ਵਾਸਤੇ ਏ। ਵਸਰਾਂਦ ਹੈ ਖ਼ਸ਼ਬੋ। ਅੰਬਰੋਂ ਲੱਥਾ ਪਾਣੀ ਜਦੋਂ ਮਿੱਟੀ ਤੇ ਡਿੱਗਦਾ ਏ ਤੇ ਮਿੱਟੀ ਪਾਣੀ ਦੀ ਸੁਮੇਲ ਸੁਗੰਧ ਅਖਵੇਂਦੀ ਏ ਵਸਰਾਂਦ। ਦੂਰ ਅਸਮਾਨੀ ਵਾਅ ਸੰਗ ਖੇਡਦਾ ਪਾਣੀ ਧਰਤ ਦੀ ਤ੍ਰੇਹ ਵੇਖ ਲੈਂਦਾ ਏ। ਕਣੀ ਹੋ ਵਰ੍ਹਦਾ ਏ। ਵਰ੍ਹਿਆਂ ਦੀ ਕੱਸੀ ਵਿਯੋਗ ਕਟੇਂਦੀ ਧਰਤ ਆਪਣੇ ਅੰਗ ਪਾਣੀ ਦਾ ਸੰਗ ਮਾਣਸੀ। ਤਾਂਹੀਓਂ ਜੀਵਸੀ। ਉਪਜੇਸੀ। ਮੇਲ ਸੁਗੰਧ ਦੀ ਕੱਥ ਹੈ ਏਸ ਗਾਵਣ ਦੀ। ਮੇਲ ਹੈ ਕੀ ਤੇ ਕਰਦਾ ਕੀ ਹੈ? ਮੇਲ ਇਸ਼ਤਿਹਾਰਾਂ, ਵਾਜਿਆਂ, ਐਲਾਨਾਂ, ਬਿਆਨਾਂ ਨਾਲ ਨੀ ਹੁੰਦਾ। ਮੇਲ ਤਾਂ ਹਾਜ਼ਰੀ ਹੈ ਕੁਲ ਹਸਤੀ ਦੀ ਕੁਲ ਕੁਦਰਤ ਅੰਦਰ। ਜਿਸ ਪਲ ਵੀ ਹੋਈ ਉਹ ਘਰ ਵੱਸ ਪਈ। ਵਸਰਾਂਦ ਹੋ ਖਿਲਰੀ ਚਾਰ ਚੁਫੇਰੇ। ਅਜਿਹੇ ਸੁੱਚੇ ਮੇਲ ਨੂੰ ਓਹਲਾ ਨੀ ਲੋੜੇਂਦਾ। ਓਹਲਾ ਲੋੜੇਂਦਾ ਏ ਕੂੜ੍ਹ ਨੂੰ। ਆਪਣੀ ਕੀਤੀ ਕੱਜਣ ਵਾਸਤੇ। ਮਿੱਟੀ ਤੇ ਪਾਣੀ ਦਾ ਮੇਲ ਸੱਚ ਹੈ ਤੇ ਸੱਚ ਦੀ ਸੁਗੰਧ ਹੋ ਲਹਿੰਦਾ ਹੈ ਪਿਆਰ ਗਾਵਣ ਬਣ ਕੇ। ਅਸਾਂ ਕਣੀਆਂ ਹਾਂ। ਆਪਣੇ ਹੋਵਣ ਦਾ ਪੱਕ ਬੋਲੇਂਦਾ ਹੈ ਇਸ ਹਾਂ ਅੰਦਰ। ਕਣੀਆਂ ਦੇ ਹੋਵਣ ਵਿਚ ਨਿਰਮਾਣਤਾ ਵੀ ਹੈ। ਕਣ ਹੈ ਜ਼ਰਾ। ਕਰਨਾ ਕੀ ਹੈ ਕਣੀਆਂ ਨੇ। ਕੱਲੀਆਂ ਨਈਂ ਸਗੋਂ ਲੜੀਆਂ ਬਣ ਵਰ੍ਹਨਾ ਹੈ। ਕਣੀਆਂ ਵਰ੍ਹ ਕੇ, ਪਾਣੀ ਹੋ ਕੇ ਪੱਤਰਾਂ ਦੇ ਚਿੱਤ ਨਵੇਂ ਕਰਨੇ ਨੇ। ਪੱਤਰ ਜੋ ਧੂੜ ਦੀ ਬੁੱਕਲ ਵਿਚ ਆਪਣਾ ਅਸਲਾ ਭੁੱਲੇ। ਓਹਨਾ ਉੱਪਰੋਂ ਮਿੱਟੀ ਘੱਟਾ ਲਾਹ ਕੇ ਮੁੜ ਸੁਥਰਾ ਕਰਨ ਕੰਮ ਹੈ ਅਸਾਡਾ। ਜਿਥੇ ਤ੍ਰੇਹ ਹੈ ਉਹ ਸੱਖਣੇ ਕਟੋਰੇ ਪਾਣੀ ਨਾਲ ਭਰੀਣੇ ਨੇ। ਟੁੱਟੀ ਆਸ ਨੂੰ ਮੁੜ ਜਵਾਲਣਾ ਏ। ਆਸ ਤਾਂਘ ਹੈ। ਕਣੀਆਂ ਏਹਾ ਆਹਰ ਲੈ ਵਰ੍ਹੀਆਂ ਨੇ। ਐਸਾ ਪਾਣੀ ਹੋ ਇੰਝ ਲੱਥਣਾ ਹੈ ਹਰ ਜਗਾਹ ਜੋ ਸੋਕਾ ਮੁੱਕ ਜਾਵੇ। ਵਖਾਲੇ ਦੇ ਮਿਲਣ ਤੋਂ ਬਾਹਰ ਕਰਕੇ ਅਸਲ ਮਿਲਣ ਦਾ ਰੰਗ ਤੇ ਖ਼ੁਸ਼ਬੋਈ ਖਿੜਾਉਣੀ ਹੈ। ਅੰਦਰ ਤੇ ਬਾਹਰ। ਅੰਦਰ ਬਾਹਰ ਦੀ ਦੂਰੀ ਮਕਾਉਣੀ ਹੈ। ਮਿਲ ਕੇ, ਗੱਲ ਲੱਗ ਕੇ ਜਦ ਅੱਖੀਆਂ ਵਰ੍ਹ ਪਵਣ ਤਾਂ ਇਹ ਦੂਰੀ ਮੁੱਕ ਬਹਿੰਦੀ ਏ। ਬੰਦਾ ਕੀ ਏ। ਬੰਦਾ ਵੀ ਪਾਣੀ ਨਈਂ? ਜਦ ਸੁਥਰਾ ਹੋਵੇ, ਨਵਾਂ, ਨਿਰਮਲ ਤਾਂ ਉਸਦਾ ਕੰਮ ਵੀ ਸੁਥਰਾ ਕਾਰਨ ਈ ਹੁੰਦਾ ਏ। ਕਣੀਆਂ ਇਹੋ ਕਰਨ ਆਈਆਂ ਨੇ ਜੋ ਜਿਓਂਦੀ ਹਸਤੀ ਨੂੰ ਵਸਤ ਤੋਂ ਮੁੜ ਜਿਓੰਦਾ ਜੀਅ ਬਣਾਉਣਾ ਹੈ। ਫੋਟੋ ਕ੍ਰੈਡਿਟ: ਰਣਦੀਪ ਮਦੋਕੇ

Lennon Stella

ਜ਼ਨਾਨੀਆਂ

ਜੀਵਨ ਪਾਣੀ ਹਾਰਵਗਣਾ ਧਾਰੋ ਧਾਰਬੰਨ੍ਹ ਦੇਣੇ ਤਰੋੜ ਰਾਹ ਦੇਹੁਣ ਕਰਨੇ ਪੰਧ ਅਨੋਖੜੇਮਰਨ ਥੀਂ ਅੱਗੇ ਮਰ ਕੇਕਰਨੇ ਆਹਰ ਜੀਵਨ ਦੇ(photo credits: Nav Rahi)

Lennon Stella

ਕੋਹਿਨੂਰ ਹੀਰੇ

ਨਗਰ ਕੌਂਸਲ ਮਾਨਸਾ ਦੀਆਂ ਚੋਣਾਂ ਦੌਰਾਨ ਪਹਿਲੀ ਵਾਰੀ ਲੜੀ ਚੋਣ ਵਿੱਚ ਨਵੇਂ ਤਜ਼ਰਬੇ ਰਹੇ।ਪ੍ਰਚਾਰ ਮੁਹਿੰਮ ਦੌਰਾਨ ਜਿੱਥੇ ਈ ਬਾਕੀ ਧਿਰਾਂ ਦੇ ਘਰਾਂ 'ਚ ਸ਼ੋਰ ਸ਼ਰਾਬਾ, ਲੰਗਰ, ਦਾਰੂ ਪਿਆਲੇ ਚਲਦੇ ਰਹੇ ਤੇ 15-15 ਲੱਖ ਖਰਚ ਵੋਟ ਖਰੀਦੀ ਗਈ। ਓਥੇ ਈ ਮੇਰੇ ਨਾਲ ਦੇ ਸਾਥੀਆਂ ਵੱਲੋਂ ਆਪਣੇ ਵਿਤ ਮੁਤਾਬਕ ਚਾਹ ਪਾਣੀ ਦੇ ਖਰਚੇ ਲਈ ਰਾਸ਼ਨ ਤੇ ਸਿਲੰਡਰ ਦਾ ਆਪਣੇ ਤੌਰ 'ਤੇ ਬੰਦੋਬਸਤ ਕੀਤਾ ਗਿਆ। ਰਿਕਸ਼ਾ ਚਾਲਕ ਮਜ਼ਦੂਰ ਵੱਲੋਂ ਆਵਾਜਾਈ ਦੌਰਾਨ ਫਰੀ ਸੇਵਾਵਾਂ ਦੇ ਨਾਲ ਈ ਫੰਡ ਦੀ ਮਦਦ ਕੀਤੀ ਗਈ। ਬੈਨਰ, ਪੋਸਟਰ,ਕੁਰਸੀਆਂ ਦੇ ਖਰਚੇ ਸਹਿਯੋਗੀਆਂ ਵੱਲੋਂ ਕੀਤੇ ਗਏ।ਇਲੈਕਸ਼ਨ ਪ੍ਰਚਾਰ ਤੇ ਖੜਮੱਸ ਪੱਟਣ ਦੀ ਬਜਾਏ ਇਨਕਲਾਬੀ ਨਾਟਕ ਟੀਮ ਬੁਲਾ ਕੇ ਨੁੱਕੜ ਰੈਲੀਆਂ ਕੀਤੀਆਂ ਗਈਆਂ। ਸਨੇਹੀ ਪਰਿਵਾਰਾਂ ਵੱਲੋਂ ਆਪਣੇ ਖਰਚੇ 'ਤੇ ਫਰੂਟ ਨਾਲ ਤੋਲਣ ਦੀਆਂ ਰਸਮਾਂ ਤਹਿ ਦਿਲੋਂ ਕੀਤੀਆਂ ਗਈਆਂ। ਡੋਰ ਟੂ ਡੋਰ ਪ੍ਰਚਾਰ ਤੇ ਪੋਲਿੰਗ ਬੂਥ ਵਿੱਚ ਔਰਤਾਂ ਦੀ ਭੂਮਿਕਾ ਅਹਿਮ ਰਹੀ। ਰਾਤ ਨੂੰ ਕੱਢੀ ਗਈ ਜਾਗੋ ਦੌਰਾਨ ਸਾਡੇ ਇਨਕਲਾਬੀ ਸਿਤਾਰੇ ਚਮਕਦੇ ਰਹੇ। ਅੱਜ ਰਿਜ਼ਲਟ ਦੌਰਾਨ ਹੱਕ ਸੱਚ ਲਈ ਡਟੀ ਮਜ਼ਦੂਰ ਜਮਾਤ ਬਿਨਾਂ ਕਿਸੇ ਹੇਰਾਫੇਰੀ ਦੇ ਤੀਸਰੇ ਸਥਾਨ 'ਤੇ ਰਹੀ।ਸਾਡੀ ਟੀਮ ਤੀਸਰੇ ਨੰਬਰ 'ਤੇ ਰਹਿ ਆਪਣੀ ਵੱਖਰੀ ਹੋਂਦ ਬਣਾਉਣ ਵਿੱਚ ਕਾਮਯਾਬ ਰਹੀ। ਮੈਨੂੰ ਇਹਨਾਂ 104 (ਵੋਟਾਂ) ਕੋਹਿਨੂਰ ਹੀਰਿਆਂ ਤੇ ਸਦਾ ਮਾਣ ਰਹੇਗਾ। ਮੇਰੇ ਇਨਕਲਾਬੀ ਸਾਥੀ ਵਗਦੀਆਂ ਹਨੇਰੀਆਂ ਵਿੱਚ ਵੀ ਚਟਾਨ ਵਾਂਗ ਡਟੇ ਰਹੇ ਤੇ ਆਪਣੇ ਵਜੂਦ ਨੂੰ ਬਚਾਉਣ ਵਿੱਚ ਸਫ਼ਲ ਰਹੇ। ਸ਼ਾਲਾ! ਇਹ ਹੀਰੇ ਸਦਾ ਚਮਕਦੇ ਰਹਿਣ।(photo credits: Nav Rahi)

Lennon Stella

ਇੱਕ ਗੱਲ ਹੋਰ

ਬੰਨ ਕੇ ਮੌਤ ਮੋਢਿਆਂ ਉੱਤੇ ਜੋ ਸਪਰੇਹਾਂ ਕਰਦਾ ਏ ਟੀਸੀ ਉੱਤੇ ਰੋਟੀ ਜਿਸਦੀ ਪਲ ਪਲ ਸੂਲੀ ਚੜ੍ਹਦਾ ਏਪਰ ਭੁੱਖਾਂ ਤੇ ਦੁੱਖਾਂ ਵਿਚ ਮਸ਼ਹੂਰ ਆਖਿਆ ਜਾਂਦਾ ਏਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏਮਾਲਕ ਮੱਖਣ ਮਲਾਈਆਂ ਦਾ ਤੇ ਸੁੱਕੀ ਰੋਟੀ ਛਕਦਾ ਏਤੂੜੀ ਵਿਚੋਂ ਦਾਣੇ ਕੱਢ ਕੇ ਆਪ ਗਰਦ ਨੂੰ ਫਕਦਾ ਏਕਾਣੀ ਵੰਡ ਨੂੰ ਏਥੋਂ ਦਾ ਦਸਤੂਰ ਆਖਿਆ ਜਾਂਦਾ ਏਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏਕਵੀਸ਼ਰੀ ਜੱਥਾ ਰਸੂਲਪੁਰ ਦੀ ਇਸ ਕਵਿਤਾ ਨਾਲ਼ ਰੈਲ਼ੀ ਦਾ ਮੁੱਢ ਬੱਝਿਆ। 10 ਵਜੇ ਦੇ ਕਰੀਬ ਬਰਨਾਲਾ ਦਾਣਾ ਮੰਡੀ ਵਿੱਚ ਵਲੰਟੀਅਰਾਂ ਲਈ ਸਪੀਕਰ ਤੇ ਅਨਾਊਂਸਮੈਂਟਾਂ ਚੱਲ ਰਹੀਆਂ ਸਨ। ਇੱਕ ਪਾਸੇ ਉਨ੍ਹਾਂ ਦੇ ਚਾਹ ਪਾਣੀ ਦਾ ਪ੍ਰਬੰਧ ਸੀ, ਦੂਜੇ ਪਾਸੇ ਲੋਕੀਂ ਲਗਾਤਾਰ ਲਾਈਨ-ਵਾਰ ਟਰਾਲੀਆਂ ਜੀਪਾਂ ਤੇ ਚੜ੍ਹ ਆਪੋ-ਆਪਣੀਆਂ ਥਾਵਾਂ ਮੱਲ ਰਹੇ ਸਨ। ਪੁਲਿਸ ਵਾਲਿਆਂ ਦੇ ਝੁੰਡ ਬਰੋਟਿਆਂ ਹੇਠਾਂ ਖੜ੍ਹੇ, ਧੁੱਪ ਦਾ ਬੱਦਲਾਂ ਵਿੱਚੋਂ ਆਉਣ ਜਾਣ ਦੇਖਦੇ ਰਹੇ।  ਝੰਡਾ ਸਿੰਘ ਜੇਠੂਕੇ ਤੇ ਹਰਿੰਦਰ ਬਿੰਦੂ ਸਵੇਰ ਤੋਂ ਹੀ ਸਟੇਜ ਦਾ ਪ੍ਰਬੰਧ ਦੇਖ ਰਹੇ ਸਨ। ਵਲੰਟੀਅਰਾਂ ਵੱਲੋਂ ਪੰਡਾਲ ਦੇ ਹਰ ਕੋਨੇ ਵਿਚ ਸਾਊਂਡ ਟੈਸਟ ਕੀਤੀ ਗਈ ਅਤੇ ਆਵਾਜ਼ ਖਿੱਲਰਨ ਦੀ ਸ਼ਿਕਾਇਤ ਸਟੇਜ ਤੱਕ ਪਹੁੰਚਾਈ ਗਈ। ਝੰਡਾ ਸਿੰਘ ਜੀ ਸਟੇਜ ਤੋਂ ਬੋਲਣ ਲੱਗੇ। ਪੰਡਾਲ ਵਿੱਚ ਸਿਰਫ ਪੁਲੀਸ ਵਾਲੇ ਹੀ ਸਨ। ਸਾਊਂਡ ਦੁਬਾਰਾ ਟੈਸਟ ਕਰਨ ਲਈ ਉਸੇ ਹੀ ਜੋਸ਼ ਨਾਲ ਬੋਲਣਾ ਜ਼ਰੂਰੀ ਸੀ ਜਿਸ ਤਰ੍ਹਾਂ ਦਿਨ ਵਿਚ ਬੁਲਾਰਿਆਂ ਨੇ ਬੋਲਣਾ ਸੀ। ''ਅਨਾਜ ਨੇ ਸੋਨੇ ਦੇ ਭਾਅ ਵਿਕਣਾ ਭਰਾਵੋ! ਤੇ ਸਰਕਾਰ ਕੂੜ ਪ੍ਰਚਾਰ 'ਚ ਹੋਈ ਲੱਗੀ ਆ। ਮਜ਼ਦੂਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਜ਼ਮੀਨ ਖੋਹ ਕੇ ਤੁਹਾਨੂੰ ਦੇਣੀ ਹੈ।” ਉਨ੍ਹਾਂ ਸਾਊਂਡ ਵਾਲਿਆਂ ਨੂੰ ਅਪੀਲ ਕੀਤੀ ਕਿ ਦਾਣਾ ਮੰਡੀ ਦੇ ਕਿਸੇ ਵੀ ਕੋਨੇ ਵਿੱਚ ਆਵਾਜ਼ ਖ਼ਰਾਬ ਨ੍ਹੀਂ ਜਾਣੀ ਚਾਹੀਦੀ। ਝੰਡਾ ਸਿੰਘ ਇਹੋ ਤਕਰੀਰ ਫਿਰ ਤੋਂ ਕਰਨਗੇ - ਠੀਕ ਚਾਰ ਘੰਟਿਆਂ ਬਾਅਦ ਜਦੋਂ ਟਰਾਲੀਆਂ, ਬੱਸਾਂ, ਟਰੱਕਾਂ 'ਚ ਚੜ੍ਹ ਕੇ ਲੋਕ ਲਾਲ, ਪੀਲੇ, ਹਰੇ ਝੰਡੇ ਚੁੱਕੀ ਆਪਣੀ ਆਵਾਜ਼, ਕਿਸਾਨਾਂ ਦੀ ਆਵਾਜ਼, ਮਜ਼ਦੂਰਾਂ ਦੀ ਆਵਾਜ਼, ਅਵਾਮ ਦੀ ਆਵਾਜ਼ ਆਪਣੇ ਨੁਮਾਇੰਦਿਆਂ ਰਾਹੀਂ ਦੁਨੀਆਂ ਦੇ ਕੋਨੇ-ਕੋਨੇ ਪਹੁੰਚਾਉਣ ਲਈ ਜੁੜ ਬੈਠੇ। ਇੱਕ ਲੱਖ ਤੋਂ ਜਿਆਦਾ ਦੇ ਇਕੱਠ ਨੇ ਇਕ ਟੱਕ ਬੁਲਾਰਿਆਂ ਨੂੰ ਸੁਣਿਆ। ਮਜ਼ਦੂਰਾਂ ਤੇ ਕਿਸਾਨਾਂ ਦੇ ਝੰਡੇ ਦਾਣਾ ਮੰਡੀ ਦੀ ਖੁੱਲ੍ਹੀ ਹਵਾ ਵਿੱਚ ਆਜ਼ਾਦ ਲਹਿਲਹਾਉਂਦੇ ਰਹੇ। ਇਸ ਮਹਾਰੈਲੀ ਦੀ ਖਾਸੀਅਤ ਹੀ ਆਵਾਜ਼ ਦੀ ਇਕਜੁੱਟਤਾ ਨੂੰ ਬਿਨਾਂ ਖਿਲਾਰਿਆਂ ਕੰਨਾਂ ਤੇ ਜ਼ਿਹਨ ਤੱਕ ਪਹੁੰਚਾਉਣਾ ਸੀ। ਪਿਛਲੇ ਕੁਝ ਹਫ਼ਤਿਆਂ ਤੋਂ ਕਦੇ ਟੁੱਟਦੇ ਦੱਸੇ ਜਾਂਦੇ ਸੰਯੁਕਤ ਕਿਸਾਨ ਮੋਰਚੇ ਬਾਰੇ ਪ੍ਰਚਾਰ ਹੋਇਆ ਅਤੇ ਕਦੇ ਆਗੂਆਂ ਨੂੰ ਭਗੌੜੇ ਅਤੇ ਕਮਜ਼ੋਰ ਹੋਣ ਦੀ ਗੱਲ ਕਹੀ ਗਈ। ਜੋਗਿੰਦਰ ਸਿੰਘ ਉਗਰਾਹਾਂ ਨੇ 20 ਫ਼ਰਵਰੀ ਨੂੰ ਚੰਡੀਗੜ੍ਹ ਦੀ ਮਹਾਂ ਪੰਚਾਇਤ ਤੇ ਫਿਰ ਬਰਨਾਲਾ ਦੀ ਮਹਾਰੈਲੀ ਚ ਸਪੱਸ਼ਟ ਰੂਪ ਵਿੱਚ ਹਕੂਮਤ ਵੱਲੋਂ ਜੇਲ੍ਹਾਂ 'ਚ ਬੰਦ ਕਿਸਾਨਾਂ ਦੀ ਕਾਨੂੰਨੀ ਪੈਰਵਾਈ ਦਾ ਹਵਾਲਾ ਦਿੱਤਾ। ਬਰਨਾਲਾ ਰੈਲੀ ਦਾ ਸੱਦਾ  ਬੀ.ਕੇ.ਯੂ. ਉਗਰਾਹਾਂ ਵੱਲੋਂ ਸੀ। ਪਰ ਸੰ.ਕਿ.ਮੋ. ਦੇ ਕੁਲਵੰਤ ਸਿੰਘ ਸੰਧੂ, ਰੁਲਦੂ ਸਿੰਘ ਮਾਨਸਾ ਅਤੇ ਬਲਵੀਰ ਸਿੰਘ ਰਾਜੇਵਾਲ ਸਮੇਤ ਹੋਰ ਆਗੂਆਂ ਨੇ ਰੈਲੀ 'ਚ ਪਹੁੰਚ ਕੇ ਅੰਦੋਲਨ ਬਾਰੇ ਪ੍ਰਚਾਰੇ ਜਾ ਰਹੇ ਨਿਘਾਰ ਦਾ ਮੋੜਵਾਂ ਜਵਾਬ ਬੜੀ ਸੁਹਿਰਦਤਾ ਨਾਲ਼ ਦਿੱਤਾ।ਇਹ ਸੁਹਿਰਦਤਾ ਤੇ ਸੂਝ-ਬੂਝ, ਸਵੇਰ ਦੀ ਖਾਲੀ ਪੰਡਾਲ ਵਿਚ ਕੀਤੀ ਸਾਊਂਡ ਟੈਸਟ ਵਾਲੀ ਤਕਰੀਰ ਵਿੱਚ ਵੀ ਜ਼ਾਹਿਰ ਸੀ। "ਲੋਕ ਕੰਧ ਨਹੀਂ ਨੇ, ਉਨ੍ਹਾਂ ਨੇ ਬਹਿਣਾ ਹੈ। ਉਨ੍ਹਾਂ ਦੇ ਆਉਣ ਨਾਲ ਆਵਾਜ਼ ਟਕਰਾਓਣੀ ਬੰਦ ਨ੍ਹੀਂ ਹੋਣੀ। ਮੇਰੀ ਸਾਊਂਡ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਦਾ ਹੱਲ ਹੁਣੇ ਕਰੀਏ, ਫੇਰ ਲਈ ਨਾ ਛੱਡੀਏ।” ਸਟੇਜ ਦੇ ਮਗਰ ਪਏ ਤਖਤਪੋਸ਼ ਦਾ ਜ਼ਿਕਰ ਹੋਇਆ। ਉਹਨੂੰ ਟੈਂਪੂ ਯੂਨੀਅਨ ਦਾ ਤਾਲਾ ਲੱਗਿਆ ਹੋਇਆ ਸੀ। ਤਖ਼ਤਪੋਸ਼ ਹਟਾਉਣ ਲਈ ਅਪੀਲ ਕੀਤੀ। "ਜਦੋਂ ਲੋਕ ਤਖ਼ਤਪੋਸ਼ ਤੇ ਬਹਿ ਗਏ, ਫੇਰ ਨੀ ਉਹ ਉੱਠਦੇ।" ਅਖੀਰ ਤਾਲਾ ਤੋੜਿਆ ਗਿਆ ਤੇ ਮਜ਼ਬੂਰੀ ਵੱਸ ਟੁੱਟੇ ਤਾਲੇ ਦੇ ਪੈਸੇ ਭਰਨ ਦਾ ਯਕੀਨ ਦਿੱਤਾ ਗਿਆ। ਮਹਾਂਰੈਲੀ 'ਚ ਪਹਿਲੇ ਜੱਥੇ ਪਹੁੰਚਣ ਲੱਗੇ। ਇੱਕ ਵਜੇ ਤੱਕ ਦਾਣੇ ਉਗਾਉਣ ਵਾਲੇ ਲੋਕ ਦਾਣਾ ਮੰਡੀ ਦੇ ਵਿਹੜੇ 'ਚ ਜੁੜ ਚੁੱਕੇ ਸਨ। ਲੋਕਾਂ ਤੱਕ ਆਪਣੀਆਂ ਮੰਗਾਂ ਦੀ ਆਵਾਜ਼ ਬਿਨਾਂ ਟੁੱਟੇ, ਬਿਨਾਂ ਖਿਲਰੇ ਪਹੁੰਚ ਰਹੀ ਸੀ।(photo credits: Nav Rahi)