Fifth Edition: April 2021

Lennon Stella

Karti Dharti— A Call for a New Age of Liberty

Taking the responsibility of Karti Dharti in one’s own hands is indeed a good omen; and it  beyond doubt is a revolutionary step. In Bhagat Singh’s eyes there were two well marked types of social movements or processes of social reconstruction; one that brings about a change in political leadership and the other that can potentially alter the course of a whole generation. One should be able to tell one apart from the other.The former encompasses the transference of reins of stately power from one political party/organisation to the other. Something akin merely to the changing of coloured masks in a dramatic performance. Such a setup usually entails gradual deterioration in the social welfare outlook of the government, eventually followed by a guaranteed aggravation of socio-economic woes of the society. The situation here is very much like being sucked in by a whirlwind which keeps pulling one towards its core while growing stronger and perhaps more violent with the passage of time. This is the post-truth apparatus, charging people with misplaced emotions and dividing people along various lines— ideological, sectarian, communal, what have you. This further worsens an already troubled state of affairs. Now the ones with power initiate a systematic process backed by shallow claims— of putting checks on, largely curbing  the fundamental rights and the democratic freedoms one is entitled to. Political cacophony is manufactured to draw attention away from the cries of the average citizen. On one hand they push the masses into the dark cesspit of fear, while constantly engaging in practices that highlight differences over commonalities. The world has suffered in the hands of such Fascist leaders peppered throughout history: recent and distant.Pitted against this is the idea of a revolution that cuts through the class structure that is often considered the norm; a movement that has potential for change and reformation that resonates across generations. Such a movement carries a nuanced understanding of complications at hand; the problem solving approach is thus well informed. Bhagat Singh deemed this a true revolution. Such a movement takes into account factors which are time and again ignored, crucial factors interplaying in informing social, economic, and political issues; and inherently the steps taken to resolve them. Flow of which cannot be challenged by retrogressive thoughts and scheming. Upshots of such positive inventiveness were felt during the struggle against the British Raj, when Savitribai Phule and her associate Fatima Sheikh brought to fruition an endeavour of facilitating the education of girls of the subcontinent, promoting critical thought and questioning. Similarly in Punjab around 1793 Bibi Sahib Kaur had played a pivotal role in defeating the forces of East India Company and then the Marathas; Prof. Mohan Singh talks about her in this quatrain:The Marathas came in hordes, but to no avail,Scattered,  they ran— the Singh did curtail,Into the proud hands of Punjab did they fall,Thus and so the daughter of the five-rivers held the pennant tall.Unfortunately, there is no memorial in Patiala to mark her contribution. For as it happens, the potentates are often afraid of brave women working towards decisive and progressive change. However, the unparalleled contributions towards the Indian independence movement (mid nineteenth century onwards) by many revolutionary women has been immortalised. Whenever women like Begum Hazrat Mahal, Rani Jhansi, General Jhalkaribai, Ghadarite Gulab Kaur, Durga Bhabi, Shushila Didi, and other like minded women have taken the command in their hands, we have witnessed the wheels of a new age being given impetus to. Bhagat Singh saluted such brave women remarking:“These are the brave daughters of India whose sacrifice is unmatched. They are the ones who offered their husbands and brothers to the sacrificial fire, the ones who motivated and sent them out to lay down their lives for our struggle for freedom. These brave women have besides their own lives, put everything near and dear at stakes for our common goal. And your government (British) labels them seditious mutineers.”Now, it does not come as a surprise that the current government is employing the same methods of suppression the British had used, all pushing us towards a steep slope of  economic decline and that of the various indices of human development. Thus, in this farmers’ act of resistance; to become a facilitator for the young and driven women is like trotting towards a new age of liberty. Alongside the numerous achievements of this movement this is indeed a pertinent input.Many things have crystallised during our troubled times. One clear message is being conveyed that our people have to become “atmanirbhar” (lit. self reliant) for this structure of governance is only suited to the needs, rather wants of the rich. The State is complacent, it sits comfortably in not fulfilling its constitutional duty of public service. For the same reason women of every street, every village would have to become a karti dharti.What this movement’s frontline has taught in the form of a discourse on revolution, is that the discourse on fighting for our rights has to be implemented with vigour at grassroots level. This would require initiatives which include villages in their ambit. Due attention has to be given to the educational, health, and nutritional needs of our villages. Blinkers on, arm in arm, with a firm resolution we can overcome any hurdle, big or small.  Bhagat Singh had said, “The day people decide to come forward with a humanist approach towards alleviating human sorrow and pain; that day we shall be taking firm strides towards true freedom”.Karti Dharti is a step in the right direction.

Lennon Stella

ਕਿਸਾਨ ਅੰਦੋਲਨ ਅਤੇ ਸਰਕਾਰੀ ਕੂੜ ਪ੍ਰਚਾਰ

ਕਿਸਾਨ ਅੰਦੋਲਨ ਪਿਛਲੇ ਸਾਲ ਤੋਂ ਬੜੀ ਤਹੱਮਲ ਤੇ ਸਬਰ ਸੰਤੋਖ ਨਾਲ ਚੱਲ ਰਿਹਾ ਹੈ। ਮੁੱਖ ਧਾਰਾ ਦੇ ਮੀਡੀਆ ਦੀ ਬੇਰੁਖ਼ੀ ਤੇ ਮੁਜ਼ਰਮਾਨਾ ਕਿਸਮ ਦੀ ਵਿਰੋਧੀ ਰਿਪੋਰਟਿੰਗ ਦੇ ਬਾਵਜੂਦ ਇਹ ਕੌਮਾਂਤਰੀ ਪੱਧਰ ’ਤੇ ਲੋਕਾਂ ਦਾ ਧਿਆਨ ਖਿੱਚਣ ਵਿੱਚ ਸਫਲ ਰਿਹਾ ਹੈ। ਇਹ ਸਫਲਤਾ ਹਕੂਮਤ ਨੂੰ ਰੜਕਦੀ ਹੈ। ਲੋਕ ਲਹਿਰਾਂ ਅਤੇ ਉਹਨਾਂ ਬਾਰੇ ਬਿਰਤਾਂਤ ਨੂੰ ਤੋੜਨ ਲਈ ਹਕੂਮਤ ਬੜੇ ਹੀਲੇ ਕਰਦੀ ਹੈ। ਜਿੱਥੇ ਲਹਿਰਾਂ ਤੇ ਲਗਾਮ ਪਾਉਣ ਲਈ ਰੱਖਿਆ ਬਲਾਂ ਜਿਵੇਂ ਪੁਲੀਸ ਅਤੇ ਸੂਹੀਆਂ ਦੀ ਘੁਸਪੈਠ ਹੁੰਦੀ ਹੈ, ਉੱਥੇ ਕੂੜ ਪ੍ਰਚਾਰ ਵੀ ਲੋਕ ਲਹਿਰਾਂ ਨੂੰ ਢਾਹ ਲਾਉਣ ਦੇ ਸੰਦ ਵਜੋਂ ਵਰਤਿਆ ਜਾਂਦਾ ਹੈ। ਸੋ ਸਰਕਾਰੀ ਧਿਰ ਜ਼ੋਰ ਜਬਰ ਦੇ ਨਾਲ਼ ਨਾਲ਼ ਪ੍ਰਚਾਰ ਵਿਚ ਵੀ ਬਹੁਤ ਸੂਖ਼ਮ ਅਤੇ ਸਥੂਲ ਪੱਧਰ ’ਤੇ ਕਿਸਾਨ ਸੰਘਰਸ਼ ਨੂੰ ਮਾਤ ਦੇਣ ਦੇ ਯਤਨਾਂ ਵਿਚ ਹੈ। ਜਿੱਥੇ ਕਿਸਾਨ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਵਿਰੁੱਧ ਤਰ੍ਹਾਂ ਤਰ੍ਹਾਂ ਦੇ ਕੇਸ ਦਰਜ ਕੀਤੇ ਜਾਂਦੇ ਹਨ ਜਾਂ ਪੁਰਾਣੇ ਕੇਸ ਖੋਲ੍ਹੇ ਜਾਂਦੇ ਹਨ, ਉੱਥੇ ਆਮ ਲੋਕਾਂ ਨੂੰ ਇਸ ਲਹਿਰ ਨਾਲੋਂ ਤੋੜਨ ਲਈ ਉਨ੍ਹਾਂ ਨੂੰ ਵੀ ਕਾਨੂੰਨ ਦੇ ਡੰਡੇ ਨਾਲ਼ ਡਰਾਉਣ ਦੇ ਯਤਨ ਸਰਕਾਰੀ ਤੰਤਰ ਕਰਦਾ ਹੈ। ਇਸ ਤੋਂ ਵੱਖਰੇ ਰੂਪ ਵਿੱਚ ਜੋ ਕਿਸਾਨ ਆਗੂਆਂ ਅਤੇ ਲੋਕਾਂ ਵਿਰੁੱਧ ਪ੍ਰਚਾਰ ਕੀਤਾ ਜਾਂਦਾ ਹੈ, ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਬੜੀ ਇਤਿਹਾਸਕ ਹੈ।ਇਹ ਕਿਸਾਨ ਅੰਦੋਲਨ ਸੰਘਰਸ਼ ਇਸ ਪੱਖੋਂ ਵੀ ਵਿਲੱਖਣ ਹੈ ਕਿ ਇਸ ਵਿੱਚ ਔਰਤਾਂ ਅਤੇ ਲੜਕੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹਨ। ਸ਼ਹਿਰੀ ਪੜ੍ਹੀ - ਲਿਖੀ ਔਰਤ ਵੀ ਇਸ ਵਿੱਚ ਐਲਾਨੀਆ ਸ਼ਾਮਲ ਹੋ ਰਹੀ ਹੈ। ਹਕੂਮਤ ਲਈ ਇਹ ਵੱਡੀ ਫਿਕਰਮੰਦੀ ਹੈ ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਿਸੇ ਨੂੰ ਵੀ ਬਦਨਾਮ ਕਰਨ ਦਾ ਪ੍ਰਚਾਰ। ਆਮ ਤੌਰ ’ਤੇ ਵਿਰੋਧੀ ਮੁਲਕ ਇੱਕ ਦੂਜੇ ਵਿਰੁੱਧ ਜਾਂ ਜੰਗ ਦੌਰਾਨ ਭੰਡੀ ਪ੍ਰਚਾਰ ਕਰਦੇ ਹਨ, ਪਰ ਸਾਡੇ ਮੁਲਕ ਦੀ ਵੱਡੀ ਆਬਾਦੀ ਕਿਸਾਨ ਜਦੋਂ ਆਪਣੇ ਖੇਤ ਬਚਾਉਣ ਲਈ ਰਾਜਧਾਨੀ ਦੀ ਦਹਿਲੀਜ਼ ’ਤੇ ਪੁੱਜ ਗਏ  ਤਾਂ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਂ ਦੀਆਂ ਔਰਤਾਂ ਨੂੰ ਸਮਰਥਨ ਵਿੱਚ ਆਈਆਂ ਪੜ੍ਹੀਆਂ ਲਿਖੀਆਂ, ਸੁਚੇਤ ਤੇ ਚੇਤੰਨ ਲੜਕੀਆਂ, ਔਰਤਾਂ ਨੂੰ ਬਦਨਾਮ ਕਰਨ ਤੇ ਗਾਲ੍ਹਾਂ ਰਾਹੀਂ ਡਰਾਉਣ ਧਮਕਾਉਣ ਦਾ ਪ੍ਰਚਾਰ ਜ਼ੋਰ ਫੜ ਗਿਆ। ਤਕਨਾਲੋਜੀ ਉਸ ਵਿੱਚ ਬਹੁਤ ਸਹਾਈ ਹੋ ਰਹੀ ਹੈ। ਆਪਣੇ ਘਰਾਂ, ਆਰਾਮ ਦੇਹ ਦਫਤਰਾਂ ਵਿਚ ਬੈਠ ਕੇ ਇਹ ਪ੍ਰਚਾਰ ਚਲਾਇਆ ਜਾ ਸਕਦਾ ਹੈ। ਕਿਸਾਨ ਆਗੂਆਂ ਨੂੰ ਤਾਂ ਗਾਲ੍ਹਾਂ ਦੀ ਭਾਸ਼ਾ ਵਿੱਚ ਸੋਸ਼ਲ ਮੀਡੀਆ ’ਤੇ ਭੰਡਣ ਦਾ ਸਿਲਸਿਲਾ ਜਾਰੀ ਹੈ ਜਿਸ ਤਰ੍ਹਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੱਸਦੇ ਹਨ ਕਿ ਉਹ ਕਿਸੇ ਦਾ ਫੋਨ ਆਉਣ ’ਤੇ ਪਹਿਲਾਂ ਪੁੱਛਦੇ ਹਨ ਕਿ “ਤੁਸੀਂ ਮੈਨੂੰ ਗਾਲ੍ਹਾਂ ਕੱਢਣ ਲਈ” ਫੋਨ ਤਾਂ ਨਹੀਂ ਕੀਤਾ। ਕਿਸਾਨ ਆਗੂ ਅਤੇ ਕਿਰਨਜੀਤ ਐਕਸ਼ਨ ਕਮੇਟੀ ਦੇ ਸਰਗਰਮ ਆਗੂ  ਮਨਜੀਤ ਸਿੰਘ ਧਨੇਰ ਦੇ ਜਵਾਈ ਦੀ ਮੌਤ ਤੋਂ ਮਗਰੋਂ ਕੂੜ ਪ੍ਰਚਾਰ ਕਰਦੇ ਹੋਏ ਅਨਸਰ ਏਨਾ ਡਿੱਗ ਗਏ ਹਨ ਕਿ ਉਨ੍ਹਾਂ ਨੇ ਕਿਹਾ ਸੀ “ਅਸੀਂ ਤੇਰੀ ਧੀ ਨਾਲ਼ ਫੇਰੇ ਲੈ ਲਵਾਂਗੇ।” ਜਿੰਨਾ ਕੋਈ ਸੰਘਰਸ਼ ਉੱਚ ਨੈਤਿਕ ਕਦਰਾਂ ਕੀਮਤਾਂ ਵਾਲਾ ਹੁੰਦਾ ਹੈ, ਉਹਨੂੰ ਬਦਨਾਮ ਕਰਕੇ ਭੰਗ ਕਰਨ ਦੇ ਚਾਹਵਾਨ ਅਨਸਰ ਓਨਾ ਹੀ ਥੱਲੇ ਡਿੱਗਦੇ ਹਨ। ਸੋ ਕਿਸਾਨ ਸੰਘਰਸ਼ ਦੇ ਵਿਰੋਧ ਦੀ ਕੈਮਿਸਟਰੀ ਵਿੱਚ ਇੱਕ ਵੱਡਾ ਹੱਥ ਇਹ ਵੀ ਹੈ ਕਿ ਜਿਹੜੇ ਜਿਹੜੇ ਆਗੂ ਇਸ ਤੰਤਰ ਨੂੰ ਵੱਧ ਖ਼ਤਰਨਾਕ ਤੇ ਸਮਰੱਥ ਜਾਪਦੇ ਹਨ ਉਨ੍ਹਾਂ ਦਾ ਓਨੀ ਹੀ ਜ਼ੋਰ ਸ਼ੋਰ ਨਾਲ ਵਿਰੋਧ ਪ੍ਰਚਾਰ ਤੰਤਰਾਂ ਰਾਹੀਂ ਕੀਤਾ ਜਾਂਦਾ ਹੈ। ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਹੁਣ ਰੁਲਦੂ ਸਿੰਘ ਮਾਨਸਾ ’ਤੇ ਚੁਫੇਰਿਓਂ ਹੱਲਾ ਬੋਲਿਆ ਜਾ ਰਿਹਾ ਹੈ। ਨਾਬਰੀ ਦੇ ਇਸ ਸਾਰੇ ਵਰਤਾਰੇ ਵਿੱਚ ਜਗੀਰੂ ਸੱਤਾ ਆਪਣੀਆਂ ਸਾਰੀਆਂ ਜੁਗਤਾਂ ਲੋਕਾਂ ਦੀ ਅਣਖ ਨੂੰ ਖੁੰਢਾ ਕਰਨ ਲਈ ਵਰਤ ਰਹੀ ਹੈ। ਮਾਵਾਂ ਭੈਣਾਂ ਦੀਆਂ ਗਾਲ੍ਹਾਂ, ਜਿਵੇਂ ਕਿ ਪਿੱਤਰਕੀ ਅਤੇ ਜਗੀਰੂ ਸੱਤਾ ਵਿਚ ਹੁੰਦਾ ਹੈ, ਹਥਿਆਰ ਵਾਂਗ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ। ਤਰਕ ਦੇ ਜਵਾਬ ਵਿੱਚ ਆਗੂਆਂ ਦੀਆਂ  ਧੀਆਂ, ਭੈਣਾਂ, ਪਤਨੀਆਂ, ਨੂੰਹਾਂ,  ਪੋਤੀਆਂ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ ਅਤੇ ਔਰਤਾਂ ਅਤੇ ਮਰਦਾਂ ਦੇ ਜਣਨ ਅੰਗਾਂ ਦਾ ਨਾਮ ਲੈ ਕੇ ਸੋਸ਼ਲ ਮੀਡੀਆ ’ਤੇ ਮਾਨਸਿਕ ਦੀਵਾਲੀਏਪਣ ਦਾ ਵਿਖਾਲਾ ਪਾਇਆ ਜਾ ਰਿਹਾ ਹੈ। ਇੱਕ ਸਮਾਜ ਦੇ ਤੌਰ ’ਤੇ, ਇੱਕ ਸੱਭਿਅਤਾ ਦੀ ਹੈਸੀਅਤ ਵਿੱਚ ਇਹ ਬਹੁਤ ਵੱਡਾ ਨਿਘਾਰ ਹੈ। ਪਰ ਇਹ ਇਤਿਹਾਸ ਹੈ ਕਿ ਜੰਗਾਂ ਵਿੱਚ ਵੀ ਹਾਰੀ ਹੋਈ ਧਿਰ ਦੀਆਂ ਔਰਤਾਂ ਨੂੰ ਜ਼ਲਾਲਤ ਝੱਲਣੀ ਪੈਂਦੀ ਹੈ। ਜਿਸ ਜੰਗ ਵਿੱਚ ਕਿਸਾਨ ਹਾਰੇ ਨਹੀਂ। ਅਜੇ ਸੰਘਰਸ਼ ਕਿਸੇ ਤਣ ਪੱਤਣ ਨਹੀਂ ਲੱਗਿਆ, ਪਰ ਨੈਤਿਕ ਤੌਰ ’ਤੇ ਕਿਸਾਨ ਜਿੱਤੇ ਹੋਏ ਹਨ। ਇਸ ਜਿੱਤ ਨੂੰ ਗਾਲ੍ਹਾਂ ਦੀ ਭਾਸ਼ਾ ਵਿੱਚ ਛੁਟਿਆਉਣ ਦੇ ਯਤਨ ਹੋ ਰਹੇ ਹਨ। ਕਿਸਾਨ ਸੰਘਰਸ਼ ਵਿੱਚ ਸ਼ਾਮਲ ਔਰਤਾਂ, ਲੜਕੀਆਂ ਨੂੰ ਬਦਨਾਮ ਕਰਨ ਵਾਲੀਆਂ ਧਿਰਾਂ ਵਿੱਚ ਸਰਕਾਰ ਦਾ ਆਈਟੀ ਸੈੱਲ ਅਤੇ ਵਿਰੋਧੀ ਵਿਚਾਰਧਾਰਾ ਵਾਲੇ ਇਹ ਅਨਸਰ ਸ਼ਾਮਲ ਹਨ ਜੋ ਇਸ ਅੰਦੋਲਨ ਰਾਹੀਂ ਆਪਣੇ ਏਜੰਡੇ  ਸੈੱਟ ਕਰਨੇ ਚਾਹੁੰਦੇ ਹਨ। ਦੱਸਣ ਦੀ ਲੋੜ ਨਹੀਂ ਕਿ ਇਹ ਕੌਣ ਹਨ।ਇਸ ਅੰਦੋਲਨ ਵਿੱਚ ਸ਼ਹੀਦ ਬਲਦੇਵ ਸਿੰਘ ਮਾਨ ਦੀ ਅਦਾਕਾਰ ਧੀ ਸੋਨੀਆ ਮਾਨ ’ਤੇ ਬੁਰੀ ਤਰ੍ਹਾਂ ਨਿਸ਼ਾਨਾ ਸੇਧਿਆ ਹੋਇਆ ਹੈ। ਪ੍ਰਚਾਰ ਕਰ ਰਹੀ ਧਿਰ ਨੇ ਸੋਨੀਆ ਦੀ ਜੋਗਿੰਦਰ ਸਿੰਘ ਉਗਰਾਹਾਂ ਨਾਲ ਜੋ ਤਸਵੀਰ ਹੈ, ਉਸ ਉੱਤੇ ਭੱਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ। ਸੋਨੀਆ ਅਦਾਕਾਰ ਹੈ। ਸੋਨੀਆ ਦੱਸਦੀ ਹੈ ਕਿ ਉਸ ਨੂੰ ਹਰ ਰੋਜ਼ ਗਾਲ੍ਹਾਂ ਮਿਲਦੀਆਂ ਹਨ। ਰੱਜ ਕੇ ਨੰਗੀ ਚਿੱਟੀ, ਭੱਦੀ ਭਾਸ਼ਾ ਵਿੱਚ ਉਸ ਬਾਰੇ ਲਿਖਿਆ ਜਾਂਦਾ ਹੈ। ਉਸ ਦੀ ਮਾਂ ਨੇ ਅੰਮ੍ਰਿਤਸਰ ਸਾਈਬਰ ਕਰਾਈਮ ਰੋਕੂ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ, ਪਰ ਡੇਢ ਮਹੀਨੇ ਮਗਰੋਂ ਵੀ ਕੋਈ ਕਾਰਵਾਈ ਨਹੀਂ ਹੋਈ। ਉਸ ਦੀ ਪੁਲੀਸ ਰਿਪੋਰਟ ਸਾਡੇ ਕੋਲ ਹੈ। ਜ਼ਿਕਰਯੋਗ ਹੈ ਕਿ ਸੋਨੀਆ ਸਾਈਬਰ ਅਪਰਾਧ ਰੋਕਣ ਸਬੰਧੀ  ਪੰਜਾਬ ਪੁਲੀਸ ਦੀ ਬਰਾਂਡ ਅੰਬੈਸਡਰ ਵੀ ਰਹੀ ਹੈ। ਇੱਕ ਵੀਡੀਓ ਵਿੱਚ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਸਾਈਬਰ ਅਪਰਾਧਾਂ ਦੇ ਹੱਲ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਵੀ ਦੱਸਦੀ ਹੈ, ਪਰ ਉਸ ਦੀ ਆਪਣੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਉਹ ਦੱਸਦੀ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕ ਗੰਦੀ ਮੰਦੀ ਭਾਸ਼ਾ ਵਿੱਚ ਉਸ ਨੂੰ ਧਮਕੀਆਂ ਦਿੰਦੇ ਹਨ, ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਉਨ੍ਹਾਂ ਦੀ ਤਸਵੀਰ ਜਾਂ ਤਾਂ ਦੀਪ ਸਿੱਧੂ ਦੀ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੈ ਤੇ ਜਾਂ ਫਿਰ ਕੇਸਰੀ ਨਿਸ਼ਾਨ ਸਾਹਿਬ ਡੀ ਪੀ ਵਜੋਂ ਹੁੰਦਾ ਹੈ। ਉਹ ਰੁਦਨ ਕਰਦੀ ਹੈ “ਬਾਣੀ ਜਾਂ ਸਿੱਖੀ ਤਾਂ ਗੰਦੀ ਮੰਦੀ ਭਾਸ਼ਾ ਬੋਲਣ ਦੀ ਸਿੱਖਿਆ ਨਹੀਂ ਦਿੰਦੀ।” ਇਸ ਰਾਹੀਂ ਸੱਤਾ ਦੀ ਨਾਲ਼ੋ - ਨਾਲ਼ ਸਿੱਖ ਧਰਮ ਪ੍ਰਤੀ ਵੀ ਮੰਦੀ ਭਾਵਨਾ ਜ਼ਾਹਿਰ ਹੁੰਦੀ ਹੈ।‘ਪੰਜਾਬੀ ਗੀਤਾਂ ਦੇ ਔਰਤ ਵਿਰੋਧੀ ਮੁਹਾਂਦਰੇ’ ’ਤੇ ਪੀਐਚਡੀ ਕਰਦੀ ਰਹੀ ਅਮਨਦੀਪ ਕੌਰ, ਜੋ ਇਸਤਰੀ ਜਾਗਰਤੀ ਮੰਚ ਦੀ ਜਨਰਲ ਸਕੱਤਰ ਵੀ ਹੈ, ਦੱਸਦੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਔਰਤਾਂ ਵਿਰੁੱਧ ਵਰਤੀ ਜਾ ਰਹੀ ਇਹ ਭਾਸ਼ਾ ਅਤੇ ਕਿਸਾਨ ਆਗੂਆਂ ਨੂੰ ਕੱਢੀਆਂ ਜਾ ਰਹੀਆਂ ਗਾਲ੍ਹਾਂ, ਇਨ੍ਹਾਂ ਦਾ ਕਿਸੇ ਧਿਰ ਵੱਲੋਂ, ਕਿਸੇ ਮੀਡੀਆ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ। ਇਹ ਸਾਡੇ ਨਿਘਾਰ ਦੀ ਨਿਸ਼ਾਨੀ ਹੈ। ਇਹ ਸੰਘਰਸ਼ ਨੂੰ ਢਾਹ ਲਾਉਣ ਲਈ ਔਰਤਾਂ ਨੂੰ ਡਰਾ ਧਮਕਾ ਕੇ ਇੱਕਲਵਾਂਝੇ ਕੱਢਣ ਦੀ ਜਗੀਰੂ ਸੋਚ ਅਤੇ ਜੁਗਤ ਹੈ।ਅਮਨਦੀਪ ਆਖਦੀ ਹੈ ਕਿ ਉਨ੍ਹਾਂ ਦਾ ਮੰਚ ਇਸ ਦਾ ਵਿਰੋਧ ਕਰ ਰਿਹਾ ਹੈ, ਪਰ ਹਰ ਵਿਅਕਤੀ ਨੂੰ ਇਸ ਨਿਘਾਰ ਦੇ ਗਿਰਾਵਟ ਦਾ ਵਿਰੋਧ ਕਰਨਾ ਬਣਦਾ ਹੈ। ਹਰੇਕ ਧਾਰਮਿਕ ਆਗੂ ਨੂੰ ਇਸ ਦਾ ਵਿਰੋਧ ਕਰਨਾ ਬਣਦਾ ਹੈ। ਉਹ ਇਹਦੇ ਲਈ ਸੱਤਾ ਦੇ ਆਈਟੀ ਸੈੱਲ ਨੂੰ ਜ਼ਿੰਮੇਵਾਰ ਮੰਨਦੀ ਹੈ। ਸੈੱਲ ਵਿਚ ਕੰਮ ਕਰਦੇ ਲੋਕਾਂ ਨੂੰ ਅੰਨ੍ਹਾ ਪੈਸਾ ਦਿੱਤਾ ਜਾ ਰਿਹਾ ਹੈ। ਅਮਨਦੀਪ ਕਿਉਂਕਿ ਜਨਤਕ ਆਗੂ ਹੈ ਸੋ ਉਹ ਆਖਦੀ ਹੈ ਕਿ ਭਾਵੇਂ ਇਹ ਪ੍ਰਤੱਖ ਹੈ ਕਿ ਅੱਗੇ ਜਾ ਕੇ ਇਹ ਲੜਾਈ ਔਰਤਾਂ ਲਈ ਹੋਰ ਭਿਆਨਕ ਬਣ ਜਾਵੇਗੀ, ਪਰ ਇਸ ਤੋਂ ਡਰ ਕੇ ਪਿੱਛੇ ਨਹੀਂ ਹਟਿਆ ਜਾ ਸਕਦਾ। ਜਿਸ ਤਰ੍ਹਾਂ ਸਾਡਾ ਤੰਤਰ ਮੋੜ ਕੱਟ ਰਿਹਾ ਹੈ ਭਵਿੱਖ ਵਿੱਚ ਔਰਤਾਂ ਲਈ ਡਰਾਉਣਾ ਹੈ, ਫਿਰ ਇਹ ਲੜਾਈ ਜਾਰੀ ਹੀ ਰੱਖੀ ਜਾਣੀ ਚਾਹੀਦੀ ਹੈ। ਉਹ ਮੰਨਦੀ ਹੈ ਕਿ ਗਾਲ੍ਹਾਂ ਦੀ ਭਾਸ਼ਾ ਰਾਹੀਂ ਔਰਤਾਂ ਨੂੰ ਚੁੱਪ ਕਰਾ ਲਿਆ ਜਾਂਦਾ ਹੈ ਪਰ ਅੱਜ ਹਾਲਾਤ ਉਹ ਨਹੀਂ ਹਨ, ਔਰਤਾਂ ਨੂੰ ਘਰਾਂ ਵਿਚੋਂ ਬਾਹਰ ਨਿਕਲ ਕੇ ਲੜਨਾ ਹੀ ਪੈਣਾ ਹੈ। ਖੇਤਾਂ ਨੂੰ ਹਾਰ ਜਾਣਾ, ਔਰਤਾਂ ’ਤੇ ਹੋਰ ਵੀ ਭਾਰੂ ਅਤੇ ਮਾਰੂ ਸਾਬਤ ਹੋਵੇਗਾ। ਸੋ ਚੰਗਾ ਹੈ ਕਿ ਗਾਲ੍ਹਾਂ ਖਾਂਦਿਆਂ ਵੀ ਲੜਾਈ ਜਾਰੀ ਰੱਖੀ ਜਾਵੇ।ਇੱਕ ਗੱਲ ਜ਼ਿਕਰਯੋਗ ਹੈ ਕਿ ਨਾਜ਼ੀ ਦੌਰ ਵਿੱਚ ਵੱਡੀ ਗਿਣਤੀ ਵਿੱਚ ਰੇਡੀਓ ਸਟੇਸ਼ਨ ਖੁੱਲੇ ਸਨ, ਜਿਨ੍ਹਾਂ ਦੀ ਵਰਤੋਂ ਰੱਜ ਕੇ  ਪ੍ਰਚਾਰ ਲਈ ਕੀਤੀ ਗਈ ਸੀ। ਅੱਜ ਤਕਨੀਕ ਦੀ ਰੱਜ ਕੇ ਵਰਤੋਂ ਲੋਕਾਂ ਲਈ ਹੋ ਰਹੀ ਹੈ। ਇਹ ਕਿਸਾਨ ਸੰਘਰਸ਼ ਮਹਿਜ਼ ਖੇਤਾਂ ਦਾ ਸੰਘਰਸ਼ ਨਹੀਂ ਹੈ, ਇਹ ਸੱਭਿਅਤਾ, ਭਾਸ਼ਾ, ਚੱਜ - ਆਚਾਰ ਤੇ ਮਨੁੱਖੀ ਸੰਵੇਦਨਾ ਨੂੰ ਬਚਾਉਣ ਤੇ ਅਣਖ ਨਾਲ਼ ਜਿਉਣ ਦਾ ਸੰਘਰਸ਼ ਹੈ। ਭਾਸ਼ਾ ਦੀ ਉੱਚਤਾ, ਸੁੱਚਤਾ ਅਤੇ ਕਿਰਦਾਰਾਂ ਨੂੰ ਬਚਾਉਣ ਦਾ ਸੰਘਰਸ਼ ਹੈ। ਆਸ ਹੈ, ਅਸੀਂ ਸਾਰੇ ਜਿਊਂਦੇ ਜਾਗਦੇ ਲੋਕ ਸੰਘਰਸ਼ ਕਰਦੇ ਸਮੇਂ, ਲੜਦੇ ਸਮੇਂ ਮਾਵਾਂ ਭੈਣਾਂ ਦੇ ਅੰਗ ਨਾਲ ਨਹੀਂ ਚੁੱਕੀ ਫਿਰਾਂਗੇ ਤੇ ਮਾਵਾਂ ਆਪਣੇ ਪੁੱਤਾਂ ਨੂੰ ਜ਼ਰੂਰੀ ਸੁੱਚੀ ਭਾਸ਼ਾ ਦੀ ਤਹਿਜ਼ੀਬ ਦੇਣ।

Lennon Stella

ਲੋਕ ਸੰਘਰਸ਼ ਅਤੇ ਪੱਤਰਕਾਰੀ

ਇਤਿਹਾਸਕ ਮੌਕਿਆਂ ਦਾ ਜੇ ਵੇਲੇ ਸਿਰ ਦਸਤਾਵੇਜ਼ੀਕਰਨ ਨਾ ਕੀਤਾ ਜਾਵੇ ਤਾਂ ਕੁਵੇਲੇ ਦੀਆਂ ਟੱਕਰਾਂ ਵਾਂਗੂੰ ਮੁੜ-ਮੁੜ ਉਹਨਾਂ ਹੀ ਤੱਥਾਂ ‘ਚ ਜੋੜ-ਘਟਾਉ ਕਰਕੇ ਮੌਕੇ-ਅਨੁਕੂਲ ਕੱਚਘਰੜ ਅਤੇ ਮਨਘੜ੍ਹਤ ਬਿਰਤਾਂਤ ਸਿਰਜੇ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅਜਿਹਾ ਹੀ ਸਾਡੇ ਬਜ਼ੁਰਗਾਂ ਨਾਲ਼ ਹੋਇਆ ਹੈ, ਜਦੋਂ 1913 ਦੀ ਗ਼ਦਰ ਲਹਿਰ ਦੇ ਨਾਇਕਾਂ ਬਾਰੇ ਇਹ ਸਵਾਲ ਜਿਉਂ ਦਾ ਤਿਉਂ ਪਿਆ ਹੈ ਕਿ ਗ਼ਦਰੀ ਬਾਬੇ ਕੌਣ ਸਨ। ਇਕ ਧਿਰ ਉਹਨਾਂ ਨੂੰ ਸ਼ੁੱਧ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਦੱਸਦੀ ਹੈ ਤੇ ਦੂਜੀ ਕਹਿੰਦੀ ਹੈ ਕਿ ਉਹ ਸਿੱਖੀ ਬਾਣੇ ਅਤੇ ਗੁਰਬਾਣੀ ਦੇ ਧਾਰਨੀ ਸਨ। ਇਹ ਤਾਂ ਬਹੁਤ ਨੇੜਲੀ ਉਦਾਹਰਣ ਹੈ। ਅਸੀਂ ਤਾਂ ਬਾਬੇ ਨਾਨਕ ਦੀ ਬਰਾਦਰੀ ਤੱਕ ਪਤਾ ਕਰੀ ਫਿਰਦੇ ਹਾਂ। ਅਸੀਂ ਕਿਸੇ ਨੂੰ ਨਹੀਂ ਬਖਸ਼ਦੇ। ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਾਇਰ ਪਾਸ਼, ਅਵਤਾਰ ਸਿੰਘ ਸੰਧੂ ਸੀ। ਹਾਂ ਸੱਚ, ਭਗਤ ਸਿੰਘ ਤੇ ਕਿੱਸਾਕਾਰ ਪੀਲੂ ਵੀ ਕਿਹੜੇ ਗੋਤ ‘ਚੋਂ ਨੇ। ਮੰਨਦੇ ਓਂ ਖੋਜਾਂ ਨੂੰ। ਉਹ ਗੱਲ ਵੱਖਰੀ ਹੈ ਕਿ ਅਸੀਂ ਨਾਇਕਾਂ ਦੇ ਜੀਵਨ ਅਭਿਆਸਾਂ ਦੀ ਥਾਹ ਪਾਉਣ ਲਈ ਤਰੱਦਦ ਨਹੀਂ ਕਰਦੇ। ਕਿਸੇ ਕਾਲ-ਖੰਡ ਦੇ ਖਾਸ ਬਿੰਦੂ ਦਾ ਸਾਹਿਤ ਅਸਿੱਧੇ ਰੂਪ ਵਿਚ ਵਕਤ-ਵਿਸ਼ੇਸ ਦੀ ਅਸਿੱਧੀ ਪੱਤਰਕਾਰੀ ਹੁੰਦਾ ਹੈ। ਜਿਵੇਂ ਗੁਰੂ ਨਾਨਕ ਲਿਖਦੇ ਨੇ-ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ਕਿੰਨੀ ਸਾਫ਼ ਆਖ ਸੁਣਾਈ ਹੈ ਕਿ ਕਾਬਲ ਤੋਂ ਆਇਆ ਕੋਈ ਪਾਪਾਂ ਦਾ ਕਾਫਿਲੇਦਾਰ ਬਲ ਦੇ ਸਿਰ ‘ਤੇ ਲੁੱਟਦਾ-ਖੋਂਹਦਾ ਹੈ ਤੇ ਇਸਨੂੰ ਦਾਨ ਦੱਸਦਾ ਹੈ ਭਾਵ ਜਬਰ ਕਰਨਾ ਹੱਕ ਸਮਝਦਾ ਹੈ। ਸਥਿਤੀ ਲਗਭਗ ਇਹੀ ਹੈ, ਹੁਣ ਵੀ ਕੂੜ ਦਾ ਹੀ ਪਾਸਾਰ ਹੈ। ਪਰ ਆਖੋ ਏਨੀ ਸਪੱਸ਼ਟ ਗੱਲ, ਸਿੱਧੀ ਭਾਸ਼ਾ ‘ਚ, ਏਨੇ ਨਿਧੜਕ ਹੋ ਕੇ। ਸਾਡਾ ਤਾਂ ਰਸਤਾ ਹੀ ਹੋਰ ਹੋ ਜਾਂਦਾ ਹੈ, ਉਚਾਰ ਹੀ ਡੋਲ ਜਾਂਦਾ ਹੈ। ਵੰਗਾਰਨ ਵਾਸਤੇ ਉਂਗਲ ਹਾਕਮ ਵੱਲ ਕਰਨੀ ਹੁੰਦੀ ਹੈ ਪਰ ਆਪਣੇ ਹਾਣ ਜਿਹੇ ਦਾ ਵਿਰੋਧੀ ਭਾਲ ਲੈਂਦੇ ਹਾਂ, ਇਲਜ਼ਾਮਤਰਾਸ਼ੀ ‘ਤੇ ਉੱਤਰ ਆਉਂਦੇ ਹਾਂ ਤੇ ਘੋਲ ਤੋਂ ਅਲਹਿਦਾ ਹੀ ਕੋਈ ਵਿਹੁ ਘੋਲਣ ਲੱਗਦੇ ਹਾਂ।ਕਿਸਾਨ ਮੋਰਚਾ ਹਾਲੇ ਚਾਲੂ ਹੈ। ਜ਼ਮੀਨ ‘ਤੇ ਲੜ ਰਹੇ ਲੋਕ ਬੜੀ ਦ੍ਰਿੜਤਾ ਨਾਲ਼ ਦੋ-ਢਾਈ ਤੁਕਾਂ ‘ਚ ਆਪਣੀ ਮੰਗ ਠਾਹ-ਸੋਟੇ ਵਾਂਗ ਮਾਰਦੇ ਹਨ, ਚਾਹੇ ਕਿਸੇ ਦੇ ਗੋਡੇ ਲੱਗੇ ਚਾਹੇ ਗਿੱਟੇ। ਬਾਕੀ ਆਹ ਸਭ ਪੇਚੀਦਾ ਬਿਆਨ, ਕੱਚੇ ਜਿਹੇ ਦਾਅਵੇ, ਨਘੋਚਾਂ, ਨੁਕਤਾਚੀਨੀਆਂ, ਘਾਚਮਚੋਲਾ, ਉਲਾਰੂ ਜਿਹੀ ਨਿਰਾਸ਼ਾ, ਗੋਲਾਈਦਾਰ ਬਾਤਾਂ ਆਸੇ-ਪਾਸੇ ਤੋਂ ਆ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਮੈਦਾਨੀਂ ਡਟੇ, ਪਹਿਲੇ ਦਿਨ ਤੋਂ ਉਹੀ ਗੱਲ ਦੁਹਰਾ ਰਹੇ ਹਨ, ਕੁਝ ਨਵਾਂ ਨਹੀਂ ਜੁੜਿਆ ਤਾਂ ਕੁਝ ਘਟਿਆ ਵੀ ਨਹੀਂ, “ਇਹ ਕਾਨੂੰਨ ਕਾਲੇ ਨੇ, ਅਸੀਂ ਵਾਪਿਸ ਕਰਾ ਕੇ ਮੁੜਾਂਗੇ, ਬੱਸ।” ਧਰਨੇ ਦਾ ਅਰਥ ਧਰੇ ਜਾਣਾ ਹੈ, ਬੈਠਣ ਵਾਲੇ ਬਾਖੂਬੀ ਜਾਣਦੇ ਨੇ ਕਿ ਉਹ ਏਥੇ ਫ਼ਸਲਾਂ ਦੇ ਮੁੱਲ ਅਤੇ ਨਸਲਾਂ ਦੇ ਭਵਿੱਖ ਲਈ ਬੈਠੇ ਹਨ। ਤੋਰੇ- ਫੇਰੇ ਵਾਲੇ ਜਾਣਦੇ ਨੇ ਕਿ ਘੋਲ ਨੂੰ ਕਿਵੇਂ ਜਿਹੇ ਤੋਰੀ ਰੱਖਣਾ ਹੈ, ਭੁਚਲਾਹਟ ਜਿਹੀ ਬਣਾਈ ਰੱਖਣੀ ਹੈ, ਹਾਜ਼ਰੀ ਲਵਾਈ ਰੱਖਣੀ ਹੈ।ਮੌਜੂਦਾ ਕਿਸਾਨ ਅੰਦੋਲਨ ਦੇ ਸ਼ੁਰੂਆਤੀ ਉਭਾਰ ਦੇ ਗਵਾਹ ਪਿੰਡੋਂ ਬਾਹਰ ਸੜਕਾਂ ‘ਤੇ ਲੱਗੇ ਟੋਲ-ਪਲਾਜ਼ੇ, ਸ਼ਹਿਰਾਂ-ਮੰਡੀਆਂ ਨੂੰ ਜੋੜਦੀਆਂ ਰੇਲ-ਪਟੜੀਆਂ ਹਨ। ਆਰੰਭਕ ਦੌਰ ਵਿਚ ਜੇ ਇਸਨੂੰ ਜਗ੍ਹਾ ਦਿੱਤੀ ਤਾਂ ਸਥਾਨਕ ਮੀਡੀਆ ਨੇ। ਕੌਮੀ ਮੀਡੀਆ ਤੋਂ ਤਾਂ ਪਹਿਲਾਂ ਹੀ ਕੋਈ ਉਮੀਦ ਨਹੀਂ ਸੀ, ਉਹਨੂੰ ਤਾਂ ਅਸੀਂ ਰਾਜਧਾਨੀ ਨੂੰ ਤੁਰਨ ਤੋਂ ਪਹਿਲਾਂ ਹੀ ‘ਕਨ੍ਹੇੜੇ ਚੜ੍ਹਿਆ ਜਾਂ ਵਿਕਾਊ’ ਕਹਿ ਦਿੱਤਾ ਸੀ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸੂਬਾਈ ਮੀਡੀਆ, ਜਿਹੜਾ ਕਿ ਇਸ ਸਮੇਂ ਦੌਰਾਨ ਇਕਦਮ ਹਰਕਤ ‘ਚ ਆਉਂਦਾ ਹੈ ਤੇ ਸਲਾਹਿਆ ਜਾਂਦਾ ਹੈ, ਪਸੰਦ ਕੀਤਾ ਜਾਣ ਲੱਗਦਾ ਹੈ, ਏਨੀ ਛੇਤੀ ਆਪਣੀ ਭਰੋਸੇਯੋਗਤਾ ਕਿਉਂ ਗਵਾ ਬਹਿੰਦਾ ਹੈ? ਅਗਲਾ ਸਵਾਲ ਏਦੂੰ ਕਿਤੇ ਅਗਾਂਹ ਜਾਂਦਾ ਹੈ ਕਿ ਜੇ ਇਹ ਮੀਡੀਆ ਸਭ ਤੋਂ ਸੱਚੀ ਤੇ ਸਭ ਤੋਂ ਪਹਿਲਾਂ ਮੋਰਚੇ ਦੀ ਖ਼ਬਰ ਦੇ ਰਿਹਾ ਸੀ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਆਪਣਾ ਆਈ. ਟੀ. ਸੈੱਲ. ਕਾਇਮ ਕਰਨ ਦੀ ਲੋੜ ਕਿਉਂ ਪੈਂਦੀ ਹੈ? ਮੋਰਚੇ ਤੋਂ ਚੱਲ ਰਹੇ ਅਖ਼ਬਾਰ ਕਿਵੇਂ ਤੇ ਕਦੋਂ ਹੋਂਦ ਵਿਚ ਆਉਂਦੇ ਹਨ? ਇਹ ਗੱਲ ਬੜਾ ਧਿਆਨ ਮੰਗਦੀ ਹੈ ਕਿ ਕੋਈ ਵੀ ਪ੍ਰਸਾਰਣ ਜਾਂ ਪ੍ਰਕਾਸ਼ਨ ਬਿਨਾਂ ਕਿਸੇ ਮੁਢਲੇ ਆਇਡੀਏ ਦੇ ਸ਼ੁਰੂ ਨਹੀਂ ਹੋ ਸਕਦਾ, ਟੀਮ ਬਿਨਾਂ ਚੱਲ ਨਹੀਂ ਸਕਦਾ, ਪੂੰਜੀ ਬਿਨਾਂ ਪੂਰ ਨਹੀਂ ਲਹਿ ਸਕਦਾ। ਸੋ ਹਰ ਵੇਰਵਾ ਪਾਠਕ/ਦਰਸ਼ਕ/ਸਰੋਤਾ ਤੱਕ ਪਹੁੰਚਣ ਤੋਂ ਪਹਿਲਾਂ ਇਸ ਉੱਪਰ ਮਾਨਸਿਕ, ਆਰਥਿਕ ਸ਼ਕਤੀ ਲਾਉਣ ਵਾਲੇ ਤੱਤਾਂ ਕੋਲੋਂ ਲੰਘ ਕੇ ਆਉਂਦਾ ਹੈ। ਸੋ ਪ੍ਰਾਪਤ ਕਰਤਾ ਨੂੰ ਇਸ ਗੱਲ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ, ਤਾਂ ਕਿ ਉਹ ਨਿਵੇਸ਼ਕ ਦੇ ਵਿਸ਼ੇਸ਼ ਮਕਸਦ ਦਾ ਵਾਹਕ ਨਾ ਬਣ ਜਾਵੇ। ਅੱਜ ਇਮਾਨਦਾਰ ਪੱਤਰਕਾਰੀ ਦੀ ਜ਼ਰੂਰਤ ਹੈ, ਪਰ ਇਹ ਜ਼ਿੰਮੇਦਾਰੀ ਸੁਜੱਗ(ਚੇਤੰਨ) ਦਰਸ਼ਕ ਵਰਗ ਹੀ ਪਾ ਸਕਦਾ ਹੈ, ਤੇ ਇਹਦੇ ਲਈ ਕੁਮੈਂਟਾਂ ‘ਚ ਜਿਦਣ ਨਾਲ਼਼ੋਂ ਵੱਧ ਸਮਾਂ ਲੱਗੇਗਾ, ਚੁਣੌਤੀ ਦੇਣ ਲਈ ਤਿਆਰੀ ਵੀ ਚੰਗੀ ਚਾਹੀਦੀ ਹੈ। ਫਿਰ ਹੀ ਨਿਡਰ ਲੋਕਾਂ ਦੀ ਨਿਰਪੱਖ ਖਬਰ ਬਣ ਸਕਦੀ ਹੈ ਤੇ ਫਿਰ ਸੁਰਖੀਆਂ ਤੇ ਜ਼ੋਰ ਲਗਾਉਣ ਦੀ ਲੋੜ ਨਹੀਂ ਪਵੇਗੀ। ਸਥਾਨਕ ਭਾਸ਼ਾ ਦੇ ਚੈਨਲ, ਜਿਹਨਾਂ ਤੋਂ ਖੇਤਰੀ ਲੋਕਾਈ ਦੇ ਵਧੇਰੇ ਨਜ਼ਦੀਕ ਹੋਣ ਦੀ ਉਮੀਦ ਕੀਤੀ ਜਾਂਦੀ ਹੈ, ਦੀਆਂ ਕਹਾਣੀਆਂ ਦੇ ਸਿਰਲੇਖ ਕਾਫ਼ੀ ਧਿਆਨ ਮੰਗਦੇ ਹਨ। ਅਹਿਮ ਖੁਲਾਸੇ, ਵੱਡੇ ਬਿਆਨ, ਅਸੀਂ ਦਿਖਾਈ ਸਭ ਤੋਂ ਪਹਿਲਾਂ ਖਬਰ, ਭਾਰੀ ਨਿਰਾਸ਼ਾ, ਫਲਾਨੀ ਘਟਨਾ ਦਾ ਸੱਚ, ਢਿਮਕੇ ਦੀਆਂ ਖਰੀਆਂ ਗੱਲਾਂ ਆਦਿ-ਆਦਿ। ਜ਼ਰਾ ਗਹੁ ਨਾਲ ਵੇਖੋ, ਸਾਡੇ ਕੋਲ ਸ਼ਬਦਾਵਲੀ ਦੇ ਨਾਂ ਹੇਠ ਬਚਿਆ ਹੀ ਕੀ ਹੈ? ਭਾਸ਼ਾ ਦੀ ਪੱਧਰ ਤੇ ਵਾਕ-ਬਣਤਰ, ਸ਼ਬਦ-ਜੋੜ ਸੰਬੰਧੀ ਕੋਈ ਪ੍ਰਯੋਗ ਨਹੀਂ ਹੋ ਰਹੇ। ਕੋਈ ਚੰਗੀ ਗੱਲ ਹੋਵੇ ਤਾਂ ਇਲਾਕੇ ਚ ਫ਼ੈਲੀ ਖੁਸ਼ੀ ਦੀ ਲਹਿਰ, ਅਣਹੋਣੀ ਹੈ ਤਾਂ ਪਰਿਵਾਰ ਦਾ ਬੁਰਾ ਹਾਲ, ਗਲੀਆਂ-ਨਾਲ਼ੀਆਂ-ਸੀਵਰੇਜ ਦੇ ਮਸਲੇ ਤਾਂ ਲੋਕ ਪ੍ਰੇਸ਼ਾਨ ਤੇ ਨਾਲ਼ ਇਕ ਫੋਟੋ। ਉਚੇਰੀ ਸਿੱਖਿਆ ਵੱਲ ਕੋਈ ਮੂੰਹ ਨਹੀਂ ਕਰਦਾ, ਕਾਲਜਾਂ ‘ਚ ਦਾਖਲੇ ਹੋਣੋਂ ਬੰਦ ਹੋ ਗਏ ਨੇ, ਸੋ ਇਹ ਖ਼ਬਰ ਵੀ ਬੀਤ ਗਈ ਕਿ ਨਤੀਜਾ ਸ਼ਾਨਦਾਰ ਰਿਹਾ।ਪੱਤਰਕਾਰੀ ਦੇ ਨੈਤਿਕ ਨਿਯਮ ਇਹ ਵੀ ਕਹਿੰਦੇ ਹਨ ਕਿ ਜੇ ਕਿਸੇ ਸ੍ਰੋਤ ਤੋਂ ਕੋਈ ਫੋਟੋ, ਵੀਡੀਓ ਜਾਂ ਜਾਣਕਾਰੀ ਚੱਕਦੇ ਹੋ ਤਾਂ ਮੂਲ ਦਾ ਹਵਾਲਾ ਦੇਣਾ ਜ਼ਰੂਰੀ ਹੈ। ਜਿੱਥੋਂ ਖਬਰ ਚੱਕ ਰਹੇ ਓਂ, ਉਸਦਾ ਜ਼ਿਕਰ ਕਰਨਾ ਬਣਦਾ ਹੈ, ਨਹੀਂ ਤਾਂ ਇਹ ਚੋਰੀ ਮੰਨੀ ਜਾਵੇਗੀ, ਕਿਉਂਕਿ ਇਸ ਕਹਾਣੀ ਨੂੰ ਲੱਭਣ, ਬਣਾਉਣ ਵਿਚ ਤੁਹਾਡੀ ਕੋਈ ਮੁਸ਼ੱਕਤ ਨਹੀਂ ਲੱਗੀ। ਕਿਸੇ ਸਿਰਜਣਾ ਨੂੰ ਆਪਣੇ ਮਾਧਿਅਮ ਰਾਹੀਂ ਕੇਵਲ ਅੱਗੇ ਭੁਗਤਾ ਦੇਣ ਨਾਲ਼ ਕੋਈ ਉਸਦਾ ਮਾਲਕ ਨਹੀਂ ਬਣ ਜਾਂਦਾ। ਮੁਲਾਕਾਤ(ਇੰਟਰਵਿਊ) ਦੌਰਾਨ ਸਵਾਲ ਕਰਤਾ ਨੇ ਆਪਣੀ ਸਵਾਲ-ਲੜੀ ਦਾ ਪ੍ਰਦਰਸ਼ਨ ਹੀ ਨਹੀਂ ਕਰਨਾ ਹੁੰਦਾ, ਜਵਾਬ ਦੇਣ ਵਾਲੇ ਵੱਲ ਮੂੰਹ ਕਰਕੇ ਚਿਹਰੇ ਦੇ ਹਾਵਾਂ-ਭਾਵਾਂ ਤੇ ਸ਼ਬਦਾਂ ਦੀ ਇਕਸਾਰਤਾ ਵੀ ਨਾਪਣੀ ਹੁੰਦੀ ਹੈ। ਕਿਸੇ ਪੂਰਵ-ਨਿਸ਼ਚਿਤ ਲਕੀਰ ਦੇ ਅਨੁਸਾਰੀ ਹੋ ਕੇ ਮਿੱਥੇ ਇਕਹਿਰੇ ਕੋਣ ਤੋਂ ਤਸਵੀਰਕਸ਼ੀ ਕਰਨੀ ਚੰਗੀ ਪੱਤਰਕਾਰੀ ਦਾ ਪਛਾਣ-ਚਿੰਨ੍ਹ ਨਹੀ ਹੋ ਸਕਦਾ। ਆਹਲਾ ਰਿਪੋਰਟਿੰਗ ਵਿਭਿੰਨ ਕੋਣਾਂ, ਵਿਭਿੰਨ ਧੁਨੀਆਂ ਸਮੇਤ ਪਹੁੰਚਦੀ ਹੈ, ਜਿਸ ਕਰਕੇ ਇਹ ਪਾਠਕ/ਦਰਸ਼ਕ/ਸਰੋਤੇ ਤੱਕ ਅੱਪੜ ਕੇ ਮਰਦੀ ਨਹੀਂ, ਉਹਨਾਂ ਨੂੰ ਵੀ ਘਟਨਾ ਦਾ ਬਹੁ-ਪਰਤੀ, ਬਹੁ-ਪਾਸਾਰੀ ਸੱਚ ਖੰਘਾਲਣ ਦਾ ਆਹਰ ਦਿੰਦੀ ਹੈ। ਅੱਜ ਅਜਿਹੀ ਪੱਤਰਕਾਰੀ, ਅਜਿਹੀ ਪੇਸ਼ਕਾਰੀ ਤੇ ਅਜਿਹੇ ਪਾਠਕ ਵਰਗ ਦੀ ਥੁੜ੍ਹ ਮਹਿਸੂਸ ਕੀਤੀ ਜਾ ਰਹੀ ਹੈ। 

Lennon Stella

ਵਸਰਾਂਦ

ਅੰਦੋਲਨ ਪਵਿੱਤਰ ਹੈ। ਇਸ ਲਈ ਕਿ ਅੰਦੋਲਨ ਵਿਚ ਸਮਰੱਥਾ ਹੈ - ਸਿਸਟਮ ਵੱਲ ਤੇ ਆਪਣੇ ਆਪ ਵੱਲ ਘੋਖਵੀਂ ਅੱਖ ਨਾਲ਼ ਦੇਖਣ ਦੀ। ਸਿਸਟਮ ਦੇ ਨਾਲ਼ ਨਾਲ਼ ਸਿਆਸੀ ਬਦਲਾਅ ਲਈ ਉਜਰ ਕਰ ਰਿਹਾ ਇਹ ਸੰਘਰਸ਼ ਸਾਡੇ ਲਈ ਹੋਰ ਵੀ ਬਹੁਤ ਕੁਝ ਨਵਾਂ ਸਿਰਜ ਸਕਦਾ ਹੈ। ਅੰਦੋਲਨਕਾਰੀ ਸਮਾਜ ਵਿਚੋਂ ਹੀ ਆਏ ਹਨ। ਬਿਹਤਰ ਸਮਾਜ ਦੀ ਸਿਰਜਣਾ ਤੋਂ ਬਿਨਾਂ ਅੰਦੋਲਨ ਦੇ ਮਿੱਥੇ ਅਤੇ ਅਣ-ਮਿੱਥੇ ਟੀਚੇ ਪੂਰੇ ਹੋ ਕੇ ਵੀ ਨਾ-ਪ੍ਰਾਪਤੀਆਂ ਦੇ ਬਰਾਬਰ ਹੋਣਗੇ। ਸਚਾਈ ਇਹ ਹੈ ਕਿ ਲੈ ਦੇ ਕੇ ਅੰਦੋਲਨ ਬਾਰੇ ਸੁਹਿਰਦ ਆਲੋਚਨਾ ਕਰਨਾ ਬੇਅਦਬੀ ਹੋ ਨਿੱਬੜਦਾ ਹੈ। ਇਸ ਧਿਰ ਜਾਂ ਉਸ ਧਿਰ ਦੀ ਅੰਦੋਲਨ ਖ਼ਿਲਾਫ਼ ਚਾਲ ਸਮਝ ਲਿਆ ਜਾਂਦਾ ਹੈ। ਅੰਦੋਲਨ ਨੂੰ ਢਾਅ ਲਾਉਣ ਵਾਲੇ ਦਾਅ ਪੇਚ ਕਹਿ ਕੇ ਨਿੰਦ ਦਿੱਤਾ ਜਾਂਦਾ ਹੈ। ਅੰਦੋਲਨਕਾਰੀ, ਸਮਾਜ ਦੇ ਚਲਦੇ ਆ ਰਹੇ ਵਰਤਾਰਿਆਂ ਦਾ ਹੀ ਹਿੱਸਾ ਨੇ। ਓਹਨਾਂ ਵਿਚ ਵੀ ਖ਼ਾਮੀਆਂ ਨੇ। ਜਦੋਂ ਔਰਤਾਂ ਦੀ ਗੱਲ ਹੁੰਦੀ ਹੈ ਤਾਂ ਅਸੀਂ ਉਹਨਾਂ ਤੋਂ ਸ਼ਮੂਲੀਅਤ ਤਾਂ ਚਾਹੁੰਦੇ ਹਾਂ, ਪਰ ਜੇ ਗੱਲ ਆਵੀਂ ਨੀਵੀਂ ਹੋਜੇ ਤਾਂ ਕਸੂਰ ਔਰਤ ਦੇ ਸਿਰ ‘ਤੇ ਮੜ੍ਹ ਦਿੱਤਾ ਜਾਂਦਾ ਹੈ। ਇਕ ਵੱਡੀ ਕਿਸਾਨ ਜਥੇਬੰਦੀ ਨਾਲ਼ ਜੁੜੀ ਔਰਤ ਆਗੂ ਹੋਰ ਔਰਤਾਂ ਨੂੰ ਲਾਮਬੰਦ ਕਰਕੇ 26 ਨਵੰਬਰ ਤੋਂ ਹੀ ਮੋਰਚੇ ‘ਤੇ ਡਟੀ ਰਹੀ, ਹੋਰ ਔਰਤਾਂ ਨੂੰ ਲਾਮਬੰਦ ਕਰਕੇ ਜੱਥੇ ਲਿਆਉਂਦੀ ਰਹੀ। ਇਕ ਰਾਤ ਟਰਾਲੀ ਵਿਚ ਸੁੱਤੀ ਪਈ ਨੂੰ ਉਸ ਤੋਂ ਅੱਧੀ ਉਮਰ ਦਾ ਮੁੰਡਾ ਸ਼ਰਾਬ ਪੀ ਕੇ ਤੰਗ ਕਰਦਾ ਹੈ। ਜਦ ਉਹ ਜਥੇਬੰਦੀ ਨਾਲ਼ ਗੱਲ ਕਰਦੀ ਹੈ ਤਾਂ ਤਫਤੀਸ਼ ਕੀਤੀ ਜਾਂਦੀ ਹੈ ਕਿ ਗ਼ਲਤ ਕੌਣ ਸੀ। ਉਹ ਇਕੱਲੀ ਟਰਾਲੀ ‘ਚ ਲੰਮੀ ਈ ਕਿਓਂ ਪਈ ਸੀ। ਸਬੂਤ ਲਿਆਓ। ਮਹੀਨੇ ਬਾਅਦ ਚੋਰੀ ਦੇ ਇਲਜ਼ਾਮ ਲਾ ਕੇ ਔਰਤ ਬਰਖ਼ਾਸਤ ਕਰ ਦਿੱਤੀ ਜਾਂਦੀ ਹੈ ਤੇ ਮੁੰਡਾ ਓਸੇ ਤਰਾਂ ਹੀ ਔਰਤ ਦਿਹਾੜੇ ਤੇ ਸਟੇਜਾਂ ਤੋਂ ਔਰਤਾਂ ਦੀ ਸ਼ਮੂਲੀਅਤ ਬਾਰੇ ਭਾਸ਼ਨ ਦੇ ਰਿਹਾ ਹੁੰਦਾ ਹੈ। ਇਵੇਂ ਹੀ ਟਰਾਲੀ ਟਾਈਮਜ਼ ਅਖਬਾਰ ਵਿਚ ਵੀ ਹੋਇਆ। ਵੱਖ ਵੱਖ ਸ਼ਿਕਾਇਤਾਂ ਆਉਣ ‘ਤੇ ਵੀ ਵਰੁਣ ਚੌਹਾਨ ‘ਤੇ ਕੋਈ ਕਾਰਵਾਈ ਨਹੀਂ ਹੋਈ। ਸ਼ਿਕਾਇਤ ਕਰਨ ਵਾਲੀਆਂ ਕੁੜੀਆਂ ਤੋਂ ਸਬੂਤ ਮੰਗੇ ਗਏ। ਅਗਾਂਹਵਧੂ ਅਦਾਰਿਆਂ ਤੋਂ ਆਸਾਂ ਵੀ ਜ਼ਿਆਦਾ ਹੁੰਦੀਆਂ ਹਨ। ਪਰ ਉਹਨਾਂ ਵੱਲੋਂ ਮਸਲੇ ਨੂੰ ਲਮਕਾਉਣ ਜਾਂ ਉਲਟਾ ਔਰਤਾਂ ਖਿਲਾਫ਼ ਹੀ ਕਾਰਵਾਈ ਕਰਨ ਤੋਂ ਬਿਨਾਂ ਹੋਰ ਕੁਝ ਨ੍ਹੀਂ ਸਰਿਆ।  ਅੰਦੋਲਨ ਪਵਿੱਤਰ ਹੈ। ਪਰ ਅੰਦੋਲਨਕਾਰੀ ਰੱਬ ਨਹੀਂ ਹਨ। ਇਸਦੀ ਪਵਿੱਤਰਤਾ ਕਾਇਮ ਰੱਖਣ ਦਾ ਭਾਰ ਔਰਤਾਂ, ਘੱਟ ਗਿਣਤੀਆਂ ਜਾਂ ਅੰਦੋਲਨ ‘ਚ ਸ਼ੋਸ਼ਿਤ ਹੋਣ ਵਾਲਿਆਂ ਉੱਪਰ ਨਹੀਂ ਹੈ। ਇਹ ਭਾਰ ਮਾੜੇ ਕੰਮ ਕਰਨ ਵਾਲੇ ‘ਤੇ ਹੈ। ਜੇ ਉਹ ਮਾੜਾ ਕੰਮ ਕਰਨ ਵਾਲਾ ਜਾਂ ਵਾਲੀ ਕਿਸੇ ਜਥੇਬੰਦੀ ਨਾਲ਼ ਹੈ ਜਾਂ ਕਿਸੇ ਅਦਾਰੇ ਨਾਲ਼ ਹੈ, ਤਾਂ ਇਹ ਭਾਰ ਉਸ ਅਦਾਰੇ/ਜਥੇਬੰਦੀ ‘ਤੇ ਵੀ ਹੈ। ਜਾਲਮ ਮੋਦੀ ਸਰਕਾਰ ਨਾਲ਼ ਲੜਦਿਆਂ ਅਸੀਂ ਆਪ ਜਾਲਮ ਨਹੀਂ ਬਣ ਜਾਣਾ। ਸਾਡੇ ਸਾਰਿਆਂ ‘ਚ ਇਕ ਕਿਸਮ ਦਾ ਜਾਲਮ ਵੱਸਦਾ ਹੈ - ਪਹੁੰਚੋਂ ਬਾਹਰ, ਆਪਣੇ ਆਪ ਨੂੰ ਰੱਬ ਮੰਨਣ ਵਾਲਾ, ਖਿਲਾਫ਼ ਬੋਲਣ ਵਾਲ਼ੇ ਨੂੰ ਤਬਾਹ ਕਰਨ ਵਾਲਾ, ਮਨਮੁਖ, ਆਪਣੇ ਔਗੁਣ ਨਾ ਸਮਝਣ ਵਾਲਾ, ਆਪਣੀ ਗਲਤੀ ਕਦੇ ਨਾ ਮੰਨਣ ਵਾਲਾ। ਅੰਦੋਲਨ ਦਾ ਇਕ ਮਕਸਦ ਆਪਣੇ ਆਪ ਵਿਚੋਂ ਇਸ ਜਾਲਮ ਨੂੰ ਲੱਭ ਕੇ ਮਾਰਨਾ ਵੀ ਹੈ। ਜਿਹੜਾ ਜਿੰਨਾ ਅਗਾਂਹਵਧੂ ਕਹਾਉਂਦਾ ਹੈ ਉਸ ਦੀ ਜਿੰਮੇਵਾਰੀ ਓਨੀ ਹੀ ਵੱਡੀ ਹੈ। ਮਸ਼ਹੂਰ ਕੌਮਾਂਤਰੀ ਰਸਾਲੇ ‘ਟਾਈਮਜ’ ਦੇ ਕਵਰ ‘ਤੇ ਅੰਦੋਲਨਕਾਰੀ ਔਰਤਾਂ ਦੀਆਂ ਫੋਟੋਆਂ ‘ਤੇ ਮਾਣ ਮਹਿਸੂਸ ਕਰਨਾ, ਟਵੀਟੋ-ਟਵੀਟ ਹੋਣਾ, ਪੋਸਟਾਂ ਪਾਉਣੀਆਂ ਅਤੇ ਸਾਂਝੀਆਂ ਕਰਨੀਆਂ ਬਹੁਤ ਹੀ ਸੌਖਾ ਕੰਮ ਹੈ। ਵਕ਼ਤ ਪਏ ਤੋਂ ਇਹਨਾਂ ਔਰਤਾਂ ‘ਤੇ ਯਕੀਨ ਕਰਨਾ, ਬਿਨਾਂ ਸ਼ਰਤਾਂ ਦੇ ਉਹਨਾਂ ਦੀ ਗੱਲ ਸੁਣਨਾ ਅਤੇ ਹਮਦਰਦੀ ਜਤਾਉਣੀ, ਇਹ ਅਜੇ ਅੰਦੋਲਨਕਾਰੀਆਂ - ਖਾਸ ਕਰ ਅਗਾਂਹਵਧੂ ਔਰਤਾਂ ਅਤੇ ਮਰਦਾਂ ਨੇ ਸਿੱਖਣਾ ਹੈ। ਇਸ ਲਈ ਪਹਿਲਾਂ ਆਪਣੇ ਅੰਦਰਲੇ ਜਾਲਮ ਨੂੰ ਮਾਰਨਾ ਪੈਣਾ ਹੈ।

Lennon Stella

ਔਰਤ ਨਾਲ਼ ਦੁਰਵਿਹਾਰ ਅਤੇ ਸਮਾਜ

ਔਰਤਾਂ ਨੂੰ ਜਿਸਮਾਨੀ ਜਾਂ ਜਿਹਨੀ ਤੌਰ ਤੇ ਤੰਗ ਪ੍ਰੇਸ਼ਾਨ ਕਰਨਾ ਕੁਝ ਕੁ ਘਟਨਾਵਾਂ ਤੱਕ ਮਹਿਦੂਦ ਨਹੀਂ ਹੈ। ਇਹ ਨਰ ਪ੍ਰਧਾਨ ਸਮਾਜ ਦੇ ਢਾਂਚੇ ਦਾ ਵਰਤਾਰਾ ਹੈ, ਜਿਸ ਵਿਚ ਔਰਤਾਂ ਗੈਰ ਜ਼ਰੂਰੀ, ਘਟੀਆ ਅਤੇ ਹੇਠਲੇ ਦਰਜੇ ਦੀਆਂ ਮੰਨੀਆਂ ਜਾਂਦੀਆਂ ਹਨ। ਜਿੰਨਾ ਦਾ ਮੁੱਖ ਕੰਮ ਮੁਫ਼ਤ ਵਿਚ ਘਰ ਦੇ ਕੰਮ ਕਰਨਾ ਅਤੇ ਭੋਗ ਦੀਆਂ ਵਸਤਾਂ ਬਣ ਕੇ ਸੇਵਾ ਕਰਨਾ ਹੈ।ਅਸੀਂ ਵਿਸ਼ਵ ਪੱਧਰ ‘ਤੇ ਨਰ ਪ੍ਰਧਾਨ ਗਲਬੇ ਦੇ ਖਿਲਾਫ਼ ਇਨਕਲਾਬ ਦੇਖ ਰਹੇ ਹਾਂ। ਇਸ ਜਬਰ ਖਿਲਾਫ਼ ਰੋਸ ਇੰਨਾ ਤਿੱਖਾ ਹੋ ਗਿਆ ਹੈ ਕਿ ਔਰਤਾਂ ਖੁਦ ਆਪਣੀ ਆਵਾਜ਼ ਦਾ ਸਨਮਾਨ ਕਰਨ ਲਈ ਵੀ ਸੰਘਰਸ਼ ਕਰ ਰਹੀਆਂ ਹਨ। ਸਾਨੂੰ ਬਚਪਨ ਤੋਂ ਹੀ ਆਪਣੇ ਆਪ ਨੂੰ ਜਾਂ ਆਪਣੀ ਹੋਂਦ ਨੂੰ ਭੁੱਲਣਾ ਸਿਖਾਇਆ ਜਾਂਦਾ ਹੈ। ਸਾਨੂੰ ਸ਼ੁਰੂ ਤੋਂ ਹੀ ਕਿਸੇ ਦੇ ਤਹਿਤ ਰਹਿਣਾ ਅਤੇ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ। ਅਸੀਂ ਤਸ਼ੱਦਦ ਨੂੰ ਮਹਿਸੂਸ ਕਰਨਾ ਅਤੇ ਨਾਲ਼ ਦੀ ਨਾਲ਼ ਭੁੱਲ ਜਾਣਾ ਸਿੱਖਿਆ ਹੈ, ਕਿ ਕਿਤੇ ਸਾਨੂੰ ਕੋਈ ਬਦ ਇਖਲਾਕ ਨਾ ਕਹਿ ਦੇਵੇ। ਅਸੀਂ ਬਹੁਤ ਹੀ ਸ਼ਰਮਸ਼ਾਰ ਜਾਂ ਸ਼ੱਕੀ ਜੀਵ ਹਾਂ।ਜੇਕਰ ਅਸੀਂ ਤੁਹਾਨੂੰ ਜਾਂ ਹਿੰਸਾ ਨੂੰ ਬੇਨਕਾਬ ਕਰਦੇ ਹਾਂ ਤਾਂ ਇਹ ਬਿਲਕੁਲ ਆਪਣੇ ਆਪ ਨੂੰ ਬੇਨਕਾਬ ਕਰਨ ਦੇ ਬਰਾਬਰ ਹੈ। ਤੁਹਾਡਾ ਜੁਰਮ ਸਾਡਾ ਜੁਰਮ ਬਣ ਜਾਂਦਾ ਹੈ। ਤੁਹਾਡੀ ਹਿੰਸਾ ਸਾਡਾ ਦੋਸ਼ ਅਤੇ ਸ਼ਰਮ ਬਣ ਜਾਂਦੇ ਹਨ। ਇਹ ਕਿੰਨਾ ਗੈਰਭਰੋਸੇ ਵਾਲਾ ਸਿਸਟਮ ਹੈ। ਇਸ ਸਿਸਟਮ ਵਿਚ ਬੋਲਣ ਦਾ ਕੋਈ ਤਰੀਕਾ ਨਹੀਂ ਹੈ। ਇਹ ਇਕ ਬੰਦ ਸਿਸਟਮ ਹੈ ਜਿਸਦੇ ਲਈ ਸਾਨੂੰ ਪਹਿਲਾਂ ਤੋਂ ਈ ਤਿਆਰ ਕੀਤਾ ਜਾਂਦਾ ਹੈ।ਜਨਮ ਤੋਂ ਹੀ, ਡੂੰਘੇ ਅਵਚੇਤਨ ਵਿਚ ਪਏ ਹਜ਼ਾਰਾਂ ਸਾਲ ਤੋਂ ਹੁੰਦੇ ਆਏ ਜੁਲਮਾਂ ਤੋਂ ਅਸੀਂ ਮੂੰਹ ਬੰਦ ਰੱਖਣਾ ਸਿੱਖਿਆ ਹੈ। ਅਸੀਂ ਆਪਣੀਆਂ ਪੈਂਟੀਜ ਧੋ ਲਈਆਂ, ਆਪਣੇ ਹੰਝੂ ਧੋ ਲਏ, ਅਸੀਂ ਸ਼ਰਮਸਾਰ ਹੋ ਗਏ, ਅਸਾਂ ਤੁਹਾਡੇ ਜੁਰਮਾਂ ਉੱਤੇ ਪਰਦੇ ਪਾਏ। ਸਾਨੂੰ ਤੁਹਾਡੀ ਸਰਪ੍ਰਸਤੀ ਵਾਲੇ ਸਿਸਟਮ ਵਿਚ ਜਿਉਣਾ ਪਿਆ ਅਤੇ ਬਦਲਾ ਲੈਣ ਦੀ ਭਾਵਨਾ ਤੋਂ ਆਪਣੇ ਆਪ ਨੂੰ ਰੋਕਣਾ ਪਿਆ।ਅਸੀਂ ਅਣਦੇਖਿਆਂ ਕਰਨਾ ਸਿੱਖਿਆ ਹੈ, ਨਜ਼ਰਅੰਦਾਜ ਕਰਨਾ ਸਿੱਖਿਆ ਹੈ, ਆਪਣੀ ਸਮਝ ਦੀ ਯੋਗਤਾ ਨੂੰ ਗਵਾਉਣਾ ਸਿੱਖਿਆ ਹੈ। ਸਾਨੂੰ ਸਧਾਰਣਤਾ ਦਾ ਵਿਖਾਵਾ ਕਰਨ ਲਈ ਹੋਰ ਤਾਂ ਹੋਰ ਇਸ ਬਾਰੇ ਖੁਸ਼ ਹੋਣ ਲਈ ਵੀ ਯੋਜਨਾਬੱਧ ਤਰੀਕੇ ਨਾਲ਼ ਕੰਡੀਸ਼ਨ ਕੀਤਾ ਜਾਂਦਾ ਹੈ। ਅਸੀਂ ਤੁਹਾਨੂੰ ਇਸ ਗੱਲ ਦਾ ਪਤਾ ਨਹੀ ਲੱਗਣ ਦਿੰਦੇ ਕਿ ਅਸੀਂ ਸਭ ਦੇਖ ਲਿਆ ਹੈ। ਅਸੀਂ ਕੀ ਕੁਝ ਸਹਿਣ ਕੀਤਾ ਹੈ, ਇਹ ਅਸੀਂ ਕਿਸੇ ਨੂੰ ਨਹੀਂ ਦਿਖਾ ਸਕਦੇ। ਸਾਨੂੰ ਕੋਈ ਨਹੀਂ ਸੁਣੇਗਾ ਅਤੇ ਨਾ ਹੀ ਕੋਈ ਯਕੀਨ ਕਰੇਗਾ।ਇਹ ਇਸੇ ਤਰ੍ਹਾਂ ਹੀ ਹੋਣਾ ਸੀ। ਤੁਹਾਡੇ ਹੱਕ, ਸਾਡੀਆਂ ਜਿੰਮੇਵਾਰੀਆਂ। ਤੁਹਾਡੇ ਅਧਿਕਾਰ, ਸਾਡੀ ਕਿਸਮਤ। ਅਸੀਂ ਤੁਹਾਡੀਆਂ ਇੱਛਾਵਾਂ ਦੇ, ਦੁਰਵਿਹਾਰ ਦੇ ਗੁਲਾਮ, ਤੁਹਾਡਾ ਬੋਝ ਉਠਾਉਣ ਵਾਲੇ ਜਾਨਵਰ। ਤੁਸੀਂ ਸਾਡੇ ਹਾਕਮ ਅਤੇ ਮਾਲਿਕ। ਅਸੀਂ ਜਾਇਦਾਦ ਤੇ ਤੁਸੀਂ ਉਸਦੇ ਮਾਲਿਕ, ਜਿਸ ਨੂੰ ਜਦੋਂ ਚਾਹੇ ਵਰਤਿਆ ਜਾ ਸਕੇ, ਦੁਰਵਿਹਾਰ ਕੀਤਾ ਜਾ ਸਕੇ, ਅਤੇ ਜਦੋਂ ਮਰਜ਼ੀ ਛੱਡ ਦਿੱਤਾ ਜਾਵੇ।ਅਸੀਂ ਕੋਈ ਵੀ ਨਹੀਂ, ਸਿਰਫ਼ ਇਕ ਸਰੀਰ ਹਾਂ। ਅਸੀਂ ਕੋਈ ਵੀ ਨਹੀਂ, ਬਸ ਇਕ ਸਰੀਰ ਹਾਂ। ਤੁਹਾਨੂੰ ਪਤਾ ਹੈ ਅਸੀਂ ਕੀ ਹਾਂ? ਹੁਣ ਸਾਡੀ ਬੱਸ ਹੈ। ਹੁਣ ਅਸੀਂ ਗੱਲ ਕਰਨੀ ਸ਼ੁਰੂ ਕੀਤੀ ਹੈ ਅਤੇ ਸਾਡੀ ਗੱਲਬਾਤ ਇਨਕਲਾਬੀ ਹੈ। ਅਸੀਂ ਰੋਹ ਭਰੇ ਮਨ ਨਾਲ਼ ਇਸ ਸਿਸਟਮ ਨੂੰ ਤੋੜਣਾ ਚਾਹੁੰਦੇ ਹਾਂ ਅਤੇ ਇਨਸਾਨੀਅਤ ਨੂੰ ਨਵੇਂ ਸਿਰਿਓਂ ਸਿਰਜਣਾ ਚਾਹੁੰਦੇ ਹਾਂ। ਅਸੀਂ ਇਸ ਡਰਾਉਣੇ ਅਤੇ ਦਬਾਉਣ ਵਾਲੇ ਕਲਚਰ ਤੋਂ ਮੁਨਕਰ ਹਾਂ। ਅਸੀਂ ਆਪਣੇ ਰਸਤੇ ਵਿਚ ਪਏ ਉਹ ਸਭ ਪੱਥਰਾਂ ਨੂੰ ਜੋਰ ਨਾਲ਼ ਪਰ੍ਹਾਂ ਸੁੱਟ ਦੇਣਾ ਚਾਹੁੰਦੇ ਹਾਂ। ਅਸਲ ਵਿਚ ਤੁਸੀਂ ਕਿਸਮਤ ਵਾਲੇ ਹੋ ਕਿ ਇਸ ਵੇਲੇ ਅਸੀਂ ਬਹੁਤ ਚੰਗਾ ਵਿਹਾਰ ਕਰ ਰਹੇ ਹਾਂ। ਅਸੀਂ ਕਿੰਨੇ ਸ਼ਾਂਤ ਅਤੇ ਸਲੀਕੇਦਾਰ ਹਾਂ। ਦੇਖਿਆ ਸਾਨੂੰ ਸਲੀਕੇ ਨਾਲ਼ ਰਹਿਣ ਦੀ ਅਤੇ ਮੁਆਫ਼ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਤੁਸੀਂ ਦੇਖੋ ਅਸੀਂ ਕਿੰਨੀ ਤੇਜ਼ੀ ਨਾਲ਼ ਬਦਲ ਰਹੇ ਹਾਂ। ਉਹ ਸਬਰ ਅਤੇ ਗਵਾਹੀ ਵਾਲੇ ਦਿਨ ਗਏ। ਸਾਡੇ ਗੁੱਸੇ ਤੋਂ ਸਾਵਧਾਨ ਰਹੋ।ਇਹ ਗੁੱਸਾ ਤੁਹਾਡੇ ਵਾਂਗ ਨਹੀਂ ਹੈ। ਸਾਡਾ ਗੁੱਸਾ ਸਾਡਾ ਪਿਆਰ ਹੈ। ਅਸੀਂ ਆਪਣੇ ਆਪ ਨੂੰ ਅਤੇ ਸਭ ਨੂੰ ਪਿਆਰ ਕਰਦੇ ਹਾਂ। ਅਸੀਂ ਉਸਾਰਦੇ ਹਾਂ, ਸੁਪਨੇ ਵੇਖਦੇ ਹਾਂ, ਚਿੰਤਾ ਵੀ ਕਰਦੇ ਹਾਂ। ਅਸੀਂ ਉਜੜੇ ਹੋਏ ਵੀ ਪਿਆਰ ਅਤੇ ਉਮੀਦ ਕਰਦੇ ਹਾਂ। ਅਸੀਂ ਸਭ ਭੇਦ-ਭਾਵ ਖਤਮ ਕਰਨ ਦੀ ਇੱਛਾ ਰੱਖਦੇ ਹਾਂ। ਅਸੀਂ ਸਿਰਫ਼ ਵਿਰੋਧ ਨਹੀਂ, ਸਗੋਂ ਆਪਣੀ ਹੋਂਦ ਨੂੰ ਦੁਬਾਰਾ ਪਾਉਣਾ ਚਾਹੁੰਦੇ ਹਾਂ। ਬੱਸ, ਹੁਣ ਹੋਰ ਨਹੀਂ ਸਹਾਂਗੇ।

Lennon Stella

ਭਾਰਤੀ ਮੀਡਿਆ - ਮੋਦੀਤੰਤਰ ਦਾ ਥੰਮ੍ਹ

ਨਵੰਬਰ ਦੇ ਅਖੀਰ ਵਿਚ, ਜਦੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਇਕੱਠੇ ਹੋ ਰਹੇ ਸਨ ਤਾਂ ਨਿਊਜ ਚੈਨਲਾਂ ਨੇ ਮੋਦੀ ਦੇ ਮੰਦਿਰ ਦੇ ਦੌਰੇ ਨੂੰ ਦਿਖਾਉਣ ‘ਤੇ ਜ਼ਿਆਦਾ ਜ਼ੋਰ ਦਿੱਤਾ। ਬਹੁਤ ਜਲਦੀ, ਨਿਊਜ ਚੈਨਲਾਂ ਨੇ ਕਿਸਾਨਾਂ ਨੂੰ ‘ਖਾਲਿਸਤਾਨੀ’ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਸਰਕਾਰ ਖਿਲਾਫ਼ ਦਹਿਸ਼ਤਗਰਦੀ ਦੀ ਸਾਜਿਸ਼ ਰਚਣ ਦਾ ਦੋਸ਼ ਲਗਾਇਆ। ਪਰ ਕਿਸਾਨ ਬੋਲਣ ਵਾਲੇ ਸਨ, ਸ਼ੋਸ਼ਲ ਮੀਡੀਆ ਦੇ ਜਾਣੂ ਸਨ, ਅਲੱਗ-ਅਲੱਗ ਮੰਚਾਂ ਉੱਤੇ ਆਪਣੀ ਗੱਲ ਰੱਖਣਾ ਜਾਣਦੇ ਸਨ। ਪਰ ਇਹ ਗੱਲ ਨਿਊਜ ਚੈਨਲਾਂ ਦੁਆਰਾ ਵੀ ਵਰਤੀ ਗਈ ਕਿ ਅਤੇ ਦੋਸ਼ ਲਗਾਏ ਗਏ ਕਿ ਅਸਲ ਵਿਚ ਇਹ ਕਿਸਾਨ ਹੀ ਨਹੀਂ ਹਨ। ਭਾਵ ਕਿਸਾਨ ਤਾਂ ਗਰੀਬ ਅਨਪੜ੍ਹ ਹੁੰਦੇ ਨੇ, ਬੁੱਧੀਮਾਨ ਨਹੀਂ ਹੋ ਸਕਦੇ ਤੇ ਇੰਟਰਨੈਟ ਦੀ ਵਰਤੋਂ ਕਰਨਾ ਨਹੀਂ ਜਾਣਦੇ। ਮੁੱਖਧਾਰਾ ਦੇ ਮੀਡੀਆ ਵਿਚ ਕਿਸਾਨਾਂ ਨੂੰ “ਗੁੰਮਰਾਹ ਹੋਏ”, “ਮਾਉਵਾਦੀ”, “ਅਨਪੜ੍ਹ”, “ਵਿਕੇ ਹੋਏ”, “ਦੇਸ਼ ਧਰੋਹੀ” ਕਿਹਾ ਗਿਆ।ਭਾਰਤੀ ਮੁੱਖ ਧਾਰਾ ਮੀਡੀਆ ਪਿੱਛਲੇ ਕਈ ਸਾਲਾਂ ਤੋਂ ਭਰੋਸੇਯੋਗਤਾ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੱਤਰਕਾਰਤਾ ਦੀ ਨੈਤਿਕਤਾ ਅਤੇ ਨਿਯਮਾਂ ਦਾ ਹੌਲੀ-ਹੌਲੀ ਖੰਡਨ ਕਰ ਦਿੱਤਾ ਗਿਆ ਹੈ ਅਤੇ ਮੀਡੀਆ ਦਾ ਕੰਮ ਜੋ ਸੱਚਾਈ ਵਿਖਾਉਣਾ ਸੀ ਉਹ ਇਕ ਪਾਸੇ ਕਰ ਦਿੱਤਾ ਗਿਆ ਹੈ। ਮੀਡੀਆ ਦਾ ਪੂਰੀ ਤਰ੍ਹਾਂ ਢਹਿਣਾ ਅਤੇ ਕਈ ਸਾਲਾਂ ਤੋਂ ਮੋਦੀ ਸਰਕਾਰ ਦੇ ਪ੍ਰਚਾਰ ਸਾਧਨ ਬਣਨ ਦੀ ਸੱਚਾਈ ਕਿਸਾਨੀ ਅੰਦੋਲਨ ਵਿਚ ਸਾਹਮਣੇ ਆਈ ਹੈ। ਲੋਕਤੰਤਰ ਦੇ ਚੌਥੇ ਥੰਮ ਵਜੋਂ, ਮੀਡੀਆ ਦੀ ਵਫ਼ਾਦਾਰੀ ਸਿਰਫ਼ ਤੱਥਾਂ ਪ੍ਰਤੀ ਬਣਦੀ ਹੈ, ਪਰ ਇਸ ਦੀ ਬਜਾਏ, ਜੋ ਅਸੀਂ ਵੇਖਦੇ ਹਾਂ ਉਹ ਪ੍ਰਧਾਨ ਮੰਤਰੀ ਪ੍ਰਤੀ ਵਫ਼ਾਦਾਰੀ ਦਾ ਖੁੱਲ੍ਹਾ ਐਲਾਨ ਹੈ। ਮੀਡੀਆ ਨਾ ਤਾਂ ਖ਼ਬਰਾਂ ਦੱਸਦਾ ਹੈ ਅਤੇ ਨਾ ਹੀ ਬਿਨਾ ਪੱਖਪਾਤ ਵਾਲੀ ਕੋਈ ਰਿਪੋਰਟਿੰਗ ਕੀਤੀ ਜਾ ਰਹੀ ਹੈ। ਰਿਪੋਰਟਿੰਗ ਸਿਰਫ਼ ਮੋਦੀ ਦੀ ਸਖਸ਼ੀਅਤ ਨੂੰ ਉਭਾਰਨ ਅਤੇ ਉਸਨੂੰ ਦੇਸ਼ ਬਚਾਉਣ ਵਾਲਾ ਮਸੀਹਾ ਦਰਸਾਉਣ ਲਈ ਹੀ ਕੀਤੀ ਜਾਂਦੀ ਹੈ। ਇਸ ਸਖਸ਼ੀਅਤ ਦੇ ਖਿਲਾਫ਼ ਸਾਰੀਆਂ ਅਲੋਚਨਾਵਾਂ ਨੂੰ ਦੇਸ਼ ਧਰੋਹੀ ਕਹਿ ਕੇ ਖਾਰਜ ਕਰ ਦਿੱਤਾ ਜਾਂਦਾ ਹੈ।  ਮੀਡੀਆ ਨੂੰ ਇਸ ਤਰ੍ਹਾਂ ਦੀਆਂ ਆਵਾਜ਼ਾਂ ਨੂੰ ਨਿਸ਼ਾਨਾ ਬਣਾਉਣ, ਬਦਨਾਮ ਕਰਨ ਲਈ ਵਰਤਿਆ ਜਾਂਦਾ ਹੈ। ਕਿਸਾਨੀ ਅੰਦੋਲਨ ਵਿਚ ਵੀ ਕੁਝ ਇਸ ਤਰ੍ਹਾਂ ਦੇ ਨਿਯਮਾਂ ਅਨੁਸਾਰ ਹੁੰਦੀ ਰਿਪੋਰਟਿੰਗ ਅਸੀਂ ਦੇਖ ਰਹੇ ਹਾਂ।ਕਿਸਾਨਾਂ ਦੁਆਰਾ 26 ਜਨਵਰੀ ਨੂੰ ਕੀਤੀ ਗਈ ਟਰੈਕਟਰ ਰੈਲੀ ਦੀ ਕਵਰੇਜ ਵੀ ਇਸੇ ਤਰ੍ਹਾਂ ਦੇ ਪ੍ਰਾਪੇਗੰਡੇ ਤਹਿਤ ਹੀ ਕੀਤੀ ਗਈ ਸੀ। ਮੀਡੀਆ ਚੈਨਲਾਂ ਨੇ ਸ਼ਾਂਤਮਈ ਢੰਗ ਨਾਲ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਹੋ ਰਹੀ ਹਿੰਸਾ ਨਹੀਂ ਵਿਖਾਈ। ਇਸ ਦੀ ਬਜਾਏ ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਲਹਿਰਾਉਣ ਅਤੇ ਉਥੇ ਹੋਈ ਹਿੰਸਾ ਵੱਲ ਲੋਕਾਂ ਦਾ ਧਿਆਨ ਕੇਂਦਰਤ ਕਰ ਕੇ ਭੜਾਸ ਕੱਢੀ ਗਈ। ਕੁਝ ਚੈਨਲ ਜਿਵੇਂ “ਏ. ਬੀ. ਪੀ. ਨਿਊਜ”, “ਮਿਰਰ ਨਾਓ”,  ਨੇ ਦੱਸਿਆ ਕਿ ਕਿਸਾਨਾਂ ਨੇ ਤਿਰੰਗਾ ਹਟਾ ਦਿੱਤਾ ਅਤੇ ਇਸ ਦੀ ਥਾਂ ਨਿਸ਼ਾਨ ਸਾਹਿਬ ਲਗਾ ਦਿੱਤਾ ਗਿਆ। ਇਹ ਬਿਰਤਾਂਤ ਉਹਨਾਂ ਨੇ ਸਾਰੇ ਕਿਸਾਨਾਂ ਨੂੰ ਹਿੰਸਕ ਅਤੇ ਦੇਸ਼-ਵਿਰੋਧੀ ਦਰਸਾਉਣ ਲਈ ਰਚਿਆ। ਜਦਕਿ ਤਿਰੰਗਾ ਨਹੀਂ ਹਟਾਇਆ ਗਿਆ, ਇਸ ਤੱਥ ਦੀ ਚੈਨਲਾਂ ਦੁਆਰਾ ਜਾਂਚ ਨਹੀਂ ਕੀਤੀ ਗਈ। ਇਸ ਦੌਰਾਨ ਤੱਥਾਂ ਦੀ ਜਾਂਚ, ਤਰਮੀਮ ਵਰਗੇ ਪੱਤਰਕਾਰਤਾ ਦੇ ਅਭਿਆਸਾਂ ਦੀ ਪਾਲਣਾ ਨਹੀਂ ਕੀਤੀ ਗਈ।ਹਾਲਾਂਕਿ ਸਰਕਾਰ ਅਤੇ ਕਿਸਾਨ ਲੀਡਰਾਂ ਵਿਚਕਾਰ ਗੱਲਬਾਤ ਖਤਮ ਹੋ ਗਈ ਹੈ, ਜੋ ਕਿ ਮੰਦਭਾਗੀ ਗੱਲ ਹੈ, ਪਰ ਅੰਦੋਲਨ ਖਤਮ ਨਹੀਂ ਹੋਇਆ। ਸਾਰੇ ਅੰਦੋਲਨ ਸਥਾਨਾਂ ਉੱਤੇ ਪੰਜਾਬ, ਯੂ.ਪੀ., ਹਰਿਆਣਾ ਦੇ ਹਜ਼ਾਰਾਂ ਕਿਸਾਨਾਂ ਵਲੋਂ ਧਰਨਾ ਜਾਰੀ ਹੈ। ਪਰ ਮੀਡੀਆ ਇਹ ਬਿਰਤਾਂਤ ਰਚਾ ਰਿਹਾ ਹੈ ਕਿ ਅੰਦੋਲਨ ਫੇਲ੍ਹ ਹੋ ਗਿਆ ਹੈ ਅਤੇ ਕਿਸਾਨ ਆਪਣੇ ਪਿੰਡਾਂ ਨੂੰ ਪਰਤ ਆਏ ਹਨ। ਪਰ ਇਸ ਦੇ ਉਲਟ ਨਾ ਸਿਰਫ਼ ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ਮਜ਼ਬੂਤ ਹੋਈਆਂ, ਬਲਕਿ  ਭਾਜਪਾ ਦੇ ਕਈ ਸਾਬਕਾ ਵੋਟਰ ਇਸ ਅੰਦੋਲਨ ਵਿਚ ਸ਼ਾਮਲ ਹੋਏ ਅਤੇ ਉਹਨਾਂ ਮੁੜ ਪਾਰਟੀ ਨੂੰ ਕਦੇ ਵੀ ਵੋਟ ਨਾ ਦੇਣ ਦਾ ਵਾਅਦਾ ਕੀਤਾ। ਇਹ ਬੀ.ਜੇ.ਪੀ. ਦੀ ਫਿਰਕਾਪ੍ਰਸਤ ਸਿਆਸਤ ਨੂੰ ਖਾਰਜ ਕਰਦਾ ਇਕ ਅਹਿਮ ਬਦਲਾਅ ਹੈ ਜੋ ਮੀਡੀਆ ਵਲੋਂ ਕਦੇ ਰਿਪੋਰਟ ਨਹੀਂ ਕੀਤਾ ਗਿਆ।ਮੀਡੀਆ ਵੱਲੋਂ ਇਸ ਤਰ੍ਹਾਂ ਦੀ ਗਲਤ ਰਿਪੋਰਟਿੰਗ ਅਤੇ ਕਿਸਾਨੀ ਅੰਦੋਲਨ ਪ੍ਰਤੀ ਇਹ ਵਰਤਾਰਾ ਭਾਰਤ ਵਿਚ ਇਸ ਸਮੇਂ ਪ੍ਰੈਸ ਦੀ ਆਜ਼ਾਦੀ ਉੱਤੇ ਪਾਬੰਦੀਆਂ ਨੂੰ ਦਰਸਾਉਂਦਾ ਹੈ। ਸਰਕਾਰ ਨਾ ਸਿਰਫ਼ ਮੀਡੀਆ ਦੀ ਨਿਗਰਾਨੀ ਅਤੇ ਕੰਟਰੋਲ ਕਰਦੀ ਹੈ, ਬਲਕਿ ਇਹ ਪੁਲਿਸ ਅਤੇ ਨਿਆਂ ਦੀ ਵਰਤੋਂ ਵੀ ਕਰਦੀ ਹੈ, ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਜੋ ਇਸਦੇ ਫੁਰਮਾਨਾਂ ਦਾ ਵਿਰੋਧ ਕਰਨ ਦੀ ਹਿੰਮਤ ਕਰਦੇ ਹਨ। ਪਿਛਲੇ ਕੁਝ ਮਹੀਨਿਆਂ ਵਿਚ ਅਜ਼ਾਦ ਪੱਤਰਕਾਰਾਂ ਜਿਵੇਂ “ਕਾਰਵਾਂ” ਅਤੇ “ਦਿ ਵਾਇਰ” ਵਰਗੀਆਂ ਸੰਸਥਾਵਾਂ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਵਿਚ ਸਹੀ ਰਿਪੋਰਟਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ, ਵਿਰੁੱਧ ਕੇਸ ਦਰਜ ਕੀਤੇ ਗਏ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ “ਰਿਪੋਰਟਰਜ਼ ਵਿਦਾਉਟ ਬਾਰਡਰਜ਼ ਗਲੋਬਲ ਪ੍ਰੈਸ ਫਰੀਡਮ ਇੰਡੈਕਸ” ਵਿਚ ਭਾਰਤ 2020 ਵਿਚ 180 ਦੇਸ਼ਾਂ ਵਿਚੋਂ 142ਵੇਂ ਨੰਬਰ 'ਤੇ ਸੂਚੀਬੱਧ ਹੈ, ਜੋ ਕਿ 2016 ਵਿੱਚ 133 ਨਾਲ਼ੋਂ ਥੱਲੇ ਹੈ।ਇਤਿਹਾਸ ਨੇ ਵਾਰ-ਵਾਰ ਇਹ ਦਰਸਾਇਆ ਹੈ ਕਿ ਯੋਜਨਾਬੱਧ ਤਰੀਕੇ ਨਾਲ਼ ਪ੍ਰੈਸ ਦੀ ਆਜ਼ਾਦੀ ਨੂੰ ਖਤਮ ਕਰਕੇ ਹੀ ਫਾਸ਼ੀਵਾਦ ਦਾ ਉਭਾਰ ਹੁੰਦਾ ਹੈ। ਵੀਹਵੀਂ ਸਦੀ ਦੇ ਪਹਿਲੇ ਅੱਧ ਵਿਚ ਜਰਮਨੀ ਅਤੇ ਇਟਲੀ ਵਿਚ, ਇਹ ਝੋਲੀਚੁੱਕ ਮੀਡੀਆ ਸੀ ਜਿਸ ਨੇ ਤਾਨਾਸ਼ਾਹੀ ਰਾਜ ਨੂੰ ਹੁਲਾਰਾ ਦਿੱਤਾ। ਜੋ ਅਸੀਂ ਅੱਜ ਭਾਰਤ ਵਿਚ ਵੇਖ ਰਹੇ ਹਾਂ ਉਸ ਤਹਿਤ ਪੱਤਰਕਾਰੀ ਨਾਲ਼ ਜੁੜੀਆਂ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਖਤਮ ਕੀਤਾ ਜਾ ਰਿਹਾ ਹੈ, ਅਤੇ ਸਿਰਫ਼ ਕਲਮ, ਕੈਮਰੇ ਰਾਹੀਂ ਹਕੂਮਤ ਪੱਖੀ ਮਿੱਥ ਸਿਰਜਿਆ ਜਾ ਰਿਹਾ ਹੈ।

Lennon Stella

ਸਰਮਾਏਦਾਰੀ ਨੇ ਲੋਕਰਾਜ ਨੂੰ ਕਿਵੇਂ ਖੋਰਾ ਲਾਇਆ

ਭਾਰਤੀ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਖਪਤਕਾਰਾਂ ਦੀ ਕੀਮਤ ‘ਤੇ ਸਰਮਾਏਦਾਰੀ ਅਤੇ ਫਾਸ਼ੀਵਾਦ ਦੇ ਭਿਆਨਕ ਅਤੇ ਵਿਨਾਸ਼ਕਾਰੀ ਮੇਲ ਦੀ ਕਹਾਣੀ ਜਦੋਂ ਘੱਟਗਿਣਤੀ ਧਰਮ ਦੇ ਬੇਜ਼ਮੀਨੇ ਮਜ਼ਦੂਰ ਨੌਜਵਾਨਾਂ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਅੰਦੋਲਨ ਵਿਚ ਹਕੂਮਤੀ ਜਾਬਰਾਂ ਵੱਲੋਂ ਕੁੱਟਿਆ ਜਾਂਦਾ ਹੈ ਅਤੇ ਓਹ ਇਨਕਲਾਬ ਦਾ ਚਿਹਰਾ ਬਣ ਜਾਂਦੇ ਹਨ। ਤੁਸੀਂ ਜਾਣਦੇ ਹੋ ਕਿ ਅੱਧਿਓਂ ਵੱਧ ਲੜਾਈ ਤੁਸੀਂ ਓਦੋਂ ਹੀ ਜਿੱਤ ਚੁੱਕੇ ਹੋ। ਅਗਸਤ 2020 ਵਿਚ ਗੈਰ-ਸੰਵਿਧਾਨਕ ਤਰੀਕੇ ਨਾਲ਼਼ ਪਾਸ ਕੀਤੇ ਖੇਤੀ ਬਿੱਲਾਂ ਵਿਰੁੱਧ ਗੁੱਸੇ ਵਜੋਂ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਆਖਰਕਾਰ ਵਿਸ਼ਵ ਵਿਆਪੀ ਪੱਧਰ 'ਤੇ ਪਹੁੰਚ ਗਿਆ ਅਤੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਦਾ ਘਿਰਾਓ ਕਰਨ ਲਈ ਪ੍ਰੇਰਿਤ ਕੀਤਾ। ਫਿਰਕਾਪ੍ਰਸਤ ਮੀਡੀਆ ਅਤੇ ਬਦਨਾਮ ਆਈਟੀਸੈੱਲ ਨੇ ਫਿਰਕੂ ਤਣਾਅ ਪੈਦਾ ਕਰਨ ਲਈ ਬਹੁਤ ਕੋਸ਼ਿਸ਼ ਕੀਤੀ। ਇਸ ਅੰਦੋਲਨ ਨੂੰ ਵੱਖਵਾਦੀ ਬਿਰਤਾਂਤ ਦਿੱਤਾ ਗਿਆ। ਪਰ ਹਰ ਵਾਰ ਜਦੋਂ ਉਹ ਇਕ ਘੱਟਗਿਣਤੀ ਸਮੂਹ ਨੂੰ ਚੁਣਦੇ ਹਨ, ਉਨ੍ਹਾਂ ਦੀਆਂ ਚਾਲਾਂ ਉਲਟ ਪੈ ਜਾਂਦੀਆਂ ਹਨ। ਹਉਮੈਵਾਦੀ ਸਰਮਾਏਦਾਰਾਂ ਦਾ ਸਮਰਥਨ ਪ੍ਰਾਪਤ ਇਹ ਹੰਕਾਰੀ ਆਗੂ ਭੁੱਲ ਜਾਂਦੇ ਹਨ ਕਿ ਉਹ ਉਹਨਾਂ ਲੋਕਾਂ ਨੂੰ ਦੇਸ਼ ਭਗਤੀ ਦੀ ਸਿੱਖਿਆ ਦੇ ਰਹੇ ਹਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਇਸ ਦੇਸ਼ ਦੀ ਮਿੱਟੀ ਅਤੇ ਜ਼ਮੀਨ ਦੀ ਕਾਸ਼ਤ ਵਿਚ ਗੁਜ਼ਾਰਿਆ ਹੈ।ਸਮੇਂ ਦੇ ਨਾਲ਼, ਇਹ ਵਿਰੋਧ ਪ੍ਰਦਰਸ਼ਨ ਪਹਿਲਾਂ ਨਾਲ਼ੋਂ ਮਜ਼ਬੂਤ ​​ਹੋ ਗਏ ਹਨ। ਇਹ ਹੁਣ ਓਹਨਾਂ ਤੱਕ ਹੀ ਸੀਮਤ ਨਹੀਂ ਹਨ ਜੋ ਖੇਤੀਬਾੜੀ ਖੇਤਰ ਵਿਚ ਕੰਮ ਕਰਦੇ ਹਨ। ਇਹ ਇਨਕਲਾਬ ਵਿਰੋਧਾਂ ਦੇ ਗਰਮ-ਚਸ਼ਮਿਆਂ ਦਾ ਸਿਖ਼ਰ ਹੈ, ਜੋ ਕਿ ਇਸ ਸਰਕਾਰ ਦੇ ਰਾਜ ਵਿਚ ਹਜ਼ਾਰਾਂ ਜਥੇਬੰਦੀਆਂ ਅਤੇ ਲੋਕਾਂ ਦੁਆਰਾ ਵਾਰ-ਵਾਰ ਪ੍ਰਦਰਸ਼ਤ ਕੀਤਾ ਗਿਆ ਹੈ। ਸਾਡੀਆਂ ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਸਮੋਈ ਏਕਤਾ ਹੁਣ ਦੇਸ਼ ਭਰ ਵਿਚ ਵੇਖੀ ਜਾ ਸਕਦੀ ਹੈ। ਭਾਰਤ ਵਿਚ ਪ੍ਰਦਰਸ਼ਨਕਾਰੀਆਂ ਨਾਲ਼ ਗੈਰ-ਜਮਹੂਰੀ ਵਤੀਰੇ ਖਿਲਾਫ਼ ਅੰਤਰਰਾਸ਼ਟਰੀ ਪੱਧਰ ‘ਤੇ ਰੋਹ, ਮਨੁੱਖੀ ਅਧਿਕਾਰਾਂ ਦੀ ਚਿੰਤਾ ਦਾ ਵੱਡਾ ਕਾਰਨ ਬਣਿਆ ਹੈ। ਇੰਟਰਨੈੱਟ ਕੁਨੈਕਸ਼ਨ ਖੋਹਣਾ, ਪਾਣੀ ਦੀ ਸਪਲਾਈ ਕੱਟਣਾ, ਧਾਰਮਿਕ ਪਛਾਣ ਦੇ ਆਧਾਰ ‘ਤੇ ਤੰਗ ਕਰਨਾ, ਭੀੜ ਨੂੰ ਨਿਰੰਤਰ ਭੜਕਾਉਣਾ, ਪੁਲਿਸ ਦੀ ਵਰਤੋਂ, ਗਲਤ ਜਾਣਕਾਰੀ ਫੈਲਾਉਣ ਲਈ ਪੱਖਪਾਤੀ ਮੀਡੀਏ ਦੀ ਦੁਰਵਰਤੋਂ ਕਰਨਾ ਅਤੇ ਡਰ ਪੈਦਾ ਕਰਕੇ ਬੁਨਿਆਦੀ ਹੱਕਾਂ ਨੂੰ ਕੁਚਲਿਆ ਗਿਆ ਹੈ। ਅਸੀਂ ਇਸ ਅਭਿਆਸ ਨੂੰ ਜਾਣਦੇ ਹਾਂ। ਇਹ ਪਹਿਲੀ ਵਾਰ ਨਹੀਂ ਜਦੋਂ ਉਹ ਘੱਟਗਿਣਤੀ ਖ਼ਿਲਾਫ਼ ਗੈਂਗਵਾਰ ਹੋਏ ਹਨ ਅਤੇ ਇਹ ਦੁਹਰਾਵਟੀ ਚਾਲਾਂ ਹੁਣ ਮਕਸਦ ਦੀ ਪੂਰਤੀ ਨਹੀਂ ਕਰ ਰਹੀਆਂ।ਸਰਕਾਰ ਨੇ ਇਕ ਤਾਂ ਇਨਕਲਾਬ ਦੀ ਤਾਕਤ ਅਤੇ ਦੂਜਾ ਲੋਕਾਂ ਦੀ ਕਾਨੂੰਨੀ ਗੁੰਝਲ ਨੂੰ ਸਮਝਣ ਦੀ ਵਿਸ਼ਲੇਸ਼ਣਾਤਮਕ ਯੋਗਤਾ ਨੂੰ ਨਜ਼ਰਅੰਦਾਜ ਕੀਤਾ ਹੈ। ਇਹ ਭੈੜੇ ਖੇਤੀ ਕਾਨੂੰਨ ਖੇਤੀਬਾੜੀ ਖੇਤਰ ਅਤੇ ਸਭ ਖਪਤਕਾਰਾਂ ਨੂੰ ਉਹਨਾਂ ਦੀ ਜਾਤ, ਨਸਲ, ਧਰਮ ਅਤੇ ਲਿੰਗ ਦੀ ਪਰਵਾਹ ਕੀਤੇ ਬਿਨਾਂ ਬਰਾਬਰ ਹੀ ਪ੍ਰਭਾਵਿਤ ਕਰਨਗੇ। ਕੀਮਤਾਂ ਵਿਚ ਵਾਧੇ ਤੋਂ ਲੈ ਕੇ ਕੁਝ ਬੁਨਿਆਦੀ ਅਤੇ ਰੋਜ਼ਾਨਾ ਭੋਜਨ ਦੀਆਂ ਵਸਤਾਂ ਨੂੰ ਜ਼ਰੂਰੀ ਚੀਜ਼ਾਂ ਦੀ ਸੂਚੀ ਵਿਚੋਂ ਹਟਾਉਣ ਤੱਕ, ਇਸ ਜ਼ਬਰਦਸਤੀ ਵਾਲੇ ਵਿਆਹ ਵਿਚ ਲਾੜੀ ਦੇ ਮਖੌਟੇ ਪਿੱਛੇ ਸਰਬਨਾਸ਼ ਹੈ। ਇਹ ਬਿੱਲ ਹਰ ਕਿਸੇ ਦੇ ਸੁਰੱਖਿਆ ਜਾਲ ਨੂੰ ਖੋਹ ਰਹੇ ਹਨ।ਮਰਨ ਵਾਲਿਆਂ ਦੀ ਗਿਣਤੀ ਵਿਚ ਮੰਦਭਾਗਾ ਵਾਧਾ ਅਤੇ ਸਰਕਾਰ ਦੇ ਵਹਿਸ਼ੀ ਤੇ ਮਤਰੇਏ ਵਤੀਰੇ ਨੇ ਸਾਡੇ ਦੇਸ਼ ਦੇ ਰਾਜਨੀਤਿਕ ਆਗੂਆਂ ਦੇ ਅਸਲ ਰੰਗ ਦਿਖਾਏ ਹਨ। ਸਾਡਾ ਲੋਕਰਾਜ ਵਿਕਰੀ ਲਈ ਹੈ ਅਤੇ ਸਭ ਤੋਂ ਵੱਧ ਬੋਲੀ ਦੇਣ ਵਾਲਾ ਆਪਣੀ ਪਸੰਦ ਦੇ ਕਿਸੇ ਵੀ ਖੇਤਰ ਦਾ ਨਿੱਜੀਕਰਨ ਕਰ ਸਕਦਾ ਹੈ। ਨਾਗਰਿਕਾਂ ਨੂੰ ਸੂਚਿਤ ਕਰਨਾ, ਗਲਤ ਜਾਣਕਾਰੀ ਦੀ ਮਹਾਂਮਾਰੀ ਨਾਲ਼ ਲੜਨਾ, ਲਾਪਤਾ ਹੋਏ ਜਾਂ ਜੇਲ੍ਹਾਂ ‘ਚ ਸੁੱਟੇ ਪ੍ਰਦਰਸ਼ਨਕਾਰੀਆਂ ਦੀ ਪੈਰਵਾਈ, ਉਹਨਾਂ ਲਈ ਇਨਸਾਫ਼ ਦੀ ਮੰਗ ਕਰਨਾ ਅਤੇ ਚੌਕੰਨੇ ਰਹਿਣਾ ਸਮੇਂ ਦੀ ਲੋੜ ਹੈ। ਸਾਨੂੰ ਲੋੜ ਹੈ ਕਿ ਇਸ ਲੋਕ ਲਹਿਰ ਦੀ ਹਮਾਇਤ ਲਈ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ, ਰੈਲੀਆਂ, ਵਿਚਾਰ-ਵਟਾਂਦਰੇ ਅਤੇ ਸੱਭਿਆਚਾਰਕ ਸਮਾਗਮ ਆਯੋਜਨ ਕਰਨ ਦੀ ਲੋੜ ਹੈ। ਭੋਜਨ, ਕਾਨੂੰਨ, ਭਾਵ ਹਰ ਖੇਤਰ ਵਿਚ ਲਾਗੂ ਹੋ ਰਹੇ ਕਿਸੇ ਵੀ ਨਵੇਂ ਕਾਨੂੰਨਾਂ ਅਤੇ ਤਬਦੀਲੀਆਂ ਦੀ ਜਾਣ-ਪਛਾਣ ਅਤੇ ਪੜਤਾਲ ਦੀ ਲੋੜ ਹੈ। ਲੋੜ ਹੈ ਇਸ ਅੰਦੋਲਨ ਨੂੰ ਆਤਮ-ਜਾਂਚ, ਅੰਦਰੂਨੀ ਜਾਤੀਵਾਦ ਅਤੇ ਪੁਰਸ਼ਵਾਦ ਨੂੰ ਠੱਲ ਪਾਉਣ ਲਈ ਇਸਤੇਮਾਲ ਕਰਨ ਦੀ ਜੋ ਸਾਡੇ ਖੇਤੀਬਾੜੀ ਖੇਤਰ ਨੂੰ ਪ੍ਰੇਸ਼ਾਨ ਕਰਦੇ ਹਨ। ਸੋਸ਼ਲ ਮੀਡੀਆ ਨੂੰ ਆਪਸ ਵਿਚ ਜੁੜਣ ਲਈ ਅਤੇ ਪੁਖਤਾ ਖਬਰਾਂ ਨੂੰ ਵਧਾਉਣ ਦੇ ਸਾਧਨ ਦੇ ਤੌਰ ਤੇ ਵਰਤੋ। ਪ੍ਰਦਰਸ਼ਨਕਾਰੀਆਂ ਨੂੰ ਦੱਸੀਏ ਕਿ ਅਸੀਂ ਹਾਂ ਉਨ੍ਹਾਂ ਪਿੱਛੇ। ਉਨ੍ਹਾਂ ਦੀਆਂ ਕੁਰਬਾਨੀਆਂ ਅਣਗੌਲੀਆਂ ਜਾਂ ਵਿਅਰਥ ਨਹੀਂ ਜਾਣਗੀਆਂ।ਅਸੀਂ ਜਿੱਤਾਂਗੇ, ਅਸੀਂ ਜਿੱਤ ਚੁੱਕੇ ਹਾਂ, ਸਾਡੀ ਜਿੱਤ ਦਾ ਐਲਾਨ ਹੋਣਾ ਕੇਵਲ ਬਾਕੀ ਹੈ।ਜਿੱਤ ਅਸੀਂ ਗਏ ਹਾਂ , ਐਲਾਨ ਹੋਣਾ ਬਾਕੀ ਹੈ।जीत हम गए हैं, ऐलान होना बाक़ी है ।جیت ہم گئے ہیں بس اعالن باقی ہہہ