First Edition: Feb 2021

Lennon Stella

ਕਰਤੀ ਧਰਤੀ

ਪੰਜਾਬ ਦੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਖਬਰਾਂ ਸਾਨੂੰ ਇਕ ਗੱਲ ਦਸਦੀਆਂ ਹਨ। ਕਿਸਾਨ ਔਰਤ ਜਦੋਂ ਖੇਤ ਅਤੇ ਫਸਲ ਦੇ ਬਾਰੇ ਗੱਲ ਕਰਦੀ ਹੈ ਤਾਂ ਆਖਦੀ ਹੈ, ਖੇਤ ਵੀ ਸਾਡੀ ਔਲਾਦ ਹੈ, ਜਿਵੇਂ ਮਾਂ ਔਲਾਦ ਦੀ ਪਰਵਰਿਸ਼ ਕਰਦੀ ਹੈ, ਓਵੇਂ ਹੀ ਅਸੀਂ ਖੇਤ ਦੀ ਪਰਵਰਿਸ਼ ਕਰਦੇ ਹਾਂ। ਕਿਸਾਨ ਮਰਦ ਜਦੋਂ ਖੇਤ ਦੇ ਬਾਰੇ ਗੱਲ ਕਰਦਾ ਹੈ ਤਾਂ ਜ਼ਮੀਨ ਨੂੰ ਅਕਸਰ ਮਾਂ ਸਮਾਨ ਵੇਖਦਾ ਹੈ। ਕਹਿੰਦਾ ਹੈ ਮਾਂ ਨੂੰ ਅਸੀਂ ਨਹੀਂ ਛੱਡ ਸਕਦੇ ਤਾਂ ਅਸੀਂ ਜ਼ਮੀਨ ਨੂੰ ਕਿਵੇਂ ਛੱਡ ਸਕਦੇ ਹਾਂ। ਇਹ ਗੱਲ ਗੌਰਤਲਬ ਹੈ, ਇਹ ਫਰਕ ਕਿਉਂ ਹੈ? ਮਹਿਲਾ ਕਿਸਾਨ ਧਰਤੀ ਨੂੰ ਮਾਂ ਕਿਉਂ ਨਹੀਂ ਆਖਦੀ?ਸ਼ਾਇਦ ਇਸ ਕਰਕੇ ਕਿ ਸਮਾਜ ਵਿਚ ਮਾਂ ਤੇ ਸਿਰਫ ਪੁੱਤਰ ਦੀ ਹੁੰਦੀ ਹੈ। ਕੁੜੀ ਤੇ ਕਰਜ ਹੈ, ਬੇਗਾਨੇ ਘਰ ਦੀ ਚੀਜ। ਬੇਟੀ ਨੂੰ ਬਚਪਨ ਤੋਂ ਹੀ ਪਰਾਈ ਸਮਝਿਆ ਜਾਂਦਾ ਹੈ, ਬੇਗਾਨਗੀ ਵਿਚ ਕੁੜੀ ਧਰਤੀ ਨੂੰ ਮਾਂ ਕਿਵੇਂ ਆਖੇ। ਸਮਾਜ ਔਰਤ ਨੂੰ ਮਾਂ ਦੇ ਤੌਰ ਤੇ ਇੱਜਤ ਦਿੰਦਾ ਹੈ। ਗੈਰ-ਸ਼ਾਦੀਸ਼ੁਦਾ ਅਤੇ ਬੇ-ਔਲਾਦ ਕੁੜੀ ਬੇਇੱਜਤ ਹੀ ਰਹਿੰਦੀ ਹੈ। ਨਾ ਕਿਸੇ ਦੀ ਮਲਕੀਅਤ ਹੈ, ਨਾ ਕੋਈ ਮਲਕੀਅਤ ਪੈਦਾ ਕੀਤੀ ਹੈ। ਨਰ ਪ੍ਰਧਾਨੀ ਦੀ ਇਹ ਸੋਚ ਜ਼ਹਿਰੀਲੀ ਹੈ। ਅਸਲ ਵਿਚ ਇਸ ਸਿਸਟਮ ਵਿਚ ਕਿਸੇ ਦੀ ਇੱਜਤ ਨਹੀਂ। ਸਾਡੀ ਧਰਤੀ ਅਤੇ ਜਣੀ ਦੀ ਕੁੱਵਤ (ਸਮਰੱਥਾ) ਇਕ ਹੀ ਹੈ। ਮੈਂ ਇਸ ਦਾ ਨਾਂ ਕਰਤੀ ਧਰਤੀ ਰੱਖਿਆ ਹੈ। ਜਿਸ ਤਰਾਂ ਸਮਾਜ ਵਿਚ ਔਰਤ ਦੀ ਹਸਤੀ ਉੱਪਰ ਕਬਜ਼ਾ ਜਮਾਇਆ ਜਾਂਦਾ ਹੈ। ਉਸੇ ਤਰਾਂ ਜ਼ਬਾਨ ਤੇ ਵੀ ਕਬਜ਼ਾ ਹੈ, ਕਿਸਾਨ ਸ਼ਬਦ ਮਰਦ ਦੇ ਵਾਸਤੇ ਹੈ। ਔਰਤ ਕਿਸਾਨ ਦੇ ਲਈ ਕੋਈ ਸ਼ਬਦ ਹੀ ਨਹੀਂ। ਮੈਂ ਸ਼ਬਦਾਂ ਵਿਚ ਮੋਰਚਾ ਲਗਾਇਆ ਹੈ, ਕਰਤੀ ਧਰਤੀ ਕੁੱਲ ਕੁਦਰਤ ਦੀ ਰੀਤ ਦਾ ਨਾਂ ਹੈ। ਕਰਤਾ ਧਰਤਾ ਦਾ ਉਲਟ ਹੈ। ਨਾ ਧਰਤੀ ਮਲਕੀਅਤ ਹੈ, ਨਾ ਹੀ ਔਰਤ। ਅਸੀਂ ਦੋਨਾਂ ਨੂੰ ਠੱਗ ਲੈਣ ਦੀ ਨਿਗਾਹ ਨਾਲ਼ ਵੇਖਦੇ ਹਾਂ। ਕਾਬੂ ਕਰਨ ਦੀ ਖ੍ਵਾਹਿਸ਼ ਰਖਦੇ ਹਾਂ, ਇਸ਼ਕ ਦੀ ਨਹੀਂ। ਜੇ ਧਰਤੀ ਮਜ਼ਲੂਮ ਹੈ ਤਾਂ ਅਸੀਂ ਵੀ ਮਜ਼ਲੂਮ ਰਹਾਂਗੇ।ਜਾਅਲੀ ਬੀਜ, ਯੂਰੀਆ ਅਤੇ ਜ਼ਹਿਰ ਧਰਤੀ ਨੂੰ ਜਖਮੀ ਕਰਦਾ ਹੈ। ਇਹਨਾਂ ਸ਼ੈਆਂ ਦੇ ਨਾਲ਼ ਜ਼ਮੀਨ ਨੂੰ ਡਰਾਇਆ ਧਮਕਾਇਆ ਗਿਆ ਹੈ। ਇਹ ਸ਼ੈਆਂ ਸਾਨੂੰ ਬਿਮਾਰ ਕਰਦੀਆਂ ਹਨ ਅਤੇ ਕਿਸਾਨੀ ਰੀਤ ਨੂੰ ਖਤਮ। ਦੁਖਾਂਤ ਤਾਂ ਇਹ ਹੈ ਕਿ ਸਾਨੂੰ ਮਜ਼ਬੂਰ ਕਰ ਦਿੱਤਾ ਗਿਆ ਹੈ। ਜਦੋਂ ਤੱਕ ਸਿਸਟਮ ਦੇ ਵਿਚ ਧਰਤੀ ਤੇ ਆਪ ਨੂੰ ਨਹੀਂ ਢਾਲਾਂ ਗੇ ਉਦੋਂ ਤੱਕ ਗੁਜਾਰਾ ਹੀ ਨਹੀਂ ਹੋਵੇਗਾ। ਆਪਣੇ ਆਪ ਨੂੰ ਢਾਲਦੇ ਢਾਲਦੇ ਅਸੀਂ ਢਾਹ ਦਿੱਤੇ ਗਏ ਹਾਂ। ਜ਼ਮੀਨ ਸਾਨੂੰ ਲਲਕਾਰਦੀ ਹੈ: ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥ਸਾਈਂ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥ਧਰਤੀ ਕੀ ਚਾਹੁੰਦੀ ਹੈ, ਇਹ ਗੱਲ ਵਿਚਾਰਨ ਦੀ ਲੋੜ ਹੈ। ਟਰਾਲੀ ਟਾਈਮਜ ਦੇ ਸੱਤਵੇਂ ਅੰਕ ਵਿਚੋਂ ਕਰਤੀ ਧਰਤੀ ਨਾਮਕਰਨ ਲਈ ਅਸੀਂ ਨੌਸ਼ੀਨ ਅਲੀ ਦੇ ਧੰਨਵਾਦੀ ਹਾਂ

Lennon Stella

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ॥ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ॥ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

ਮਿੱਟੀ ਆਦਿ-ਜੁਗਾਦਿ ਦੇ ਸੱਚ ਨਾਲ਼ ਜੁੜਦੀ ਹੈ। ਮਿੱਟੀ ਉੱਪਰ ਆਕੜ-ਆਕੜ ਕੇ ਟੁਰਨ ਵਾਲੇ ਭੁੱਲ ਬਹਿੰਦੇ ਨੇ ਜੋ ਮੋਇਆਂ ਏਸ ਮਿੱਟੀ ਹੇਠ ਹੀ ਜਾਵਣਾ ਹੈ ਅਸਾਂ। ਏਹਾ ਮਿੱਟੀ ਹੀ ਹੈ ਜਿਸ ਸਾਡੀ ਸਾਂਭ ਕਰਨੀ ਹੈ। ਮਿੱਟੀ ਨਾਲ਼ ਮਿੱਟੀ ਹੋਏ ਜਿਉਂਦੇ ਜੀਅ ਹਨ ਜਾਂ ਪੈਰਾਂ ਹੇਠ ਮਿੱਟੀ, ਦੋਏਂ ਈ ਬੇ-ਜ਼ੁਬਾਨ ਹੋਏ। ਦੋਹਾਂ ਦੀ ਕਰਨੀ ਬੋਲਦੀ ਹੈ, ਇਹ ਆਪ ਨਹੀਂ ਬੋਲਦੇ। ਮਿੱਟੀ ਏਸ ਕਾਇਨਾਤ ਦੀ ਸਭ ਤੋਂ ਹੇਠਲੀ ਹੋਂਦ ਹੈ। ਪੈਰਾਂ ਹੇਠ ਆਉਂਦੀ ਐ ਮਿੱਟੀ, ਕਿਸ-ਕਿਸ ਰੰਗ ਵਿੱਚ ਸੇਵਾ ਕਰੇਂਦੀ ਹੈ। ਮਿੱਟੀ ਨਿਮਾਣਤਾ ਦਾ ਨਿਸ਼ਾਨ ਹੈ। ਮਿੱਟੀ ਹਰ ਪਲ ਆਪਣੇ ਆਹਰੇ ਲੱਗੀ ਐ, ਪਰ ਕਦੀ ਇਸ ਦੀ ਵਾਜ਼ ਨਹੀਂ ਸੁਣੀਂ ਕਿਸੇ। ਬੱਸ ਮਿੱਟੀ ਦੀ ਕਰਨੀ ਬੋਲਦੀ ਹੈ। ਮਿੱਟੀ-ਪਾਣੀ ਦਾ ਸੰਗ ਹੋਇਆ ਆਦਿ-ਜੁਗਾਦਿ ਦਾ। ਮਿੱਟੀ ਦੀ ਕੁੱਖ ਸਾਂਭਦੀ ਹੈ ਹਰ ਬੀਅ ਨੂੰ, ਰਾਖੀ ਕਰੇਂਦੀ ਹੈ ਤੇ ਰੁੱਤ ਆਵਣ ਤੇ ਬੂਟਾ ਬਣਾ ਕੇ ਆਪਣਾ ਢਿੱਡ ਪਾੜ ਕੇ ਉਸਨੂੰ ਜੰਮਦੀ ਐ। ਮਿੱਟੀ ਦਾ ਉਗਾਇਆ ਕੁੱਲ ਜਿਉਂਦੀ ਹੋਂਦ ਦਾ ਜੀਵਕਾ ਹੋਇਆ। ਮਿੱਟੀ ਵਿੱਚ ਉੱਗਿਆ ਨਿੱਕਾ ਜਿਤਨਾ ਬੂਟਾ ਹੌਲੀ-ਹੌਲੀ ਵੱਡਾ ਉੱਚਾ-ਲੰਮਾ ਰੁੱਖ ਬਣਕੇ ਅੰਬਰ ਨਾਲ਼ ਗੱਲਾਂ ਕਰੇਂਦਾ ਏ। ਮਿੱਟੀ ਅੰਦਰ ਕੋਈ ਹਸਰਤ ਨਹੀਂ ਪੈਦਾ ਹੁੰਦੀ ਜੋ ਮੇਰਾ ਜੰਮਿਆ ਅੱਜ ਕਿੱਥੇ ਉਚਿਆਈਆਂ ਵਿੱਚ ਹੈ। ਮਿੱਟੀ ਰੁੱਖ ਦੀਆਂ ਜੜ੍ਹਾਂ ਦੀ ਸਾਂਭ ਕਰੇਂਦੀ ਓਸਦੀ ਸਿਖਰ ਨੂੰ ਵੀ ਵੱਤਰਦੀ ਏ। ਮਿੱਟੀ ਜਿਓਂਦਿਆਂ ਨੂੰ ਪਾਲਦੀ ਤੇ ਮੋਇਆਂ ਨੂੰ ਸਾਂਭਦੀ ਏ। ਮਿੱਟੀ ਮੋਏ ਵਜੂਦ ਦੀ ਸਾਂਭ ਨਾ ਕਰੇ ਤਾਂ ਧਰਤ ਉੱਪਰ ਜੀਵਨ ਮੁੱਕ ਜਾਵੇ। ਮਿੱਟੀ ਦਾ ਆਪਣਾ ਫ਼ਿੱਕਾ ਜਿਹਾ ਭੂਰਾ ਰੰਗ ਹੈ, ਪਰ ਮਿੱਟੀ ਦੀ ਉਪਜ ਵੰਨੋ-ਵੰਨ ਰੰਗਾਂ ਵਿੱਚ ਖਿੜਦੀ ਹੱਸਦੀ ਹੈ। ਮਿੱਟੀ ਵਿੱਚੋਂ ਹੀ ਉੱਗਿਆ ਹੈ, ਸਰ੍ਹੋਂ ਦਾ ਹਰਾ ਬੂਟਾ, ਪੀਲੇ ਫੁੱਲਾਂ ਵਿੱਚ ਹੱਸਦਾ-ਵਸਦਾ, ਵੇਖੋ ਮਿੱਟੀ ਦਾ ਸੁਨੇਹਾ ਪਿਆ ਦੇਂਦਾ ਹੈ। ਨਜਮ ਹੁਸੈਨ ਦਾ ਜੋੜਿਆ ਜੋੜ ਹੈ - ਸਰ੍ਹੋਂ ਦੀ ਪੀਲਕ ਦੇ ਵਿੱਚ ਸਾਵਾਜਿਸ ਪੜ੍ਹਿਆ,ਤਿਸ ਨੈਣ ਕੀਤੇ ਸਰ ਸਾਵੇਹੈ ਦੂਈ ਆਪ ਮਿਲਾਵਾਤਨ-ਮਨ ਵਿਛੜਿਆਂ ਦਾਮਿੱਟੀ ਦੀ ਕਰਨੀ ਸੁਨੇਹਾ ਦੇਂਦੀ ਹੈ ਏਕਾਈ ਦਾ। ਇੱਕ ਨਿੱਕੇ ਜਿਹੇ ਬੀਅ ਵਿੱਚੋਂ ਕਿਤਨੇ ਰੰਗ ਨਿਕਲੇ ਨੇ ਤੇ ਮਿੱਟੀ ਚੋਂ ਬਾਹਰ ਆ ਕੇ, ਵਧ ਕੇ, ਫੁੱਲ ਕੇ ਆਪਣੇ ਬੀਅ ਵਿੱਚ ਸਮਾ ਗਏ ਨੇ। ਇੱਕ ਬੀਅ ਨੇ ਆਪਣੀ ਹੋਂਦ ਗਵਾਈ ਏ ਤੇ ਬੂਟਾ ਬਣਿਆ ਏ। ਇੱਕ ਹੋਂਦ ਮੁਕਾਵਣ ਪਾਰੋਂ ਹੀ ਅਨੇਕਾਂ ਬੀਅ ਜੰਮੇ ਨੇ। ਮਿੱਟੀ ਹੀ ਤੱਤ ਹੈ ਮਨੁੱਖ ਦਾ। ਮਿੱਟੀ ਉਪਜਾਉਂਦੀ ਏ, ਆਪਣੀ ਸੱਤ-ਸੱਤਿਆ ਵਰਤ ਕੇ। ਜੇ ਮਿੱਟੀ ਉਪਜ ਨਾ ਕਰੇ ਤਾਂ ਉਹ ਮਿੱਟੀ ਸੱਚ ਨਾ ਰਹਿਸੀ। ਮਿੱਟੀ ਹੀ ਪੌਂਦ ਹੈ, ਮੁੱਢ ਹੈ, ਮਿੱਟੀ ਬੀਅ ਲੈਂਦੀ ਏ, ਬੂਟਾ ਬਣਾ ਪਰਤਾਉਂਦੀ ਏ। ਸਾਵਾਂ ਲੈਣ-ਦੇਣ ਹੀ ਜੀਵਨ-ਤੋਰਾ ਹੈ ਕੁਦਰਤ ਦਾ। ਇਨਸਾਨੀ ਹੋਂਦ ਵੀ ਮਿੱਟੀ ਨਾਲ਼ ਬਣੀ ਹੈ ਤਾਹੀਓਂ ਤਾਂ ਮਰ-ਮੁੱਕ ਕੇ ਮਿੱਟੀ ਨਾਲ਼ ਮਿੱਟੀ ਹੋ ਵੈਂਹਦੀ ਏ। ਹਰ ਸ਼ੈਅ ਆਪਣੇ ਅਸਲੇ ਨਾਲ਼ ਹੀ ਇੱਕ-ਮਿੱਕ ਹੁੰਦੀ ਏ। ਬਸ ਵਿੱਥ ਇਤਨੀ ਹੈ ਜੋ ਪੈਰਾਂ ਹੇਠ ਦੀ ਮਿੱਟੀ ਜਵਾਲਦੀ, ਪਾਲਦੀ, ਸਾਂਭਦੀ ਹੈ। ਜੋ ਮਿੱਟੀ ਤਨ ਉੱਤੇ ਲੱਗੀ ਹੈ, ਉਹ ਬੱਝ ਕੇ ਮੈਂ ਬਣ ਜਉਂਦੀ ਹੈ - ਹਉਮੈ। ਮੈਂ ਦਾ ਕੰਮ ਮਾਰ ਮੁਕਾਵਣਾ ਹੋਇਆ, ਉਹ ਉਪਜ ਕਰ ਹੀ ਨਹੀਂ ਸਕਦੀ। ਮਿੱਟੀ ਦਾ ਕੰਮ ਤਾਂ ਮਿਲਣ ਹੋਇਆ। ਬੰਦੇ ਦੇ ਤਨ ਵਿੱਚ ਕੈਦ ਹੋਈ ਮਿੱਟੀ ਮਿਲਣ ਭੁੱਲੀ ਤਾਂ ਵਿਸ ਬਣੀ। ਏਹਾ ਗੱਲ ਚੇਤਾ ਕਰਵਾਈ ਆਹੀ ਫ਼ਰੀਦ ਨੇ, ਜੋ ਬਾਬੇ ਨਾਨਕ ਨੇ ਲਿਖ ਸਾਂਭੀ।ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥ਸਾਈਂ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥ਮਿਲਣ ਸਕਤ, ਉਪਜ ਸਕਤ ਜਦੋਂ ਬੱਝ ਜਾਵੇ, ਆਪਣੀ ਸੱਤ-ਸੱਤਿਆ ਸਾਂਝੀ ਨਾ ਕਰ ਸਕੇ ਕੁੱਲ ਕੁਦਰਤ ਨਾਲ਼ ਤਾਂ ਉਹ ਵਿਸ ਬਣ ਬਹਿੰਦੀ ਏ। ਮਿੱਟੀ ਮਿਲਦੀ ਹੈ ਹਰ ਪਲ ਵਾਅ ਨਾਲ਼, ਪਾਣੀ ਨਾਲ਼, ਸਿਝ ਨਾਲ਼, ਤਾਹੀਓਂ ਉਪਜਾਉਂਦੀ ਏ। ਮਿੱਟੀ ਦਾ ਵਰਤਾਰਾ ਕੁੱਲ ਹੋਂਦ ਨਾਲ਼ ਸਾਵਾਂ ਹੈ। ਮਿੱਟੀ ਨੂੰ ਕੋਈ ਨਿੰਦੇ, ਰੱਦੇ, ਉਹ ਪਰਤਾਵਾ ਪਿਆਰ ਦਾ ਹੀ ਦੇਂਦੀ ਏ। ਮਿੱਟੀ ਨੂੰ ਕੋਈ ਵਡਿਆਵੇ ਤਾਂ ਵੀ ਉਹ ਮਾਣ ਨਹੀਂ ਕਰੇਂਦੀ, ਸਗੋਂ ਹੋਰ ਨਿੰਵਦੀ ਹੈ। ਮਿੱਟੀ ਜੁੜਨ ਸਿਖਾਉਂਦੀ ਐ। ਹੁਣ ਵੇਖੋ, ਆਦਿ ਦੀ ਜ਼ੇਰ-ਜ਼ਬਰ ਤੋਂ ਵੱਖ ਕੁਦਰਤ ਦੀ ਕਰਨੀ। ਪੈਰਾਂ ਥੱਲੇ ਜ਼ੇਰ ਹੋਈ ਮਿੱਟੀ ਮੋਏ ਵਜੂਦ ਦੀ ਜ਼ਬਰ ਬਣ ਵੈਂਹਦੀ ਏ। ਉਲਮਾਈ ਦੀ ਜ਼ੇਰ-ਜ਼ਬਰ ਵਿੱਚ ਫਾਤਾ ਜੀਅ ਕੁਦਰਤ ਦੀ ਦਾਨ ਹੋਈ ਸ਼ੱਕਰ ਨੂੰ ਅੰਦਰੇ-ਅੰਦਰ ਜੋੜ ਕੇ ਵਿਸ ਬਣਾ ਕੇ ਪਿਆ ਵੰਡਦਾ ਹੈ ਤੇ ਵੀਰਾਨ ਥੀਂਦਾ ਹੈ।  

Lennon Stella

ਤਾਨਾਸ਼ਾਹ ਡਰਦਾ ਹੈ

ਤਾਨਾਸ਼ਾਹ ਸਭ ਤੋਂ ਡਰਦਾ ਹੈ। ਪਰ ਸਬ ਤੋਂ ਵੱਧ ਭੈਅਭੀਤ ਓਹਨੂੰ ਕੁੜੀਆਂ ਕਰਦੀਆਂ ਨੇ। ਦਿੱਲੀ ਪੁਲਿਸ ਨੇ 17 ਸਾਲਾਂ ਦੀ ਗਰੇਟਾ ਥਨਬਰਗ ਤੇ ਪਰਚਾ ਪਾ ਕੇ ਆਪਣੀ ਬੌਣੀ ਸੋਚ ਨੂੰ ਤੇ ਸੈਂਟਰ ਸਰਕਾਰ ਦੀ ਬੁਜ਼ਦਿਲੀ ਨੂੰ ਜੱਗ ਜਾਹਰ ਕੀਤਾ ਹੈ। ਇਕ ਫਰਵਰੀ ਨੂੰ ਭਾਰਤ ਸਰਕਾਰ ਨੇ ਨਵਪ੍ਰੀਤ ਸਿੰਘ ਦੀ ਦਿੱਲੀ ਪੁਲਿਸ ਵੱਲੋਂ ਗੋਲੀ ਮਾਰ ਕੇ ਕੀਤੀ ਹੱਤਿਆ ਨੂੰ ਨਸ਼ਰ ਕਰ ਰਹੇ ਖ਼ਬਰ ਅਦਾਰਿਆਂ ਤੇ ਪੱਤਰਕਾਰਾਂ ਤੇ ਪਰਚੇ ਪਾਏ ਤੇ ਓਹਨਾ ਦੇ ਟਵਿੱਟਰ ਅਕਾਊਂਟ ਬੰਦ ਕਰਾਏ। 3 ਫਰਵਰੀ ਨੂੰ ਗਰੇਟਾ ਤੇ ਫਿਰ ਰਿਹਾਨਾ ਤੇ ਹੋਰ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਟਵੀਟ ਪਾਏ ਗਏ।  ਦਮਗਜੇ ਮਾਰਨ ਵਾਲੀ ਸਰਕਾਰ ਦੋ ਕੁੜੀਆਂ ਦੇ ਦੋ ਟਵੀਟ ਤੋਂ ਮਿੰਟੋ ਮਿੰਟੀ ਕੰਬ ਉਠੀ। ਕੱਚ ਦੇ ਮਹਿਲਾਂ ਚ ਰਹਿਣ ਵਾਲੇ ਨੂੰ ਕੁੜੀਆਂ ਦੇ ਚਾਰ ਅੱਖਰ ਪੱਥਰਾਂ ਵਾਂਗੂ ਵੱਜੇ। ਤਾਨਾਸ਼ਾਹ ਹਵਾ ਦੇ ਬੁੱਲਿਆਂ ਤੋਂ ਕੰਬਦਾ ਹੈ। ਮਤੇ ਚੰਗੀ ਭਲੀ ਚਲਦੀ ਹਵਾ ਹਨ੍ਹੇਰੀ ਨਾ ਬਣ ਉਠੇ। 2019 ਵਿੱਚ ਸਵੀਡਨ ਦੀ ਗਰੇਟਾ ਯੂ ਐਨ ਦੀ ਨਿਊ ਯੌਰਕ ਵਿਚ ਹੋਈ ਕਾਨਫਰੈਂਸ ਚ ਬੋਲੀ। "ਤੁਹਾਡੀ ਹਿੰਮਤ ਕਿਵੇਂ ਹੋਈ? ਤੁਸੀਂ ਮੇਰੇ ਸੁਪਨੇ ਤੇ ਮੇਰਾ ਬਚਪਨ ਆਪਣੇ ਖੋਖਲੇ ਸ਼ਬਦਾਂ ਨਾਲ਼ ਖੋਹਿਆ ਹੈ।" ਉਸ ਵਕਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲ਼ਡ ਟਰੰਪ ਨੇ ਜਵਾਬ ਵਿੱਚ ਟਵੀਟ ਕੀਤਾ, "ਨਿੱਕੀ ਅਤੇ ਪਿਆਰੀ ਕੁੜੀ ਇੱਕ ਬਹੁਤ ਖੁਸ਼ਹਾਲ ਭਵਿੱਖ ਦੀ ਆਸ ਰੱਖਦੀ ਹੈ।" ਇਹ ਲਾ ਕੇ ਦਿੱਤਾ ਗਿਆ ਜਵਾਬ ਸੀ। ਨਰੇਂਦਰ ਮੋਦੀ ਵਾਂਗੂ ਉਹ ਬਹਾਨੇ ਘੜ ਕੇ ਪਰਚੇ ਨ੍ਹੀਂ ਸੀ ਪਵਾ ਸਕਦਾ। ਉਹ ਗਰੇਟਾ ਨੂੰ ਸ਼ਰਮਸਾਰ ਕਰਨਾ ਚਾਹੁੰਦਾ ਸੀ। ਓਹਨੂੰ ਚੁੱਪ ਕਰਾਉਣਾ ਚਾਹੁੰਦਾ ਸੀ। ਪਰ ਉਹ ਡਟੀ ਰਹੀ। ਤਾਨਾਸ਼ਾਹ ਅੱਜ ਕੋਈ ਹੋਰ ਹੈ ਤੇ ਉਹ ਅੱਜ ਵੀ ਡਟੀ ਹੋਈ ਹੈ।

Lennon Stella

ਨੌਦੀਪ ਨੂੰ ਰਿਹਾਅ ਕਰੋ

ਮੁਕਤਸਰ ਦੀ ਨੌਦੀਪ ਕੌਰ ਕੁੰਡਲੀ ਦੀ ਇਕ ਬੱਲਬ ਫੈਕਟਰੀ ਵਿੱਚ ਕੰਮ ਕਰਨ ਲੱਗੀ। ਜਲਦ ਹੀ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਕਰਕੇ ਓਹਨੇ ਮਜ਼ਦੂਰ ਅਧਿਕਾਰ ਸੰਗਠਨ ਵਿਚ ਹਿੱਸਾ ਪਾਉਣਾ ਸ਼ੁਰੂ ਕੀਤਾ। ਜਦੋਂ ਕਿਸਾਨ ਅੰਦੋਲਨ ਕੁੰਡਲੀ-ਸਿੰਘੂ ਜਾ ਪਹੁੰਚਿਾ ਤਾਂ ਨੌਦੀਪ ਨੇ ਮਜ਼ਦੂਰਾਂ ਨੂੰ ਇਕੱਠੇ ਕਰ ਮਜ਼ਦੂਰ ਕਿਸਾਨ ਏਕਤਾ ਦੇ ਨਾਅਰਿਆਂ ਨੂੰ ਬੁਲੰਦ ਕੀਤਾ। ਦਲਿਤ ਪਰਵਾਰ ਤੋਂ ਆਈ ਨੌਦੀਪ ਜੁਝਾਰੂ ਬਿਰਤੀਆਂ ਦੀ ਮਾਲਕ ਹੈ। ਉਹ ਹਰਿਆਣਾ ਦੀ ਕੁੰਡਲੀ ਇੰਡਸਟਰੀਅਲ ਐਸੋਸਿਏਸ਼ਨ ਤੋਂ ਮਜ਼ਦੂਰਾਂ ਦੇ ਬਣਦੇ ਹੱਕ ਮੰਗਣ ਲੱਗੀ। ਇਸ ਐਸੋਸਿਏਸ਼ਨ ਨੇ ਇਕ ਰਿਸਪੌਂਸ ਟੀਮ ਦੇ ਨਾ ਹੇਠ ਗੁੰਡਿਆਂ ਨੂੰ ਇਕੱਠਾ ਕੀਤਾ ਤੇ ਹੱਕ ਮੰਗ ਰਹੀ ਨੌਦੀਪ ਤੇ ਮਜ਼ਦੂਰਾਂ ਤੇ ਧੌਂਸ ਜਮਾਉਣ ਲੱਗੇ। ਇਹ ਗੁੰਡਾ ਟੀਮ ਮਜ਼ਦੂਰਾਂ ਨੂੰ ਇੱਕ-ਜੁੱਟ ਹੋਣ ਤੋਂ ਰੋਕਣ ਲੱਗੀ ਤੇ ਓਹਨਾ ਨੂੰ ਡਰਾਉਣ ਧਮਕਾਉਣ ਲੱਗੀ। ਐਨੇ ਨੂੰ ਨੌਦੀਪ ਨੂੰ ਨੌਕਰੀ ਚੋਂ ਕੱਢ ਦਿੱਤਾ ਗਿਆ। ਦੋ ਜਨਵਰੀ ਨੂੰ ਆਪਣੀਆਂ ਤਨਖਾਹਾਂ ਮੰਗਣ ਗਏ ਮਜ਼ਦੂਰਾਂ ਤੇ ਇਹਨਾਂ ਗੁੰਡਿਆਂ ਵੱਲੋਂ ਗੋਲੀ ਚਲਾਈ ਗਈ। ਮਜ਼ਦੂਰ ਕੁੰਡਲੀ ਪੁਲਿਸ ਸਟੇਸ਼ਨ ਰਿਪੋਰਟ ਲਿਖਾਉਣ ਗਏ ਪਰ ਪੁਲਿਸ ਨੂੰ ਇਨਕਾਰ ਕਰ ਦਿੱਤਾ।  12 ਜਨਵਰੀ ਨੂੰ ਮਜ਼ਦੂਰ ਫੇਰ ਆਪਣੀ ਤਨਖਾਹ ਮੰਗਣ ਗਏ। ਓਹਨਾ ਤੇ ਗੁੰਡਿਆਂ ਨੇ ਲਾਠੀ ਚਾਰਜ ਕੀਤਾ, ਔਰਤਾਂ ਦੇ ਕੱਪੜੇ ਪਾੜੇ, ਨੌਦੀਪ ਨੂੰ ਬੇਤਹਾਸ਼ਾ ਕੁੱਟਿਆ ਤੇ ਪੁਲਿਸ ਉਸਨੂੰ ਜਬਰੀ ਗ੍ਰਿਫਤਾਰ ਕਰਕੇ ਕਰਨਾਲ਼ ਪੁਲਿਸ ਸਟੇਸ਼ਨ ਲੈ ਗਈ। ਨੌਦੀਪ ਦੇ ਹਿਰਾਸਤ ਤੋਂ ਬਾਅਦ ਕੀਤੇ ਮੈਡੀਕਲ ਵਿੱਚ ਪੁਲਿਸ ਤੇ ਗੁੰਡਿਆਂ ਦਾ ਤਸ਼ੱਦਦ ਜਾਹਰ ਹੁੰਦਾ ਹੈ। ਉਸਦੇ ਗੁਪਤ ਅੰਗਾਂ ਦੇ ਜ਼ਖ਼ਮ ਪੁਲਿਸ ਵੱਲੋਂ ਕੀਤੇ ਜਿਸਮੀ ਸ਼ੋਸ਼ਣ ਦੇ ਹਨ।ਨੌਦੀਪ ਤੇ ਧਾਰਾ 307 ਦੇ ਸਮੇਤ ਹੋਰ ਕਈ ਦੋਸ਼ ਲਾਏ ਗਏ ਹਨ। ਉਸਦੀ ਜਮਾਨਤ ਦੀ ਅਰਜ਼ੀ ਦੋ ਵਾਰ ਰੱਦ ਕੀਤੀ ਗਈ ਹੈ। ਇਹ ਜ਼ਿਕਰਯੋਗ ਹੈ ਕਿ ਪੁਲਿਸ ਤੇ ਕਾਨੂੰਨੀ ਵਿਵਸਥਾ ਦਲਿਤ ਅਵਾਜ਼ਾਂ ਨੂੰ ਕੁਚਲਦੀ ਹੈ। ਨੌਦੀਪ ਤੇ ਪੁਲਿਸ ਵੱਲੋਂ ਹੋ ਰਿਹਾ ਜ਼ੁਲਮ ਅਤੇ ਅਦਾਲਤ ਵਲੋਂ ਕੀਤੀ ਜਾ ਰਹੀ ਢਿੱਲ ਦਲਿਤਾਂ ਤੇ ਦਿਨ ਬਦਿਨ ਵਧ ਰਹੇ ਅੱਤਿਆਚਾਰ ਦੇ ਸੂਚਕ ਹਨ। ਨੌਦੀਪ ਦੀ ਭੈਣ ਰਾਜਵੀਰ ਕੌਰ ਜੋ ਕਿ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਦੀ ਹੈ ਨੇ ਕਿਹਾ ਕਿ ਸਾਡਾ ਸਮਾਜ ਉੱਚੀ ਜਾਤੀ ਦੇ ਸ਼ੋਸ਼ਣ ਤੇ ਛੇਤੀ ਹੀ ਭਾਵੁਕ ਹੋ ਜਾਂਦਾ ਹੈ ਪਰ ਦਲਿਤ ਜਾ ਆਦਿਵਾਸੀ ਔਰਤ ਤੇ ਜ਼ੁਲਮ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।

Lennon Stella

ਅੱਖੀਂ ਦੇਖਿਆ ਨਜ਼ਾਰਾ

26 ਜਨਵਰੀ 2021 ਨੂੰ ਮੈਂ ਤੇ ਮੇਰੀ ਸਹੇਲੀ ਨੇ ਟ੍ਰੈਕਟਰ ਮਾਰਚ ‘ਚ ਹਿੱਸਾ ਲੈਣ ਦਾ ਪਲੈਨ ਬਣਾਇਆ। ਅਸੀਂ ਦੋਵੇਂ ਸਾਊਥ ਦਿੱਲੀ ਵਿੱਚ ਰਹਿੰਦੇ ਹਾਂ ਅਤੇ ਕਿਸਾਨੀ ਅੰਦੋਲਨ ਨਾਲ਼ ਜੁੜੇ ਹੋਏ ਹਾਂ, ਇਸ ਲਈ ਕਾਫ਼ੀ ਉਤਸ਼ਾਹਿਤ ਵੀ ਸਾਂ। ਠੀਕ 9 ਵਜੇ ਮੈਂ ਊਬਰ ਟੈਕਸੀ ਕਰਾਈ ਅਤੇ ਆਪਣੀ ਸਹੇਲੀ ਨੂੰ ਰਸਤੇ ‘ਚੋਂ  ਲੈ ਕੇ ਟਿਕਰੀ ਵੱਲ ਨੂੰ ਚਾਲੇ ਪਾਏ। ਊਬਰ ਪਿੰਡਾਂ ਦੇ ਰਸਤੇ ਤੋਂ ਜਾ ਰਹੀ ਸੀ, ਤੇ ਠੀਕ ਨਜ਼ਫ਼ਗੜ੍ਹ ਸੜਕ ਤੇ ਚੜ੍ਹਨ ਵਾਲੇ ਪੁਆਇੰਟ ਤੇ ਪੁਲਿਸ ਨੇ ਬੈਰੀਕੇਡ ਲਾਏ ਹੋਏ ਸੀ। ਅਸੀਂ ਊਬਰ ਨੂੰ ਅੱਧੇ ਘੰਟੇ ਦੇ ਕਰੀਬ ਆਏਂ ਹੀ ਪਿੰਡਾਂ ਵਿਚ ਦਵੱਲਿਆ, ਨੈਵੀਗੇਸ਼ਨ ਆਪਣੇ ਹੱਥ ‘ਚ ਲਈ ਪਰ 4-5 ਹੋਰ ਬੈਰੀਕੇਡ ਤੇ ਰੋਕੇ ਜਾਣ ਕਰਕੇ ਅਖੀਰ 11 ਵਜੇ ਹੱਥ ਖੜ੍ਹੇ ਕੀਤੇ ਤੇ ਪੈਦਲ ਹੀ ਟੁਰ ਪਏ। ਅਸੀਂ ਨਾਂਗਲੋਈ-ਨਜ਼ਫ਼ਗੜ੍ਹ ਸੜਕ ਤੇ ਵਸਦੇ ਪਿੰਡ ਬਾਪਰੋਲਾ ਚੋਂ ਨਿਕਲ ਰਹੇ ਸੀ। ਇਹ ਸੜਕ ਟ੍ਰੈਕਟਰ ਮਾਰਚ ਦੇ ਰੂਟ ਤੇ ਸੀ ਅਤੇ ਅਜੇ ਪਰੇਡ ਸ਼ੁਰੂ ਨਹੀਂ ਸੀ ਹੋਈ। ਪਿੰਡ ਦੇ ਲੋਕ ਨਹਾ-ਧੋ ਕੇ ਕਿਸਾਨਾਂ ਦੇ ਸਵਾਗਤ ਲਈ ਤਿਆਰ ਖੜ੍ਹੇ ਸਨ - ਲੰਗਰ ਨਾਲ਼, ਗੇਂਦੇ ਦੇ ਫੁੱਲਾਂ ਨਾਲ਼ ਤੇ ਤਾੜੀਆਂ ਮਾਰਨ ਦੀ ਬੇਸਬਰੀ ਨਾਲ਼, ਜਿਵੇਂ ਇਹ ਦਿਨ ਉਡੀਕ ਰਹੇ ਹੋਣ। ਇੱਕ ਔਰਤ ਮਿਲੀ- ਸੰਗੀਤਾ ਜਿਸਨੂੰ ਘਰੇ ਬਬਲੀ ਆਖਦੇ ਨੇ, ਓਹਨੇ ਦੱਸਿਆ ਕਿ ਓਹਦਾ ਮਨ ਕਰਦਾ ਟਿਕਰੀ ਜਾਕੇ ਮੋਰਚੇ ‘ਚ ਬੈਠਣ ਦਾ, ਪਰ ਘਰ ਦੀਆਂ ਮਜ਼ਬੂਰੀਆਂ ਕਰਕੇ ਅੱਜ ਟ੍ਰੈਕਟਰ ਮਾਰਚ ਨੂੰ ਸਲੂਟ ਮਾਰ ਕੇ ਪੂਰਾ ਯੋਗਦਾਨ ਦੇਵੇਗੀ। ਅਸੀਂ  ਕਰੀਬ 3 ਕਿਲੋਮੀਟਰ ਹੋਰ ਤੁਰੇ, 200 ਪੁਲਿਸ ਵਾਲੇ, 2000 ਦਿੱਲੀ ਵਾਲੇ, 20000 ਗੇਂਦੇ ਦੇ ਫੁੱਲਾਂ ਮਗਰੋਂ ਇੱਕ ਔਰਤ ਹੋਰ ਮਿਲੀ। ਉਹ ਕਹਿੰਦੀ “ਮੋਦੀ ਨੇ ਤੁਹਾਡਾ ਦੇਸ਼ ਬਚਾ ਲਿਆ ਬੇਟੀ,  ਚੀਨ ਨੂੰ ਸੰਨ ਪਾ ਦਿੱਤੀ, ਭ੍ਰਿਸ਼ਟਾਚਾਰ ਖਤਮ ਕਰ ਦਿੱਤਾ, ਤੁਸੀਂ ਪਿੱਛੇ ਮੁੜ ਜਾਓ।” “ਅਸੀਂ ਪਿਛਾਂਹ ਪਰਤਣ ਲਈ ਤਾਂ ਆਏ ਨਹੀਂ।” ਕਹਿ ਕੇ ਅਸੀਂ ਅੱਗੇ ਵਧੇ।  ਇਕ ਮੋਟਰਸਾਈਕਲ ਤੋਂ ਲਿਫਟ ਲਈ ਤੇ ਨਾਂਗਲੋਈ ਤੋਂ 2 ਕਿ.ਮੀ. ਪਿੱਛੇ ਉੱਤਰ ਗਏ। ਟਿਕਰੀ ਤੋਂ  ਚੱਲੀ ਪਰੇਡ ਦਾ ਸ਼ੁਰੂਆਤੀ ਹਿੱਸਾ ਦੇਖਿਆ। ਜੋਸ਼, ਉਤਸਾਹ, ਉਮੰਗ ਤੇ ਜਜ਼ਬਾ ਦੇਖਿਆ ਤਾਂ ਅਸਗ਼ਰ ਵਜ਼ਾਹਤ ਦੇ ਲਿਖੇ ਨਾਟਕ “ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਈ ਨਹੀਂ” ਵਰਗਾ ਅਹਿਸਾਸ ਹੋਇਆ।ਬੇਅੰਤ ਜਿਹੀ ਜਾਪਦੀ ਪਰੇਡ ਨੂੰ ਦੇਖਦੇ ਅਸੀਂ ਨਾਂਗਲੋਈ ਮੋੜ ਪਹੁੰਚੇ , ਜਿੱਥੇ ਘੱਟੋ-ਘੱਟ 5000 ਲੋਕ 100 ਮੀਟਰ ਦੇ ਦਾਇਰੇ ਵਿੱਚ ਹੋਣਗੇ। ਸਾਡੇ ਸਾਹਮਣੇ ਟਿਕਰੀ ਤੋਂ ਆਏ ਟ੍ਰੈਕਟਰਾਂ ਕੋਲ ਦੋ ਰਸਤਿਆਂ ਦੀ ਚੋਣ ਸੀ-  ਸਿੱਧੀ ਸੜਕ ਕੇਂਦਰੀ ਦਿੱਲੀ ਨੂੰ ਅਤੇ ਸੱਜਾ ਮੋੜ ਮਿਥੇ ਹੋਏ ਰੂਟ ਨੂੰ। ਹਰ 50 ਟ੍ਰੈਕਟਰਾਂ ਪਿੱਛੋਂ ਇੱਕ ਟ੍ਰੈਕਟਰ ਸਿੱਧਾ ਦਿੱਲੀ ਦੀ ਚੜ੍ਹਾਈ ਕਰ ਰਿਹਾ ਸੀ। ਮੈਨੂੰ ਅਜੀਬ ਡਰ ਲੱਗ ਰਿਹਾ ਸੀ ਕਿ ਇਹ ਆਉਟਲਾਇਰ ਤੋਂ ਟਰੈਂਡ (ਨਿੱਖੜਨ ਦਾ ਰੁਝਾਨ) ਨਾ ਬਣ ਜਾਵੇ। ਕਿਸਾਨ ਮੋਰਚੇ ਦੇ ਵਲੰਟੀਅਰ ਲਾਊਡਸਪੀਕਰ ਰਾਹੀਂ ਸਾਰੇ ਟ੍ਰੈਕਟਰਾਂ ਨੂੰ ਸੱਜੇ ਮੁੜਨ ਲਈ ਕਹਿ ਰਹੇ ਸਨ ਤੇ ਆਪ ਵੀ ਓਹਨਾਂ ਦੇ ਟ੍ਰੈਕਟਰ ਮੋੜ ਰਹੇ ਸਨ। ਖ਼ੈਰ, ਦੇਖਦੇ ਹੀ ਦੇਖਦੇ, ਪੁਲਿਸ ਅੱਥਰੂ ਗੈਸ ਵਾਲੇ ਟੈਂਕਰ ਤੇ ਚੜ੍ਹ ਗਈ, ਪੁਲਿਸ ਦੀ ਗਿਣਤੀ 100 ਕੁ ਤੋਂ 200 ਹੋ ਗਈ। ਅਸੀਂ ਪੇਟ-ਪੂਜਾ ਲਈ ਭੀੜੀ ਜਿਹੀ (ਭੂਤੋਂ ਵਾਲੀ) ਗਲੀ ਵਿਚ ਵੜ ਗਏ ਤੇ ਇਡਲੀ ਦੇ ਪੈਸੇ ਦੇ ਕੇ ਤੁਰੇ ਹੀ ਸੀ ਕਿ ਭਗਦੜ ਮੱਚ ਗਈ। ਇੱਕ ਬਦਬੂ ਜਿਹੀ ਫੈਲੀ ਤਾਂ ਪਤਾ ਲੱਗਿਆ ਕਿ ਪੁਲਿਸ ਨੇ ਅੱਥਰੂ ਗੈਸ ਦਾ ਉਦਘਾਟਨ ਕਰ ਦਿੱਤਾ ਹੈ। ਓਦੋਂ ਹੜਬੜੀ ਵਿੱਚ ਸਮਝ ਨਹੀਂ ਆਈ ਕਿ ਇਹ ਅੱਥਰੂ ਗੋਲਾ ਠੀਕ ਰੂਟ ਵਾਲੇ ਪਾਸੇ ਕਿਓਂ ਆ ਡਿੱਗਿਆ। ਉਸ ਤੋਂ ਬਾਅਦ, ਹਰ ਪੰਜ ਮਿੰਟਾਂ ਮਗਰੋਂ ਇੱਕ ਗੋਲਾ ਵਰ੍ਹ ਰਿਹਾ ਸੀ, ਇਕ-ਅੱਧਾ ਤਾਂ ਕਿਸੇ ਦੀ ਛੱਤ ਤੇ ਵੀ ਡਿੱਗਿਆ ਜਿੱਥੇ ਪੂਰਾ ਪਰਿਵਾਰ ਟ੍ਰੈਕਟਰ ਪਰੇਡ ਦੇਖਣ ਲਈ ਖੜ੍ਹਾ ਸੀ। ਹੁਣ ਤਕ ਢਾਈ ਵੱਜ ਚੁੱਕੇ ਸੀ ਤੇ ਰੈੱਡ ਫੋਰਟ ਦੀਆਂ ਖ਼ਬਰਾਂ ਪਤਾ ਚੱਲ ਰਹੀਆਂ ਸਨ। ਬਠਿੰਡੇ ਦੇ ਇੱਕ ਬਜ਼ੁਰਗ ਮਿਲੇ ਜੋ ਬੜੇ ਨਿਰਾਸ਼ ਨਜ਼ਰ ਆ ਰਹੇ ਸਨ, ਕਹਿੰਦੇ “ਇਹ ਘਟਨਾ ਅੰਦੋਲਨ ਨੂੰ ਬੁਰੀ ਸੱਟ ਮਾਰੂਗੀ , ਪਿਛਲੇ ਛੇ ਮਹੀਨੇ ਤੋਂ ਵਧਦਾ ਆ ਰਿਹਾ ਅੰਦੋਲਨ, ਕੁਛ ਕੁ ਖ਼ਰਾਬ ਬੰਦਿਆਂ ਕਰਕੇ ਖਿੱਲਰ ਨਾ ਜਾਵੇ।”ਮਨ ਬੜਾ ਮਾਯੂਸ ਹੋਇਆ ਪਰ ਫੋਨ ਤੇ ਇੰਟਰਨੈਟ ਬੰਦ ਹੋ ਚੁੱਕਾ ਸੀ, ਜਿਸ ਕਰਕੇ ਘਰ ਪਰਤਣ ਤੱਕ ਸਹੀ ਖ਼ਬਰ ਪਤਾ ਕਰਨ ਦਾ ਇੰਤਜ਼ਾਰ ਕੀਤਾ। ਵਾਪਸੀ ਤੇ ਅਸੀਂ ਪਹਿਲਾਂ ਟ੍ਰੈਕਟਰ ਤੋਂ ਲਿਫ਼ਟ ਲਈ, ਗੱਲ-ਬਾਤ ਕੀਤੀ ਤੇ ਪੁੱਛਿਆ ਵੀ ਉਹਨਾਂ ਕਿਓਂ ਨਹੀਂ ਮੋੜਿਆ ਟ੍ਰੈਕਟਰ ਦਿੱਲੀ ਆਊਟਰ ਰਿੰਗ ਰੋਡ ਵੱਲ, ਜਵਾਬ ਮਿਲਿਆ “ਕਿਓਂਕਿ ਅਸੀਂ ਕਿਸਾਨ ਜਥੇਬੰਦੀ ਨਾਲ਼ ਜੁੜੇ ਹਾਂ ਤੇ ਸਾਡੀ ਜਥੇਬੰਦੀ ਦੀ ਸਖ਼ਤ ਹਿਦਾਇਤ ਹੈ ਸਹੀ ਰਾਹ ਤੇ ਤੁਰਨ ਦੀ।”ਘਰ ਆ ਕੇ ਟਵਿੱਟਰ ਤੇ ਆਏ #ਦਿੱਲੀਪੁਲਿਸਲਠਬਾਜਾਓ ਵਰਗੇ ਹੈਸ਼ਟੈਗ ਦੇ ਤੂਫ਼ਾਨ ਨੂੰ ਦੇਖਿਆ, ਸਿੱਖੀ ਦੇ ਝੰਡੇ ਨੂੰ ਖਾਲਿਸਤਾਨੀ ਦਾ ਟੈਗ ਮਿਲਦਾ ਦੇਖਿਆ, ਦਿੱਲੀ ਪੁਲਿਸ ਫੱਟੜ ਦੇਖੀ, ਕਿਸਾਨ ਜ਼ਖਮੀ ਤੇ ਲਾਪਤਾ ਹੁੰਦੇ ਦੇਖੇ , ਪੱਤਰਕਾਰਾਂ ਦੇ ਕੈਮਰੇ ਟੁੱਟਦੇ ਦੇਖੇ, ਪਰ ਜੋ ਨਹੀਂ ਦਿਸਿਆ ਉਹ ਸੀ ਜੋ ਸਾਰਾ ਦਿਨ ਮੈਂ ਤੇ ਬਾਕੀ ਦਿੱਲੀ ਵਾਸੀਆਂ ਨੇ ਨਾਂਗਲੋਈ-ਨਜ਼ਫ਼ਗੜ੍ਹ ਸੜਕ ਤੇ ਬੇਅੰਤ ਟ੍ਰੈਕਟਰ ਅਤੇ ਪੈਦਲ ਮਾਰਚ ਦੇ ਰੂਪ ‘ਚ ਜੋ ਚੜ੍ਹਦਾ ਇਨਕਲਾਬ ਵੇਖਿਆ।

Lennon Stella

ਤੇ ਫੇਰ ਮੈਂ ਵਾਪਿਸ ਆ ਗਈ

ਮੈਂ 20 ਦਿਨ ਪਹਿਲਾਂ ਉੱਤਰਾਖੰਡ ਤੋਂ ਆਪਣੀ ਭੈਣ ਅਤੇ ਮਾਂ ਨਾਲ਼ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਆਈ ਸੀ। ਇੱਥੇ ਆਉਣ ਤੋਂ ਬਾਅਦ ਮੈਂ ਇੱਥੋਂ ਵਾਪਿਸ ਨਹੀਂ ਜਾ ਸਕੀ। ਜਦੋਂ ਮੇਰੇ ਭਰਾ ਨੇ ਇਸ ਅੰਦੋਲਨ ਦੀ ਸ਼ਰੂਆਤ ਵਿੱਚ ਮੈਨੂੰ ਇਹਨਾਂ ਤਿੰਨ ਖੇਤੀ ਕਾਨੂੰਨਾਂ ਬਾਰੇ ਦੱਸਿਆ, ਮੈਂ ਉਦੋਂ ਤੋ ਹੀ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦੀ ਸੀ। 26 ਜਨਵਰੀ ਤੱਕ ਅੰਦੋਲਨ ਸ਼ਾਂਤਮਈ ਚੱਲ ਰਿਹਾ ਸੀ। 26 ਜਨਵਰੀ ਨੂੰ ਜਦੋਂ ਲੋਕ ਭਟਕ ਕੇ ਦਿੱਲੀ ਵੱਲ ਨੂੰ ਚਲੇ ਗਏ ਅਤੇ ਪੂਰੇ ਮੀਡੀਆ ਨੇ ਇਸ ਅੰਦੋਲਨ ਦਾ ਰੂਪ ਬਦਲ ਦਿੱਤਾ, ਇਹਦੇ ਨਾਲ਼ 26 ਜਨਵਰੀ ਦੇ ਮਾਰਚ ਦੀਆ ਘਟਨਾਵਾਂ ਤੋਂ ਬਾਅਦ ਗਾਜ਼ੀਪੁਰ ਵਿੱਚ ਇੱਕ ਦੁੱਖ ਭਰੀ ਖਾਮੋਸ਼ੀ ਛਾਈ ਰਹੀ। ਸ਼ਾਮ ਨੂੰ ਕੁਝ ਲੋਕ ਵਾਪਿਸ ਗਾਜ਼ੀਪੁਰ ਤੋਂ ਆਪਣੇ ਘਰਾਂ ਵੱਲ ਜਾ ਰਹੇ ਸਨ ਤਾਂ ਮੈਂ ਤੇ ਮੇਰੀ ਸਹੇਲੀ ਰਾਜਪਾਲ ਕੌਰ (ਹਰਿਆਣਾ ਤੋਂ) ਨੇ ਬਹੁਤ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਅੰਦੋਲਨ ਵਿੱਚ ਰੁਕਣ ਲਈ ਕਿਹਾ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਅੰਦੋਲਨ ਉਹਨਾਂ ਦੇ ਜਾਣ ਨਾਲ਼ ਕਮਜ਼ੋਰ ਪੈ ਜਾਵੇਗਾ। ਪਰ ਫਿਰ ਵੀ ਲੋਕ ਅਲੱਗ-ਅਲੱਗ ਕਾਰਣਾਂ ਕਰਕੇ ਵਾਪਿਸ ਜਾਂਦੇ ਰਹੇ। ਅਤੇ ਰਾਤ ਤੱਕ ਲੋਕਾਂ ਦੀ ਗਿਣਤੀ ਵਿੱਚ ਕਾਫੀ ਕਮੀ ਆ ਗਈ।27 ਜਨਵਰੀ ਦਾ ਦਿਨ ਵੀ ਏਸੇ ਤਰ੍ਹਾਂ ਅਟਕਲਾਂ ਵਿੱਚ ਗੁਜ਼ਰਿਆ। ਦਿਨ ਭਰ ਜਿੱਥੇ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਅੰਦੋਲਨ ਦੇ ਖਿਲਾਫ਼ ਪ੍ਰਚਾਰ ਹੁੰਦਾ ਰਿਹਾ, ਗਾਜ਼ੀਪੁਰ ਦੇ ਲੋਕ ਹੋਰ ਚੌਕੰਨੇ ਹੋਣ ਲੱਗੇ। ਰਾਤ ਨੂੰ ਬਹੁਤ ਲੋਕਾਂ ਨੇ ਪਹਿਰਾ ਦਿੱਤਾ, ਅਤੇ ਅਸੀਂ ਔਰਤਾਂ ਨੇ ਵੀ ਬੈਠ ਕੇ ਰਾਤ ਕੱਢੀ। ਪਰ 28 ਜਨਵਰੀ ਦੀ ਸ਼ਾਮ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਜਦੋਂ ਆਤਮ ਸਮਰਪਣ ਦੀ ਗੱਲ ਆਖੀ ਤਾਂ ਅੰਦੋਲਨ ਵਾਲੀ ਥਾਂ ਉੱਤੇ ਹੜਬੜੀ ਜਿਹੀ ਮੱਚ ਗਈ। ਬਹੁਤ ਸਾਰੇ ਲੋਕਾਂ ਨੂੰ ਇਹ ਅੰਦੋਲਨ ਸਮਾਪਤ ਹੁੰਦਾ ਨਜ਼ਰ ਆਇਆ। ਇਸੇ ਉਧੇੜ-ਬੁਣ ਵਿੱਚ ਸਾਨੂੰ ਅਤੇ ਹੋਰ ਮਹਿਲਾ ਅੰਦੋਲਨਕਾਰੀਆਂ ਨੂੰ ਪਰਿਵਾਰ ਵਾਲਿਆਂ ਨੇ ਸੁਰੱਖਿਆ ਕਾਰਣਾਂ ਦੇ ਮੱਦੇਨਜ਼ਰ ਵਾਪਸ ਜਾਣ ਨੂੰ ਕਿਹਾ। ਮੈਂ ਇੱਥੇ ਰੁਕਣਾ ਚਾਹੁੰਦੀ ਸੀ ਅਤੇ ਸਾਰਿਆਂ ਦੇ ਨਾਲ਼ ਇਸ ਅੰਦੋਲਨ ਲਈ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਲੜਨਾ ਚਾਹੁੰਦੀ ਸੀ, ਪਰ ਅੰਦੋਲਨ ਵਿੱਚ ਮੌਜੂਦ ਜਾਣਕਾਰਾਂ ਦੀ ਹਿਦਾਇਤ ਅਨੁਸਾਰ (ਸੁਰੱਖਿਆ ਕਾਰਣਾਂ ਕਰਕੇ) ਮੈਂ, ਮੇਰੀ ਭੈਣ, ਮੇਰੀ ਮਾਂ ਅਤੇ ਕੁਝ ਹੋਰ ਲੋਕ ਸ਼ਾਮ ਦੇ ਲੱਗਭਗ 7.00 ਵਜੇ ਗਾਜ਼ੀਪੁਰ ਤੋਂ ਉੱਤਰਾਖੰਡ ਲਈ ਇੱਕ ਟਰਾਲੀ ਵਿੱਚ ਨਿਕਲੇ। ਰਸਤੇ ਵਿੱਚ ਸਭ ਚੁੱਪ ਸਨ ਅਤੇ ਸਹਿ ਯਾਤਰੀ ਸਾਨੂੰ ਲਗਾਤਾਰ ਚੁੱਪ ਰਹਿਣ ਦੀ ਅਤੇ ਰਸਤੇ ਵਿੱਚ ਕਿਸੇ ਨੂੰ ਵੀ ਸਾਡੇ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਗੱਲ ਨਾ ਦੱਸਣ ਦੀ ਹਿਦਾਇਤ ਦੇ ਰਹੇ ਸਨ। ਪਰ ਜਦੋਂ ਮੈਨੂੰ ਅੱਧੀ ਰਾਤ ਗਾਜ਼ੀਪੁਰ ਬਾਡਰ ਤੋਂ ਆਪਣੇ ਜਾਣਕਾਰਾਂ ਤੋਂ ਇਹ ਪਤਾ ਲੱਗਿਆ ਕਿ ਅੰਦੋਲਨ ਚੱਲੇਗਾ ਅਤੇ ਟਿਕੈਤ ਸਮਰਪਣ ਨਹੀਂ ਦੇਣਗੇ, ਤਾਂ ਟਰਾਲੀ ਵਿੱਚ ਸਵਾਰ ਇੱਕ ਬਜ਼ੁਰਗ ਨੇ ਵਾਪਿਸ ਗਾਜ਼ੀਪੁਰ ਜਾਣ ਦੀ ਇੱਛਾ ਜ਼ਾਹਿਰ ਕੀਤੀ। ਮੈਂ ਵੀ ਵਾਪਿਸ ਆਉਣਾ ਚਾਹੁੰਦੀ ਸੀ ਤਾਂ ਅਸੀ ਟ੍ਰੈਕਟਰ ਵਾਲੇ ਨੂੰ ਰਸਤੇ ਵਿੱਚੋਂ ਦਿੱਲੀ ਜਾਣ ਵਾਲੀ ਬੱਸ ਵਿੱਚ ਸਾਨੂੰ ਚੜ੍ਹਾਉਣ ਨੂੰ ਕਿਹਾ। ਟ੍ਰੈਕਟਰ-ਚਾਲਕ ਰਾਤ ਨੂੰ ਮੈਨੂੰ ਬੱਸ ਚੜ੍ਹਾਉਣ ਤੋਂ ਹਿਚਕਚਾ ਰਿਹਾ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਮਾਂ ਵੀ ਮੇਰੇ ਵਾਪਿਸ ਜਾਣ ਤੇ ਰਾਜ਼ੀ ਹੈ। ਫਿਰ ਆਖਿਰਕਾਰ ਰਸਤੇ ਵਿੱਚ ਦਿੱਲੀ ਵਾਲੇ ਪਾਸਿਉਂ ਆਉਣ ਵਾਲੀ ਉੱਤਰ ਪ੍ਰਦੇਸ਼ ਰਾਜ ਸੜਕ ਪਰਿਵਾਹਨ ਨਿਗਮ ਦੀ ਬੱਸ ਲੈ ਕੇ ਮੈਂ ਅਤੇ ਉਹ ਬਜ਼ੁਰਗ ਰਾਤ ਨੂੰ 2.00 ਵਜੇ ਵਾਪਿਸ ਗਾਜ਼ੀਪੁਰ ਅੱਪੜੇ। ਉਸ ਰਾਤ ਮੈਂ ਇੱਥੇ ਇਕੱਲੀ ਔਰਤ ਸੀ। ਮੈਂ ਉਸ ਦਿਨ ਤੋਂ ਲਗਾਤਾਰ ਇੱਥੇ ਹਾਂ, ਅੱਗੇ ਵੀ ਰਹਾਂਗੀ, ਕਿਉਂਕਿ ਮੈਨੂੰ ਦੇਖਕੇ ਇੱਥੇ ਹੋਰ ਔਰਤਾਂ ਆਉਣਗੀਆਂ ਅਤੇ ਉਹਨਾਂ ਨੂੰ ਦੇਖਕੇ ਕੁਝ ਹੋਰ। ਇਸ ਤਰ੍ਹਾਂ ਨਾਲ਼ ਸਾਡਾ ਅੰਦੋਲਨ ਵੀ ਅੱਗੇ ਵਧੇਗਾ ਅਤੇ ਇਸ ਵਿੱਚ ਔਰਤਾਂ ਦੀ ਗਿਣਤੀ ਅਤੇ ਹਿੱਸੇਦਾਰੀ ਵੀ ਵਧੇਗੀ।

Lennon Stella

ਗਾਜ਼ੀਪੁਰ ਤੋਂ

ਪੱਛਮੀ ਉੱਤਰ ਪ੍ਰਦੇਸ਼ ਦੇ ਬਾਘਪਤ, ਮੁਜ਼ੱਫਰਨਗਰ, ਮੇਰਠ, ਸ਼ਾਮਲੀ ਅਤੇ ਹੋਰ ਅਨੇਕਾਂ ਥਾਂਵਾਂ ‘ਤੇ ਮਹਾਂ ਪੰਚਾਇਤਾਂ ਤੋਂ ਬਾਅਦ ਵੱਡੀ ਸੰਖਿਆ ਵਿੱਚ ਕਿਸਾਨ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਹਨ। ਕਿਸਾਨਾਂ ਦੇ ਕੁਝ ਵੱਡੇ ਸਮੂਹ ਅੰਦੋਲਨ ਵਿੱਚ ਸ਼ਾਮਿਲ ਹੋਣ ਦੀਆਂ ਤਿਆਰੀਆਂ ਕਰ ਰਹੇ ਹਨ। ਕਿਸਾਨਾਂ ਦੇ ਨਾਲ਼਼-ਨਾਲ਼਼ ਗਾਜ਼ੀਪੁਰ ਮੋਰਚੇ ਉੱਤੇ ਮਜ਼ਦੂਰਾਂ ਦੀ ਹਿੱਸੇਦਾਰੀ ਵੀ ਵਧ ਰਹੀ ਹੈ। ਪਲਵਲ ਤੋਂ ਬਾਅਦ ਜਦੋਂ ਗਾਜ਼ੀਪੁਰ ਬਾਰਡਰ ਦੇ ਮੋਰਚੇ ਨੂੰ 28 ਜਨਵਰੀ ਦੀ ਸ਼ਾਮ ਤੱਕ ਹਟਾਉਣ ਦੇ ਨੋਟਿਸ ਅਤੇ ਭਾਕਿਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੁਆਰਾ ਆਤਮ ਸਮਰਪਣ ਦੇ ਐਲਾਨ ਤੋਂ ਕੁਝ ਘੰਟੇ ਤੱਕ ਮਾਹੌਲ ਤਣਾਅਪੂਰਨ ਰਿਹਾ, ਪਰ ਸ਼ਾਮ ਨੂੰ ਲੋਨੀ ਦੇ ਐਮਐੱਲਏ ਦਾ ਅੰਦੋਲਨ ਸਥਾਨ ‘ਤੇ ਕੁਝ ਲੋਕਾਂ ਦੇ ਆਉਣ ਤੋਂ ਬਾਅਦ ਰਾਕੇਸ਼ ਟਕੈਤ ਨੇ ਅੰਦੋਲਨ ਤੋਂ ਪਿੱਛੇ ਨਾ ਹਟਣ ਦਾ ਐਲਾਨ ਕਰ ਦਿੱਤਾ ਅਤੇ ਗਾਜ਼ੀਪੁਰ ਵਿੱਚ ਕਿਸਾਨ ਸੰਗਠਨਾਂ ਦੀ ਸਾਂਝੀ ਸੰਮਤੀ ਦੁਆਰਾ ਮੋਰਚੇ ਨੂੰ ਜਾਰੀ ਰੱਖਣ ਦਾ ਫ਼ੈਸਲਾ ਲਿਆ। ਇਸਦੇ ਨਾਲ਼ ਹੀ ਮੀਡੀਆ ਦੁਆਰਾ ਟਕੈਤ ਦੇ ਭਾਵਨਾਤਮਕ ਭਾਸ਼ਣ ਦੀ ਕਵਰੇਜ ਨੇ ਘਰ - ਘਰ ਪਹੁੰਚਾਇਆ, ਜਿਸ ਨਾਲ਼਼ ਅੰਦੋਲਨ ਮੁੜ ਪੱਕੇ ਪੈਰੀ ਹੋਇਆ ਹੈ।ਜਨਵਰੀ 26 ਤੋਂ 28 ਦੌਰਾਨ ਇਸ ਅੰਦੋਲਨ ਵਿੱਚ ਦੋ ਅਹਿਮ ਬਦਲਾਅ ਆਏ ਹਨ, ਪਹਿਲਾ ਕਿਸਾਨਾਂ (ਮੁੱਖ ਤੌਰ ‘ਤੇ ਨੌਜਵਾਨਾਂ) ਵਿੱਚ ਇਸ ਅੰਦੋਲਨ ਨੂੰ ਸ਼ਾਂਤੀਪੂਰਨ ਰੱਖਣ ਦੀ ਦ੍ਰਿੜ੍ਹਤਾ ਆਈ ਹੈ ਅਤੇ ਦੂਸਰਾ ਇਸ ਅੰਦੋਲਨ ਨੂੰ ਲਗਾਤਾਰ ਪੰਜਾਬੀਆਂ ਜਾਂ ਸਿੱਖਾਂ ਦਾ ਕਹਿ ਕੇ ਰਾਸ਼ਟਰ ਵਿਰੋਧੀ ਐਲਾਨਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਉਨ੍ਹਾਂ ਤੋਂ ਉਲਟ ਇਹ ਅੰਦੋਲਨ ਪੂਰੇ ਦੇਸ਼ ਦੇ ਅੰਦੋਲਨ ਦੀ ਤਰ੍ਹਾਂ ਉੱਭਰ ਕੇ ਆਇਆ ਹੈ। ਇਸ ਤੋਂ ਇਲਾਵਾ ਇੱਕ ਹੋਰ ਬਦਲਾਅ ਇੱਥੇ ਮੌਜੂਦ ਔਰਤਾਂ ਦੀ ਗਿਣਤੀ ਵਿੱਚ ਆਇਆ ਹੈ। ਇੱਥੇ 26 ਜਨਵਰੀ ਤੱਕ ਔਸਤਨ 750 ਤੋਂ 1000 ਦੀ ਗਿਣਤੀ ਵਿੱਚ ਔਰਤਾਂ ਹੁੰਦੀਆਂ ਸਨ, ਇਸ ਗਿਣਤੀ ਵਿੱਚ ਅਚਾਨਕ 26 ਜਨਵਰੀ ਤੋਂ ਬਾਅਦ ਤੇਜ਼ੀ ਨਾਲ਼ ਕਮੀ ਆਈ ਹੈ। ਰਵਨੀਤ ਕੌਰ ਕਾਨੂੰਨ ਦੀ ਪੜ੍ਹਾਈ ਦੇ ਦੂਜੇ ਸਾਲ ਦੀ ਵਿਦਿਆਰਥਣ ਹੈ ਅਤੇ ਉਹ ਦੱਸਦੀ ਹੈ ਕਿ 26 ਜਨਵਰੀ ਤੋਂ ਪਹਿਲਾਂ ਔਰਤਾਂ ਇੱਥੇ ਕਾਫੀ ਵੱਡੀ ਗਿਣਤੀ ਵਿੱਚ ਸਨ। ਉਨ੍ਹਾਂ ਲਈ ਅਲੱਗ ਤੋਂ ਰਹਿਣ, ਪਖਾਨਾ ਅਤੇ ਸਟੋਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਸੀ ਅਤੇ ਉਹ ਇੱਥੇ ਹੀ ਟੈਂਟਾਂ ਵਿੱਚ ਰਹਿੰਦੀਆਂ ਸੀ। ਰਵਨੀਤ ਕੌਰ ਇੱਕ ਔਰਤ ਵਲੰਟੀਅਰ ਹੋਣ ਦੇ ਨਾਤੇ ਲੋਕਾਂ ਦੀ ਮਦਦ ਕਰਦੀ ਰਹੀ ਹੈ। ਰਵਨੀਤ ਦੱਸਦੀ ਹੈ ਕਿ 18 ਜਨਵਰੀ ਨੂੰ ਔਰਤ ਕਿਸਾਨ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਤੋਂ ਔਰਤਾਂ ਨੇ ਗਾਜ਼ੀਪੁਰ ਬਾਰਡਰ ‘ਤੇ ਆ ਕੇ ਹਿੱਸਾ ਲਿਆ ਸੀ। ਔਰਤਾਂ ਵਿੱਚ ਇੱਕ ਉਤਸ਼ਾਹ, ਜੋਸ਼ ਅਤੇ ਸੰਘਰਸ਼ ਦਾ ਜਜ਼ਬਾ ਸੀ। ਇਨ੍ਹਾਂ ਵਿੱਚੋਂ ਕੁਝ ਔਰਤਾਂ ਤਾਂ ਸੰਗਠਨਾਂ ਦੇ ਨਾਲ਼ ਆਈਆਂ। ਪਰ ਇਨ੍ਹਾਂ ਤੋਂ ਇਲਾਵਾ ਇੱਕ ਵੱਡੀ ਗਿਣਤੀ ਉਨ੍ਹਾਂ ਔਰਤਾਂ ਦੀ ਵੀ ਸੀ ਜੋ ਪਹਿਲੀ ਵਾਰ ਕਿਸੇ ਅੰਦੋਲਨ ਵਿੱਚ ਸ਼ਾਮਲ ਹੋਈਆਂ ਸੀ ਅਤੇ ਇਨ੍ਹਾਂ ਵਿੱਚੋਂ ਪਹਿਲੀ ਵਾਰ ਆਉਣ ਵਾਲੀਆਂ ਔਰਤਾਂ ਜ਼ਿਆਦਾਤਰ ਜਾਂ ਤਾਂ ਆਪਣੇ ਪਰਿਵਾਰ ਨਾਲ਼਼ ਜਾਂ ਫੇਰ ਹੋਰ ਔਰਤਾਂ ਨਾਲ਼ ਇੱਕ ਸਮੂਹ ਵਿੱਚ ਆਈਆਂ ਸੀ। 28 ਜਨਵਰੀ ਤੋਂ ਬਾਅਦ ਇੱਥੇ ਆਈਆਂ ਔਰਤਾਂ ਦੀ ਗਿਣਤੀ ਵਿੱਚ ਆਈ ਇਸ ਕਮੀ ਬਾਰੇ ਰਵਨੀਤ ਦੱਸਦੀ ਹੈ ਕਿ 26 ਜਨਵਰੀ ਤੋਂ 28 ਜਨਵਰੀ ਤੱਕ ਤਣਾਅਪੂਰਨ ਸਥਿਤੀ ਵਿੱਚ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਸੁਰੱਖਿਆ ਕਾਰਨਾਂ ਕਰ ਕੇ ਵਾਪਸ ਆ ਜਾਣ ਲਈ ਕਿਹਾ ਗਿਆ। ਰਵਨੀਤ ਮੰਨਦੀ ਹੈ ਕਿ ਔਰਤਾਂ ਦੀ ਹਿੱਸੇਦਾਰੀ ਅਹਿਮ ਹੈ ਕਿਉਂਕਿ ਇਹ ਖੇਤੀ ਕਨੂੰਨ ਉਨ੍ਹਾਂ ਦੀ ਰੋਜ਼ੀ-ਰੋਟੀ  ਨੂੰ ਪ੍ਰਭਾਵਿਤ ਕਰਨਗੇ। ਇਸ ਅੰਦੋਲਨ ਦੇ ਮੁੜ ਉਭਾਰ ਦੇ ਬਾਵਜੂਦ ਅਜੇ ਤੱਕ ਔਰਤਾਂ ਇਸ ਵਿੱਚ ਦੁਬਾਰਾ ਉਸੇ ਤਰ੍ਹਾਂ ਸ਼ਾਮਲ ਨਹੀਂ ਹੋਈਆਂ। ਰਵਨੀਤ ਦੇ ਅੰਦਾਜੇ ਮੁਤਾਬਕ ਕੁੱਲ ਪੰਜ ਤੋਂ ਛੇ ਔਰਤਾਂ ਹੀ ਹਨ ਜੋ ਗਾਜ਼ੀਪੁਰ ਬਾਰਡਰ ਉੱਤੇ ਰਹਿੰਦੀਆਂ ਹਨ ਅਤੇ ਲਗਭਗ 100 ਤੋਂ 150 ਔਰਤਾਂ ਦਿੱਲੀ ਦੇ ਆਸੇ-ਪਾਸੇ ਦੇ  ਪਿੰਡਾਂ ਤੋਂ ਆਉਂਦੀਆਂ ਹਨ ਅਤੇ ਸ਼ਾਮ ਨੂੰ ਘਰ ਵਾਪਸ ਚਲੀਆਂ ਜਾਂਦੀਆਂ ਹਨ। 26 ਜਨਵਰੀ ਨੂੰ ਇੱਥੇ ਔਰਤਾਂ ਅਤੇ ਬਾਕੀ ਸਾਰੇ, ਅੰਦੋਲਨ ਕਾਰਜ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਸਨ, ਰਸਤੇ ਵਿੱਚ ਭੜਕਾਹਟ ਅਤੇ ਉਲਝਣ ਕਾਰਨ ਕੁਝ ਲੋਕ ਤੈਅ ਕੀਤੇ ਰਸਤੇ ਦੀ ਬਜਾਏ ਦਿੱਲੀ ਵੱਲ ਚਲੇ ਗਏ ਸਨ। ਰਵਨੀਤ ਦਾ ਕਹਿਣਾ ਹੈ ਕਿ ਦਿੱਲੀ ਦੇ ਰਸਤੇ 'ਤੇ ਜਾਣ ਦਾ ਕੋਈ ਫੈਸਲਾ ਵੀ ਨਹੀਂ ਸੀ, ਪਰ ਭੜਕਾਹਟ ਅਤੇ ਉਲਝਣ ਨੇ ਜਨਵਰੀ 26 ਦੇ ਟ੍ਰੈਕਟਰ ਪਰੇਡ ਦਾ ਉਦੇਸ਼ ਹੀ ਬਦਲ ਦਿੱਤਾ।ਹਾਲਾਂਕਿ ਔਰਤਾਂ ਦੀ ਗਿਣਤੀ ਅਜੇ ਘੱਟ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦੀ ਨਾ ਸਿਰਫ ਗਿਣਤੀ ਵਿੱਚ ਵਾਧਾ ਹੋਵੇਗਾ, ਸਗੋਂ ਅੰਦੋਲਨ ਦੀ ਅਗਵਾਈ ਵਿਚ ਵੀ ਸ਼ਾਮਲ ਹੋਣ ਦੀ ਉਮੀਦ ਹੈ।   

Lennon Stella

ਜਦੋਂ ਔਰਤਾਂ ਮੋਦੀ ਨੂੰ ਰੋਈਆਂ

ਸਾਡੀ ਜ਼ਿੰਦਗੀ ਦੇ ਹਰ ਓੁਸ ਮੌਕੇ ਤੇ, ਜੋ ਸਾਡੇ ਲਈ ਭਾਵਨਾਤਮਕ ਤੌਰ ‘ਤੇ ਜ਼ਰੂਰੀ ਹੁੰਦਾ ਹੈ, ਗੀਤਾਂ ਦਾ ਅਹਿਮ ਕਿਰਦਾਰ ਹੁੰਦਾ ਹੈ। ਉਹਨਾਂ ਪਲਾਂ ਵਿੱਚ ਜਦੋਂ ਅਸੀਂ ਬਹੁਤ ਖੁਸ਼ ਅਤੇ ਉਦਾਸ ਹੁੰਦੇ ਹਾਂ, ਸਾਡੇ ਮਨ ਵਿੱਚ ਗੀਤ ਜਨਮ ਲੈਂਦੇ ਹਨ। ਵਿਆਹ-ਸ਼ਾਦੀ, ਤੀਜ-ਤਿਉਹਾਰ, ਜਨਮ-ਮਰਨ, ਦਿਲ ਦਾ ਲੱਗਣਾ-ਟੁੱਟਣਾ, ਕੁਝ ਵੀ ਗੀਤਾਂ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਤਾਂ ਅਨਿਆਂ ਦੇ ਖਿਲਾਫ਼ ਵੀ ਗੀਤਾਂ ਦਾ ਗਾਇਆ ਜਾਣਾ ਸੁਭਾਵਿਕ ਹੈ। ਇਸ ਕਿਸਾਨ ਅੰਦੋਲਨ ਵਿੱਚ ਅੱਜ ਲੱਖਾਂ ਨਹੀਂ ਕਰੋੜਾਂ ਲੋਕ ਜੁੜੇ ਹਨ। ਇਹਨਾਂ ਕਰੋੜਾਂ ਲੋਕਾਂ ਦੇ ਸੁੱਖ-ਦੁੱਖ, ਡਰ ਤੇ ਸੁਪਨੇ, ਇਤਿਹਾਸ ਤੇ ਭਵਿੱਖ ਸਭ ਇੱਕੋ ਹੀ ਮੰਗ ਨਾਲ਼ ਬੱਝੇ ਹੋਏ ਨੇ – ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ। ਕੋਈ ਹੈਰਾਨੀ ਦੀ ਗੱਲ ਨਹੀਂ, ਇਸ ਅੰਦੋਲਨ ਨੇ ਬੇਸ਼ੁਮਾਰ ਨਵੇਂ ਗੀਤਾਂ ਨੂੰ ਜਨਮ ਦਿੱਤਾ ਹੈ। ਪੰਜਾਬ ਗਾਇਕਾਂ ਦੀ ਸਰਜ਼ਮੀਨ ਹੈ, ਭਾਰਤ ਦੇ ਸ਼ਾਇਦ ਕਿਸੇ ਵੀ ਹੋਰ ਰਾਜ ਤੋਂ ਵੱਧ। ਪੰਜਾਬੀ ਭਾਸ਼ਾ ਅਤੇ ਲੋਕਾਚਾਰ ਵਿੱਚ ਗੀਤ-ਸੰਗੀਤ ਧੜਕਣ ਦੀ ਤਰ੍ਹਾਂ ਧੜਕਦਾ ਹੈ। ਪੰਜਾਬ ਦੇ ਹਰ ਛੋਟੇ-ਵੱਡੇ ਕਲਾਕਾਰ ਨੇ ਇਸ ਅੰਦੋਲਨ ਲਈ ਗਾਣੇ ਲਿਖੇ, ਗਾਏ ਅਤੇ ਰਿਕਾਰਡ ਕੀਤੇ ਹਨ। ਬਾਕੀ ਰਾਜਾਂ ਵਿੱਚੋਂ ਵੀ ਸੰਸਕ੍ਰਿਤਿਕ ਉਤਪਾਦਨ ਹੋ ਰਿਹਾ ਹੈ, ਪਰ ਪੰਜਾਬ ਇਸ ਵਿੱਚ ਸਭ ਤੋਂ ਅੱਗੇ ਹੈ। ਇਹਨਾਂ ਗੀਤਾਂ ਦਾ ਅੰਦੋਲਨ ਦੇ ਪ੍ਰਚਾਰ-ਪ੍ਰਸਾਰ ਵਿੱਚ ਬਹੁਤ ਯੋਗਦਾਨ ਹੈ। ਤੁਹਾਨੂੰ ਲੋਕ-ਗੀਤ ਤੋਂ ਲੈ ਕੇ ਮਾਡਰਨ, ਹਰ ਤਰੀਕੇ ਦੇ ਗੀਤ ਮਿਲ ਜਾਣਗੇ। ਜੁਗਨੀ, ਬੋਲੀਆਂ, ਟੱਪੇ, ਢਾਡੀ, ਰੈਪ, ਪੌਪ ਹਰ ਵਿਧਾ ਵਿੱਚ ਅੰਦੋਲਨ ਦੇ ਸਮਰਥਨ ਵਿੱਚ ਗੀਤ ਬਣ ਚੁੱਕੇ ਹਨ। ਗੀਤ ਵੀ ਗੱਲ ਨੂੰ ਕਹਿਣ ਦਾ ਜ਼ਰੀਆ ਹੁੰਦੇ ਨੇ, ਅਤੇ ਇਹਨਾਂ ਗੀਤਾਂ ਵਿੱਚ ਲਲਕਾਰ, ਜੋਸ਼, ਸਵੈਗ ਤੋਂ ਲੈ ਕੇ ਬੇਨਤੀ, ਪ੍ਰਾਰਥਨਾ, ਰੂਹਾਨੀਅਤ ਹਰ ਤਰ੍ਹਾਂ ਦੇ ਭਾਵ ਮਿਲਣਗੇ। ਹਰ ਗਾਇਕ ਆਪਣੀ ਸਮਝ ਦੇ ਅਨੁਸਾਰ ਪਬਲਿਕ ਅੱਗੇ ਗੱਲ ਰੱਖਦਾ ਹੈ।ਪ੍ਰੋਫੈਸ਼ਨਲ ਕਲਾਕਾਰਾਂ ਤੋਂ ਬਿਨਾਂ ਵੀ ਆਮ ਲੋਕਾਂ ਨੇ ਅੰਦੋਲਨ ਵਿੱਚ ਵੱਡੀ ਤਾਦਾਦ ਵਿੱਚ ਕਵਿਤਾਵਾਂ ਅਤੇ ਗੀਤਾਂ ਦੀ ਰਚਨਾ ਕੀਤੀ ਹੈ। ਛੋਟੀਆਂ-ਛੋਟੀਆਂ ਨਾਟਕ ਮੰਡਲੀਆਂ, ਗੀਤ ਮੰਡਲੀਆਂ ਅਤੇ ਨੌਜਵਾਨ ਵਿਦਿਆਰਥੀ ਵਿਦਿਆਰਥਣਾਂ ਨਵੀਆਂ ਰਚਨਾਵਾਂ ਰਚ ਰਹੇ ਹਨ। ਬਾਡਰ ‘ਤੇ ਰਾਤ ਨੂੰ ਧੂਣੀ ਦੇ ਆਲੇ-ਦੁਆਲੇ ਗੀਤਾਂ ਅਤੇ ਕਵਿਤਾਵਾਂ ਦਾ ਹੀ ਮਾਹੌਲ ਬਣਦਾ ਹੈ।ਕਿਸਾਨ ਅੰਦੋਲਨ ਵਿੱਚ ਇੱਕ ਵੱਡਾ ਤਬਕਾ ਔਰਤ ਕਿਸਾਨਾਂ ਦਾ ਹੈ, ਜੋ ਵਧ-ਚੜ੍ਹ ਕੇ ਆਪਣੀ ਹਿੱਸੇਦਾਰੀ ਦਿਖਾ ਰਹੀਆਂ ਹਨ। ਅੰਦੋਲਨ ਵਿੱਚ ਕਿਸਾਨ ਮਹਿਲਾਵਾਂ ਕਿਹੜੇ ਗੀਤ ਬਣਾ ਰਹੀਆਂ ਨੇ ਤੇ ਗਾ ਰਹੀਆਂ ਨੇ? ਕੀ ਔਰਤਾਂ ਦੇ ਗੀਤ ਪੁਰਸ਼ਾਂ ਦੇ ਗੀਤਾਂ ਨਾਲ਼ੋਂ ਅਲੱਗ ਹਨ? ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਗੀਤ ਸੰਗੀਤ ਵਿੱਚ ਮਹਿਲਾ ਅਤੇ ਪੁਰਸ਼ ਦੀਆਂ ਇੱਕਦਮ ਦੋ ਦੁਨੀਆਂ ਨੇ, ਪਰ ਪਰੰਪਰਾਗਤ ਰੂਪ ਨਾਲ਼ ਇਹ ਔਰਤਾਂ ਹੀ ਜੁੜੀਆਂ ਹੋਈਆਂ ਹਨ। ਕੁਝ ਦਿਨ ਪਹਿਲਾਂ “ਮੋਦੀ ਤੂੰ ਮਰ ਜਾ” ਦੀ ਟੇਕ ਉੱਤੇ ਗਾਉਂਦੀਆਂ ਹੋਈਆਂ ਮਹਿਲਾ ਕਿਸਾਨਾਂ ਦੇ ਜੱਥੇ ਦੀ ਵੀਡੀਉ ਵਾਇਰਲ ਹੋਈ। ਲੀਡ ਕਰਨ ਵਾਲੀ ਔਰਤ ਛਾਤੀ ਪਿੱਟ ਕੇ ਗਾ ਰਹੀ ਹੈ .... “ਮੋਦੀ ਤੂੰ ਮਰ ਜਾ... ਵੇਚਤਾ, ਮੋਦੀ ਤੂੰ ਮਰ ਜਾ”। ਬੀਜੇਪੀ ਦੇ ਪਰਵਕਤਾ ਨੇ ਤੁਰੰਤ ਇਸਨੂੰ ਸ਼ਰਮਨਾਕ ਘੋਸ਼ਿਤ ਕੀਤਾ, ਵਿਰੋਧੀ ਧਿਰ ਨੇ ਵੀ ਇਸ ਉੱਤੇ ਖੇਦ ਜਤਾਇਆ, ਅਤੇ ਮੀਡੀਆ ਨੇ ਇਸ ਵੀਡੀਉ ਨੂੰ ਚੁੱਕ ਕੇ ਇਸਦਾ ਮੁੱਦਾ ਬਨਾਉਣ ਦੀ ਕੋਸ਼ਿਸ਼ ਕੀਤੀ। ਇਹ ਦਿਖਾਇਆ ਗਿਆ ਕਿ ਇਹ ਕਿੰਨਾ ਅਣ-ਮਨੁੱਖੀ ਤਰੀਕਾ ਹੈ, ਵਿਰੋਧ ਕਰਨ ਦਾ ਜਿਸ ਵਿੱਚ ਤੁਸੀਂ ਆਪਣੇ ਵਿਰੋਧੀ ਨੂੰ ਮਰਨ ਲਈ ਕਹਿ ਰਹੇ ਹੋ। ਕਿਹਾ ਗਿਆ ਕਿ ਰਾਜਨੀਤੀ ਦਾ ਪੱਧਰ ਡਿੱਗ ਗਿਆ ਹੈ। ਲੱਭਣ ਉੱਤੇ ਵੱਖ-ਵੱਖ ਥਾਵਾਂ ਦੇ ਹੋਰ ਵੀ ਅਜਿਹੇ ਵੀਡੀਓ ਮਿਲੇ, ਜਿਨ੍ਹਾਂ ਵਿਚ ਔਰਤਾਂ ਮੋਦੀ ਦੇ ਮਰਨ ਬਾਰੇ ਗੀਤ ਗਾ ਰਹੀਆਂ ਹਨ। ਅਸਲ ਵਿੱਚ ਇਹ ਔਰਤਾਂ ਮੋਦੀ ਨੂੰ ਰੋ ਰਹੀਆਂ ਹਨ। ਇਹ ਖ਼ਾਸ ਤੌਰ 'ਤੇ ਔਰਤਾਂ ਦੁਆਰਾ ਅਦਾ ਕੀਤੀਆਂ ਜਾਣ ਵਾਲੀਆਂ ਸ਼ੈਲੀਆਂ ਹਨ : ਪਿੱਟ-ਸਿਆਪਾ ਅਤੇ ਕੀਰਨੇ।ਸਿਆਪਾ ਮੌਤ 'ਤੇ ਔਰਤਾਂ ਦੁਆਰਾ ਵਿਰਲਾਪ ਕਰਨ ਦੀ ਪ੍ਰਥਾ ਹੈ। ਲਗਪਗ ਸਾਰੀਆਂ ਸੰਸਕ੍ਰਿਤੀਆਂ ਵਿੱਚ ਸਮਾਜ ਦੇ ਭਾਵਨਾਤਮਕ ਕੰਮ ਦੀ ਵੰਡ ਲਿੰਗ ਆਧਾਰਤ ਹੋਈ ਹੈ। ਇਸ ਵਿਚ ਸਮਾਜ ਨੂੰ ਭਾਵਨਾਤਮਕ ਰੂਪ ਵਿੱਚ ਤੰਦਰੁਸਤ ਰੱਖਣ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਬਹੁਤਾ ਬੋਝ ਔਰਤਾਂ ਨੂੰ ਉਠਾਉਣਾ ਪੈਂਦਾ ਹੈ। ਰੋਣਾ ਇਸ ਦਾ ਵੱਡਾ ਹਿੱਸਾ ਹੈ। ਸਮਾਜ ਜਦੋਂ ਆਪਣੇ ਵਿਚਲਾ ਕੋਈ ਵਿਅਕਤੀ ਗਵਾਉਂਦਾ ਹੈ ਤਾਂ ਇਸ ਕਮੀ ਨਾਲ਼ ਭਾਵਨਾਤਮਕ ਰੂਪ ਵਿੱਚ ਨਿਪਟਣ ਦੀ ਕਿਰਿਆ ਵਿੱਚ ਅਫ਼ਸੋਸ ਕਰਨਾ ਇੱਕ ਬਹੁਤ ਜ਼ਰੂਰੀ ਕਦਮ ਹੈ। ਮਨੋਵਿਗਿਆਨ ਵਿੱਚ ਇਸ ਵਿਸ਼ੇ ਉੱਤੇ ਬਹੁਤ ਖੋਜ ਹੋਈ ਹੈ।    ਮੌਤ ਹੋਣ 'ਤੇ ਸਰੀਰ ਅਤੇ ਹੋਂਦ (ਅਸਤਿਤਵ) ਦਾ ਖ਼ਾਤਮਾ ਇੱਕ ਅਜਿਹੀ ਸੱਚਾਈ ਹੈ, ਜਿਸ ਨੂੰ ਸਵੀਕਾਰ ਕਰਨ ਵਿੱਚ ਮਨੁੱਖ ਨੂੰ ਔਖ ਹੁੰਦੀ ਹੈ ਅਤੇ ਸਾਰੀ ਜ਼ਿੰਦਗੀ ਇਸ ਨਾਲ਼ ਜੂਝਦਾ ਰਹਿੰਦਾ ਹੈ। ਮੌਤ ਤੋਂ ਬਾਅਦ ਆਪਣਾ ਨਾਮ ਅਤੇ ਪਹਿਚਾਣ ਜਿਊਂਦਾ ਰੱਖਣ ਦੇ ਦੋ ਤਰੀਕੇ ਹਨ: ਔਲਾਦ ਅਤੇ ਜੱਸ। ਲੋਕ ਆਪਣੇ ਕੰਮਾਂ ਅਤੇ ਵਿਚਾਰਾਂ ਰਾਹੀਂ ਅਮਰ ਹੋ ਜਾਣਾ ਚਾਹੁੰਦੇ ਹਨ। ਪਿੱਟ ਸਿਆਪਾ ਵਿੱਚ ਆਮ ਤੌਰ ‘ਤੇ ਮਰਨ ਵਾਲੇ ਦਾ ਅਸਤਿਤਵ ਮਿਟ ਜਾਣ ਦਾ ਦੁੱਖ ਮਨਾਇਆ ਜਾਂਦਾ ਹੈ ਅਤੇ ਉਹਦੀ ਯਾਦ ਵਿੱਚ ਰੋਇਆ ਜਾਂਦਾ ਹੈ।ਪ੍ਰੰਤੂ ਜਦੋਂ ਵਿਰੋਧ ਪ੍ਰਦਰਸ਼ਨ ਵਿੱਚ ਔਰਤਾਂ ਮੋਦੀ ਦਾ ਸਿਆਪਾ ਕਰ ਰਹੀਆਂ ਹੁੰਦੀਆਂ ਹਨ ਤਾਂ ਉਹ ਉਹਦੇ ਅਪਜੱਸ ਨੂੰ ਉਜਾਗਰ ਕਰ ਕੇ ਉਹਦੀ ਪ੍ਰਤੀਕਾਤਮਕ  ਮੌਤ ਦਾ ਮੰਚਨ ਕਰ ਰਹੀਆਂ ਹੁੰਦੀਆਂ ਹਨ। ਅਸਲ 'ਚ ਇਸ ਵਿਚ ਕੁਝ ਵੀ ਨਵਾਂ ਨਹੀਂ ਹੈ। ਵਿਰੋਧ ਜਤਾਉਣ ਦੀ ਪਰੰਪਰਾ ਵਿੱਚ ਮੌਤ ਦੇ ਰੂਪ ਨੂੰ ਇਸਤੇਮਾਲ ਕਰਨ ਦਾ ਲੰਬਾ ਇਤਿਹਾਸ ਹੈ। ਵਿਰੋਧ ਪ੍ਰਦਰਸ਼ਨਾਂ ਵਿੱਚ ਪੁਤਲਾ ਫੂਕਣਾ, ਰਾਵਣ ਦਹਿਨ, ਅਰਥੀ ਜਾਂ ਸ਼ਵ ਦੀ ਅੰਤਮ ਯਾਤਰਾ ਕੱਢਣਾ ਵਿਰੋਧ ਜਤਾਉਣ ਦੇ ਆਮ ਅਤੇ ਪੂਰਵ ਸਥਾਪਤ ਤਰੀਕੇ ਹਨ। ਜਦੋਂ ਅਸੀਂ ਮੁਰਦਾਬਾਦ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹਾਂ ਤਾਂ ਉਨ੍ਹਾਂ ਪਿੱਛੇ ਇਹੀ ਸਮਾਜਕ ਪ੍ਰਤੀਕਾਤਮਕ ਪ੍ਰਕਿਰਿਆ ਕੰਮ ਕਰ ਰਹੀ ਹੁੰਦੀ ਹੈ। ਮੁਰਦਾਬਾਦ ਕਹਿਣ ਨਾਲ਼ ਕੋਈ ਮਰ ਨਹੀਂ ਜਾਂਦਾ ਤੇ ਜ਼ਿੰਦਾਬਾਦ ਕਹਿਣ ਨਾਲ਼ ਕੋਈ ਅਸਲ ਵਿਚ ਅਮਰ ਨਹੀਂ ਹੋ ਜਾਂਦਾ। ਇਹ ਉਨ੍ਹਾਂ ਦਾ ਨਾਮ ਨਾ ਮਿਟੇ, ਇਹਦੀ ਕੋਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਸਮਾਜ ਦੀ ਨੈਤਿਕ ਵਿਵਸਥਾ ਵਿਚ ਜੱਸ-ਅਪਜੱਸ ਬੇਹੱਦ ਮਹੱਤਵਪੂਰਨ ਤਰੀਕੇ ਹੁੰਦੇ ਹਨ।ਇਕ ਵਿਅਕਤੀ ਦੇ ਜੀਵਨ ਮੁੱਲ ਦਾ ਲੇਖਾ-ਜੋਖਾ ਸਮਾਜ ਉਹਦੀ ਮੌਤ ਤੋਂ ਬਾਅਦ ਲਗਾਉਂਦਾ ਹੈ। ਵਿਧਾ ਦੇ ਤੌਰ 'ਤੇ ਸਿਆਪਾ ਇਸ ਮਹੱਤਵਪੂਰਨ ਪੜਾਅ ਉੱਤੇ ਸਥਿਤ ਹੁੰਦਾ ਹੈ। ਸਿਆਪੇ ਦੇ ਬੋਲਾਂ ਵਿਚ ਔਰਤਾਂ ਆਪਣੇ ਵਿਵੇਕ ਦੇ ਆਧਾਰ 'ਤੇ ਫੈਸਲਾ ਸੁਣਾ ਰਹੀਆਂ ਹੁੰਦੀਆਂ ਹਨ ਕਿ ਮਰਨ ਵਾਲੇ ਨੂੰ  ਯਾਦ ਕਿਵੇਂ ਕੀਤਾ ਜਾਵੇ। ਤਾਂ ਸਿਆਪੇ ਦੀ ਇਹ ਵਿਧਾ ਔਰਤਾਂ ਨੂੰ ਵਿਰੋਧ ਜਤਾਉਣ ਦੀਆਂ ਕਈ ਚੀਜ਼ਾਂ ਮੁਹੱਈਆ ਕਰਵਾਉਂਦੀ ਹੈ। ਜਦੋਂ ਉਹ ਗਾਉਂਦੀਆਂ ਹਨ, “ਸਿੱਖਿਆ ਵੇਚ ਕੇ ਖਾ ਗਿਆ, ਮੋਦੀ ਮਰ ਜਾ ਤੂੰ, ਰੇਲ ਵੇਚ ਕੇ ਖਾ ਗਿਆ ਮੋਦੀ ਮਰ ਜਾ ਤੂੰ” ਤਾਂ ਇਸ ਵਿੱਚ ਇਲਜ਼ਾਮ ਵੀ ਹੈ ਅਤੇ ਫ਼ੈਸਲਾ ਵੀ। ਗੁੱਸਾ ਵੀ ਹੈ ਅਤੇ ਰੋਸ ਵੀ। ਜੋ ਗੱਲ ਜਨਤਾ ਦੇ ਰੋਣ ਦਾ ਸਬੱਬ ਹੈ ਉਹਨੂੰ ਇੱਕ ਚਤੁਰ ਉਲਟਾਅ ਨਾਲ਼ ਔਰਤਾਂ ਹਾਕਮ ਦੇ ਰੋਣੇ 'ਚ ਤਬਦੀਲ ਕਰ ਦਿੰਦੀਆਂ ਹਨ।ਕੀਰਨੇ ਵੀ ਔਰਤਾਂ ਗਾਉਂਦੀਆਂ ਹਨ ਇਹ ਕੋਸਣ ਅਤੇ ਸ਼ਿਕਾਇਤ ਦੇ ਗੀਤ ਹੁੰਦੇ ਹਨ। ਇਨ੍ਹਾਂ ਦਾ ਕੰਮ ਵੀ ਨਿੰਦਾ ਕਰਨਾ ਅਤੇ ਲਾਹਨਤ ਪਾਉਣੀ ਹੈ। "ਤੇਰੀ ਆ ਗਈ ਮਕਾਨ ਮੋਦੀਆ, ਬਾਦਲਾਂ ਦਾ ਭੋਗ ਪੈ ਗਿਆ।" ਇਸ ਵਿੱਚ ਸਮਾਨੰਤਰ ਰਾਜਨੀਤਿਕ ਟਿੱਪਣੀ ਵੀ ਹੈ, ਸਰਾਪ ਵੀ ਅਤੇ ਲਾਹਨਤ ਵੀ। ਇਸ ਤਰ੍ਹਾਂ ਇਹ ਵਿਧਾ ਵੀ ਸਿੱਧਾ ਪ੍ਰਤਿਸ਼ਠਾ ਅਤੇ ਸਾਖ਼ ਉੱਤੇ ਚੋਟ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ। ਦਰਅਸਲ ਔਰਤਾਂ ਆਪਣੇ ਕੋਲ ਪਹਿਲਾਂ ਤੋਂ ਮੌਜੂਦ ਵਿਧਾਵਾਂ ਵਿੱਚ ਆਪਣੇ ਰਾਜਨੀਤਕ ਵਿਰੋਧ ਨੂੰ ਦਰਜ ਕਰ ਰਹੀਆਂ ਹਨ ਅਤੇ ਅਜਿਹਾ ਕਰਦੇ ਹੋਏ ਵਿਰੋਧ ਦੀ ਨਵੀਂ ਭਾਸ਼ਾ ਘੜ੍ਹ ਰਹੀਆਂ ਹਨ।ਗੌਰ ਕਰਨ ਦੀ ਗੱਲ ਹੈ ਕਿ ਇਹ ਦੋਵੇਂ ਹੀ ਵਿਧਾਵਾਂ ਨੂੰ ਤਾਕਤ ਦੀ ਤੱਕੜੀ ਵਿੱਚ ਕਮਜ਼ੋਰ ਪੱਖ ਵਾਲੇ ਹੀ ਗਾਉਂਦੇ ਹਨ। ਕੋਸਿਆ ਉਦੋਂ ਹੀ ਜਾਂਦਾ ਹੈ, ਜਦੋਂ ਤੁਸੀਂ ਕੁਝ ਨਾ ਕਰਨ ਦੀ ਸਥਿਤੀ ਵਿੱਚ ਹੋ। ਤਾਕਤਵਰ ਕਦੇ ਨਹੀਂ ਕੋਸਦੇ। ਉਨ੍ਹਾਂ ਨੂੰ ਕੋਸਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਨੇਤਾ ਉਨ੍ਹਾਂ ਲਈ ਕਾਨੂੰਨ ਬਣਾਉਂਦੇ ਹਨ, ਉਨ੍ਹਾਂ ਦਾ ਕੰਮ ਪੁਲੀਸ ਕਰ ਦਿੰਦੀ ਹੈ, ਚੈਨਲ ਦਿਨ-ਰਾਤ ਉਨ੍ਹਾਂ ਦਾ ਸਾਥ ਦਿੰਦੇ ਹਨ।ਖਦ ਰੋਣ ਦੇ ਹਾਲਾਤ ਵਿੱਚ ਆਪਣੇ ਵਿਰੋਧੀ ਉੱਤੇ ਰੋਣਾ ਆਪਣੀ ਤਕਦੀਰ ਨਾਲ਼ ਲੜਨਾ ਹੈ। ਜਦੋਂ ਤੁਹਾਡਾ ਗੈਰ ਬਰਾਬਰ ਤਾਕਤ ਨਾਲ਼ ਸਾਹਮਣਾ ਹੁੰਦਾ ਹੈ ਤਾਂ ਸਾਰਾ ਮੁੱਖਧਾਰਾ ਮੀਡੀਆ ਰਾਜੇ ਦੀ ਪ੍ਰਸਤੁਤੀ ਕਰਦਾ ਹੈ, ਉਦੋਂ ਅਪਜੱਸ ਦੇ ਗੀਤ ਵਿਰੋਧ ਦੇ ਗੀਤ ਹੁੰਦੇ ਹਨ।ਇਹ ਸਹੀ ਹੈ ਕਿ ਕੋਈ ਵੀ ਅੰਦੋਲਨ ਸਿਰਫ਼ ਨਕਾਰਾਤਮਕ ਭਾਵਨਾਵਾਂ ਅਤੇ ਪ੍ਰਸਤੂਤੀਆਂ ਦੇ ਆਧਾਰ ਉੱਤੇ ਸਫ਼ਲ ਨਹੀਂ ਹੋ ਸਕਦਾ। ਇਸ ਲਈ ਅਨੁਭਵੀ ਲੋਕ, ਅੰਦੋਲਨ ਵਿੱਚ ਸਕਾਰਾਤਮਕ ਨਾਅਰਿਆਂ ਅਤੇ ਗਾਣਿਆਂ ਨੂੰ ਵੀ ਅੱਗੇ ਰੱਖਦੇ ਹਨ। ਅੰਦੋਲਨ ਦੀ ਸਫ਼ਲਤਾ ਲਈ ਸਿਰਫ਼ ਵਿਰੋਧ ਕਰਨਾ ਹੀ ਕਾਫ਼ੀ ਨਹੀਂ, ਪ੍ਰੰਤੂ ਵਿਰੋਧ ਕਰਨਾ ਪਹਿਲੀ ਸ਼ਰਤ ਜ਼ਰੂਰ ਹੈ। ਰਾਜਨੀਤਕ ਕੀਰਨੇ ਅਤੇ ਪਿੱਟ-ਸਿਆਪਾ ਕਰਨ ਵਾਲੀਆਂ ਔਰਤਾਂ ਨੂੰ ਸਿਆਸੀ ਅਨਪੜ੍ਹ ਸਮਝ ਕੇ ਸਿਰੇ ਤੋਂ ਖਾਰਜ ਕਰਨ ਦੀ ਬਜਾਏ ਸਾਨੂੰ ਇਨ੍ਹਾਂ ਨੂੰ ਵਿਰੁੱਧ ਦੀ ਸੰਸਕ੍ਰਿਤੀ ਦੀਆਂ ਮਹੱਤਵਪੂਰਨ ਵਿਧਾਵਾਂ ਦੇ ਤੌਰ ਤੇ ਦਰਜ ਕਰਨਾ ਚਾਹੀਦਾ ਹੈ।

Lennon Stella

ਗਣਤੰਤਰ ਦਿਵਸ ਜਿਹੋ ਜਿਹਾ ਮੈਂ ਦੇਖਿਆ

ਜ਼ਿੰਦਗੀ 'ਚ ਪਹਿਲੀ ਵਾਰ ਦਿੱਲੀ 'ਚ ਛੱਬੀ ਜਨਵਰੀ (ਗਣਤੰਤਰ ਦਿਵਸ) ਦੇਖਿਆ। ਕਿਸਾਨ ਅੰਦੋਲਨ 'ਚ ਹਿੱਸਾ ਲੈਣ ਆਏ ਤਾਂ ਕਿਸਾਨ ਮਹਿਲਾ ਦਿਵਸ ਵੀ ਮਨਾਇਆ, ਬੜਾ ਚੰਗਾ ਲੱਗਿਆ ਕਿਉਂਕਿ ਅੰਦੋਲਨ ਵੀ ਸ਼ਾਂਤਮਈ ਚੱਲ ਰਿਹਾ ਸੀ ਅਤੇ ਹੋਰ ਕਈ ਜ਼ਰੂਰੀ ਦਿਹਾੜੇ ਵੀ ਮਨਾਏ ਜਾ ਰਹੇ ਸਨ। ਛੱਬੀ ਦੀ ਪਰੇਡ ਦਾ ਬੜੀ ਸ਼ਿੱਦਤ ਨਾਲ਼ ਇੰਤਜ਼ਾਰ ਸੀ ਕਿ ਨੇੜਿਓਂ ਦੇਖਾਂਗੇ, ਪੱਚੀ  ਦੀ ਰਾਤ ਤੱਕ ਕੋਈ ਸਿਰਾ ਨਾ ਮਿਲਿਆ ਕਿ ਬੀਬੀਆਂ ਨੇ ਪਰੇਡ 'ਚ ਸ਼ਾਮਲ ਹੋਣਾ ਹੈ ਕਿ ਨਹੀਂ, ਇਸ ਲਈ ਅਸੀਂ ਬਿਨਾਂ ਕਿਸੇ ਤਿਆਰੀ ਦੇ ਹੀ ਸੌਂ ਗਏ ਕਿਉਂਕਿ ਕੋਈ ਕਹਿ ਰਿਹਾ ਸੀ ਕਿ ਬਹੱਤਰ ਘੰਟੇ ਬਾਅਦ ਵਾਪਸੀ ਹੋਵੇਗੀ, ਕੋਈ ਕਹਿ ਰਿਹਾ ਸੀ ਕਿ ਚੌਵੀ ਘੰਟੇ ਬਾਅਦ ਅਤੇ ਕੋਈ ਅਠਤਾਲੀ ਘੰਟੇ ਬਾਅਦ, ਫਿਰ ਨਾਲ਼ ਦੀ ਬੀਬੀ ਨੂੰ ਬਾਹਰੋਂ ਫੋਨ ਆਇਆ ਕਿ ਬੀਬੀਆਂ ਲਈ ਬੱਸਾਂ ਲਾਈਆਂ ਗਈਆਂ ਹਨ ਤੇ ਅੱਠ ਵਜੇ ਸਟੇਜ 'ਤੇ ਪਹੁੰਚੋ। ਸੋ ਅਸੀਂ ਕਾਹਲੀ-ਕਾਹਲੀ ਤਿਆਰ ਹੋ ਕੇ ਰਸੋਈ ਢਾਬੇ ਤੋਂ ਸਟੇਜ ਵੱਲ ਨੂੰ ਚੱਲ ਪਏ, ਕਾਫ਼ੀ ਦੂਰ ਤੱਕ ਪੈਦਲ ਚੱਲਦੇ ਰਹੇ, ਰਸਤੇ 'ਚ ਇਕ ਟ੍ਰੈਕਟਰ ਤੋਂ ਲਿਫ਼ਟ ਲਈ, ਟ੍ਰੈਕਟਰ ਦੋ ਕਦਮ ਚੱਲਿਆ ਤੇ ਜਾਮ 'ਚ ਫਸ ਗਿਆ। ਫੇਰ ਅਸੀਂ ਪੈਦਲ ਚੱਲ ਪਏ। ਸਾਢੇ ਦਸ ਤਕ ਅਸੀਂ ਬੜੀ ਮੁਸ਼ਕਲ ਨਾਲ਼ ਸਟੇਜ ਕੋਲ ਪਹੁੰਚੇ ਅਤੇ ਪਰੇਡ ਲਈ ਨਿਕਲਣ ਵਾਲੇ ਟ੍ਰੈਕਟਰਾਂ ਨੂੰ ਅਸੀਂ ਕਿਸੇ ਤੋਂ ਤਿਰੰਗਾ ਝੰਡਾ ਫੜ੍ਹ ਕੇ ਇਸ ਤਰ੍ਹਾਂ ਵਿਦਾਇਗੀ ਦਿੱਤੀ ਜਿਵੇਂ ਅਸੀਂ ਕਿਸੇ ਮੰਤਰੀ ਪਦ ‘ਤੇ ਹੋਈਏ। ਅਸੀਂ ਜਾਣ ਵਾਲੇ ਟ੍ਰੈਕਟਰਾਂ ਨੂੰ ਤਸੱਲੀ ਨਾਲ਼ ਹੱਥ ਹਿਲਾ ਕੇ ਵਿਦਾ ਕਰ ਰਹੇ ਸਾਂ। ਬਹੁਤ ਥੱਕੇ ਹੋਣ ਕਰਕੇ ਪਰੇਡ 'ਤੇ ਜਾਣ ਦੀ ਸਿਹਤ ਨੇ ਇਜਾਜ਼ਤ ਨਾ ਦਿੱਤੀ ਅਤੇ ਅਸੀਂ ਉਥੇ (ਗੁਰੂ ਤੇਗ ਬਹਾਦਰ ਮੈਮੋਰੀਅਲ) ਥੋੜ੍ਹਾ ਆਰਾਮ ਕੀਤਾ, ਫੋਟੋਆਂ ਲਈਆਂ ਅਤੇ ਬਾਰਾਂ ਕੁ ਵਜੇ ਵਾਪਸ ਢਾਬੇ ਵੱਲ ਚੱਲ ਪਏ। ਪਰੇਡ ਲਈ ਟ੍ਰੈਕਟਰ ਅਜੇ ਵੀ ਉਸੇ ਉਤਸ਼ਾਹ ਨਾਲ਼ ਜਾ ਰਹੇ ਸਨ। ਪਰ ਪੈਦਲ ਚੱਲਣ ਵਾਲਾ ਇਕੱਠ ਉਸ ਤੋਂ ਵੀ ਜ਼ਿਆਦਾ ਸੀ। ਆਉਣ ਵੇਲੇ ਵੀ, ਲੋਕ ਅੱਗੋਂ ਆ ਰਹੇ ਸਨ ਅਤੇ ਜਾਣ ਵੇਲੇ ਵੀ ਲੋਕ ਅੱਗੋਂ ਆ ਰਹੇ ਸਨ। ਇਸ ਲਈ ਨਿਕਲਣਾ ਸਵੇਰ ਨਾਲ਼ੋਂ ਵੀ ਮੁਸ਼ਕਿਲ ਸੀ। ਕਦੇ ਟਰਾਲੀਆਂ ਦੀਆਂ ਹੁੱਕਾਂ ਟੱਪ ਕੇ ਖੱਬੇ ਰਸਤੇ ਅਤੇ ਕਦੇ ਸੱਜੇ ਰਸਤੇ, ਇਸ ਤਰ੍ਹਾਂ ਬਲਦ ਮੂਤਣਾ ਬਣਾਉਂਦੇ ਬਣਾਉਂਦੇ ਛੇ ਤੋਂ ਸੱਤ ਕਿਲੋਮੀਟਰ ਦੀ ਵਾਟ (ਜਿਵੇਂ ਖੋਤੇ ਦੀ ਅੱਠ ਕੋਹ ਅਤੇ ਖੋਤੇ ਵਾਲੀ ਦੀ ਸੋਲ਼ਾਂ ਕੋਹ) ਵਾਂਗ ਸਾਡੇ ਲਈ ਪਤਾ ਨਹੀਂ ਕਿੰਨੀ ਬਣ ਗਈ। ਅੱਧ ਕੁ ਵਿਚਕਾਰ ਪਹੁੰਚ ਕੇ ਕੋਈ ਟ੍ਰੈਕਟਰ ਵਾਲੇ ਇੱਕ-ਦੂਜੇ ਨੂੰ ਖ਼ਬਰ ਸੁਣਾ ਰਹੇ ਸਨ ਕਿ ਲਾਲ ਕਿਲੇ ਤੇ ਝੰਡਾ ਝੁਲਾ ਦਿੱਤਾ, ਮੈਨੂੰ ਲੱਗਿਆ ਕਿ ਸ਼ਾਇਦ ਕਿਸਾਨੀ ਝੰਡਾ ਝੁਲਾ ਦਿੱਤਾ। ਪਰ ਮੈਂ ਕਿਸੇ ਤੋਂ ਚੰਗੀ ਤਰ੍ਹਾਂ ਖ਼ਬਰ-ਸਾਰ ਲੈਣ ਲਈ ਰਾਹ ਜਾਂਦੇ ਲੋਕਾਂ ਤੋਂ ਪੁੱਛਿਆ ਤਾਂ ਪੂਰੀ ਖ਼ਬਰ ਪਤਾ ਲੱਗੀ ਕਿ ਝੰਡਾ ਤਾਂ ਕੋਈ ਹੋਰ ਚੜ੍ਹਾਇਆ ਹੈ, ਤਾਂ ਉੱਥੋਂ ਹੀ ਇਸ਼ਾਰਾ ਮਿਲ ਗਿਆ ਕਿ ਸਰਕਾਰ ਨੇ ਆਪਣਾ ਮਕਸਦ ਪੂਰਾ ਕਰ ਲਿਆ। ਹੁਣ ਉਹ ਧਰਨੇ ਨੂੰ ਬਦਨਾਮ ਕਰ ਚੁੱਕੇ ਹਨ। ਮਨ ਬੜਾ ਉਦਾਸ ਹੋਇਆ ਕਿ ਧਰਨਾ ਕਿਸਾਨਾਂ ਦਾ, ਕਿਸਾਨਾਂ ਵੱਲੋਂ, ਕਿਸਾਨਾਂ ਦੇ ਹੱਕਾਂ ਲਈ, ਸ਼ਾਂਤਮਈ ਰੱਖਣ ਦਾ ਵਿਚਾਰ ਸੀ ਜੋ ਕਿ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸਨ। ਸੋਚਿਆ ਕਿ ਵਿਆਹ ਵਾਲੇ ਘਰ ਵਾਂਗ ਸਾਰਿਆਂ ਨੂੰ ਆਪੋ-ਧਾਪੀ ਪਈ ਹੋਈ ਹੈ ਕਿ ਮੈਂ ਤੇਰੇ ਤੋਂ ਮੂਹਰੇ ਹੋਵਾਂ ਅਤੇ ਤੂੰ ਮੇਰੇ ਮੂਹਰੇ ਵਾਲੀ ਹਾਲਤ ਹੈ। ਪਰ ਢਾਬੇ ਤਕ ਪਹੁੰਚਦਿਆਂ-ਪਹੁੰਚਦਿਆਂ ਹਲਕਾ ਬੁਖਾਰ ਹੋ ਚੁੱਕਾ ਸੀ ਅਤੇ ਲੋਕਾਂ ਦਾ ਰੌਂਅ ਅੱਧਿਆਂ ਦਾ ਖ਼ਰਾਬ ਸੀ ਅਤੇ ਅੱਧਿਆਂ ਦਾ ਜੇਤੂ ਸੀ। ਕੋਈ ਕਹਿੰਦਾ ਸੀ ਕਿ ਗੁੜ ਵੰਡਿਆ ਜਾਏ ਪਰ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਗੁੜ ਕਿਸ ਖੁਸ਼ੀ ‘ਚ ਵੰਡਿਆ ਜਾਵੇ ਕਿਉਂਕਿ ਬੇਬੇ-ਬਾਪੂਆਂ ਦਾ ਸ਼ਾਂਤਮਈ ਧਰਨਾ ਜੋ ਐਨੀ ਠੰਢ 'ਚ ਘਰੋਂ ਬੇਘਰ ਹੋਏ, ਛੇ ਮਹੀਨੇ ਦੇ ਧੱਕੇ ਖਾਧੇ ਅਜਾਈਂ ਗਏ। ਲਾਲ ਕਿਲ੍ਹੇ ਵਿੱਚ ਵੀ ਬੇ-ਮੁਹਾਰ ਹੋਏ ਪੁੱਤ ਮਾਰੇ ਗਏ, ਬਾਕੀਆਂ ਤੇ ਕੇਸ ਪੈਣਗੇ, ਨਾ ਰੋਟੀ, ਨਾ ਪਾਣੀ, ਨਾ ਠੰਢ 'ਚ ਰਜਾਈਆਂ, ਕਿਸ ਖੁਸ਼ੀ ‘ਚ ਗੁੜ ਵੰਡੋਗੇ। ਫੇਰ ਉਹ ਗੁੜ ਵੰਡਣ ਵਾਲਾ ਬੰਦਾ ਅੱਖਾਂ ਭਰ ਆਇਆ ਕਿਉਂਕਿ ਝੰਡਾ ਝੁਲਾ ਕੇ ਅਸੀਂ ਮੋਦੀ ਦੀ ਜਿੱਤ ਕਰਵਾ ਦਿੱਤੀ, ਜਿਹੜਾ ਉਦੋਂ ਤੋਂ ਹੀ ਕਹਿ ਰਿਹਾ ਸੀ ਕਿ ਧਰਨਾ ਕਿਸਾਨਾਂ ਦਾ ਨਹੀਂ, ਸਿਖਾਂ ਦਾ ਹੈ, ਜੋ ਬਾਕੀ ਹਰਿਆਣੇ ਤੋਂ ਅਤੇ ਹੋਰ ਸੂਬਿਆਂ ਤੋਂ ਕਿਸਾਨ ਸ਼ਾਮਲ ਹੋਏ ਠੰਡ 'ਚ ਰੁਲਦੇ ਫਿਰੇ ਉਨ੍ਹਾਂ ਦਾ ਕੀ ਬਣਿਆ। ਸੰਘਰਸ਼ 'ਚ ਯੋਗਦਾਨ ਤਾਂ ਉਨ੍ਹਾਂ ਦਾ ਵੀ ਬਰਾਬਰ ਦਾ ਹੈ। ਹਰਿਆਣੇ ਦੇ ਲੰਗਰਾਂ ਵਾਲੇ ਤਾਂ ਦੁੱਧ ਵੀ ਰੋਟੀ ਨਾਲ਼ ਪਰੋਸਦੇ ਹਨ। ਖਾਪ ਵੱਲੋਂ ਵੀ ਵਧੀਆ ਲੰਗਰ, ਬੜੇ ਅਦਬ ਨਾਲ਼ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਅਤੇ ਬਾਅਦ ਵਿਚ ਵਧੀਆ ਲੰਗਰ ਪਰੋਸਦੇ ਹਨ। ਦੁੱਧ ਲੱਸੀ ਜਿਨਾਂ ਹਰਿਆਣੇ ਵਾਲਿਆਂ ਨੇ ਪਿਆਇਆ ਉਨਾਂ ਪੰਜਾਬ ਦੇ ਲੰਗਰਾਂ ਵਿੱਚ ਨਹੀਂ ਸੀ। ਇਸ ਲਈ ਝੰਡਾ ਝੁਲਾ ਕੇ ਤਾਂ ਅਸੀਂ ਉਨ੍ਹਾਂ ਸਾਰਿਆਂ ਦੀ ਕੀਤੀ ਖੇਹ 'ਚ ਮਿਲਾ ਦਿੱਤੀ। ਛੱਬੀ ਦੀ ਪਰੇਡ 'ਚ ਮੈਂ ਇਹੀ ਸਭ ਕੁਝ ਦੇਖਿਆ ਕਿਉਂਕਿ ਜਾਂ ਤਾਂ ਅਸੀਂ ਸ਼ਾਂਤਮਈ ਹੀ ਰਹਿੰਦੇ ਤੇ ਜਾਂ ਫਿਰ ਝੰਡਾ ਝੁਲਾਉਣ ਦੀ ਥਾਂ ਕਾਲੇ ਕਨੂੰਨਾਂ ਵਾਲੇ ਪੁਲੰਦੇ ਤੱਕ ਪਹੁੰਚਦੇ ਅਤੇ ਉਹਨਾਂ ਨੂੰ ਪਾੜ ਦਿੰਦੇ ਫੇਰ ਤਾਂ ਅਸੀਂ ਕਿਸਾਨ ਦਾ ਕੁਝ ਸੰਵਾਰਦੇ, ਹੁਣ ਤਾਂ ਅਸੀਂ ਜਾਟ ਅੰਦੋਲਨ ਵਾਂਗ ਉਸ ਦੇ ਮੱਥੇ ਖ਼ਾਲਿਸਤਾਨੀ ਟਿੱਕਾ ਲਾ ਦਿੱਤਾ ਜਿਸ ਨਾਲ਼ ਆਮ ਕਿਸਾਨ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਕਿਸਾਨ ਦਾ ਲੈਣਾ-ਦੇਣਾ ਤਾਂ ਕਿਸੇ ਤਰ੍ਹਾਂ ਦੇ ‘ਸਤਾਨ’ ਨਾਲ਼ ਵੀ ਨਹੀਂ ਹੁੰਦਾ ਉਸ ਦਾ ਤਾਂ ਲੈਣਾ-ਦੇਣਾ ਉਸ ਦੇ ਖੇਤਾਂ ਨਾਲ਼ ਹੀ ਹੁੰਦਾ ਹੈ। ਛੋਟੇ ਜਿਹੇ ਖੇਤ 'ਚ ਬੈਠ ਕੇ ਹੀ ਉਹ ਰਾਜਾ ਮਹਿਸੂਸ ਕਰਦਾ ਹੈ। ਅਸੀਂ ਮਦਦ ਕਰਨੀ ਹੈ ਤਾਂ ਕਿਸਾਨ ਅੰਦੋਲਨ ਨੂੰ ਕਿਸਾਨ ਅੰਦੋਲਨ ਹੀ ਰਹਿਣ ਦੇਈਏ, ਫਿਰਕੂ ਰੰਗਤ ਨਾ ਦੇਈਏ।

Lennon Stella

ਘੁੰਡ ਵਾਲੀ ਔਰਤ ਦੀ ਤਕਰੀਰ

ਮੈਂ ਇਸ ਜ਼ੁਲਮੀ ਹਕੂਮਤ ਅਤੇ ਗੋਦੀ ਮੀਡੀਆ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਨੈਟ ਦੈ ਕੁਨੈਕਸ਼ਨ ਤਾਂ ਕੱਟ ਸਕਦੇ ਹੋ ਪਰ ਕਿਸਾਨ ਦੇ ਦਿਲ ਦੀਆਂ ਤਰੰਗਾਂ ਨੂੰ ਤੁਸੀਂ ਨਹੀਂ ਕੱਟ ਸਕਦੇ। ਇਹ ਕਿਸਾਨਾਂ ਦੇ ਦਿਲ ਦੀਆਂ ਤਰੰਗਾਂ ਹੀ ਸਨ ਕਿ ਰਾਤੋ ਰਾਤ ਮੰਦਿਰਾਂ ਵਿੱਚ ਅਨਾਉਂਸਮੈਂਟ ਹੋ ਗਈ ਕਿ ਸਾਡੇ ਲੀਡਰ ਰੋ ਰਹੇ ਨੇ। ਅੱਜ ਗਾਜ਼ੀਪੁਰ ਬਾਡਰ ‘ਤੇ ਉਹਨਾਂ ਦੀ ਹਿੰਮਤ ਹੋਈ, ਕੱਲ੍ਹ ਟਿੱਕਰੀ ‘ਤੇ ਹੋਵੇਗੀ ਤੇ ਫੇਰ ਸਿੰਘੂ ‘ਤੇ, ਇਸ ਤਰ੍ਹਾਂ ਸਾਡਾ ਅੰਦੋਲਨ ਵਿਫਲ ਹੋ ਜਾਏਗਾ। ਮੈਂ ਗੋਦੀ ਮੀਡੀਆ ਦਾ ਧੰਨਵਾਦ ਕਰਦੀ ਹਾਂ, ਜਿੰਨ੍ਹਾਂ ਨੇ ਸਾਨੂੰ ਦਿਖਾਇਆ ਤੇ ਅਸੀਂ ਜਾਗੇ। ਜਿਵੇਂ ਕਿ ਸਾਨੂੰ ਪਤਾ ਹੈ ਕਿ ਦਿੱਲੀ ਵਿੱਚ ਗੋਦੀ ਮੀਡੀਆ ਨੇ ਝੰਡੇ ਵਾਲੀ ਘਟਨਾ ਵੱਲ ਹੀ ਲੋਕਾਂ ਦਾ ਧਿਆਨ ਕੇਂਦਰਿਤ ਕੀਤਾ, ਕਿ ਝੰਡਾ ਲਹਿਰਾਇਆ ਗਿਆ ਹੈ, ਤਾਂ ਕਿ ਜਨਤਾ ਉੱਥੇ ਹੀ ਉਲਝੀ ਰਹੇ। ਧਰਮ ਦੇ ਨਾਮ ‘ਤੇ ਲੜਨ ਵਾਲੇ ਪਾਖੰਡੀ ਕਹਿ ਰਹੇ ਨੇ ਕਿ ਅਸੀਂ ਝੰਡੇ ਦਾ ਅਪਮਾਨ ਕੀਤਾ ਹੈ, ਤੁਸੀਂ ਸਾਨੂੰ ਕੀ ਦੱਸੋਗੇ ਕਿ ਅਸੀਂ ਝੰਡੇ ਦਾ ਅਪਮਾਨ ਕੀਤਾ ਹੈ, ਝੰਡੇ ਦਾ ਅਪਮਾਨ ਉਦੋਂ ਹੁੰਦੈ ਜਦੋਂ ਸੀਮਾ ’ਤੇ ਜਵਾਨ ਰੋਂਦਾ ਹੈ ਤੇ ਖੇਤਾਂ ਵਿੱਚ ਕਿਸਾਨ ਰੋਂਦਾ ਹੈ। ਅੱਜ ਇਹ ਹਕੀਕਤ ਹੈ ਕਿ ਸੀਮਾ ‘ਤੇ ਜਵਾਨ ਰੋ ਰਿਹਾ ਹੈ ਤੇ ਖੇਤਾਂ ਵਿੱਚ ਕਿਸਾਨ। ਸਾਡੀ ਲੜਾਈ ਤਿੰਨ ਕਾਨੂੰਨਾਂ ਦੇ ਨਾਲ਼-ਨਾਲ਼ ਗੋਦੀ ਮੀਡੀਆ, ਭ੍ਰਿਸ਼ਟਾਚਾਰ ਫੈਲਾਉਣ ਵਾਲਿਆਂ ਦੇ ਨਾਲ਼, ਗਲਤ ਜਾਣਕਾਰੀ ਦੇਣ ਵਾਲਿਆਂ ਦੇ ਨਾਲ਼ ਅਤੇ ਇਸ ਹਕੂਮਤ ਦੇ ਨਾਲ਼ ਹੈ, ਅੱਜ ਮੋਦੀ ਸਰਕਾਰ ਹੈ, ਕੱਲ੍ਹ ਨੂੰ ਕੋਈ ਦੂਜੀ ਸਰਕਾਰ ਆਵੇਗੀ। ਪਰ ਮੈਂ ਥੋਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਮੋਦੀ ਸਰਕਾਰ ਤੋਂ ਅਸੀਂ ਖੇਤੀ ਵੀ ਬਚਾਉਣੀ ਹੈ ਤੇ ਬੇਟੀ ਵੀ ਬਚਾਉਣੀ ਹੈ, ਕਿਉਂਕਿ ਇਹਨਾਂ ਕੁਰਸੀ ਵਾਲਿਆਂ ਦੇ ਕੋਲ ਨਾ ਖੇਤੀ ਹੈ ਤੇ ਨਾ ਹੀ ਬੇਟੀ ਹੈ। ਇਹ ਹੰਗਾਮਾ ਕਰ ਦਿੰਦੇ ਨੇ ਜਦੋਂ ਕਿਸੇ ਬੇਟੀ ਦਾ ਬਲਾਤਕਾਰ ਹੁੰਦਾ ਹੈ, ਮੀਡੀਆ ਵਿੱਚ ਚਾਰ ਦਿਨ ਗੱਲ ਚੱਲਦੀ ਹੈ, ਤਫ਼ਤੀਸ਼ ਵੀ ਪੂਰੀ ਨਹੀਂ ਹੁੰਦੀ, ਪਰ ਜਦੋਂ ਸ਼ੁਸਾਂਤ ਸਿੰਘ ਆਤਮਹੱਤਿਆ ਕਰ ਲੈਂਦਾ ਹੈ, ਤਾਂ ਕੰਗਣਾ ਰਣੌਤ ਦੀਆਂ ਗੱਲਾਂ ਵਾਰ-ਵਾਰ ਦਿਖਾਈਆਂ ਜਾਂਦੀਆਂ ਨੇ, ਕਿਉਂ ਦਿਖਾਈਆਂ ਜਾਂਦੀਆਂ ਨੇ ਤਾਂ ਕਿ ਤੁਸੀਂ ਅਸਲੀ ਮੁੱਦੇ ਤੋਂ ਭਟਕ ਜਾਉ। ਮੈਂ ਇੱਥੇ ਕੋਈ ਪੈਸੇ ਦੇ ਲਈ ਨਹੀਂ ਆਈ, ਅਤੇ ਨਾ ਹੀ ਕੋਈ ਰਾਜਨੀਤਿਕ ਭੁੱਖ ਹੈ। ਮੇਰੇ ਦਿਲ ਵਿੱਚ ਅੱਗ ਹੈ, ਮੈਂ ਕਿਸਾਨਾਂ ਦੇ ਲਈ ਬੋਲ ਰਹੀ ਹਾਂ, ਮੈਂ ਇੱਕ ਕਿਸਾਨ ਦੀ ਧੀ ਹਾਂ, ਮੈਂ ਉਸ ਕਿਸਾਨ ਦੀ ਧੀ ਹਾਂ ਜੋ  14 ਸਾਲ ਦੀ ਉਮਰ ਵਿੱਚ ਹੀ ਖੇਤੀ ਕਰਨ ਲੱਗ ਪਿਆ ਸੀ, ਅਤੇ ਅੱਜ ਵੀ ਕਰਦਾ ਹੈ, ਉਹ ਮੇਰਾ ਮਾਣ ਹੈ। ਮੈਂ ਕੁਝ ਲਾਈਨਾਂ ਤੁਹਾਨੂੰ ਸੁਣਾਉਣਾ ਚਾਹੁੰਦੀ ਹਾਂ, ਜਿਵੇਂ ਕਿ ਇੱਕ ਸ਼ਾਇਰ ਨੇ ਕਿਹਾ ਹੈ, “ਅਪਨੇ ਚੇਹਰੇ ਸੇ ਜੋ ਜ਼ਾਹਿਰ ਹੈ, ਛੁਪਾਉਂ ਕੈਸੈਤੇਰੀ ਮਰਜ਼ੀ  ਕੇ ਮੁਤਾਬਿਕ ਨਜ਼ਰ ਆਉਂ ਕੈਸੇ ਘਰ ਸਜਾਨੇ ਕੀ ਤਸੱਵੁਰ ਤੋਹ ਬਾਦ ਕੀ ਬਾਤ ਹੈਪਹਿਲੇ ਯਹ ਤੋ ਤੈਅ ਹੋ ਕਿ ਮੈਂ ਇਸ ਘਰ ਕੋ ਬਚਾਉਂ ਕੈਸੇਲਾਖ ਤਲਵਾਰੇਂ ਆ ਬਢੇਂ ਮੇਰੀ ਗਰਦਨ ਕੀ ਤਰਫਸਰ ਝੁਕਾਨਾ ਨਹੀਂ ਸੀਖਾ ਤੋ ਸਰ ਝੁਕਾਉਂ ਕੈਸੇ”ਇੰਨੇ ਧਿਆਨ ਨਾਲ਼ ਸੁਣਨ ਲਈ ਧੰਨਵਾਦ, ਵੈਸੇ ਤਾਂ ਅਨਾਉਂਸਮੈਂਟ ਹੁੰਦੀ ਹੈ ਕਿ ਇੱਥੇ ਧਰਨੇ ਉੱਤੇ ਅਸੀਂ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚਣਾ ਹੈ। ਸਾਨੂੰ ਇਥੋਂ ਹਟਾਉਣ ਦੀਆਂ ਤਿਆਰੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਚੱਲ ਰਹੀਆਂ ਹਨ, ਕਿਉਂਕਿ ਜਦੋਂ ਕੋਈ ਦਰੱਖਤ ਉਖਾੜਨਾ ਹੁੰਦਾ ਹੈ, ਜਦੋਂ ਤੱਕ ਉਸ ਦੀਆਂ ਜੜ੍ਹਾਂ ਮਜਬੂਤ ਨੇ ਉਦੋਂ ਤੱਕ ਉਸ ਦਰੱਖਤ ਨੂੰ ਕੋਈ ਨਹੀਂ ਹਿਲਾ ਸਕਦਾ। ਇਹ ਸਾਡੀਆਂ ਜੜਾਂ ਨੇ, ਇੱਥੋਂ ਹਿਲਾਂਗੇ ਤਾਂ ਇਹ ਬਾਡਰ ਤੇ ਜਾਣਗੇ। ਇਹ ਚੀਜ ਇਹਨਾਂ ਨੇ ਸਾਨੂੰ ਸਿਖਾ ਦਿੱਤੀ ਹੈ ਕਿ ਧਰਮ, ਮਜ਼ਹਬ ਅਤੇ ਜਾਤਾਂ ਵਿੱਚ ਤੁਸੀਂ ਲੋਕਾਂ ਨੇ ਸਾਨੂੰ ਵੰਡਿਆ ਹੈ,ਪਰ ਉਹਦੀ ਸਾਨੂੰ ਪਰਵਾਹ ਨਹੀਂ ਹੈ, ਇਹ ਤਾਂ ਸਾਡੀ ਆਪਸ ਦਾ ਲੜਾਈ ਅਸੀਂ ਆਪੇ ਫੇਰ ਲੜ ਲਵਾਂਗੇ, ਪਰ ਪਹਿਲਾਂ ਤੇਰੀ ਗੱਲ ਐ। ਗੋਦੀ ਮੀਡੀਆ ਜੋ ਅੰਦੇਲਨ ਨੂੰ ਜੋ ਨੀਚਲੇ ਸਤਰ ਤੇ ਲੈਕੇ ਜਾਣ ਦੀ ਤਿਆਰੀ ਕਰ ਰਿਹਾ ਸੀ, ਰਾਕੇਸ਼ ਟਕੈਤ ਦੇ ਹੰਝੂਆਂ ਨੇ ਉਸਨੂੰ ਮੁੜ ਅਸਮਾਨ ਤੇ ਚੜਾ ਦਿੱਤਾ ਹੈ।  ਤਾਂ ਮੈਂ ਇਹੀ ਅਪੀਲ ਕਰਦੀ ਹਾਂ ਕਿ ਸਾਨੂੰ ਸਭ ਨੂੰ ਖਾਸ ਤੌਰ ‘ਤੇ ਨੌਜਵਾਨਾ ਨੂੰ ਧਿਆਨ ਰੱਖਣਾ ਪਵੇਗਾ ਕਿ ਕੋਈ ਵੀ ਅਜਿਹੀ ਹਿੰਸਕ ਘਟਨਾ ਨਾ ਹੋਵੇ, ਜਿਸ ਨਾਲ਼ ਸਾਡੇ ਅੰਦੋਲਨ ਉੱਤੇ ਕੋਈ ਅਸਰ ਪਵੇ, ਕਿਉਂਕਿ ਗੋਦੀ ਮੀਡੀਆ ਦੀਆਂ ਅਪਸਰਾਵਾਂ ਇਸੇ ਮੌਕੇ ਦੀ ਤਲਾਸ਼ ਵਿਚ ਰਹਿੰਦੀਆੰ ਨੇ ਕਿ ਕਦੋਂ ਕੋਈ ਛੋਟਾ ਜਿਹਾ ਮੌਕਾ ਮਿਲੇ, ਤੇ ਕਦੋਂ ਉਹ ਅੰਦੋਲਨ ਨੂੰ ਖਰਾਬ ਕਰਨ। ਤਾਂ ਮੇਰੀ ਹੱਥ ਜੋੜ ਕੇ ਵਿਨਮਰ ਬੇਨਤੀ ਹੈ ਕਿ ਸਾਡੇ ਬਜ਼ੁਰਗਾਂ ਦੇ ਨਾਲ਼ ਰਹੋ, ਉਹ ਸਾਨੂੰ ਜੋ ਆਦੇਸ਼ ਦਿੰਦੇ ਨੇ ਅਸੀਂ ਉਸ ਨੂੰ ਮੰਨਣਾ ਹੈ, ਉਹਨਾਂ ਦੇ ਨਾਲ਼ ਚੱਲਣਾ ਹੈ। ਇਹ ਜਨ ਦਾ ਅੰਦੋਲਨ ਹੈ, ਪੂਰੇ ਦੇਸ਼ ਦਾ ਅੰਦੋਲਨ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਮੇਰੀਆਂ ਗੱਲਾਂ ਨੂੰ ਇੰਨੇ ਧਿਆਨ ਨਾਲ਼ ਸੁਣਨ ਲਈ।