Fourth Edition: Apr 2021

Lennon Stella

ਕਰਤੀ ਧਰਤੀ- ਨਵੇਂ ਅਜ਼ਾਦੀ ਯੁਗ ਦੀ ਲਲਕਾਰ

ਕਰਤੀ ਧਰਤੀ ਦੀ ਜ਼ਿੰਮੇਵਾਰੀ ਆਪਣੇ ਹੱਥ ਲੈਣਾ ਇਕ ਸ਼ੁਭ ਸ਼ਗਣ ਹੈ। ਇਹ ਯਕੀਨਨ ਇਕ ਇਨਕਲਾਬੀ ਕਦਮ ਹੈ। ਸ਼ਹੀਦ ਭਗਤ ਸਿੰਘ ਦੇ ਨਜ਼ਰੀਏ ਤੋਂ ਲਹਿਰਾਂ ਦੋ ਕਿਸਮ ਦੀਆਂ ਹੁੰਦੀਆਂ ਹਨ। ਰਾਜ ਪਲਟਾਊ ਤੇ ਯੁਗ ਪਲਟਾਊ। ਇਹਨਾਂ ਵਿਚ ਫ਼ਰਕ ਸਮਝਣਾ ਬਹੁਤ ਜ਼ਰੂਰੀ ਹੈ। ਰਾਜ ਪਲਟਾਊ ਦਾ ਭਾਵ ਹੈ ਕਿ ਇਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਹੱਥ ਰਾਜ ਭਾਗ ਦੀ ਵਾਗ ਡੋਰ ਦੇ ਦੇਣਾ। ਇਸ ਦਾ ਅਸਰ ਬਸ ਮੁਖੌਟਾ ਬਦਲਣ ਦਾ ਹੀ ਹੁੰਦਾ ਹੈ, ਇਹ ਸੰਕਟਗ੍ਰਸਤ ਜਨਤਾ ਨੂੰ ਕੋਈ ਰਾਹਤ ਦੇਣ ਦੀ ਸਮਰਥਾ ਹੌਲੀ-ਹੌਲੀ ਗਵਾ ਲੈਂਦੀ ਹੈ ਤੇ ਸਮਾਜਿਕ ਤੇ ਆਰਥਿਕ ਸੰਕਟ ਹੋਰ ਵਧਦਾ ਜਾਂਦਾ ਹੈ । ਇਹ ਉਸ ਘੁੰਮਣਘੇਰੀ ਵਿਚ ਪੈਣਾ ਹੈ ਜੋ ਹਮੇਸ਼ਾ ਅੰਦਰ ਨੂੰ ਖਿੱਚਦੀ ਜਾਂਦੀ ਹੈ ਅਤੇ ਵਕਤ ਨਾਲ਼ ਹੋਰ ਜ਼ੋਰਦਾਰ ਹੁੰਦੀ ਜਾਂਦੀ ਹੈ। ਅਜਿਹੇ ਸਮੇਂ ਸਿਆਸੀ ਦਲ ਲੋਕਾਂ ਵਿਚ ਜਜ਼ਬਾਤਾਂ ਦੀ ਭੜਕਾਹਟ ਪੈਦਾ ਕਰਦੇ ਹਨ, ਆਪਸੀ ਝਗੜੇ-ਝੇੜੇ ਖੜੇ ਕਰਦੇ ਹਨ। ਜਿਸ ਦਾ ਮੂਲ ਹੁੰਦਾ ਹੈ ਜਨਤਾ ਵਿਚ ਵਿਚਾਰਕ ਘਚੋਲਾ ਖੜ੍ਹਾ ਕਰਕੇ ਵੰਡੀਆਂ ਪਾਉਣਾ। ਇਸ ਨਾਲ਼ ਸੰਕਟ ਹੋਰ ਗਹਿਰਾਅ ਜਾਂਦਾ ਹੈ। ਜਿਸ ਲਈ ਰਾਜ ਕਰਦੀਆਂ ਜਮਾਤਾਂ ਜਮਹੂਰੀ ਹੱਕਾਂ, ਜਮਹੂਰੀ ਅਜ਼ਾਦੀਆਂ ਨੂੰ ਆਨੇ-ਬਹਾਨੇ ਹਮਲੇ ਦਾ ਸ਼ਿਕਾਰ ਬਣਾਉਂਦੀਆਂ ਹਨ। ਲੋਕਾਂ ਦੀਆਂ ਚੀਕਾਂ ਤੋਂ ਘੇਸ ਵੱਟਣ ਲਈ ਬੇਮਾਇਨਾ ਸ਼ੋਰ ਮਚਾਉਂਦੀਆਂ ਹਨ। ਜਨਤਾ ਨੂੰ ਇਕ ਪਾਸੇ ਡਰ ਦੇ ਅੰਧਕਾਰ ਵਿਚ ਧਕੇਲਦੀਆਂ ਹਨ, ਦੂਸਰੇ ਪਾਸੇ ਫ਼ਿਰਕਾਪ੍ਰਸਤੀ ਰਾਹੀਂ ਵੰਡੀਆਂ ਪਾਉਂਦੀਆਂ ਹਨ। ਇਹ ਅਮਲ ਦੁਨੀਆਂ ਸਪਸ਼ਟ ਫਾਸ਼ੀ ਰਾਜਾਂ ਦੇ ਰੂਪ ਵਿਚ ਹੰਢਾ ਚੁੱਕੀ ਹੈ। ਇਸਦੇ ਮੁਕਾਲਬਤਨ ਭਗਤ ਸਿੰਘ ਕਹਿੰਦੇ ਹਨ ਕਿ ਦੂਸਰਾ ਅਮਲ ਯੁੱਗ ਪਲਟਾਊ ਹੁੰਦਾ ਹੈ ਜਿਸ ਦਾ ਅਸਰ ਸਾਰੇ ਸਮਾਜ ਉੱਤੇ ਹੇਠਾਂ ਤੋਂ ਉਪਰ ਤੱਕ ਪੈਂਦਾ ਹੈ। ਇਹ ਅਮਲ ਸੰਕਟ ਦੇ ਮੂਲ਼ ਨੂੰ ਸਮਝ ਕੇ ਉਸ ਦਾ ਹੱਲ ਕੱਢਦਾ ਹੈ। ਇਸ ਨੂੰ ਹੀ ਭਗਤ ਸਿੰਘ ਨੇ ਇਨਕਲਾਬੀ ਅਮਲ ਕਿਹਾ ਹੈ। ਇਸ ਸਮਾਜਿਕ, ਆਰਥਿਕ ਤੇ ਸਿਆਸੀ ਸੰਕਟ ਨੂੰ ਹੱਲ ਕਰਨ ਲਈ ਉਹਨਾਂ ਸ਼ਕਤੀਆਂ ਜਿਨ੍ਹਾਂ ਨੂੰ ਹੁਣ ਤੱਕ ਨਜ਼ਰਅੰਦਾਜ ਕੀਤਾ ਹੁੰਦਾ ਹੈ, ਉਹ ਵੀ ਮੈਦਾਨ ਵਿਚ ਨਿੱਤਰ ਆਉਂਦੀਆਂ ਹਨ। ਜਿਨ੍ਹਾਂ ਦੇ ਹੜ੍ਹੀ ਵਹਾਅ ਨੂੰ ਰੋਕਣ ਦੀ ਪਿਛਾਂਹਖਿੱਚੂ ਵਿਚਾਰਾਂ ਤੇ ਅਮਲਾਂ ਦੀ ਹਿੰਮਤ ਨਹੀਂ ਹੁੰਦੀ। ਇਸ ਦੇ ਪ੍ਰਭਾਵ ਨੂੰ ਅੰਗਰੇਜ਼ ਸਾਮਰਾਜੀ ਰਾਜ ਦੇ ਖ਼ਿਲਾਫ਼ ਜੰਗ ਵਿਚ ਇਨਕਲਾਬੀ ਔਰਤਾਂ ਸਵਿਤਰੀ ਬਾਈ ਫੂਲੇ ਤੇ ਉਸਦੀ ਸਾਥਣ ਸ਼ੇਖ ਫਾਤਿਮਾ ਨੇ ਲੜਕੀਆਂ ਨੂੰ ਪੜ੍ਹਨ ਸੋਚਣ ਦੇ ਕਾਬਿਲ ਬਣਾਉਣ ਲਈ ਇਨਕਲਾਬੀ ਅਮਲ ਸ਼ੁਰੂ ਕੀਤਾ, ਪੰਜਾਬ ਵਿਚ ਵੀ 1793 ਦੇ ਸਮੇਂ ਜਰਨੈਲ ਸਾਹਿਬ ਕੌਰ ਦਾ ਕੰਪਨੀ ਜਰਨੈਲ ਅਤੇ ਫਿਰ ਮਰਹੱਟਿਆਂ ਨੂੰ ਹਰਾਉਣ ਦੀ ਵਾਰ ਵਿਚ ਪ੍ਰੋ. ਮੋਹਨ ਸਿੰਘ ਨੇ ਇੰਝ ਜ਼ਿਕਰ ਕੀਤਾ।ਬਿੱਜ ਪਈ ਮਰਹੱਟਿਆਂ ਕੁਝ ਪੇਸ਼ ਨਾ ਜਾਏ, ਭੱਜ ਉਠੇ ਉਹ ਜਿਧਰ ਨੂੰ ਵੀ ਸਿੰਙ ਸਮਾਏ,ਏਦਾਂ ਮਾਣ ਪੰਜਾਬ ਦੇ ਵੈਰੀ ਹੱਥ ਆਏ, ਬੱਚੀ ਪੰਜ-ਦਰਿਆ ਦੀ ਨੇ ਰੱਖ ਵਿਖਾਏ ।ਪਰ ਅਫ਼ਸੋਸ ਹੈ ਕਿ ਪਟਿਆਲੇ ਵਿਚ ਉਸ ਦਾ ਕੋਈ ਨਿਸ਼ਾਨ ਨਹੀਂ ਹੈ, ਕਿਓਂਕਿ ਰਾਜ ਨੂੰ ਆਪਣੀਆਂ ਬਹਾਦਰ ਔਰਤਾਂ ਤੋਂ ਡਰ ਲਗਦਾ ਹੈ।ਅੰਗਰੇਜ਼ ਵਿਰੁੱਧ ਇਨਕਲਾਬੀ ਲਹਿਰ ਨੇ ਬਹੁਤ ਲਾਸਾਨੀ ਔਰਤ ਇਨਕਲਾਬੀਆਂ ਨੂੰ ਅਮਰ ਕੀਤਾ ਹੈ ਜਿਵੇਂ 1857 ਦੀਆਂ ਗਦਰੀ ਅਜੀਜ਼ਨ , ਬੇਗ਼ਮ ਹਜ਼ਰਤ ਮਹਲ, ਰਾਣੀ ਝਾਂਸੀ, ਜਰਨੈਲ ਝਲਾਰੀ ਬਾਈ, ਗਦਰੀ ਬੀਬੀ ਗੁਲਾਬ ਕੌਰ, ਦੁਰਗਾ ਭਾਬੀ, ਸੁਸ਼ੀਲਾ ਦੀਦੀ ਜਿਹੀਆਂ ਔਰਤਾਂ ਨੇ ਜਦ ਵੀ ਕਮਾਂਡ ਆਪਣੇ ਹੱਥ ਲਈ, ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਭਗਤ ਸਿੰਘ ਨੇ ਇਨ੍ਹਾਂ ਇਨਕਲਾਬਣਾਂ ਨੂੰ ਸਲਾਮ ਕਰਦਿਆਂ ਇਹ ਲਿਖਿਆ ਸੀ:“ਇਹ ਉਹ ਭਾਰਤ ਦੀਆਂ ਬਹਾਦਰ ਸਪੁੱਤਰੀਆਂ ਹਨ, ਜਿਨ੍ਹਾਂ ਦੀ ਆਪਣੀ ਕੁਰਬਾਨੀ ਤਾਂ ਬੇਮਿਸਾਲ ਹੈ। ਨਾਲ਼ ਹੀ ਜਿਨ੍ਹਾਂ ਨੇ ਆਪਣੇ ਪਤੀਆਂ ਤੇ ਭਰਾਵਾਂ ਨੂੰ ਜਾਂ ਬਲੀ ਵੇਦੀ ਤੇ ਭੇਂਟ ਚੜ੍ਹਾਇਆ ਹੈ ਜਾਂ ਬਲੀ ਲਈ ਆਪਣੇ ਹੱਥੀਂ ਤੋਰਿਆ ਹੈ, ਇਹਨਾਂ ਬਹਾਦਰ ਦੇਵੀਆਂ ਨੇ ਆਪਣੀ ਜਾਨ ਸਮੇਤ, ਹਰ ਪਿਆਰੀ ਤੇ ਨਜ਼ਦੀਕੀ ਚੀਜ਼ ਨੂੰ ਕੁਰਬਾਨੀ ਲਈ ਭੇਂਟ ਕੀਤਾ ਹੈ। ਤੇ ਤੁਹਾਡੀ ਸਰਕਾਰ (ਅੰਗਰੇਜ਼) ਉਹਨਾਂ ਨੂੰ ਵਿਦਰੋਹੀ ਕਰਾਰ ਦੇ ਰਹੀ।" ਹੈਰਾਨੀ ਨਹੀਂ ਕਿ ਅੱਜ ਦੀ ਸਰਕਾਰ ਵੀ ਉਹੀ ਅੰਗਰੇਜ਼ ਸਰਕਾਰ ਦੀ ਨੀਤੀ ‘ਤੇ ਚੱਲ ਰਹੀ ਹੈ, ਹਰ ਤਰ੍ਹਾਂ ਯਾਨੀ ਆਰਥਿਕ ਤੇ ਦਮਨ ਨੀਤੀਆਂ ਤੇ। ਇਸ ਕਰਕੇ ਇਸ ਕਿਸਾਨ ਲਹਿਰ ਵਿਚ ਵੀ ਨੌਜਵਾਨ ਔਰਤ ਕਾਰਕੁਨਾਂ ਦਾ ਕਰਤਾ ਧਰਤਾ ਬਣਨ ਦਾ ਅਹਿਦ ਇਕ ਨਵੇਂ ਅਜ਼ਾਦੀ ਦੇ ਯੁਗ ਦਾ ਆਗਾਜ਼ ਹੈ ਅਤੇ ਇਸ ਕਿਸਾਨ ਲਹਿਰ ਦੀਆਂ ਦੂਸਰੀਆਂ ਇਨਕਲਾਬੀ ਪ੍ਰਾਪਤੀਆਂ ਦੇ ਨਾਲ਼ ਇਹ ਇਕ ਮਹੱਤਵਪੂਰਨ ਯੋਗਦਾਨ ਹੈ।ਅੱਜ ਦੇ ਸੰਕਟ ਨੇ ਬਹੁਤ ਕੁਝ ਸਪੱਸ਼ਟ ਕਰ ਦਿੱਤਾ ਹੈ। ਇਕ ਬਿਲਕੁਲ ਸਾਫ਼ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜਨਤਾ "ਆਤਮਨਿਰਭਰ" ਹੋ ਜਾਵੇ ਕਿਓਂਕਿ ਇਹ ਰਾਜਪ੍ਰਬੰਧ ਅਮੀਰਾਂ ਦਾ ਢਿੱਡ ਹੀ ਭਰ ਸਕਦਾ ਹੈ ਤੇ ਜਨਤਾ ਲਈ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਲਈ ਕੁਝ ਵੀ ਨਾ ਕਰਨ ਦੀ ਠਾਣੀ ਹੋਈ ਹੈ। ਇਸ ਕਰਕੇ ਹਰ ਪਿੰਡ ਤੇ ਮੁਹੱਲੇ ਵਿਚ ਵੀ ਔਰਤ ਨੂੰ ਕਰਤੀ ਧਰਤੀ ਬਣਨਾ ਪਵੇਗਾ। ਜੋ ਇਸ ਲਹਿਰ ਦੇ ਮੋਰਚੇ ਨੇ ਇਨਕਲਾਬੀ ਸੱਭਿਆਚਾਰ ਸਿਖਾਇਆ ਹੈ, ਉਸ ਨੂੰ ਜ਼ਮੀਨੀ ਪੱਧਰ ‘ਤੇ ਠੋਸ ਬਣਾਉਣ ਲਈ ਕੁਝ ਅਜਿਹੀਆਂ ਪਹਿਲ ਕਦਮੀਆਂ ਦਾ ਸੋਚਣਾ ਹੋਵੇਗਾ ਜੋ ਪਿੰਡ ਪੱਧਰ ‘ਤੇ ਵਿੱਦਿਆ, ਸਿਹਤ ਤੇ ਖੁਰਾਕ ਦੇ ਪ੍ਰਬੰਧ ਵਿੱਚ ਮੁਖਤਾ ਦੇਵੇ। ਇਸ ਤਰ੍ਹਾਂ ਇਕ-ਦੂਜੇ ਨਾਲ਼ ਹੱਥ ਨਾਲ਼ ਹੱਥ ਮਿਲਾ ਕੇ, ਬਲਵਾਨ ਬਣਦੇ ਹੋਏ ਸੰਕਟ ਦਾ ਨਿਵੇਕਲਾ ਹੱਲ ਕੱਢੀਏ। ਭਗਤ ਸਿੰਘ ਨੇ ਕਿਹਾ ਸੀ, "ਜਿਸ ਦਿਨ ਮਨੁਖੱਤਾ ਦੀ ਸੇਵਾ ਤੇ ਦੁਖ ਝਾਗ ਰਹੀ ਮਨੁੱਖਤਾ ਦੇ ਨਿਜਾਤ ਦੀ ਭਾਵਨਾ ਨਾਲ਼ ਪ੍ਰੇਰਿਤ ਹੋ ਕੇ ਬਹੁਤ ਸਾਰੇ ਮਰਦ ਔਰਤਾਂ ਅੱਗੇ ਆ ਗਏ... ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੂਰੁ ਹੋਵੇਗਾ।"ਕਰਤੀ ਧਰਤੀ ਨੇ ਇਸ ਦਾ ਆਗਾਜ਼ ਕਰ ਦਿੱਤਾ ਹੈ।

Lennon Stella

ਗਰੀਬੀ ਜਿਸ ਖ਼ਰੀਦੀ ਹੈ

ਤਾਇਆ ਜੀ ਗੁਰਮੁਖ ਸਿੰਘ (1887-1977) ਨਾਲ਼ ਬਿਤਾਏ ਮੇਰੇ ਜੀਵਨ ਦੇ ਸਾਲ ਗਿਣਤੀ ਵਿਚ ਬਹੁਤ ਥੋੜ੍ਹੇ ਹਨ, ਪਰ ਭਾਵੁਕ ਰੂਪ ਵਿਚ ਸਾਰੀ ਉਮਰ ਲੰਘੀ ਹੈ। ਸੰਨ 1913 ਵਿਚ ਕਾਮਗਾਟਾਮਾਰੂ ਦੇ ਸਫ਼ਰ ਪਿੱਛੋਂ ਗ੍ਰਿਫ਼ਤਾਰੀ, ਫਿਰ ਗ੍ਰਿਫ਼ਤਾਰੀ ਤੇ ਰੂਪੋਸ਼ੀ, ਲਾਹੌਰ ਸ਼ਾਹੀ ਕਿਲੇ, ਅੰਡੇਮਾਨ ਕਾਲ਼ੇਪਾਣੀ ਦੀ ਸੈਲੂਲਰ ਜੇਲ ਤੇ ਫੇਰ ਚਲਦੀ ਗੱਡੀ ਵਿਚੋਂ ਫ਼ਰਾਰ ਹੋਣ ਪਿੱਛੋਂ ਫੇਰ ਕੈਦ; ਜਾ ਕੇ 1946 ਵਿਚ ਰਿਹਾਈ ਹੋਈ। ਹਿੰਦੋਸਤਾਨ ਦੇ ਆਜ਼ਾਦ ਹੋਣ ਸਮੇਂ ਅਜੇਹੇ ਹਾਦਸੇ ਸਮੇਂ ਅਸੀਂ ਮਿਲ਼ੇ, ਜੋ ਸਾਡੇ ਦੋਹਾਂ ਲਈ ਅਸਹਿ ਸੀ। ਇਹ ਸੀ ਮੇਰੇ ਵੱਡੇ ਤਾਇਆ ਜੀ ਚੜ੍ਹਤ ਸਿੰਘ ਦਾ ਵੰਡ ਸਮੇਂ ਬਲੋਚ ਰੈਜਮੈਂਟ ਹੱਥੋਂ ਮਾਰੇ ਜਾਣਾ। ਉਸ ਸਮੇਂ ਪਰਿਵਾਰ ਵਿਚ ਅਸੀਂ ਦੋ ਹੀ ਜੀਅ ਬਾਕੀ ਬਚੇ ਰਹਿ ਗਏ ਸੀ।ਤਾਇਆ ਜੀ ਨੇ ਇਨ੍ਹਾਂ ਮੁਲਤਾਨ ਜੇਲ ਦੀ ਮੁਲਾਕਾਤ ਵਿਚ ਮੇਰੇ ਸਿਰ `ਤੇ ਹੱਥ ਰੱਖ ਕੇ ਹੁਲਾਰ ਕੇ ਕਿਹਾ ਸੀ: “ਇਹ ਸਾਡਾ ਬੱਚਾ ਇਨਕਲਾਬੀ ਬਣੇਗਾ।” ਅਤੇ ਹੁਣ ਵੀ ਉਨ੍ਹਾਂ ਨੇ ਇਕ ਵਾਕ ਹੀ ਬੋਲਿਆ, “ਦਲਬੀਰ, ਇਹ ਨਾ ਸਮਝੀਂ ਗਰੀਬੀ ਸਾਡੀ ਕਿਸਮਤ ਵਿਚ ਹੈ, ਗਰੀਬੀ ਮੈਂ ਖਰੀਦੀ ਹੈ।” ਇਕ ਵਾਰੀ ਫ਼ਰਵਰੀ 1950 ਵਿਚ ਅੰਮ੍ਰਿਤਸਰ ਵਿਚ ਪੰਜਾਬ ਸਟੂਡੈਂਟਸ ਫ਼ੈਡਰੇਸ਼ਨ ਦੀ ਕਾਨਫ਼ਰੰਸ ਵਿਚ ਆਪਣੀ ਗ੍ਰਿਫ਼ਤਾਰੀ ਪਿੱਛੋਂ ਮੈਂ ਲੁਧਿਆਣੇ ਆ ਕੇ ਮਿਲ਼ੀ; ਤਾਂ ਬਹੁਤ ਖ਼ੁਸ਼ ਹੋਏ, ਹੱਲਾਸ਼ੇਰੀ ਦਿੱਤੀ ਤੇ ਕਹਿਣ ਲੱਗੇ: “ਮੁਕੱਦਮੇ ਵਿਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਵਿਖਾਉਣੀ।” ਨਾਲ਼ ਹੀ ਉਨ੍ਹਾਂ ਨੇ ਲਾਹੌਰ ਦੇ ਸ਼ਾਹੀ ਕਿਲੇ ਵਿਚ ਝੱਲੀ ਸਖ਼ਤੀ ਦਾ ਜ਼ਿਕਰ ਕੀਤਾ ਤੇ ਕਹਿਣ ਲੱਗੇ ਕਿ ਜਦ ਕੋਈ ਪੁਲਿਸ ਅਫ਼ਸਰ ਸਵਾਲ ਪੁੱਛੇ, ਤਾਂ ਸਿੱਧਾ ਉਹਦੀਆਂ ਅੱਖਾਂ ਵਿਚ ਦੇਖਣ ਦੀ ਜੁਅਰਤ ਕਰੋ। ਜੇ ਤੁਸੀਂ ਇਹ ਦਲੇਰੀ ਕਰ ਸਕੋਂ, ਤਾਂ ਜਾਬਰ ਅਫ਼ਸਰ ਵੀ ਆਸਾਨੀ ਨਾਲ਼ ਤੁਹਾਡੇ `ਤੇ ਹਾਵੀ ਨਹੀਂ ਹੋ ਸਕਦਾ। ਮੈਨੂੰ ਇਹ ਦੇਖਣ ਦਾ ਮੌਕਾ ਤਾਂ ਨਹੀਂ ਮਿਲ਼ਿਆ, ਪਰ ਜਦ 1936 ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਸਮਾਂ ਅੱਖਾਂ ਸਾਹਮਣੇ ਆਉਂਦਾ ਹੈ, ਤਾਂ ਝੁਣਝੁਣਾ ਜਾਂਦੀ ਹਾਂ ਕਿ ਉਨ੍ਹਾਂ ਨੇ ਲਾਹੌਰ ਕਿਲੇ ਦੇ ਵਹਿਸ਼ੀ ਮਾਹੌਲ ਦੀ ਪ੍ਰਵਾਹ ਕੀਤਿਆਂ ਬਿਨਾਂ ਜੁਆਬ ਦਿੱਤਾ ਸੀ: “ਕਮਿਉਨਿਸਟ ਇੰਟਰਨੈਸ਼ਨਲ, ਕਿਰਤੀ ਪਾਰਟੀ ਤੇ ਫ਼ੰਡਾਂ ਦਾ ਸਭ ਕੁਛ ਮੈਨੂੰ ਪਤਾ ਹੈ; ਪਰ ਮੈਂ ਦੱਸਣਾ ਨਹੀਂ। ਜੋ ਕਰਨਾ ਹੈ, ਕਰ ਲਓ।”ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਇਹ ਤਿੰਨ ਮਹੀਨੇ ਇਸ ਸ਼ਾਹੀ ਕਿਲ੍ਹੇ ਦੀ ਕੈਦ ਵਿਚੋਂ ਪੁਲਿਸ ਨੂੰ ਗਾਲ੍ਹਾਂ ਕੱਢਦੇ ਵੜੇ ਸਨ ਤੇ ਗਾਲ੍ਹਾਂ ਕੱਢਦੇ ਨਿਕਲ਼ੇ। ਕੋਈ ਜਾਬਰ ਅਫ਼ਸਰ ਵੀ ਉਨ੍ਹਾਂ ਨੂੰ ਹੱਥ ਨਹੀਂ ਸੀ ਲਾ ਸਕਿਆ।ਇਸ ਤਰ੍ਹਾਂ ਹੀ ਅੰਡੇਮਾਨ ਜੇਲ ਵਿਚ ਦਲੇਰੀ ਨਾਲ਼ ਬਿਤਾਏ ਦਿਨਾਂ ਬਾਰੇ ਵੀ ਮੈਨੂੰ ਬਾਬਾ ਸੋਹਣ ਸਿੰਘ ਜੀ ਭਕਨਾ ਨੇ ਦੱਸਿਆ ਸੀ ਕਿ ਭਾਈ (ਗ਼ਦਰੀ ਆਪਸ ਵਿਚ ਇੱਕ ਦੂਜੇ ਨੂੰ ਭਾਈ, ਕਹਿੰਦੇ ਸਨ) ਸਾਡੇ ਵਿਚੋਂ ਛੋਟਾ ਸੀ, ਪਰ ਸੀ ਬੜਾ ਨਿਡਰ।ਉਹ ਸਹਿਜੇ ਆਪਬੀਤੀਆਂ ਦਾ ਬਿਆਨ ਨਾ ਲਿਖਦੇ ਸੀ ਤੇ ਨਾ ਕਰਦੇ ਸੀ। ਪਰ ਪ੍ਰਿੰਸੀਪਲ ਵਰਿਆਮ ਸਿੰਘ ਉਨ੍ਹਾਂ ਤੋਂ ਗੱਲਾਂ-ਗੱਲਾਂ ਵਿਚ ਕਈ ਵਾਰ ਬੀਤੇ ਦੀ ਹਕੀਕਤ ਖੁੱਲ੍ਹਵਾ ਲੈਂਦੇ ਸਨ। ਸੰਨ 1922 ਵਿਚ ਚੱਲਦੀ ਰੇਲਗੱਡੀ ਵਿਚੋਂ ਬੇੜੀਆਂ ਸਮੇਤ ਦੌੜਨ ਦਾ ਕਾਰਨ ਤੇ ਦਲੇਰੀ ਤਾਂ ਉਨ੍ਹਾਂ ਦੇ ਅਪਣੇ ਮੂੰਹੋਂ ਉਸ ਸਮੇਂ ਹੀ ਸੁਣੀ, ਜਦੋਂ ਉਹ ਵਰਿਆਮ ਸਿੰਘ ਨੂੰ ਦੱਸ ਰਹੇ ਸਨ ਤੇ ਫ਼ਰਾਰ ਹੋਣ ਦੀ ਕਹਾਣੀ ਬਾਬਾ ਸੱਜਣ ਸਿੰਘ ਜੀ ਨਾਰੰਗਵਾਲ਼ ਤੋਂ ਸੁਣੀ, ਜਿਹੜੇ ਉਸ ਸਮੇਂ ਇਨ੍ਹਾਂ ਦੇ ਨਾਲ਼ ਸਨ। ਤਾਇਆ ਜੀ ਦਾ ਕਹਿਣਾ ਸੀ ਕਿ ਉਹ ਸੋਚਦੇ ਸਨ ਕਿ “ਜੇਲ ਵਿਚ ਉਮਰ ਗਾਲਣ ਦਾ ਕੋਈ ਫ਼ਾਇਦਾ ਨਹੀਂ। ਅੰਡੇਮਾਨ ਜੇਲ ਵਿਚ ਮੈਂ ਇਰਾਦਾ ਕਰ ਲਿਆ ਸੀ ਕਿ ਫ਼ਰਾਰ ਹੋਣ ਦਾ ਜਤਨ ਮੈਂ ਜ਼ਰੂਰ ਕਰਨਾ ਹੈ। ਇਕ ਵਾਰ ਇਹ ਸਕੀਮ ਵੀ ਬਣੀ ਕਿ ਸ਼ਤੀਰੀਆਂ ਦਾ ਤੁਲਾ ਬਣਾ ਕੇ ਸਮੁੰਦਰ ਵਿਚ ਠਿੱਲ੍ਹ ਪਈਏ, ਪਰ ਫਿਰ ਇਹ ਸਕੀਮ ਤਿਆਗ ਦਿੱਤੀ। ਚਲਦੀ ਗੱਡੀ ਵਿਚੋਂ ਫ਼ਰਾਰ ਹੋਣ ਸਮੇਂ ਮੈਂ ਇਹ ਜਾਣਦਾ ਸੀ ਕਿ ਪੁਲਸੀਏ ਮੇਰਾ ਪਿੱਛਾ ਕਰਨ ਲਈ ਅਪਣੀ ਜਾਨ ਜੋਖੋਂ ਵਿਚ ਨਹੀਂ ਪਾਉਣਗੇ। ਮੈਂ ਹੌਲ਼ੀ ਹੌਲ਼ੀ ਅਪਣੇ ਹੱਥਾਂ ਵਿਚੋਂ ਹੱਥਕੜੀਆਂ ਖਿਸਕਾਈਆਂ। ਮੇਰੇ ਹੱਥ ਛੋਟੇ ਤੇ ਨਰਮ ਸਨ। ਫਿਰ ਬੇੜੀਆਂ ਸਮੇਤ ਛਾਲ਼ ਮਾਰ ਦਿੱਤੀ, ਕਿਉਂ ਜੋ ਗੱਡੀ ਨੇ ਸਟੇਸ਼ਨ ਛੱਡਣ ਪਿੱਛੋਂ ਅਜੇ ਰਫ਼ਤਾਰ ਨਹੀਂ ਸੀ ਫੜੀ। ਇਹ ਇਲਾਕਾ ਪਥਰੀਲਾ ਸੀ। ਕੁਝ ਸੱਟਾਂ ਵੀ ਲੱਗੀਆਂ।ਬਾਬਾ ਸੱਜਣ ਸਿੰਘ ਦੇ ਦੱਸਣ ਅਨੁਸਾਰ: ਗੁਰਮੁਖ ਸਿੰਘ ਨੇ ਮੇਰੇ ਨਾਲ਼ ਸਲਾਹ ਕੀਤੀ, ਫ਼ਰਾਰ ਹੋਣ ਦੀ; ਪਰ ਮੈਂ ਕਿਹਾ ਕਿ ਮੇਰੇ ਵਿਚ ਇੰਨੀ ਹਿੰਮਤ ਨਹੀਂ। ਪਰ ਉਹਨੇ ਕਿਹਾ ਕਿ ਜੇ ਮੈਂ ਇਕੱਲਾ ਦੌੜਿਆ, ਤਾਂ ਪੁਲਿਸ ਤੇਰੇ `ਤੇ ਸਖ਼ਤੀ ਕਰੂਗੀ। ਮੈਂ ਕਿਹਾ ਕਿ ਇਹ ਮੈਂ ਸਾਂਭ ਲਵਾਂਗਾ। ਤੂੰ ਨੱਠ ਸਕਦੈਂ, ਤਾਂ ਨੱਠ ਜਾ। ਐਨ ਮੌਕੇ `ਤੇ ਪਹਿਲਾਂ ਜਦ ਗੁਰਮੁਖ ਸਿੰਘ ਨੇ ਛਾਲ਼ ਮਾਰਨੀ ਸੀ, ਤਾਂ ਮੈਂ ਚਾਦਰ ਮੂੰਹ ਉੱਤੇ ਲੈ ਕੇ ਪੈ ਗਿਆ। ਇਹਦੇ ਦੌੜ ਜਾਣ ਤੋਂ ਕਾਫ਼ੀ ਚਿਰ ਪਿੱਛੋਂ ਸਿਪਾਹੀਆਂ ਵਿਚੋਂ ਕਿਸੇ ਇਕ ਨੂੰ ਜਾਗ ਆ ਗਈ। ਉਨ੍ਹਾਂ ਰੌਲ਼ਾ ਪਾਇਆ। ਅੱਗੋਂ ਮੈਂ ਇਹਨੂੰ (ਗੁਰਮੁਖ ਸਿੰਘ) ਗਾਲ੍ਹਾਂ ਕੱਢੀਆਂ ਕਿ ਆਪ ਭੱਜ ਗਿਆ ਤੇ ਮੈਨੂੰ ਫਸਾ ਗਿਆ। ਮੈਨੂੰ ਯਕੀਨ ਸੀ ਕਿ ਗੁਰਮੁਖ ਸਿੰਘ ਹੁਣ ਇਨ੍ਹਾਂ ਦੇ ਕਾਬੂ ਨਹੀਂ ਆਉਂਦਾ। ਸਿਪਾਹੀਆਂ ਨੇ ਜ਼ੰਜੀਰ ਖਿੱਚ ਕੇ ਗੱਡੀ ਰੋਕੀ ਤੇ ਰੇਲਵੇ ਲਾਈਨ ਦਾ ਆਸਪਾਸ ਬਥੇਰਾ ਟੋਲ਼੍ਹਿਆ, ਪਰ ਗੁਰਮੁਖ ਸਿੰਘ ਤਾਂ ਬਹੁਤ ਪਿੱਛੇ ਰਹਿ ਗਿਆ ਸੀ।” ਇਹ ਘਟਨਾ ਉਦੋਂ ਦੀ ਹੈ, ਜਦੋਂ 1922 ਵਿਚ ਗੁਰਮੁਖ ਸਿੰਘ ਤੇ ਸੱਜਣ ਸਿੰਘ ਨਾਰੰਗਵਾਲ਼ ਨੂੰ ਤ੍ਰਿਚਨਾਪਲੀ ਜੇਲ ਤੋਂ ਅਕੋਲਾ ਜੇਲ ਵਿਚ ਭੇਜਿਆ ਜਾ ਰਿਹਾ ਸੀ।ਇਕ ਹੋਰ ਦਿਲਚਸਪ ਘਟਨਾ ਓਦੋਂ ਵਾਪਰੀ, ਜਦ ਤਾਇਆ ਜੀ ਤੇ ਬਾਬਾ ਪ੍ਰਿਥੀ ਸਿੰਘ ਨੂੰ ਰੂਸ ਤੋਂ ਪਰਤਦਿਆਂ ਅਫ਼ਗ਼ਾਨਿਸਤਾਨ ਵਿਚ ਕੈਦ ਕੀਤਾ ਗਿਆ ਸੀ। ਰੂਸੀ ਮੁਦਾਖ਼ਲਤ ਕਾਰਣ ਭਾਰਤ ਵਿਚ ਕੇਂਦਰੀ ਲੈਜਿਸਲੇਟਿਵ ਕੌਂਸਿਲ ਵਿਚ ਤੇ ਸੰਸਾਰ ਵਿਚ ਸਾਰੇ ਰੌਲ਼ਾ ਪੈ ਗਿਆ ਸੀ ਕਿ ਦੋਹਵਾਂ ਇਨਕਲਾਬੀਆਂ ਨੂੰ ਰਿਹਾਅ ਕੀਤਾ ਜਾਵੇ। ਬਹੁਤ ਅਦਭੁੱਤ ਪਰ ਸਲਾਹੁਣਯੋਗ ਘਟਨਾ ਮੈਂ ਅੱਖੀਂ ਓਦੋਂ ਦੇਖੀ; ਜਦੋਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਰੂੜ ਸਿੰਘ ਦੇ ਪਿੰਡ ਚੂਹੜਚੱਕ ਉਨ੍ਹਾਂ ਦੇ ਭੋਗ `ਤੇ ਜਾ ਰਹੇ ਸਨ। ਇਹ 1955 ਦੀ ਘਟਨਾ ਹੈ। ਤਾਇਆ ਜੀ ਬਾਬਾ ਜੀ ਨੂੰ ਸਟੇਸ਼ਨ ਤੋਂ ਘਰ ਲੈ ਕੇ ਆਏ, ਤਾਂ ਆਪ ਹੀ ਪਾਣੀ ਤੱਤਾ ਕਰਕੇ ਚਿਲਮਚੀ ਵਿਚ ਪਾ ਕੇ ਉਨ੍ਹਾਂ ਦੇ ਸਫ਼ਰ ਵਿਚ ਥੱਕੇ ਪੈਰਾਂ ਸਲਾਹੇ ਤੇ ਧੋਤੇ ਤੇ ਨਾਲ਼ ਹੀ ਹਿਰਖੇ ਵੀ ਕਿ ਉਹ ਇਸ ਅਵਸਥਾ ਵਿਚ ਇਕੱਲੇ ਕਿਉਂ ਆਏ? ਲੁਧਿਹਾਣੇ ਘਰ ਵਿਚ ਉਨ੍ਹਾਂ ਦੇ ਦੋ ਜੋੜੇ ਅਰਥਾਤ ਕੁੜਤਾ ਪਜਾਮਾ ਹੁੰਦਾ ਸੀ, ਜੋ ਆਪ ਹੀ ਧੋ ਕੇ ਤੇ ਤਹਿ ਮਾਰਕੇ ਸਰਾਹਣੇ ਥੱਲੇ ਰੱਖ ਲੈਂਦੇ, ਕਿਉਂ ਪ੍ਰੈੱਸ ਕਰਨੀ ਉਸ ਸਮੇਂ ਔਖੀ ਸੀ ਜਾਂ ਕਹੋ ਕਿ ਸਾਡੇ ਕੋਲ਼ ਬਿਜਲੀ ਦੀ ਪ੍ਰੈੱਸ ਨਹੀਂ ਸੀ। ਸਵੇਰੇ ਹੀ ਰੱਖ ਬਾਗ਼ ਲੁਧਿਹਾਣੇ ਤੋਂ ਸਿਵਲ ਲਾਇਨਜ਼ ਲੁਧਿਹਾਣੇ ਕੰਮ ਕਰਕੇ ਪਹਿਲੀ ਬੱਸ ਜਲੰਧਰ ਦੀ ਲੈਂਦੇ ਸਨ। ਮੈਂ ਕਦੇ ਉਨ੍ਹਾਂ ਨੂੰ ਰਿਕਸ਼ੇ `ਤੇ ਆਉਂਦੇ ਜਾਂਦੇ ਨਹੀਂ ਦੇਖਿਆ ਸੀ।ਲੇਖਿਕਾ ਬਾਰੇ: ਬੀਬੀ ਦਿਲਬੀਰ ਕੌਰ (ਜਨਮ 1932) ਲੁਧਿਆਣੇ ਦੇ ਗੌਰਮਿੰਟ ਕਾਲਜ ਫ਼ੌਰ ਵਿਮੈੱਨ, ਅੰਬਾਲੇ ਦੇ ਦੇਵ ਸਮਾਜ ਕਾਲਜ ਤੇ ਦਿੱਲੀ ਦੇ ਇੰਦਰਪ੍ਰਸਥ ਕੌਲਿਜ ਵਿਚ ਪੰਜਾਬੀ ਦੇ ਲੈਕਚਰਾਰ ਰਹੇ। ਹੁਣ ਇਹ ਲੰਦਨ ਰਹਿੰਦੇ ਹਨ।

Lennon Stella

ਔਰਤਾਂ ਦੀ ਟਰੈਕਟਰ ਰੈਲੀ ਵਿਚ ਦੋ ਭੈਣਾਂ

21 ਮਾਰਚ 2021 ਦਾ ਦਿਨ ਮੇਰੀ ਜਿੰਦਗੀ ਦੇ ਸੂਹੇ ਫਰੇਮ ਵਿਚ ਮੜ੍ਹਿਆ ਗਿਆ ਹੈ। ਤਿੰਨੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਔਰਤਾਂ ਦਾ ਟਰੈਕਟਰ ਮਾਰਚ ਅਡਾਨੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਤੋਂ ਰਵਾਨਾ ਹੋਣ ਤੋਂ ਪਹਿਲਾਂ ਦਾ ਦ੍ਰਿਸ਼ ਇਤਿਹਾਸ ਦਾ ਨਵਾਂ ਪੰਨਾ  ਲਿਖ ਰਿਹਾ ਸੀ। ਵੱਖ ਵੱਖ ਪਿੰਡਾਂ ਤੋਂ ਟਰੈਕਟਰ ਲਿਆ ਕੇ ਬੰਦਰਗਾਹ ਦੇ ਸਾਹਮਣੇ ਕਤਾਰ ਵਿਚ ਖੜਾਅ ਰਹੀਆਂ ਸਨ ਜਿਵੇਂ ਕਾਰਪੋਰੇਟ ਘਰਾਣਿਆਂ ਅਤੇ ਕੇਂਦਰੀ ਸਰਕਾਰ ਨੂੰ ਸਿੱਧਾ ਵੰਗਾਰ ਰਹੀਆਂ ਸਨ ਕਿ ਉਹ ਕਿਰਤੀਆਂ, ਕਿਸਾਨਾਂ ਅਤੇ ਲੋਕਾਂ ਦਾ ਉਜਾੜਾ ਨਹੀਂ ਹੋਣ ਦੇਣਗੀਆਂ। ਆਸ ਪਾਸ ਕਣਕਾਂ ਦੇ ਖੇਤ ਸਿਰ ਹਿਲਾ ਕੇ ਇਕਜੁੱਟਤਾ ਦਾ ਹੁੰਗਾਰਾ ਭਰ ਰਹੇ ਸਨ। ਪਕੌੜਿਆਂ ਨਾਲ਼ ਚਾਹ ਪੀਣ ਦੇ ਨਾਲ਼ ਨਾਲ਼ ਕੇਂਦਰ ਸਰਕਾਰ ਦੀ ਢੀਠਤਾਈ, ਬਦਜ਼ੁਬਾਨੀ,ਕਾਲੀ ਸਿਆਸਤ ਦੀਆਂ ਅਨੇਕਾਂ ਅਵਾਜ਼ਾਂ ਹਰ ਹਾਲਤ ਹੱਕਾਂ ਲਈ ਲੜਣ ਦੇ ਅਹਿਦ ਵਿਚ ਤਬਦੀਲ ਸੁਣੀਆਂ। ਹਰ ਸ਼ਖ਼ਸ ਮਾਰਚ ਦੇ ਪ੍ਰਬੰਧਾਂ ਵਿਚ ਮਸਰੂਫ਼ ਸੀ। ਹਰਨੇਕ ਗੁੱਜਰਵਾਲ ਸੰਗਰਾਮ ਟੀ ਵੀ ਲਈ ਬੀਬੀਆਂ ਦੀ ਇੰਟਰਵਿਊ ਕਰ ਰਿਹਾ ਸੀ। ਮੁੱਖ ਮਹਿਮਾਨ ਡਾ ਇੰਦਰਜੀਤ ਕੌਰ ਕਲਸੀ ਹਰੀਆਂ ਚੁੰਨੀਆਂ ਪਹਿਨਾ ਕੇ ਟਰੈਕਟਰ ਚਾਲਕਾਂ ਅਤੇ ਔਰਤਾਂ ਦਾ ਸਨਮਾਣ ਕਰ ਰਹੇ ਸਨ। ਜਨਵਾਦੀ ਇਸਤਰੀ ਸਭਾ, ਜਮਹੂਰੀ ਕਿਸਾਨ ਸਭਾ ਅਤੇ ਹੋਰ ਸਭਾਵਾਂ ਦੇ ਰੰਗ ਬਰੰਗੇ ਝੰਡਿਆਂ ਦੀ ਫਰ ਫਰ ਕਾਰਪੋਰੇਟਰਾਂ ਨੂੰ ਸਖ਼ਤ ਸੁਨੇਹਾ ਭੇਜ ਰਹੀ ਸੀ। ਸੱਭ ਤੋਂ ਅੱਗੇ ਕੁੜੀਆਂ ਦੇ ਸਕੂਟਰ, ਕਾਰਾਂ, ਸਪੀਕਰ ਵਾਲੀ ਕਾਰ, ਇਸ ਤੋਂ ਪਿੱਛੇ ਟਰੈਕਟਰਾਂ ਦੀ ਲੰਮੀ ਲਾਈਨ ਤੇ ਅਖੀਰ ਤੇ ਪੁਰਸ਼ਾਂ ਦੇ ਵਾਹਨ। ਡਾ ਇੰਦਰਜੀਤ ਕੌਰ ਕਲਸੀ ਹਰੀ ਝੰਡੀ ਲਹਿਰਾ ਰਹੇ ਸਨ। ਟਰੈਕਟਰਾਂ ਤੇ ਨਾਹਰਿਆਂ ਦੀ ਗੂੰਜ ਸੁੱਤੇ ਵਾਤਾਵਰਨ ਨੂੰ ਜਗਾ ਰਹੀ ਸੀ। ਮੈਂ ਸੱਭ ਤੋਂ ਪਹਿਲੇ ਟਰੈਕਟਰ ਦੀ ਚਾਲਕ ਸੀਟ ਤੇ ਸਾਂ। ਮੇਰੇ ਸੱਜੇ ਪਾਸੇ ਮੇਰੀ ਛੋਟੀ ਭੈਣ ਸੁਖਜਿੰਦਰ ਕੌਰ ਬੈਠੀ ਸੀ। ਜਿਉਂ ਹੀ ਮੈਂ ਗੇਅਰ ਪਾ ਕੇ ਕਲੱਚ ਛੱਡਿਆ ਤਾਂ ਯਾਦਾਂ ਬਚਪਨ ਵਾਲੇ ਘਰ ਲੈ ਗਈਆਂ। ਵਿਹੜਾ ਬੜਾ ਖੁੱਲ੍ਹਾ ਡੁੱਲ੍ਹਾ ਸੀ। ਸਾਡੇ ਬੀਬੀ ਜੀ 10 ਕੁ ਵਜੇ ਖੂਹ ਤੇ ਚਾਹ ਲੈ ਕੇ ਜਾਂਦੇ। ਮੈਂ ਤੇ ਸੁਖਜਿੰਦਰ ਵਾਰੀ - ਵਾਰੀ ਫ਼ੋਰਡ ਟਰੈਕਟਰ ਵਿਹੜੇ ਵਿਚ ਚਲਾ ਕੇ ਸਿੱਖਦੀਆਂ। ਇੱਕ ਵਾਰ ਕੰਧ ਵਿਚ ਵੱਜਣ ਤੋਂ ਐਨ ਪਹਿਲਾਂ ਬ੍ਰੇਕ ਲੱਗ ਗਈ ਤੇ ਅਸੀਂ ਚੋਰੀ - ਚੋਰੀ ਟਰੈਕਟਰ ਚਲਾਉਣ ਅਤੇ ਜੁੱਤੀਆਂ ਖਾਣ ਤੋਂ ਦੋਵੇਂ ਬਚ ਗਈਆਂ। ਅੱਜ ਫਿਰ ਅਸੀਂ ਦੋਵੇਂ ਇੱਕ ਯਾਦਗਾਰੀ ਇਤਿਹਾਸਕ ਰੈਲੀ ਵਿਚ ਸਾਂ। ਅਸੀਂ ਪਹਿਲੀ ਵਾਰ ਟਰੈਕਟਰ ਤੇ ਨਹੀਂ ਬੈਠੀਆਂ ਸਾਂ। ਮਾਰਚ ਡੇਹਲੋਂ ਬਜ਼ਾਰ ਵਿਚੋਂ ਹੁੰਦਾ ਹੋਇਆ ਰੰਗੀਆਂ, ਘੁੰਗਰਾਣਾ,ਜੜਤੌਲੀ, ਕਿਲ੍ਹਾ ਰਾਏਪੁਰ ਵਿਚੋਂ ਹੁੰਦਾ ਹੋਇਆ, ਹਜ਼ਾਰਾਂ ਲੋਕਾਂ ਦੇ ਕੈਮਰਿਆਂ ਵਿਚ ਕੈਦ ਹੁੰਦਾ, ਅਲੋਕਾਰ ਦ੍ਰਿਸ਼ ਸਿਰਜਦਾ, ਅਡਾਨੀਆਂ ਅੰਬਾਨੀਆਂ ਤੇ ਕੇਂਦਰ ਦੀ ਬੀ ਜੇ ਪੀ ਦੀ ਸਰਕਾਰ ਵਿਰੁੱਧ ਰੋਹ ਵੰਡਦਾ, ਏਕਤਾ ਅਤੇ ਸੰਘਰਸ਼ ਦਾ ਹੋਕਾ ਦਿੰਦਾ ਅਡਾਨੀ ਖੁਸ਼ਕ ਬੰਦਰਗਾਹ ਅੱਗੇ ਲੱਗੇ ਪੱਕੇ ਮੋਰਚੇ ਪੰਹੁਚ ਚੁੱਕਿਆ ਸੀ। ਅੰਦੋਲਨ ਦੀ ਵਾਗਡੋਰ ਤੇ ਟਰੈਕਟਰ ਦਾ ਸਟੇਅਰਿੰਗ ਆਪਣੇ ਹੱਥਾਂ ਵਿਚ ਲੈ ਕੇ ਸਾਨੂੰ ਮਹਿਸੂਸ ਹੋਇਆ ਕਿ 'ਅਸੀਂ ਇਨਕਲਾਬ ਹਾਂ।'ਪ੍ਰੋ ਸੁਰਿੰਦਰ ਗਿੱਲ ਜੈਪਾਲ, ਲੁਧਿਆਣਾ --------------ਮਿਤੀ 21-03-2021 ਨੂੰ ਮੈਂ ਔਰਤਾਂ ਦੀ ਟਰੈਕਟਰ ਰੈਲੀ ਵਿਚ ਸ਼ਾਮਿਲ ਹੋਣ ਲਈ ਪਹੁੰਚੀ ਤਾਂ ਮੇਰੇ ਜਿਹਨ ਵਿਚ ਉਹ ਟਰੈਕਟਰ (ਫੋਰਡ 3600) ਆਇਆ ਜਿਸਨੂੰ ਮੈਂ 1972 ਵਿਚ ਚਲਾਇਆ ਸੀ। ਸਾਡੇ ਮਨਾਂ ਵਿਚ ਚਾਅ ਅਤੇ ਅਥਾਹ ਉਤਸ਼ਾਹ ਸੀ ਕਿ ਸਾਡੇ ਘਰ ਬਾਪੂ ਜੀ ਨੇ ਨਵਾਂ ਟਰੈਕਟਰ ਲੈ ਕੇ ਆਉਣਾ ਹੈ। ਉਦੋਂ ਖੇਤੀ ਬਲਦਾਂ ਨਾਲ਼ ਹੁੰਦੀ ਸੀ, ਮੈਂ ਉਦੋਂ ਨੌਂਵੀ ਜਮਾਤ ਵਿਚ ਪੜਦੀ ਸਾਂ ਅਤੇ ਮੇਰੇ ਮਨ ਵਿਚ ਬਹੁਤ ਸਵਾਲ ਆਉਂਦੇ ਸਨ ਕਿ ਖੇਤੀ ਟਰੈਕਟਰ ਨਾਲ਼ ਕਿਵੇਂ ਹੋਵੇਗੀ, ਇਸ ਨਾਲ਼ ਜਮੀਨ ਕਿਵੇਂ ਵਾਹੀ ਜਾਵੇਗੀ, ਹਲ਼ ਕਿਵੇਂ ਚੜਨਗੇ, ਸੁਹਾਗਾ ਕਿਵੇਂ ਮਾਰਿਆ ਜਾਵੇਗਾ, ਟਰੈਕਟਰ ਖੇਤਾਂ ਵਿਚ ਮੋੜ ਕਿਵੇਂ ਕੱਟੇਗਾ, ਇਸ ਨਾਲ਼ ਬਿਜਾਈ ਕਿਵੇਂ ਹੋਵੇਗੀ। ਜਦੋਂ ਟਰੈਕਟਰ ਘਰ ਆਇਆ ਤਾਂ ਖੁਸ਼ੀ ਸੰਭਾਲੀ ਨਹੀਂ ਜਾਂਦੀ ਸੀ। ਲੋਕਾਂ ਨੇ ਘਰ ਆ ਕੇ ਵਧਾਇਆਂ ਦੇਣੀਆਂ, ਕਿਸੇ ਨੇ ਟਰੈਕਟਰ ਦੇ ਚਾਰ ਚੁਫੇਰੇ ਘੁੰਮ ਕੇ ਦੇਖਣਾ, ਟਰੈਕਟਰ ਦੇ ਟਾਇਰਾਂ ਨੂੰ ਹੱਥ ਲਾ ਕੇ ਵੇਖਣਾ, ਕਿਸੇ ਨੇ ਖੜੇ ਟਰੈਕਟਰ ਤੇ ਚੜਕੇ ਡਰਾਇਵਰ ਸੀਟ ਤੇ ਬੈਠਣਾ ਤੇ ਕਦੇ ਉੱਪਰ ਵਾਲੀਆਂ ਸੀਟਾਂ ਤੇ। ਮੈਂ ਸਪੈਸ਼ਲ ਖੇਤਾਂ ਵਿਚ ਚਲਦੇ ਨੂੰ ਵੇਖਣ ਜਾਣਾ, ਝੂਟੇ ਲੈਣੇ, ਜਦੋਂ ਟਰੈਕਟਰ ਉੱਚੀ ਨੀਵੀਂ ਥਾਂ ਤੋਂ ਲੰਘਦਾ ਹੁਲਾਰੇ ਆਉਣੇ ਤੇ ਫਿਰ ਹੱਸਣਾ ਖੇਡਣਾ ਖੁਸ਼ ਹੋਣਾ।ਟਰੈਕਟਰ ਆਉਣ ਨਾਲ਼ ਘਰ ਵਿਚ ਰੌਣਕਾਂ ਹੀ ਹੋਰ ਦੀਆਂ ਹੋਰ ਹੋ ਗਈਆਂ। ਵੱਡੇ ਵੀਰ ਜੀ ਨੇ ਬੇ ਆਬਾਦ ਜਮੀਨ ਨੂੰ ਤਵੀਆਂ ਨਾਲ਼, ਹਲਾਂ ਨਾਲ਼ ਵਾਹਿਆ ਤੇ ਕਰਾਹ ਕਰਕੇ ਪੱਧਰੀ ਕੀਤਾ ਤੇ ਆਬਾਦ ਕੀਤਾ। ਜਮੀਨ ਆਬਾਦ ਹੋਣ ਨਾਲ਼ ਫਸਲਾਂ ਚੰਗੀਆਂ ਹੋਣ ਲੱਗ ਪਈਆਂ ਤੇ ਆਮਦਨ ਵਿਚ ਵਾਧਾ ਹੋਇਆ, ਘਰ ਦਾ ਗੁਜਾਰਾ ਸੌਖਾ ਹੋਣ ਲੱਗ ਪਿਆ। ਸਾਰੇ ਭੈਣ ਭਰਾਵਾਂ ਦੀ ਪੜਾਈ ਤੇ ਖਰਚਣ ਜੋਗੇ ਪੈਸੇ ਆਉਣ ਲੱਗ ਪਏ। ਗਰੀਬੀ ਕਰਕੇ ਵੀ ਲੋਕ ਉਸ ਸਮੇਂ ਬੇਟੀਆਂ ਨੂੰ ਨਹੀ ਪੜਾ ਸਕਦੇ ਸੀ। ਪਰ ਮੇਰੇ ਬੀਜੀ ਤੇ ਬਾਪੂ ਜੀ ਨੇ ਸਾਨੂੰ ਖੂਬ ਪੜਾਇਆ। ਸਭ ਤੋਂ ਵੱਡੇ ਭੈਣ ਜੀ ਨੂੰ ਫਿਰੋਜ਼ਪੁਰ ਤੋਂ ਜੇ.ਬੀ.ਟੀ ਕਰਾਈ। ਉਸ ਤੋਂ ਛੋਟੇ ਭੈਣਜੀ ਸੁਰਿੰਦਰ ਕੌਰ ਜਲੰਧਰ ਡੀ.ਏ.ਵੀ ਕਾਲਜ ਹੋਸਟਲ ਵਿਚ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਸਟਲ ਵਿਚ ਪੜਾਇਆ। ਮੇਰੇ ਤੋਂ ਛੋਟੇ ਭੈਣ ਭਰਾ ਨੇ ਬੀ.ਏ ਕੀਤੀ। ਇਹ ਸਾਰਾ ਕਮਾਲ ਟਰੈਕਟਰ ਦਾ ਹੀ ਸੀ ਕਿ ਸਾਰੇ ਪੜੇ ਵੀ ਚੰਗੀਆਂ ਨੌਕਰੀਆਂ ਵੀ ਕੀਤੀਆਂ ਤੇ ਹੁਣ ਰਿਟਾਇਰ ਵੀ ਹੋ ਗਏ ਹਾਂ। ਮੈਨੂੰ ਉਸ ਕੁਦਰਤੀ ਕਰੋਪੀ ਦਾ ਚੇਤਾ ਨਹੀਂ ਭੁਲਦਾ ਜਦੋਂ ਗੜੇ ਪੈ ਗਏ ਤੇ ਕਣਕ ਦਾ ਇੱਕ ਵੀ ਦਾਣਾ ਸਾਡੇ ਘਰ ਨਹੀਂ ਆਇਆ ਤੇ ਵੀਰ ਜੀ ਨੇ ਲੋਕਾਂ ਦੇ ਖੇਤਾਂ ਵਿਚ ਟਰੈਕਟਰ ਵਾਹ ਕੇ ਮੈਨੂੰ ਪਟਿਆਲੇ ਪੈਸੇ ਭੇਜੇ ਸਨ।ਇੱਕ ਵਾਰ ਵੀਰ ਜੀ ਬਾਪੂ ਜੀ ਨੂੰ ਟਰੈਕਟਰ ਸਿਖਾਉਣ ਲੱਗੇ। ਮੈਂ ਵੀ ਸੀਟ ਤੇ ਬੈਠੀ ਸਾਂ, ਬਾਪੂ ਜੀ ਨੇ ਇੱਕਦਮ ਕਲੱਚ ਛੱਡ ਦਿੱਤਾ ਤੇ ਮੈਂ ਭੁੜਕ ਕੇ ਥੱਲੇ ਡਿੱਗ ਪਈ ਉਸ ਤੋਂ ਬਾਅਦ ਬਾਪੂ ਜੀ ਨੇ ਸਾਰੀ ਉਮਰ ਟਰੈਕਟਰ ਨਈਂ ਸਿੱਖਿਆ। ਪਰ ਮੈਂ ਟਰੈਕਟਰ ਸਿੱਖਿਆ ਜਦੋਂ ਘਰ ਵਿਚੋਂ ਸਾਰੇ ਬਾਹਰ ਗਏ ਹੁੰਦੇ, ਮੈਂ ਤੇ ਟਰੈਕਟਰ ਘਰ ਵਿਚ ਇਕੱਲੇ ਹੁੰਦੇ। ਮੈਂ ਚਾਬੀ ਚੁੱਕਣੀ ਟਰੈਕਟਰ ਸਟਾਰਟ ਕਰਨਾ। ਕਲੱਚ ਹੌਲੀ ਦੇਣੇ ਛੱਡਣਾ, ਵਿਹੜੇ ਵਿਚ ਹੀ ਚਲਾ ਕੇ ਸਿੱਖ ਲਿਆ, ਕਦੇ ਅੱਗੇ ਨੂੰ ਚਲਾਉਣਾ ਕਦੇ ਪਿਛਲਾ ਗੇਅਰ ਪਾ ਕੇ ਚਲਾਉਣਾ। ਇੱਕ ਵਾਰ ਮੇਰੇ ਕੋਲੋਂ ਸਪੀਡ ਜਿਆਦਾ ਦੇ ਹੋ ਗਈ, ਪਰ ਮੇਰੀ ਭੈਣ ਸੁਰਿੰਦਰ ਨੇ ਹੱਥਾਂ ਨਾਲ਼ ਹੀ ਫਟਾਫਟ ਬਰੇਕ ਦੱਬ ਦਿੱਤੀ ਤੇ ਘਰ ਦੇ ਚੌਂਕੇ ਦੀ ਕੰਧ ਢਹਿਣ ਤੋਂ ਬਚ ਗਈ, ਘਰਦਿਆਂ ਦੀਆਂ ਝਿੜਕਾਂ ਤੋਂ ਵੀ ਬਚ ਗਏ।ਵੀਰ ਜੀ ਨੇ ਟਰੈਕਟਰ ਖੇਤਾਂ ਨੂੰ ਲਿਜਾਣਾ, ਮੈਂ ਭੱਜ ਕੇ ਉੱਤੇ ਬੈਠ ਜਾਣਾ, ਰਸਤੇ ਵਿਚ ਵੀਰ ਜੀ ਦੀਆਂ ਮਿੰਨਤਾਂ ਕਰਕੇ ਟਰੈਕਟਰ ਚਲਾ ਲੈਣਾ। ਫਿਰ ਕਈ ਵਾਰ ਘਰੋਂ ਖੇਤ ਨੂੰ ਤੇ ਖੇਤੋਂ ਘਰ ਨੂੰ ਚਲਾ ਕੇ ਲਿਆਉਣਾ, ਖੁਸ਼ੀ ਇੰਨੀ ਹੋਣੀ ਕਿ ਸਾਂਭੀ ਨਾ ਜਾਣੀ। ਪਿੰਡ ਵਾਲਿਆਂ ਨੇ ਕਹਿਣਾ ਬਈ ਸਾਡੀ ਤਾਂ ਵੀਰਾਂ ਵੀ ਟਰੈਕਟਰ ਭਜਾਈ ਫਿਰਦੀ ਐ। ਇਸ ਕਰਕੇ ਲੋਕਾਂ ਨੇ ਮੈਨੁੰ ਬੜੀ ਬਹਾਦਰ ਕੁੜੀ ਸਮਝਣਾ।ਟਰੈਕਟਰ ਲੈਣ ਨਾਲ਼ ਖੇਤੀ ਕਰਨੀ ਸੁਖਾਲੀ ਹੋ ਗਈ, ਦਿਨਾਂ ਦਾ ਕੰਮ ਘੰਟਿਆਂ ਵਿਚ ਹੋ ਜਾਂਦਾ, ਤੇ ਘੰਟਿਆਂ ਦਾ ਕੰਮ ਪਲਾਂ ਵਿਚ। ਫਸਲਾਂ ਮੰਡੀਆਂ ਵਿਚ ਸੁੱਟਣੀਆਂ ਸੌਖੀਆਂ ਹੋ ਗਈਆਂ। ਟਰੈਕਟਰ ਪਿੱਛੇ ਟਰਾਲੀ ਪਾ ਕੇ ਵਾਂਢੇ ਕੱਢਣੇ ਵੀ ਸੌਖੇ ਹੋ ਗਏ, ਤੇ ਮੇਲਿਆਂ ਤੇ ਵੀ ਟਰੈਕਟਰ ਲੈ ਕੇ ਜਾਂਦੇ।21 ਮਾਰਚ ਦੀ ਔਰਤ ਟਰੈਕਟਰ ਰੈਲੀ ਦੇ ਸਦਕਾ ਸਾਡੀਆਂ ਭੈਣਾਂ ਨੇ ਸਟੇਅਰਿੰਗ ਨੂੰ ਹੱਥ ਪਾ ਲਿਆ ਹੈ। ਹੁਣ ਔਰਤਾਂ ਜਦ ਤੱਕ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਹੁੰਦੇ, ਘਰਾਂ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ਼ ਨਾਲ਼ ਫਸਲਾਂ ਬੀਜਣ ਤੇ ਜਿਣਸਾ ਸਾਂਭਣ ਦੇ ਵੀ ਯੋਗ ਹਨ। ਸੁਖਜਿੰਦਰ ਕੌਰ, ਅੰਗਾਕੀੜੀ, ਫਗਵਾੜਾ

Lennon Stella

ਪਿੱਤਰ ਸੱਤਾ ਅਤੇ ਸੰਘਰਸ਼

ਜਦੋਂ ਅਸੀਂ ਭਾਰਤੀ ਗ੍ਰੰਥਾਂ ਨੂੰ ਪੜ੍ਹਦੇ ਹਾਂ ਅਤੇ ਗ੍ਰੰਥਾਂ ਦੀ ਪੇਸ਼ਕਾਰੀ ਕਰਨ ਵਾਲਿਆਂ ਦੇ ਪ੍ਰਵਚਨ ਸੁਣਦੇ ਹਾਂ ਤਾਂ ਭੀੜਪੂਰਵਕ ਲੱਗੀਆਂ ਸਤਿਸੰਗਾਂ ਵਿਚ ਬੜੇ ਫ਼ਖਰ ਨਾਲ਼ ਕਿਹਾ ਜਾਂਦਾ ਹੈ ਕਿ ਭਾਰਤੀ ਸੰਸਕ੍ਰਿਤੀ ਵਿਚ ਔਰਤ ਨੂੰ ਮਹਾਨ ਜਗਤਜਨਣੀ ਅਤੇ ਸ਼ਕਤੀਸ਼ਾਲੀ ਦੇਵੀ ਮੰੰਨਿਆ ਜਾਂਦਾ ਹੈ। ਪਰ ਇਹ ਕੌਣ ਲੋਕ ਨੇ? ਜੋ ਔਰਤਾਂ ਦੇ ਸਰੀਰ ਨੂੰ ਮਹਿਜ਼ ਵਸਤੂ ਦੇ ਰੂਪ ਵਿਚ ਅਤੇ ਬਲਾਤਕਾਰੀ ਨਜ਼ਰਾਂ ਨਾਲ਼ ਚੀਰਦੇ ਰਹਿੰਦੇ ਹਨ। ਇਹ ਕਿਹੜੇ ਗ੍ਰਹਿ ਦੇ ਲੋਕ ਨੇ? ਜੋ ਆਪਣੇ ਮਨ ਦੀ ਭੜਾਸ ਔਰਤ ਰੂਪੀ ਗਾਲ੍ਹਾਂ ਨਾਲ਼ ਕੱਢਦੇ ਰਹਿੰਦੇ ਹਨ ਅਤੇ ਇਹ ਕਿਹੜੇ ਲੋਕ ਨੇ ਜਿਹੜੇ ਕੁੱਝ ਰਿਆਇਤਾਂ ਔਰਤਾਂ ਨੂੰ ਦੇ ਕੇ ਸਾਰੀ ਉਮਰ ਅਹਿਸਾਨਮੰਦੀ ਦਾ ਅਹਿਸਾਸ ਕਰਵਾ ਦੱਬਣ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਇਸਦਾ ਜਵਾਬ ਇਹ ਤਾਂ ਨਹੀਂ ਦੇਵੋਗੇ ਕਿ ਇਹ ਲੋਕ ਭਾਰਤੀ ਸੰਸਕ੍ਰਿਤੀ ਦੇ ਲੜ ਨਹੀ ਲੱਗੇ ਜਾਂ ਇਹ ਉਸ ਸ਼੍ਰੇਣੀ ਤੋਂ ਬਾਹਰ ਰਹਿ ਗਏ। ਜਦੋਂਕਿ ਸਮਾਜਿਕ ਤਾਣੇ-ਬਾਣੇ ਦੇ ਇਨ੍ਹਾਂ ਲੋਕਾਂ ’ਚੋਂ ਹੀ ਕੋਈ ਸਾਡਾ ਪਿਤਾ, ਭਰਾ, ਪਤੀ, ਦੋਸਤ ਅਤੇ ਸਾਡੇ ਪਰਿਵਾਰਕ ਮੈਂਬਰ ਹੀ ਹਨ। ਇਹ ਸਾਰੇ ਕਿਸੇ ਨਾ ਕਿਸੇ ਵਿਚਾਰਧਾਰਾ ਨਾਲ਼ ਅਤੇ ਕਿਸੇ ਨਾ ਕਿਸੇ ਧਰਮ ਗ੍ਰੰਥ ਨਾਲ਼ ਜੁੜ ਕੇ ਔਰਤ ਪ੍ਰਤੀ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਸਮੇਂ ਦੀਆਂ ਪਿੱਤਰਸੱਤਾ ਨੂੰ ਮਜ਼ਬੂਤ ਕਰਨ ਵਾਲੀਆਂ ਜਮਾਤਾਂ ਨਾਲ਼ ਜਾ ਖੜ੍ਹਦੇ ਹਨ।ਪਿੱਤਰਸੱਤਾ ਨੂੰ ਲੈ ਕੇ ਭਾਰਤ ਅੰਦਰ ਬਹੁਤ ਘੱਟ ਸਮੂਹਿਕ ਸੰਘਰਸ਼ ਦੇਖਣ ਨੂੰ ਮਿਲਦੇ ਹਨ, ਪਰ ਇਹ ਵੀ ਨਹੀਂ ਹੈ ਕਿ ਭਾਰਤੀ ਔਰਤਾਂ ਨੇ ਕਦੇ ਵਿਰੋਧ ਦਰਜ ਨਹੀਂ ਕਰਵਾਇਆ। ਜਦੋਂ ਉਹਨਾਂ ਕੋਲ ਆਪਣੀ ਗੱਲ ਕਹਿਣ ਦੀ ਸਪੇਸ ਵੀ ਨਹੀਂ ਸੀ, ਜਿਨ੍ਹਾਂ ਔਰਤਾਂ ਨੇ ਆਵਾਜ਼ ਉਠਾਈ ਉਹਨਾਂ ਨੂੰ ਜਗੀਰੂ ਸਿਸਟਮ ਨੇ ਅਣਗੌਲਿਆ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਸਗੋਂ ਰਾਜਿਆਂ ਮਹਾਰਾਜਿਆਂ ਦੇ ਇਤਿਹਾਸ ‘ਚ ਔਰਤਾਂ ਦੀ ਪੇਸ਼ਕਾਰੀ ਬਹੁਤ ਸਾਊ ਅਤੇ ਦਾਸੀਆਂ ਵਾਲੀ ਹੀ ਦਿਸਦੀ ਹੈ ਅਤੇ ਇਸੇ ਇਤਿਹਾਸ ਨੂੰ ਸਾਡੇ ਸਾਹਮਣੇ ਮਹਾਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਔਰਤਾਂ ਨੂੰ ਲੰਮਾ ਸਮਾਂ ਸਿੱਖਿਆ ਦੇ ਖੇਤਰ ਤੋਂ ਦੂਰ ਰੱਖਿਆ ਗਿਆ। 1850 ਦਾ ਸਮਾਂ ਪੂਰੇ ਵਿਸ਼ਵ ‘ਚ ਔਰਤਾਂ ਦੀ ਜਾਗ੍ਰਿਤੀ ਦਾ ਕਾਲ ਮੰਨਿਆ ਜਾਦਾ ਹੈ। ਉਸ ਸਮੇਂ ਤਮਿਲਨਾਡੂ ਅਤੇ ਮਹਾਂਰਾਸ਼ਟਰ ਵਿਚ ਸਵਿਤਰੀਬਾਈ ਫੂਲੇ, ਡਾ.ਅਨੰਦਬਾਈ, ਡਾ.ਰਖਮਾਬਾਈ ਵਰਗੀਆਂ ਵੀਰਾਂਗਣਾ ਨੇ ਖੁਦ ਵੀ ਉੱਚ ਸਿਖਿਆ ਹਾਸਲ ਕਰਨ ਲਈ ਸੰਘਰਸ਼ ਕੀਤਾ ਅਤੇ ਸਮਾਜ ਦੀਆਂ ਸਮੁੱਚੀਆ ਔਰਤਾਂ ਦੀ ਖਾਸ ਕਰਕੇ ਦਲਿਤ ਕੁੜੀਆਂ ਦੀ ਮੁਕਤੀ ਲਈ ਜ਼ੋਰਦਾਰ ਢੰਗ ਨਾਲ਼ ਆਵਾਜ਼ ਬੁਲੰਦ ਕੀਤੀ। ਅਜੋਕੇ ਸਮੇਂ ਚਾਹੇ ਔਰਤ ਨੂੰ ਆਪਣੀ ਗੱਲ ਕਹਿਣ ਦੀ ਥਾਂ ਮਿਲ ਚੁੱਕੀ ਹੈ ਪਰ ਅਜੇ ਵੀ ਅਸੀਂ ਪਿਤਰਸੱਤਾ ਨੂੰ ਤੋੜਨ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਾਂ। ਕੁੱਝ ‘ਅਸੁਵਿਧਾ’ ਵਰਗੇ ਚੈਨਲ ਸੋਸ਼ਲ ਮੀਡੀਆ ’ਤੇ ਔਰਤਾਂ ਦੇ ਸਵਾਲਾਂ ਦੀ ਚਰਚਾ ਨੂੰ ਲੈ ਕੇ ਕ੍ਰਿਆਸ਼ੀਲ ਹਨ, ਪਰ ਜ਼ਿਆਦਾ ਪ੍ਰਤੀਕਿਰਿਆ ਇਹ ਆਉਣ ਲੱਗਦੀ ਹੈ ਕਿ ਜਿਵੇਂ ਅਸੀਂ ਮਰਦਾਂ ਤੋਂ ਅਧਿਕਾਰ ਮੰਗ ਰਹੇ ਹੋਈਏ ਜਦਕਿ ਲੋੜ ਹੈ ਔਰਤ ਮਰਦ ਦੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਢਾਂਚਾਗਤ ਤਬਦੀਲੀ ਕਰਨ ਦੀ। ਇਹ ਠੀਕ ਹੈ ਕਿ ਮਰਦ ਨੂੰ ਸਾਰੀ ਉਮਰ ਮਰਦ ਵਿਖਾਉਣ ਲਈ ਫਿਊਡਲ ਸੁਸਾਇਟੀ ਵਿਚ ਸੰਘਰਸ਼ ਕਰਨਾ ਪੈਂਦਾ ਹੈ। ਜਿਸ ਵਿਚ ਉਹ ਔਰਤ ਅਤੇ ਘਰ ਨੂੰ ਕੰਟਰੋਲ ਕਰਕੇ ਸਮਾਜਿਕ ਮਾਨਤਾ ਹਾਸਲ ਕਰਦਾ ਹੈ। ਪਰ ਸਮਾਜਿਕ ਮਾਨਤਾ ਟੁੱਟਣ ਦੇ ਡਰੋਂ ਜੋ ਜਾਗਰੂਕ ਅਤੇ ਚਿੰਤਨਸ਼ੀਲ ਲੋਕ ਹਨ ਜਿਹੜੇ ਪਿੱਤਰਸੱਤਾ ਨੂੰ ਚੁਣੌਤੀ ਦੇਣ ਦੀ ਸਮਰੱਥਾ ਰੱਖਦੇ ਹਨ, ਉਹ ਵੀ ਪਿੱਤਰਸੱਤਾ ਖਿਲਾਫ਼ ਸੁਚੇਤ ਰੂਪ ਵਿਚ ਲੜਾਈ ਸ਼ੁਰੂ ਨਹੀਂ ਕਰਦੇ। ਇਸਦੇ ਖਿਲਾਫ਼ ਲੜਾਈ ਵਿਅਕਤੀਗਤ ਦੇ ਨਾਲ਼ ਨਾਲ਼ ਸਮੂਹਿਕ ਰੂਪ ਵਿਚ ਵੀ ਲੜਨੀ ਪੈਣੀ ਹੈ। ਘੱਟੋ-ਘੱਟ ਜੋ ਕਮਿਊਨਿਸਟ ਪਾਰਟੀਆਂ ਅਤੇ ਅਗਾਂਹਵਧੂ ਅਤੇ ਬਰਾਬਰੀ ਦੇ ਸਮਾਜ ਦਾ ਸੁਪਨਾ ਵੇਖਦੇ ਹਨ, ਉਹਨਾਂ ਨੂੰ ਜ਼ਰੂਰ ਇਸਦੀ ਸ਼ੁਰੂਆਤ ਸੁਚੇਤ ਰੂਪ ਵਿਚ ਕਰਨੀ ਚਾਹੀਦੀ ਹੈ।ਲੇਖਕ ਲੂਈ ਸਟਰਾਂਗ ਦੱਸਦੀ ਹੈ ਕਿ ਰੂਸ ਦੇ ਏਸ਼ੀਆਈ ਭਾਗ ਵਿਚ ਔਰਤ ਲਈ ਬਹੁਤ ਮੁਸ਼ਕਿਲ ਸੰਘਰਸ਼ ਸੀ। ਔਰਤਾਂ ਦੀ ਖਰੀਦੋ-ਫਰੋਖਤ ਹੁੰਦੀ ਸੀ ਅਤੇ ਬੇਪਰਦਾ ਕਾਰਨ ਕਤਲ ਕਰ ਦਿੱਤੀ ਜਾਂਦੀ ਸੀ। ਉਥੇ ਕਮਿਊਨਿਸਟਾਂ ਨੇ ਆਪਣੀਆਂ ਪਤਨੀਆਂ ਦੇ ਪਰਦੇ ਹਟਵਾਉਣ ਲਈ ਚਰਚਾ ਸ਼ੁਰੂ ਕਰਵਾਈ ਅਤੇ ਸਪੈਸ਼ਲ ਪਰਦਾ ਹਟਾਉਣ ਲਈ ਸਮੂਹਿਕ ਪ੍ਰੋਗਰਾਮ ਰੱਖਿਆ ਗਿਆ ਅਤੇ ਅਮਲੀ ਜਾਮਾ ਪਹਿਨਾਇਆ ਗਿਆ।ਮੌਜੂਦਾ ਸਿਆਸੀ ਸੰਦਰਭ ਵਿਚ ਅੱਜ ਕੇਂਦਰ ਅਤੇ ਕਈ ਰਾਜਾਂ ਵਿਚ ਹਿੰਦੂਤਵੀ, ਔਰਤ ਵਿਰੋਧੀ ਅਤੇ ਸਿਰੇ ਦੀਆਂ ਪਿਛਾਖੜੀ ਜਗੀਰੂ ਕਦਰਾਂ-ਕੀਮਤਾਂ ਵਾਲੀਆਂ ਸਰਕਾਰਾਂ ਬਿਰਾਜਮਾਨ ਹਨ; ਜਿਹੜੀਆਂ ਲਗਾਤਾਰ ਬ੍ਰਾਹਮਣਵਾਦੀ ਮਨੂੰਵਾਦੀ ਅਜੰਡੇ ਨੂੰ ਹੇਠਲੇ ਪੱਧਰ ’ਤੇ ਲਾਗੂ ਕਰਨ ਲਈ ਨਿਰੰਤਰ ਕ੍ਰਿਆਸ਼ੀਲ ਹਨ। ਇਸੇ ਲੜੀ ਤਹਿਤ ਹੀ ਜਿੱਥੇ ਯੂਪੀ, ਬਿਹਾਰ ਵਿਚ ਆਰ.ਐਸ.ਐਸ. - ਭਾਜਪਾ ਦਾ ਅਧਾਰ ਮਜਬੂਤ ਹੈ ਉਥੇ ਸਭ ਤੋਂ ਪਹਿਲਾਂ ਦਲਿਤ ਔਰਤਾਂ ਅਤੇ ਕੁੜੀਆਂ ਨੂੰ ਨਿਸ਼ਾਨਾ ਬਣਾ ਕੇ ਹਾਥਰਸ ਵਰਗੀਆਂ ਦਰਿੰਦਰੀ ਭਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸਦੀਆਂ ਤੋਂ ਵੈਸੇ ਤਾਂ ਸਾਰੀਆਂ ਔਰਤਾਂ ਲਈ (ਚਾਹੇ ਵਿਸ਼ਵ ਪੱਧਰ ’ਤੇ ਗੱਲ ਕਰੀਏ) ਸੁਰੱਖਿਆ ਦਾ ਮਸਲਾ ਗੰਭੀਰ ਰਿਹਾ ਹੈ। ਪਰ ਇਸ ਵਿਚ ਵੀ ਦਰਜਾਬੰਦੀ ਹੈ ਜਿਸਦੀ ਸਭ ਤੋਂ ਹੇਠਲੀ ਪੌੜੀ ਦਲਿਤ ਔਰਤ ਹੈ। ਇਤਿਹਾਸ ਗਵਾਹ ਹੈ ਕਿ ਦਲਿਤ ਔਰਤਾਂ ਉੱਤੇ ਲਗਾਤਾਰ ਜਾਰੀ ਲਿੰਗਕ ਹਿੰਸਾ ਸਭ ਤੋਂ ਪੁਰਾਣੀ ਹਿੰਸਾ ਦੇ ਰੂਪ ਵਿਚ ਜਾਰੀ ਹੈ। ਜਿਸ ਤਹਿਤ ਦਲਿਤ ਕੁੜੀਆਂ ਨੂੰ ਜਲਦੀ ਸ਼ਿਕਾਰ ਬਣਾਇਆ ਜਾਂਦਾ ਹੈ। ਦਲਿਤ ਔਰਤ ਸਦੀਆਂ ਤੋਂ ਹੀ ਜਾਤੀ ਦਾਬਾ, ਆਰਥਕ ਦਾਬਾ, ਸਮਾਜਿਕ ਦਾਬਾ ਅਤੇ ਔਰਤ ਹੋਣ ਦਾ ਦਾਬਾ ਆਮ ਔਰਤਾਂ ਨਾਲ਼ੋਂ ਜ਼ਿਆਦਾ ਹੰਢਾ ਰਹੀਆਂ ਹਨ। ਜੋ ਬਾਕੀ ਔਰਤਾਂ ਨਾਲ਼ੋਂ ਜ਼ਿਆਦਾ ਤਕਲੀਫ਼ਦੇਹ ਹੈ।ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਫਾਸ਼ੀਵਾਦੀ ਸਟੇਟਾਂ ਦੁਆਰਾ ਲਏ ਜਾਣ ਵਾਲੇ ਫੈਸਲੇ ਪਿੱਤਰਸੱਤਾ ਨੂੰ ਮਜ਼ਬੂਤ ਕਰਨ ਅਤੇ ਲਿੰਗਕ ਹਿੰਸਾ ਵਧਾਉਣ ਵਾਲੇ ਹੋਣਗੇ। ਜਦੋਂ ਅੱਜ ਫਾਸ਼ੀਵਾਦੀ ਸਰਕਾਰਾਂ ਵੱਲੋਂ ਸੀਏਏ, ਐਨਆਰਸੀ ਅਤੇ ਖੇਤੀ ਕਾਨੂੰਨ, ਕਿਰਤ ਕਾਨੂੰਨ ਲਿਆਂਦੇ ਜਾ ਰਹੇ ਹਨ ਤਾਂ ਜਿੱਥੇ ਇਸਦਾ ਸਾਰੇ ਕਿਰਤੀ ਸਮਾਜ ਉੱਤੇ ਮਾੜਾ ਆਰਥਿਕ ਪ੍ਰਭਾਵ ਪੈਣਾ ਹੈ ਉਥੇ ਹੀ ਇਸ ਸਾਰੀ ਆਰਥਿਕ ਮੰਦਹਾਲੀ ਦਾ ਅਸਰ ਸਮਾਜਿਕ ਅਤੇ ਮੰਦਹਾਲੀ ਦੇ ਰੂਪ ਵਿਚ ਪ੍ਰਗਟ ਹੋਣਾ ਹੈ ਅਤੇ ਸਮਾਜ ਦਾ ਸਭ ਤੋਂ ਹੇਠਲਾ ਹਿੱਸਾ ਔਰਤ ਹੈ ਜਿਸ ਨੂੰ ਆਪਣੀ ਮਾਨਸਿਕ ਭੜਾਸ ਕੱਢਣ ਲਈ ਸ਼ਿਕਾਰ ਬਣਾਇਆ ਜਾਂਦਾ ਹੈ।ਅੱਜ ਕੱਲ ਔਰਤ ਅੰਦੋਲਨ ਸਾਹਮਣੇ ਜਿੱਥੇ ਆਰਥਿਕ ਮੁੱਦਿਆਂ ’ਤੇ ਲੜਾਈ ਲੜਨ ਦੀ ਚੁਣੌਤੀ ਹੈ, ਉਸਦੇ ਬਰਾਬਰ ਹੀ ਪਿਤਰਸੱਤਾ ਖਿਲਾਫ਼, ਉੱਚ ਜਾਤੀ ਦੁਆਰਾ ਦਲਿਤ ਔਰਤਾਂ ਦੇ ਵਾਲ ਕੱਟਣੇ, ਸ਼ਰੇਆਮ ਨਿਰਵਸਤਰ ਕਰਨਾ, ਅਣਖ ਖਾਤਰ ਕਤਲ ਕਰਨਾ, ਇੱਕ ਕੱਖਾਂ ਦੀ ਭਰੀ ਬਦਲੇ ਧੀ-ਭੈਣ ਦੀ ਇੱਜ਼ਤ ਦਾ ਸੌਦਾ ਕਰਨਾ, ਪਿੰਡਾਂ ਅੰਦਰ ਔਰਤਾਂ ਨੂੰ ਸ਼ਰੇਆਮ ਜਾਤੀ ਸੂਚਕ ਸ਼ਬਦ ਬੋਲਣਾ ਅਤੇ ਸਟੇਟ ਦੁਆਰਾ ਸਥਾਪਿਤ ਕੀਤੀ ਸੁਰੱਖਿਅਤ ਲਿੰਗਕ ਹਿੰਸਾ ਨਾਲ਼ ਲੜਨ ਦੀ ਵੀ ਹੈ ਜੋ ਕਿ ਅਜੇ ਬਹੁਤ ਛੋਟੇ ਪੱਧਰ ’ਤੇ ਹੀ ਜਾਰੀ ਹੈ।ਅਜਿਹੇ ਸੰਘਰਸ਼ਾਂ ਦੀ ਦਿਸ਼ਾ ਉਲੀਕੇ ਜਾਣ ਦੀ ਲੋੜ ਹੈ ਜਿਸ ਵਿਚ ਔਰਤਾਂ ਦੀ ਚੇਤਨਾ ਦਾ ਵਿਕਾਸ ਅਤੇ ਅਮਲ ਰੂਪ ਵਿਚ ਲਿੰਗਕ ਬਰਾਬਰੀ ਦੇ ਵਿਕਾਸ ਵਿਕਸਤ ਹੋ ਸਕਦੇ ਹੋਣ। ਔਰਤ ਮੁਕਤੀ ਅਤੇ ਉਸਨੂੰ ਮਰਦ ਬਰਾਬਰ ਬਣਾਉਣਾ ਉਦੋਂ ਤੱਕ ਸੰਭਵ ਨਹੀਂ, ਜਦੋਂ ਤੱਕ ਔਰਤਾਂ ਨੂੰ ਸਮਾਜਿਕ ਉਤਪਾਦਨ ਦੇ ਕੰਮਾਂ ਤੋਂ ਬਾਹਰ ਰੱਖਿਆ ਜਾਵੇਗਾ। ਅਸੀਂ ਸਮਾਜਿਕ ਉਤਪਾਦਨ ਕਿਰਤ ਵਿਚ ਉਸਦੀ ਵਿਸ਼ਾਲ ਭਾਗੇਦਾਰੀ ਨਾਲ਼ ਔਰਤ ਮੁਕਤੀ ਵੱਲ ਵਧ ਸਕਦੇ ਹਾਂ। ਪਰ ਔਰਤ ਦੀ ਵੱਧ ਕਿਰਤ ਸ਼ਕਤੀ ਪਹਿਚਾਣਹੀਣ, ਆਰਥਿਕ ਰੂਪ ਵਿਚ ਭੱਤਾਹੀਣ ਘਰੇਲੂ ਕਾਰਜ ਵਿਚ ਲਗਦਾ ਹੈ। ਫਿਊਡਲ ਸੁਸਾਇਟੀ ਵਿਚ ਘਰ ਦੀ ਚਾਰਦੀਵਾਰੀ ਟੱਪਣ ਦੀ ਇਜ਼ਾਜਤ ਨਹੀਂ ਦਿੰਦੀ।ਮਹਾਨ ਅਕਤੂਬਰ ਇਨਕਲਾਬ ਸਰਵਹਾਰਾ ਪਾਰਟੀ ਦੀ ਅਗਵਾਈ ਵਿਚ ਹੋਇਆ ਜਿੱਥੇ ਔਰਤਾਂ ਦੀ ਸਮਾਜਿਕ, ਰਾਜਨੀਤਕ ਬਰਾਬਰੀ ਲਈ ਉਚੇਚੇ ਤੌਰ ’ਤੇ ਮਨਪਸੰਦ ਕੰਮ ਕਰਨ ਦੇ ਮੌਕੇ ਦਿੱਤੇ। ਉਹਨਾਂ ਨੇ ਔਰਤਾਂ ਨੂੰ ਟਰੈਕਟਰ ਟੀਮ ਦੀ ਨੇਤਾ, ਪ੍ਰਬੰਧਕ ਲਗਾਉਣਾ, ਉਤਪਾਦਨ ਟੀਮਾਂ ’ਚ ਫੈਸਲੇ ਲੈਣ ਦੀ ਅਹਿਮੀਅਤ, ਕਮਿਊਨ ਨੇਤਾ, ਲਾਲ ਸੈਨਾ ਇਕਾਈਆਂ ਦੀ ਨੇਤਾ, ਪਿੰਡ ਸੰਮਤੀਆਂ ਅਤੇ ਡਾਕਖਾਨਾ ਸੰਮਤੀ ਦੀਆਂ ਅਤੇ ਉੱਚ ਪਾਰਟੀ ਕਮੇਟੀ ਦੀ ਨੇਤਾ ਬਣਾਉਣ ਦੇ ਫੈਸਲਿਆਂ ਨੂੰ ਅਮਲ ਵਿਚ ਲਾਗੂ ਕੀਤਾ।ਲੇਖਕ ਐਨਾ ਲੁਈ ਸਟਰਾਂਗ ਨੇ ਲਿਖਿਆ ਕਿ ਪਿੰਡ ਵਿਚ ਸਮੂਹਿਕ ਖੇਤੀ ਕਰਦਿਆਂ ਜਦੋਂ ਉਹਨਾਂ ਔਰਤਾਂ ਨੂੰ ਆਪਣੀ ਸੁਤੰਤਰ ਆਮਦਨੀ ਆਉਣ ਲੱਗੀ ਤਾਂ ਸਦੀਆਂ ਤੋਂ ਚੱਲਦੀ ਆ ਰਹੀ ‘ਪਤਨੀ ਨੂੰ ਕੁੱਟਣ’ ਵਾਲੀ ਪ੍ਰੰਪਰਾ ਦੇ ਖਿਲਾਫ਼ ਹੜਤਾਲ ਦਾ ਸੱਦਾ ਦਿੱਤਾ ਗਿਆ ਅਤੇ ਸਦੀਆਂ ਪੁਰਾਣੀ ਪ੍ਰੰਪਰਾ ਨੂੰ ਕੁੱਝ ਹੀ ਸਮੇਂ ਵਿਚ ਖਤਮ ਕਰ ਦਿੱਤਾ। ਜਿਸ ਤਰਾਂ ਪੰਜਾਬ ਦੇ ਵੀ ਮਾਲਵਾ ਖਿੱਤੇ ਅੰਦਰ ਜਦੋਂ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੇ ਹੱਕ ਲਈ ਲੜਿਆ ਗਿਆ ਤਾਂ ਇਸ ਘੋਲ ਅੰਦਰ ਦਲਿਤ ਮਜ਼ਦੂਰ ਔਰਤਾਂ ਨੇ ਵੱਡੀ ਹਿੱਸੇਦਾਰੀ ਵਿਖਾਈ ਜਿਸਦਾ ਕਾਰਨ ਕਿ ਪਿੰਡਾਂ ਵਿਚ ਕੱਖਾਂ ਦੀਆਂ ਭਰੀਆਂ ਬਦਲੇ ਉਹਨਾਂ ਨੂੰ ਉੱਚ ਜਾਤੀ ਧਨਾਢ ਚੌਧਰੀਆਂ ਦੀਆਂ ਮੈਲੀਆਂ ਨਜ਼ਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਉਹਨਾਂ ਨੂੰ ਇਹ ਗੱਲ ਮਰਦਾਂ ਨਾਲ਼ੋਂ ਜਲਦੀ ਸਮਝ ਆਈ ਕਿ ਜ਼ਮੀਨ ਜਿੱਥੇ ਉਹਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਦੀ ਹੈ ਉਥੇ ਹੀ ਉਹਨਾਂ ਦਾ ਸਦੀਆਂ ਤੋਂ ਜ਼ਲੀਲ ਹੋਣਾ ਖਤਮ ਹੋਇਆ ਅਤੇ ਉਹਨਾਂ ਨੇ ਪਿੰਡ ’ਚ ਮਾਣ-ਸਨਮਾਨ ਵਾਲੀ ਜ਼ਿੰਦਗੀ ਵੀ ਜਿਉਣੀ ਸ਼ੁਰੂ ਕੀਤੀ। ਕਹਿਣ ਦਾ ਭਾਵ ਹੈ ਕਿ ਸੰਘਰਸ਼ਾਂ ਦੇ ਪਿੜ ਮੱਲਣ ਨਾਲ਼ ਹੀ ਔਰਤਾਂ ਪ੍ਰਤੀ ਬਣੀਆਂ ਧਾਰਨਾਵਾਂ ਵੀ ਟੁੱਟਣਗੀਆਂ ਅਤੇ ਉਤਪਾਦਕ ਖੇਤਰਾਂ ’ਚ ਬਰਾਬਰ ਦੀ ਹਿੱਸੇਦਾਰੀ ਉਹਨਾਂ ਨੂੰ ਮੁਕਤੀ ਵੱਲ ਲੈ ਜਾਵੇਗੀ। ਪਰ ਇਸਦੇ ਨਾਲ਼-ਨਾਲ਼ ਇੱਕ ਕਾਰਜ ਇਹ ਵੀ ਕਰਨਾ ਬਣਦਾ ਹੈ ਕਿ ਇਨਕਲਾਬੀ ਜੱਥੇਬੰਦੀਆਂ ਅਤੇ ਪਾਰਟੀਆਂ ਨੂੰ ਪਿਤਰਸੱਤਾ ਖਿਲਾਫ਼ ਆਪਣੇ ਅੰਦਰ ਵੀ ਘੋਲ ਚਲਾਉਣਾ ਚਾਹੀਦਾ ਹੈ ਨਹੀਂ ਤਾਂ ਜਿਸ ਤਰਾਂ ਤੇਲੰਗਾਨਾ ’ਚ ਘੋਲ ’ਚ ਔਰਤਾਂ ਨੇ ਬਾਕਮਾਲ ਹਿੱਸੇਦਾਰੀ ਸਾਬਤ ਕੀਤੀ ਪਰ ਘੋਲ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਫਿਰ ਘਰਾਂ ਦੀ ਪ੍ਰੰਪਰਾਵਾਦੀ ਚਾਰਦੀਵਾਰੀ ਵੱਲ ਧੱਕ ਦਿੱਤਾ ਗਿਆ। ਅੱਜ ਵੀ ਦਿੱਲੀ ਚੱਲ ਰਹੇ ਘੋਲ ਵਿਚ ਵੱਡੀ ਗਿਣਤੀ ਨੌਜਵਾਨ ਕੁੜੀਆਂ ਅਤੇ ਔਰਤਾਂ ਦੀ ਸ਼ਮੂਲੀਅਤ ਹੋ ਰਹੀ ਹੈ। ਜਿੱਥੇ ਅਸੀਂ ਘੋਲ ਦੌਰਾਨ ਬਾਕੀ ਮੁੱਦਿਆਂ ਨੂੰ ਉਭਾਰ ਰਹੇ ਹਾਂ, ਸਾਡੇ ਲਈ ਇਹ ਵੀ ਵਿਸ਼ੇਸ਼ ਹੋਣਾ ਚਾਹੀਦਾ ਹੈ ਕਿਉਂਕਿ ਪਿਤਰੀਸੱਤਾਤਮਕ ਸਮਾਜ ਦੇ ਖਿਲਾਫ ਅੰਦੋਲਨ ਕਰਨਾ ਵਿਵਸਥਾ ਦੇ ਖਿਲਾਫ ਅੰਦੋਲਨ ਦਾ ਹੀ ਇੱਕ ਅੰਗ ਹੈ। ਸਮਾਜ ਦੇ ਇੱਕ ਵੱਡੇ ਔਰਤ ਦੇ ਹਿੱਸੇ ਨੂੰ, ਜੋ ਮਾੜੀ ਵਿਵਸਥਾ ਦੇ ਨਾਲ਼ ਲੜ੍ਹ ਸਕਦਾ ਹੈ, ਉਹ ਹਿੱਸੇ ਦਾ ਰਾਜਨੀਤੀਕਰਨ ਕਰੀਏ ਅਤੇ ਲੜਾਈ ’ਚ ਉਸਨੂੰ ਬਰਾਬਰ ਹਿੱਸਾ ਬਣਾਈਏ।

Lennon Stella

ਧੀਆਂ ਅਤੇ ਜ਼ਮੀਨ

“ਪਹਿਲਾਂ ਘਰਦਿਆਂ ਨੇ ਪੜਨ ਲਾਇਆ, ਮੇਰਾ ਬਾਪੂ ਪਟਵਾਰੀ ਸੀ, ਮੇਰੀ ਭੂਆ ਮਾਸਟਰਨੀ ਲੱਗੀ ਸੀ। ਜਦੋਂ ਪੰਜ ਪੜ ਗਈ ਤਾਂ ਮੇਰੀ ਮਾਂ ਦੇ ਹੱਥ ਖਰਾਬ ਹੋ ਗਏ। ਦਾਦੀ ਨੂੰ ਸਾਹ ਦੀ ਬਿਮਾਰੀ ਸੀ, ਉਹਨਾਂ ਤੋ ਕੰਮ ਨਹੀਂ ਸੀ ਹੁੰਦਾ, ਇਸ ਲਈ ਮੈਨੂੰ ਪੜਨੋ ਹਟਾ ਲਿਆ ਤੇ ਮੈਂ ਘਰ ਦੇ ਕੰਮ ਕਰਨ ਲੱਗ ਗਈ। ਅਸੀਂ ਤਿੰਨ ਭੈਣ ਭਰਾ ਸੀ। ਮੇਰੀ ਭੂਆ ਮੇਰੇ ਘਰਦਿਆਂ ਨਾਲ਼ ਲੜੀ ਕਿ ਤੁਸੀਂ ਕੁੜੀ ਨੂੰ ਪੜਨ ਨਹੀਂ ਦਿੰਦੇ ਰੋਲ ਦਿਉਂਗੇ। ਉਹ ਮੈਨੂੰ ਆਪਣੇ ਨਾਲ਼ ਲੈ ਗਈ ਤੇ ਮੈਂ 2 ਜਮਾਤਾਂ ਹੋਰ ਪੜ ਗਈ। ਜਦੋਂ ਆਈ ਤਾਂ ਫਿਰ ਉਹੀ ਕੰਮ, ਅਗਾਹਾਂ ਜਿੱਥੇ ਵਿਆਹੀ ਗਈ, ਉਹ ਦੋ ਭਰਾ ਸੀ, 6 ਕਿੱਲੇ ਜਮੀਨ ਸੀ, ਅਸੀਂ ਬਹੁਤ ਕੰਮ ਕੀਤਾ 15-15 ਕਿੱਲੇ ਠੇਕੇ ਤੇ ਲੈ ਅਸੀਂ ਵਿੜੀ ਕਰ ਲੈਂਦੀਆਂ, ਵਿੜੀ ਤੇ ਨਰਮਾ ਚੁੱਗਦੀਆਂ। ਮੇਰੇ ਦੋ ਮੁੰਡੇ ਨੇ, ਅਗਾਹਾਂ ਦੋ ਪੋਤੀਆਂ ਨੇ। ਉਦੋਂ ਸਮਾਂ ਚੰਗਾ ਸੀ। ਅਸੀ ਕਮਾਈ ਕਰਕੇ ਥੌਂ ਲਿਆ, ਬਰਗਲ ਮਾਰਿਆ, 2 ਪੈਸੇ ਦਾ ਕਰਜਾ ਨਹੀਂ ਲਿਆ, ਘਰ ਬਣਾਇਆ ਬਹੁਤ ਕਮਾਈ ਕੀਤੀ। ਹੁਣ ਮੇਰੇ ਮੁੰਡੇ ਇੱਕ 5 ਪੜਿਆ ਇੱਕ 12, ਵਿਆਹੇ ਹੋਏ ਨੇ। ਵੱਡੇ ਦੇ ਇੱਕ ਮੁੰਡਾ, ਛੋਟੇ ਦੇ 2 ਕੁੜੀਆਂ ਨੇ, ਮੇਰਾ ਮੁੰਡਾ ਕਹਿੰਦਾ ਬੀਬੀ ਮੇਰੇ ਤਾਂ ਇਹੀ ਮੁੰਡੇ ਨੇ। ਮੈਂ ਬਥੇਰਾ ਘੱਟਾ ਢੋਇਆ ਇਸ ਨਗਰ ਵਿਚ ਆਕੇ ।ਛੋਟੇ ਮੁੰਡੇ ਨੇ ਕਿਸੇ ਨਾਲ਼ ਰਲ ਕੇ ਕੰਪੈਨ ਲੈ ਲਈ। ਅਗਲੇ ਸਾਲ ਹਿੱਸੇਦਾਰ ਨੇ ਕੰਪੈਨ ਵਿਚੋਂ ਹਿੱਸਾ ਕੱਢ ਲਿਆ, ਤੇ ਸਾਰਾ ਖਰਚਾ ਪੱਲਿਉਂ ਪੈ ਗਿਆ। ਕਰਜਾ ਲੈ ਕੇ ਪੈਸੇ ਦਿੱਤੇ, 2 ਸਾਲ ਤਾਂ ਜੋ ਕਮਾਇਆ ਵਿਆਜ ਚ ਜਾਂਦਾ ਰਿਹਾ, ਫੇਰ ਮੇਰਾ ਘਰ ਵਾਲਾ ਕਹਿੰਦਾ ਆਪਾਂ ਕਦੇ ਕਰਜਾ ਲਿਆ ਨਹੀਂ ਸੀ, ਐਵੇਂ ਤਾਂ ਕੰਮ ਸੂਤ ਨਹੀਂ ਆਉਣਾ ਉਹਨੇਂ ਇੱਕ ਕਿੱਲਾ ਵੇਚ ਕੇ ਕਰਜਾ ਲਾਹ ਦਿੱਤਾ। ਹੁਣ ਸਾਨੂੰ ਕਮਾਈ ਬਚ ਰਹਿੰਦੀ ਐ, 2 ਕਿੱਲੇ ਅਸੀਂ ਗਹਿਣੇ ਲੈ ਕੇ ਖੇਤੀ ਕਰ ਲੈਨੇ ਆਂ, ਮੇਰੇ ਮੁੰਡੇ ਨੂੰਹਾਂ ਬਹੁਤ ਸਿਆਣੇ ਨੇ, ਬਹੁਤ ਕੰਮ ਕਰਦੇ ਨੇ। ਹੁਣ ਜਵਾਕ ਅਸੀਂ ਚੰਗੇ ਪੜਾਉਣੇ ਲਿਖਾਉਣੇ ਨੇ। ਮੇਰਾ ਮੁੰਡਾ ਇੱਕ ਹੋਰ ਮਸ਼ੀਨ ਬਣਾਉਣੀ ਚਾਹੁੰਦਾ ਹੈ, ਪਰ ਮੈਂ ਉਹਨੂੰ ਕਿਹਾ ਕਿ ਇੱਕ ਹੀ ਬਹੁਤ ਹੈ। 22 ਸਾਲ ਅਸੀਂ ਇਕੱਠੇ ਰਹੇ ਫੇਰ ਵੱਡੀ ਭੈਣ ਕਹਿੰਦੀ, ਮੈਂ ਅੱਡ ਹੋਣਾ। ਫੇਰ ਅਸੀਂ ਅੱਡ ਹੋਏ।”ਹਰਜੀਤ ਕੌਰ , ਪਿੰਡ- ਕੁਨਰਾਂ, ਜਿਲਾ ਸੰਗਰੂਰ, ਉਮਰ- 60 ਸਾਲ****ਪੁਰਾਣੇ ਮਾਪੇ ਧੀ ਨੂੰ ਥੋੜੀ ਬਹੁਤ ਜਮੀਨ ਵੇਖਕੇ ਵਿਆਹੁੰਦੇ ਸਨ ਕਿ ਜਮੀਨ ਧੀ ਦਾ ਦੂਜਾ ਖਸਮ ਹੁੰਦੀ ਹੈ। ਜੇਕਰ ਜਵਾਈ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਤਾਂ ਔਰਤ ਆਪਣੀ ਤੇ ਆਪਣੇ ਬੱਚਿਆਂ ਦੀ ਜਿੰਦਗੀ ਜੋਗੀਆਂ ਲੋੜਾਂ ਪੂਰੀਆਂ ਕਰ ਲੈਂਦੀ ਹੈ। ਪੁਰਾਣੇ ਮਾਪੇ ਧੀ ਨੂੰ ਇੰਨੇ ਕੁ ਕੱਪੜੇ ਤੇ ਭਾਂਡੇ ਦੇ ਦਿੰਦੇ ਕਿ ਉਸਦੀ ਅੱਧੀ ਉਮਰ ਨਿਕਲ ਜਾਂਦੀ ਅਤੇ ਉਸ ਨੂੰ ਕਿਸੇ ਦੀ ਮਦਦ ਦੀ ਲੋੜ ਨਾ ਪੈਂਦੀ, ਉਦੇਂ ਤੱਕ ਉਸ ਦਾ ਆਪਣਾ ਪਰਿਵਾਰ ਹੋ ਜਾਂਦਾ, ਅਤੇ ਉਹ ਹੋਰ ਬਣਾ ਲੈਂਦੀ। ਹੌਲੀ ਹੌਲੀ ਸਮੇਂ ਨੇ ਤਰੱਕੀ ਕੀਤੀ, ਜੀਵਨ ਜਾਚ ਬਦਲ ਗਈ, ਧੀਆਂ ਨੂੰ ਥੋੜਾ ਬਹੁਤਾ ਪੜਾਉਣਾ ਸ਼ੁਰੂ ਕੀਤਾ ਗਿਆ। ਧੀਆਂ ਪੁੱਤਾਂ ਲਈ ਐਲ. ਆਈ. ਸੀ ਪਾਲੀਸੀ ਜਾਂ ਸਰਦੇ ਮੁਤਾਬਿਕ ਭੋਂਇ ਦਾ ਟੁਕੜਾ, ਜਾਂ ਘਰ ਖਰੀਦ ਲੈਂਦੇ ਜਿਸ ਨੂੰ ਉਹ ਕੁਵੇਲੇ ਵਰਤ ਸਕੇ। ਕੁੜੀਆਂ ਨੂੰ ਰੋਜ਼ਗਾਰ ਮਿਲਣ ਲੱਗੇ। ਉਹ ਆਪਣੇ ਪੈਰਾਂ ਸਿਰ ਹੋਈਆਂ।ਆਇਲਟਸ ਦਾ ਦੌਰ ਆ ਗਿਆ, ਧੀਆਂ ਦੀ ਬੋਲੀ ਲੱਗਣੀ ਸ਼ੂਰੂ ਹੋ ਗਈ ਕਿ ਜਿਹੜਾ ਜਿਆਦਾ ਖਰਚਾ ਭਰੇਗਾ ਉਹ ਬਾਹਰ ਜਾਏਗਾ, ਨਤੀਜੇ ਵਲੇਂ ਪੁੱਤਾਂ ਵਾਲਿਆਂ ਦੀਆਂ ਖੁਦਖੁਸ਼ੀਆਂ ਸ਼ੂਰੂ ਹੋ ਗਈਆਂ। ਘਰ ਵੀ ਗਿਆ, ਪਰਿਵਾਰ ਵੀ ਗਿਆ। ਸਾਡੇ ਧੀਆਂ ਪੁੱਤਾਂ ਕੋਲ ਕੋਈ ਰੁਜਗਾਰ ਨਹੀ ਰਿਹਾ, ਉਸਦਾ ਫਾਇਦਾ ਫੇਰ ਮਾੜੇ ਲੋਕ ਚੁੱਕ ਰਹੇ ਹਨ। ਸਰਕਾਰ ਨੇ ਸਾਡੀਆਂ ਜਮੀਨਾਂ ਤੇ ਮਾੜੀ ਨਿਗਾ ਰੱਖ ਲਈ ਕਿ ਜਿਹੜੀਆਂ ਜਮੀਨਾਂ ਦੇ ਸਿਰ ਤੇ ਇਹ ਸਰਦਾਰ ਕਹਾਉਂਦੇ ਨੇ ਆਪਣੀਆ ਗਰਜਾਂ ਪੂਰੀਆਂ ਕਰਦੇ ਨੇ ਕਿਉਂ ਨਾ ਇਹ ਜਮੀਨਾਂ ਇਹਨਾਂ ਤੋਂ ਖੋਹ ਲਈਆਂ ਜਾਣ। ਹੁਣ ਇਹ ਸਭ ਦੀ ਬਰਬਾਦੀ ਹੈ, ਔਰਤ ਦੀ, ਮਰਦ ਦੀ, ਮਾਪਿਆਂ ਦੀ ,ਔਲਾਦ ਦੀ ਕਿਉਂਕਿ ਜੇਕਰ ਐਲ. ਆਈ. ਸੀ ਦੀ ਸੁਵਿਧਾ ਸੀ ਤਾਂ ਉਹ ਵੀ ਸਰਕਾਰ ਦੇ ਕਬਜੇ ਚ ਚਲੀ ਗਈ। ਜੇਕਰ ਸ਼ਰੀਫ ਲੋਕਾਂ ਨੂੰ ਸਰਕਾਰੀ ਬੈਂਕਾਂ ਦਾ ਆਸਰਾ ਸੀ ਉਹਨਾਂ ਦਾ ਵੀ ਨਿਜੀਕਰਣ ਕਰਕੇ ਖੋਹ ਲੈਣਾ ਹੈ।ਬੇਟੀ ਬਚਾਓ ਬੇਟੀ ਪੜ੍ਹਾਓ ਦੇ ਫੋਕੇ ਨਾਅਰਿਆਂ ਵਾਲੀ ਸਰਕਾਰ ਨੇ ਰੋਜ਼ਗਾਰ, ਸਿੱਖਿਆ, ਹਸਪਤਾਲ, ਬੈਂਕਾਂ  ਲੁੱਟ ਪੁੱਟ ਕੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਆਉ ਅਸੀਂ ਇਹਨਾਂ ਠੱਗਾਂ ਦੀ ਦੁਨੀਆਂ ਨੂੰ ਮਾਤ ਦੇਈਏ ਕੋਈ ਇੱਕ ਸਾਫ ਸੁਥਰੀ ਇੱਕ ਸੰਸਥਾ ਬਣਾਈਏ ਜਿੱਥੇ ਅਸੀਂ ਕਿਰਤੀ ਆਪਣੇ ਧੀਆਂ ਪੁੱਤਰਾਂ ਦੀ ਕਿਰਤ ਆਰਥਿਕ ਮਾਨਸਿਕ ਲੁੱਟ ਖਸੁੱਟ ਤੇਂ ਬਚਾਅ ਕਰ ਸਕੀਏ। ਸ਼ਰਨਜੀਤ ਕੌਰ, ਜੋਗੇਵਾਲਾ, ਮੋਗਾ

Lennon Stella

ਕਲਾਮ ਮੂਲ਼ਾ ਸਿੰਘ ਗ਼ਦਰੀ ਦੀ ਧੀ ਛੀਤੋ ਦਾ

“ਸਾਡੇ ਵਿਹੜੇ ਵਿਚ ਕਲੀਆਂ ਦਾ ਬਹੁਤ ਵੱਡਾ ਬੂਟਾ ਸੀ। ਬਰਸਾਤ ਦੇ ਦਿਨੀਂ ਕਲੀਆਂ ਦੇ ਢੇਰ ਲਗ ਜਾਣੇ। ਮਹਿਕਦੀਆਂ ਕਲੀਆਂ ਚਿੱਟੀਆਂ-ਚਟਾਰ, ਫਿੱਕੀ ਗੰਦਮੀ ਭਾੱ ਮਾਰਦੀਆਂ। ਪਿਤਾ ਜੀ ਨੇ ਥਾਲ਼ ਭਰਕੇ ਕਹਿਣਾ: ਭਾਈਚਾਰੇ ਸ਼ਰੀਕੇ ਕਬੀਲੇ ਚ ਵੰਡ ਆਓ। ਵਿਹੜੇ ਸੱਥੀਂ ਰਖ ਆਓ। ਸੁਗੰਧ ਨਾਲ਼ ਸੋਚ ਵੀ ਬਦਲਦੀ ਹੈ।” ਹਰਜੀਤ ਕੌਰ (ਛੀਤੋ), ਜਰਨੈਲ ਮੂਲ਼ਾ ਸਿੰਘ ਬਾਹੋਵਾਲ਼ ਦੀ ਜੀਵਨੀ ਧਰਤੀ ਪੁੱਤਰ (2004).ਹੁਸ਼ਿਆਰਪੁਰ ਦੇ ਪਿੰਡ ਬਾਹੋਵਾਲ਼ ਦੇ ਮੂਲ਼ਾ ਸਿੰਘ (1896-1981) ਅਪਣੇ ਵੇਲੇ ਦੇ ਮਸ਼ਹੂਰ ਢਾਡੀ ਸਨ। ਇਹ ਗ਼ਦਰੀ ਸ਼ਹੀਦ ਮਥਰਾ ਸਿੰਘ ਦੀ ਦਿੱਤੀ ਨਿਸ਼ਾਨੀ ਛੋਟੀ ਕਿਰਪਾਨ ਹਮੇਸ਼ਾ ਪਾ ਕੇ ਰੱਖਦੇ ਸਨ। ਇਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਤੇ ਫਿਰ ਕਮਿਉਨਿਸਟ ਲਹਿਰ ਵਿਚ ਅੱਠ ਸਾਲ ਕੈਦ ਕੱਟੀ ਸੀ।ਸਾਡੇ ਤੇ ਵਿਹੜੇ ਜੀ ਕਲੀਆਂ ਦਾ ਬੂਟਾ।ਸਾਰਾ ਹੀ ਭਰਿਆ ਸਾਵਣ ਮਹੀਨਾ।ਅੰਬਾਂ ਦੀ ਪੀਂਘ ਤੇ ਸੁਰਗਾਂ ਦਾ ਝੂਟਾ॥ਸਾਡੇ ਤੇ ਵਿਹੜੇ ਜੀ ਰਾਤਾਂ ਦੀ ਰਾਣੀ।ਪੱਤਣਾਂ ਦੇ ਤਾਰੂ ਲੰਮੀ ਤਾਣ ਸੁੱਤੇ।ਜੁੱਗਾਂ ਨੂੰ ਪਲਟਣ ਦੀ ਪਾਵੇ ਕਹਾਣੀ॥ਸਾਡੇ ਤੇ ਵਿਹੜੇ ਜੀ ਪਈ ਪਈ ਗਾਵੇ।ਢੱਡ ਸਰੰਗੇ ਦੀ ਦੋ ਗਿੱਠ ਲੱਕੜੀ।ਨਾਲ਼ ਜ੍ਹਿਦੇ ਬਾਬਲ ਫ਼ਰੰਗੀ ਨਸਾਵੇ॥ਸਾਡੇ ਤੇ ਵਿਹੜੇ ਜੀ ਕੁਦਰਤ ਦੇ ਮੇਵੇ।ਕਣਕ ਦੀ ਬੱਲੀਆਂ, ਛੱਲੀਆਂ ਦੀਆਂ ਪੂਣਾ।ਦਾਤਾਰ ਸੱਚਾ ਸਭਨਾਂ ਨੂੰ ਦੇਵੇ॥ਸਾਡੇ ਤੇ ਵਿਹੜੇ ਜੀ ਝੰਡਾ ਝੁਲੇਂਦਾ।ਇਕ ਗ਼ਦਰੀ ਤਰੰਗਾ ਦੂਜਾ ਦਾਤੀ ਹਥੌੜਾ।ਕਾਗ ਬਨੇਰੇ ’ਤੇ ਬੈਠਾ ਬੁਲੇਂਦਾ।ਸਾਡੇ ਤੇ ਵਿਹੜੇ ਜੀ, ਭਗਵਾਨ ਉੱਤਰੇ।ਕੱਟੀ ਲੱਤ ਵਾਲ਼ਾ ਬਾਬਾ ਖੜੌਦੀ।ਬਾਂਹ ਕੱਟੀ ਵਾਲ਼ਾ ਟੁੰਡੀਲਾਟ ਨ੍ਹਾਮਾ॥ਸਾਡੇ ਤੇ ਵਿਹੜੇ ਜੀ ਗੜ੍ਹਸ਼ੰਕਰ ਦਾ ਭਾਈ।ਅਲਖ ਜਗਾਈ ਪਿੰਡੇ ਲੀੜਾ ਨਾ ਲੱਤਾਵਲ ਜੇਲਰ ਵਗਾਹੀ ਕੈਦੀ ਦੀ ਵਰਦੀ, ਜਦ ਹੋਈ ਰਿਹਾਈ।ਸਾਡੇ ਤੇ ਵਿਹੜੇ ਜੀ ਬਾਬਲ ਅਲਾਵੇ: ਧੀਏ ਨੀ ਛੀਤੋ।ਜਾ ਵੰਡ ਕਲੀਆਂ ਭਰ ਕੇ ਪਰਾਤਾਂ।ਸੱਥੀਂ ਤੇ ਵਿਹੜੀਂ ਸ਼ਰੀਕੇ ਕਬੀਲੇ।ਨਾਲ਼ ਸੁਗੰਧੀਆਂ ਖ਼ੁਸ਼ੀਆਂ ਬਰਾਤਾਂ॥ਸਾਡੇ ਤੇ ਵਿਹੜੇ ਜੀ ਭਰੀਆਂ ਸੁਗਾਤਾਂ।ਰਿਜ਼ਕ ਵੰਡ ਛਕੀਏ ਤੇ ਮਹਿਕਾਂ ਵੀ ਵੰਡੀਏਬਾਬਲ ਜਿਉਂ ਵੰਡੀਆਂ ਗੀਤਾਂ ਦੀਆਂ ਦਾਤਾਂ॥ਏਹ ਕਾਗਤ ਨਹੀਂ ਹੈ: ਗ਼ਦਰ ਵਿਰਾਸਤ ਦੀਆਂ ਲਿਖਤਾਂ (ਕਿਰਤ ਪ੍ਰਕਾਸ਼ਨ 2020) ਵਿਚੋਂ

Lennon Stella

ਅੰਦੋਲਨਕਾਰੀ ਔਰਤਾਂ

ਅੱਸੀਂ  ਪੈਲੀਆਂ ਦੇ ਗੂੰਜਦੇ ਬੋਲ ਹਾਂ ਰਾਖ਼ ਚੋਂ ਉੱਗੀਆਂ ਹਾਂ, ਅਡੋਲ ਹਾਂ ਖ਼ੂਨ ਵਿਚੋਂ ਨਿੱਤ  ਉੱਠਦੇ ਨਾਹਿਰਆਂ ਦੀ ਆਵਾਜ਼ ਹਾਂ ਅੰਬਰਾਂ ਤੋਂ ਅੱਗੇ ਦੀ ਪਰਵਾਜ਼ ਹਾਂ  ਹਰ ਮੋਰਚੇ ਵਿੱਚ  ਡਟ ਕੇ ਖੜਦੀਆਂ ਹਾਂ ਆਪਣੇ ਹੱਸੇ ਦੀ ਜੰਗ ਆਪ ਲੜਦੀਆਂ ਹਾਂ ਸੁਆਰਥੀ ਨਹੀਂ  ਹਾਂਕਿੱਥੇ  ਡਰਦੀਆਂ ਹਾਂ  ਅੱਜ ਦੇ ਜਾਬਰਾਂ ਬਾਬਰਾਂ ਦਾ ਮਰਸੀਆ ਧਰਤੀ ਦੀਆਂ ਮਾਲਕਣਾਂ ਸੜਕਾਂ,ਰੇਲ ਪਟੜੀਆਂ ਤੇ ਪੜਣ ਲੱਗਦੀਆਂ ਕਲਮ,ਕਰਦ,ਕੈਂਚੀ ਹਿਥਆਰ ਹੁੰਦੇ ਚਿਮਟਾ ,ਭੂਕਨੀ ਕਦੇ ਬਲਦੇ ਮਿਰਆੜ ਹੁੰਦੇ  ਫਸਲਾਂ ਦੇ ਆਜ਼ਾਦ ਲਿਹਰਨ ਤੱਕ ਰੁੱਤਾਂ, ਧੁੱਪਾਂ ਦੇ ਬੇਖ਼ੌਫ਼ ਖਿੜਕਣ ਤੱਕ ਹੁਕਮ ਵਿੱਚ ਬੱਝੀਆਂ ਪੌਣਾਂ ਦੀ ਆਖ਼ਰੀ ਜ਼ੰਜੀਰ ਟੁੱਟਣ ਤੱਕ ਰਗਾਂ ਵਿੱਚ ਲਹੂ ਦੀ ਅੰਤਲੀ ਬੂੰਦ ਸੁੱਕਣ ਤੱਕ ਲੜਾਂਗੀਆਂਕਿਓਂਕਿ ਜਾਂਬਾਜ਼, ਅੰਦੋਲਨਕਾਰੀ ਔਰਤਾਂ ਹਾਂ ਅਸੀ।

Lennon Stella

ਆਤਣ ਵਿਚਾਰ

ਅਸਾਂ ਬਹਿ ਅੰਦਰਾਂ ਵਿਚ ਗੱਲ ਸਮੰਦਰਾਂ ਦੀ ਪਈ ਕੀਤੀਸਮੰਦਰੀਂ ਜੋ ਲੱਥੀਆਂ, ਪਾਣੀ ਵਿਚ ਕਹਾਣੀ ਆਪਣੀ ਘੋਲ ਗਈਆਂਖਿੜ ਕੰਢਿਆਂ ਵਿਚ ਦੇਸ-ਵਿਦੇਸੀ ਰੰਗ, ਸੁਗੰਧੀ, ਬੋਲੀ ਅਵੱਲੀ ਬੋਲ ਗਈਆਂਲੰਘਦੀ ਵਾਅ ਘੁੱਟ ਕੁ ਪੀਤੀ ਦੱਸੀ ਜੂਹੇ ਹੁਣ ਵੱਤਰ ਭਾਲਣ ਨਿਕਲੋ ਤਾਂ ਸੁਣਿਆਂ ਏਂ ਕੱਥ ਅਕੱਥ ਕਰੇਂਦੇ ਅੱਖਰ ਆਮ ਜਿਹੇ ਅਣਹੋਈ, ਕਰ ਹੋਈ ਦਸੇਂਦੇ ਨੇਨਜਮ ਹੁਸੈਨ ਸੱਯਦ ਦੀ ਇਸ ਨਜ਼ਮ ਚ ਅੰਦਰ ਤੇ ਬਾਹਰ ਦੀ ਕੱਥ ਕਰੇਂਦਾ ਹੈ ਗਾਵਣ। ਅੰਦਰ ਕੀ ਹੈ? ਬੰਦੇ ਦਾ ਦਿਲ, ਚਿੱਤ-ਚੇਤਾ, ਜਿਸ ਵਿਚ ਉਹ ਹਰ ਸਮੇਂ ਨਵੇਂ ਪੱਕ ਪਕਾਉਂਦਾ ਏ। ਅੰਦਰ ਕੀਤੀਆਂ ਗੱਲਾਂ ਈ ਬੰਦੇ ਦੀ ਕਰਨੀ ਬਣਦੀਆਂ ਨੇ। ਕਦਾਆਂ ਇੰਝ ਵੀ ਹੁੰਦਾ ਹੈ ਜਿਉਂ ਅੰਦਰ ਦਾ ਪੱਕ ਬਾਹਰ ਦੇ ਕੱਚ ਅੱਗੇ ਝਉਂ ਜਾਂਦਾ ਏ। ਪਰ ਜੇ ਬਾਹਰ ਦੇ ਕੱਚ ਦੀ ਸਾਰ ਪੂਰੀ ਹੋਵੇ, ਤਾਂ ਅੰਦਰ ਦਾ ਪੱਕ ਕਰਨੀ ਬਣ ਭਾਉਂਦਾ ਏ। ਅੰਦਰ ਤੇ ਸਮੰਦਰ ਇੱਕੋ ਨਹੀਂ? ਬਾਹੂ ਏਹਾ ਕਾਥੀ ਕੀਤੀ ਆਹੀ-        ਦਿਲ ਦਰਿਆ ਸਮੰਦਰੋਂ ਡੂੰਘੇ,                          ਕੌਣ ਦਿਲਾਂ ਦੀਆਂ ਜਾਣੇ ਹੂ।ਮਨ ਤਾਰੂ ਤਰਨਹਾਰ, ਆਸ਼ਕ ਕੌਣ ਹੈਨ? ਜੋ ਦਿਲ ਦੀਆਂ ਜਾਣਦੇ ਨੇ ਸਾਰੀਆਂ। ਗੱਲ ਕਰਨਹਾਰਾਂ ਪਹਿਲੇ ਬੋਲ ਵਿਚ ਆਪਣੀ ਕੀਤੀ ਏ ਜੋ ਅਸਾਂ ਨਿਰੀ ਗੱਲ ਛੇੜੀ ਆਏ ਅੰਦਰੇ ਬਹਿ ਕੇ। ਮੁੜ ਕਹਾਣੀ ਹੈ ਕੀਤੀ ਗੱਲ ਨੂੰ ਕਰਨੀ ਬਣਾਵਣ ਵਾਲੀਆਂ ਦੀ। ਉਹ ਜੋ ਅੰਦਰ ਮੱਚੀ ਖੁਸ਼ਬੋਈ ਨੂੰ ਸਾਂਝਾ ਕਰਨ ਸਮੰਦਰੀਂ ਲਹਿ ਪਈਆਂ। ਉਹ ਸੋਹਣੀਆਂ ਜਿਹਨਾਂ ਵਿਹਾਰ ਦੇ ਕੱਚੇ ਘੜ੍ਹੇ ਦਾ ਕੱਚ ਜਾਤਾ ਪਰ ਆਪਣੇ ਨੇਹੁਂ ਦੇ ਪੱਕ ਸਿਰ ਠਿੱਲ੍ਹ ਪਈਆਂ। ਆਪਣੇ ਇਸ਼ਕ ਦੀ ਰੰਗ- ਸੁਗੰਧ ਪਾਣੀ ਵਿਚ ਘੋਲ ਅਮਰ ਹੋਈਆਂ। ਮਤਾਂ ਇਸ਼ਕ ਕਹਾਣੀਆਂ ਹੀ ਸਮੰਦਰ ਹਨ ਅਸਲੋਂ ਮਨ ਅੰਦਰਾਂ ਵਿਚ ਵਗਦੇ। ਰਾਵੀ ਤੇ ਝਨਾਂ ਰਾਖੇ ਹੈਨ ਇਹਨਾਂ ਪ੍ਰੀਤ ਕਹਾਣੀਆਂ ਦੇ। ਪਾਣੀ ਦਾ ਅਚਰਜ ਪੈਂਡਾ ਹੈ। ਕੁੱਲ ਧਰਤ ਤੇ ਫੇਰਾ ਪਾਉਂਦਾ। ਧਰਤ ਅੰਬਰ ਵਿਚਕਾਰ ਕਿੱਕਲੀ ਖੇਡਦਾ ਏਸ ਪ੍ਰੀਤ-ਕਥਾ ਨੂੰ ਲਈ ਫਿਰਿਆ। ਪਾਣੀ ਲੋੜ ਹੈ ਕੁੱਲ ਮਖਲੂਕ ਦੀ। ਜਿਸ ਵੀ ਇਹ ਪਾਣੀ ਪੀਤਾ, ਨੇਂਹ ਦਾ ਰੰਗ ਸੁਗੰਧ ਵੀ ਅੰਦਰ ਲੱਥਾ ਓਸਦੇ। ਏਹ ਨੇਂਹ ਹੀ ਤਾਂ ਲੂਣ ਹੈ ਜੋ ਸਮੰਦਰ ਦੇ ਪਾਣੀਆਂ ਤੋਂ ਪੰਧ ਕਰੇਂਦਾ ਅੱਖੀਆਂ ਦਾ ਪਾਣੀ ਬਣਿਆ। ਏਹਾ ਇਸ਼ਕ ਹੈ, ਜਿਸ ਅੰਦਰ ਤੇ ਸਮੰਦਰ ਦੀ ਇਕਾਈ ਸਾਰੀ ਏ। ਪਾਣੀ ਪੰਧ ਕਰੇਂਦਾ, ਜੂਹੋ-ਜੂਹ ਫਿਰਦਾ ਨਿੱਤ ਨਵੀਆਂ ਬੋਲੀਆਂ ਬੋਲਦਾ ਸੁਣਗਾ ਇਹਨਾਂ ਆਸ਼ਕਾਂ ਦੀ ਸਿਆਣ ਕਰੇਂਦਾ, ਸਾਂਭ ਕਰੇਂਦੈ। ਪਾਣੀ ਦਸੇਂਦਾ ਹੈ ਜੋ ਰੰਗ  ਤੇ ਬੋਲੀ ਦੀ ਵਿੱਥ ਤਾਂ ਹੈ ਈ ਨਹੀਂ। ਗੱਲ ਤਾਂ ਹੈ ਇਕਾਈ ਸੁਹਜਾਣ ਦੀ। ਗੱਲ ਤਾਂ ਹੈ ਜੀਵਣ ਸਿਆਣ ਦੀ। ਜਿਸ ਵੀ ਇਹ ਸਿਆਣ ਕੀਤੀ, ਓਹਾ ਬੋਲੀ ਹੋਈ ਇਸ਼ਕ ਦੀ, ਓਹਾ ਰੰਗ ਹੋਇਆ ਇਸ਼ਕ ਦਾ। ਇਸ਼ਕ, ਇਕ ਰੰਗ ਹੋਵਣ ਦਾ ਨਾਂ ਹੈ। ਵੱਖਰਾ, ਵਡਿਆਈ ਦੀ ਬੇਰੰਗੀ ਤੱਜ ਕੇ। ਵਾਅ ਸਾਥਣ ਹੈ ਪਾਣੀ ਦੀ, ਮੁੱਢਲਾਤ। ਜਿੱਦਾਂ ਇਸ਼ਕ ਸਮੁੰਦਰ ਦਾ ਲੂਣ ਨਾ ਪੁੱਜਾ। ਓਦਾਂ ਵਾਅ ਸਾਹ ਬਣਕੇ ਅੰਦਰਾਂ ਵਿਚ ਲੱਥੀ। ਵਾਅ ਦਾ ਘੁੱਟ-ਘੋਟ ਪੀਵਣ ਪੂਰੀ ਸਿਆਣ ਨੇਂਹ ਦੀ ਅੰਦਰ ਉਤਾਰਨ ਹੈ। ਵਾਅ ਸਮੰਦਰ ਅੰਦਰ ਸਮਾਈ ਕੱਥ ਲੈ ਉੱਡੀ, ਓਹਨਾਂ ਕਰਨਹਾਰਾਂ ਨਿਮਾਣੀਆਂ ਦੀ, ਜਿਹਨਾਂ ਸਾਰੀ ਹਯਾਤੀ ਆਪਣੀ ਕਰਨੀ ਭੰਡਾਰ ਬਣਾਵਣ ਦੀ ਆਸ-ਉਮੈਦ ਤੇ ਲੰਘਾਈ। ਜਿਹਨਾਂ ਹਰ ਪਲ ਤਾਂਘਿਆ ਸਮੰਦਰ ਨੂੰ ਜੋ ਸਭਨਾਂ ਲਈ ਸਾਵਾਂ ਵਗਦਾ ਏ। ਜਿਹੜਾ ਰਾਹ ਵਿਚ ਆਉਣ ਵਾਲੀ ਕਿਸੇ ਔਕੜ ਜਾਂ ਰੋਕ ਪਾਰੋਂ ਰੁਕਦਾ ਨਹੀਂ, ਸਗੋਂ ਖਿੱਲਰ-ਪੁੱਲਰ ਕੇ ਰਾਹ ਨਵਾਂ ਬਣਾ ਲੈਂਦਾ ਏ। ਆਪਣੀ ਸੱਤਿਆ ਦਾ ਵਿਸਾਹ ਹੈ ਸਮੰਦਰ ਨੂੰ, ਤਾਹੀਓਂ ਪਹਾੜਾਂ ਨਾਲ਼ ਆਢਾ ਲਾਵਣ ਤੋਂ ਨਹੀਂਓਂ ਹਟਦਾ। ਆਪਣੀ ਇਸ਼ਕ ਸੱਕਤ ਨਾਲ਼ ਪਹਾੜ ਨੂੰ ਵੀ ਰੋੜ ਬਣਾ ਕੇ ਨਾਲ਼ ਟੁਰਾਉਂਦਾ ਏ। ਏਹਾ ਤਾਂ ਇਸ਼ਕ ਹੈ ਅਸਲੋਂ, ਜੋ ਸਭ ਨੂੰ ਨਾਲ਼ ਲੈ ਟੁਰਦਾ ਏ। ਡਾਢੇ ਦਾ ਡਾਢ ਤੇ ਮਾੜੇ ਦੀ ਨਿਮਾਣਤਾ ਇਸ਼ਕ ਸਮੰਦਰੀ ਘੁਲ ਇਕ ਰੰਗ ਹੋ ਵੈਂਹਦੀ ਏ। ਏਹਾ ਸੁਨੇਹਾ ਵਾਅ ਲੈ ਉੱਡਦੀ ਏ ਤੇ ਸਾਹ ਬਣਕੇ ਅੰਦਰਾਂ ਵਿਚ ਧਉਂਦੀ ਏ। ਜਦੋਂ ਇਸ਼ਕੋਂ ਵਿਜੋਗੀ ਰੂਹ ਵੀਰਾਨ ਥੀਂਦੀ ਏ, ਜਦੋਂ ਮਲ ਸੋਕਾ ਤ੍ਰੇਹ ਉਗਾਉਂਦਾ ਏ ਤਾਂ ਵੱਤਰ ਲੋੜੀਂਦੀ ਏ ਕੁੱਲ ਮਖ਼ਲੂਕ। ਓਸ ਵੇਲੇ ਇਹ ਵਾਅ ਉਪਾਅ ਹੈ ਮਲ ਸੋਕੇ ਦਾ। ਫ਼ਰੀਦ ਤੇ ਨਾਨਕ ਵਰਗੇ ਏਹਾ ਕੱਥ ਕਰੇਂਦੇ ਆਏ ਨੇ। ਜੀਵਨ ਦੇ ਆਮ ਢੋਰੇ ਵਿਚ ਜੀਉਂਦੇ ਆਮਾਂ ਦੇ ਦੁੱਖ-ਸੁੱਖ ਸਾਂਝੇ ਕਰੇਂਦੇ ਨੇਂਹ ਸੁਗੰਧ ਵਰਤਾਉਂਦੇ ਆਏ ਨੇ ਹਰ ਵਾਰੇ। ਆਮਾਂ ਦੀਆਂ ਅੱਖੀਆਂ ਅੰਦਰ ਬਲਦੀ-ਬੁਝਦੀ ਆਉਣੀ ਭਲਕ ਦੀ ਲੋਅ ਦੀ ਸਾਂਭ ਕਰੇਂਦੇ, ਜੋ ਨਾ ਹੋਇਆ ਅੱਜ ਤਾਈਂ, ਉਸ ਦੇ ਹੋਵਣ ਦੀ ਆਸ ਬਣਕੇ ਮਨਾਂ ਅੰਦਰ ਜਿਉਂਦੇ ਨੇ। ਵਾਅ ਨਾਰ ਹੈ ਤੇ ਪਾਣੀ ਨਰ। ਏਸ ਵਾਅ ਪਾਣੀ ਦਾ ਸੰਗ ਹੀ ਹੈ ਜੋ ਸਾਵਾਂ ਥੀਏ ਤਾਂ ਤੱਸੀਆਂ ਜੂਹਾਂ ਵੱਤਰ ਕਰੇਂਦਾ ਏ। ਆਮਾਂ ਦੀ ਬੋਲੀ ਤਾਂ ਹੋਈ ਚੁੱਪ। ਸੋ ਏਹਾ ਚੁੱਪ ਕਰਨੀ ਹੈ ਅਸਲ ਬੋਲੀ ਜੋ ਦਸੇੰਦੀ ਏ ਭਾਗ ਬੰਦੇ ਦੇ। ਏਹਨਾਂ ਆਮਾਂ ਦੀ ਬੋਲੀ ਨੂੰ ਹਾਸ ਪੱਤਰ ਲੋੜੀਂਦੇ ਹੀ ਨਹੀਂ। ਖਾਸ ਲੋੜ ਹੋਈ ਖਾਸਾਂ ਦੀ, ਆਪਣੇ ਹੋਵਣ ਦਾ ਪੱਕ ਕਰਨ ਕੀਤੇ। ਜੋ ਭਰਮ ਦੇ ਟੋਕਰੇ ਹੇਠ ਲੁਕ ਕੇ ਆਪਣੀਆਂ ਵਾਰਾਂ ਪਏ ਲਿਖਵੇਂਦੇ ਨੇ। ਆਸ਼ਕਾਂ ਦੀ ਕੀਤੀ ਕੱਥਣ ਵਿਚ ਆ ਹੀ ਨਹੀਂ ਸਕਦੀ, ਸੋ ਨਹੀਂ ਲੋੜ ਇਸਨੂੰ ਖਾਸ ਅੱਖਰਾਂ ਤੇ ਖਾਸ ਕਾਤਬਾਂ ਦੀ। ਏਹ ਆਮਾਂ ਦੀਆਂ ਅੱਖੀਆਂ ਵਿਚ ਲਿਖੀ ਹੈ, ਆਮਾਂ ਦੀ ਕਰਨੀ ਵਿਚ ਦਿਸਦੀ ਹੈ। ਆਮਾਂ ਦੀ ਬੋਲੀ ਵੀ ਆਮ ਹੀ ਸਮਝਦੇ ਹੋਏ। ਸੋ ਨਹੀਂ ਲੋੜ ਲੰਮੀਆਂ ਤਕਰੀਰਾਂ ਦੀ। ਏਸ ਅਣ-ਆਖੀ ਨੂੰ ਆਖਣ ਕੀਤੈ। ਕੁਦਰਤ ਸਿਰਜੀ ਵਾਅ ਤੇ ਪਾਣੀ ਜਦ ਐਹ ਕੱਥ ਸਾਂਭ ਟੁਰੇ ਹਨ ਤਾਂ ਹੁਣ ਐਹ ਹੋਈ ਸਮਝੋ। ਏਹਾ ਕੁਦਰਤ ਟੋਰ ਹੈ ਜੀਵਨ ਦੀ। ਕੁਦਰਤ ਟੋਰਾ ਆਹਰ ਹੈ ਜੀਵਨ ਦਾ ਰਲ ਕੀਤਾ। ਏਹਾ ਤਕਦੀਰ ਬਣ ਵੈਂਹਦਾ ਹੈ, ਜਦੋਂ ਹੋਂਦ ਮੈਂ ਕੋਲੋਂ ਉਦਰ ਵੰਝੇ। ਵਾਅ ਪਾਣੀ ਬਣ ਜੀਵਨ ਲੰਘਾਵਣ, ਵਰਤਾਵਣ ਹੀ ਅਕੱਥ ਕਥਾ ਹੈ ਤਕਦੀਰ ਦੀ।   ਆਸਮਾਂ ਕਾਦਰੀ ---------------------ਪਾਟੀ ਕਿਰਤ ਨੇ ਇਕ ਮੁਠ ਹੋਣਾ, ਬਣ ਜਾਣਾ ਇਕ ਝਖੜਾ ਵੇ ਹੋ ਘੋੜੀ ਤੇਰੀ ਦੇ ਉਡਣੇ ਘੁੰਗਰੂ, ਗੋਰੀ ਦਾ ਚੂੜਾ ਰਤੜਾ ਵੇ ਹੋ  ਤੀਲੀਆਂ ਰਲ ਕੇ ਬਹੁਕਰ ਬਣਨਾ, ਹੂੰਝ ਦੇਣਾ ਕੱਖ ਕੰਡੜਾ ਵੇ ਹੋਖਵਾਰ ਹੋਏ ਸਭ ਮਿਲਣਗੇ ਆਖ਼ਰ, ਆਕੀਆਂ ਨੂੰ ਕੱਰ ਤਗੜਾ ਵੇ ਹੋ  ਮੋਹਨ ਸਿੰਘ