ਕਿਸਾਨੀ ਤਹਿਰੀਕ 2020-21 ‘ਚੋਂ ਗੁਜ਼ਰਦਿਆਂ

ਜਸ਼ਨਪ੍ਰੀਤ ਕੌਰ ਸਿੱਧੂ
    

ਨਵਤੇਜ ਭਾਰਤੀ ਲਿਖਦੇ ਹਨ-

  ਮੈਂ ਜਿੱਥੇ ਕਿਤੇ ਵੀ ਹਾਂ,

  ਦਿੱਲੀ ਦੀਆਂ ਬਰੂਹਾਂ ਤੇ ਆਂ

ਅੱਜ ਦੀ ਘੜ੍ਹੀ ਦੇ ਸਮੂਹਿਕ ਪੰਜਾਬੀ ਅਵਚੇਤਨ ਨੂੰ ਇੱਕੋ ਕਾਵਿਕ ਸਤਰ ‘ਚ ਕਹਿ ਦੇਣ ਦਾ ਕੇਹਾ ਕਮਾਲ ਹੋਇਆ ਹੈ। ਕਣਕਾਂ ਬੀਜ 26 ਨਵੰਬਰ, 2020 ਨੂੰ ਤੁਰਿਆ ਕਿਰਸਾਨੀ ਕਾਫ਼ਲਾ ਪਿਛਲੇ ਤਿੰਨ ਮਹੀਨਿਆਂ ਤੋਂ ਰਾਜਧਾਨੀ ਦੇ ਬਾਹਰ ਠਹਿਰਿਆ ਹੈ। 

ਏਸ ਕਾਲ-ਖੰਡ ਦੌਰਾਨ ਬੜਾ ਕੁਝ ਵਾਪਰਦਾ ਦੇਖੀਦਾ ਹੈ। ਲੋਹੇ ਨੇ ਰੋਕਿਆ, ਭਾਵਾਂ ਨੇ ਟੱਪ ਜਾਣਾ, ਬਾਬੂ ਰਜਬ ਅਲੀ ਦੀ ਵੰਗਾਰ ਸੁਣ ਮਾਂ ਦੇ ਮਖਣੀ ਖਾਣੇ ਆਖਰ ਚੁਬਾਰਿਓਂ ਉੱਤਰੇ, ਫੁਰਤੀ ਨੇ ਛਾਲਾਂ ਮਾਰੀਆਂ, ਦੇਹਾਂ ਨੇ ਪਾਣੀ ਦੀਆਂ ਬੁਛਾੜਾਂ ਝੱਲੀਆਂ, ਅੱਥਰੂ ਗੈਸਾਂ ਦੇ ਗੋਲੇ ਨੰਗੇ ਹੱਥੀਂ ਮੋੜੇ, ਗਿੱਲੀਆਂ ਬੋਰੀਆਂ ਨੇ ਨੱਪੇ। ਮੌਸਮਾਂ ਮਿਜਾਜ਼ ਬਦਲੇ, ਕਣਕਾਂ ਪਹਿਲਾ ਪਾਣੀ ਮੰਗਿਆ, ਫ਼ਸਲਾਂ ਦੇ ਪਾਲਕ ਪਰਤੇ, ਫਿਰ ਮੁੜੇ ਓਸੇ ਰਸਤੇ, ਪੱਕੇ ਬੰਦੋਬਸਤ ਨਾਲ, ਸਿਰ ਜੁੜਦੇ ਗਏ, ਕਾਰਵਾਂ ਵਧਦਾ ਗਿਆ। ਸ਼ੋਸ਼ਲ ਮੀਡੀਆ ਦੀ ਆਪਣੀ ਦੁਨੀਆਂ, ਪੋਸਟ-ਟਵੀਟ-ਟਿੱਪਣੀਆਂ, ਹਾਕਮ ਦਿਆਂ ਤੋਤਿਆਂ ਰਟਿਆ-ਰਟਾਇਆ ਦੁਹਰਾਇਆ। ਲਹਿਰ ਨਾਲ ਕਈ ਲਕਬ ਜੋੜੇ ਗਏ, ਰੋਹ ਨੂੰ ਠੱਲ੍ਹਣ, ਸੀਮਿਤ ਕਰਨ, ਢਾਹ ਲਾਉਣ, ਰੰਗਣ ਦੀ ਕਿਹੜੀ ਕੋਸ਼ਿਸ਼ ਨਹੀਂ ਹੋਈ, ਇਮਤਿਹਾਨ ਸੀ, ਲੰਘਦੇ ਗਏ। ਖੱਬੇ-ਸੱਜੇ-ਦਰਮਿਆਨਿਆਂ ਵਿਚਕਾਰ ਉਲਝਾਅ-ਸੁਲਝਾਅ ਹੁੰਦੇ ਰਹੇ। ਆਗੂਆਂ ਨੂੰ ਉਤਲੇ-ਵਿਚਲੇ ਮਨੋਂ ਤਦਬੀਰਾਂ ਲਈ ਸੱਦਿਆ, ਉਡੀਕਿਆ, ਭੁਮਾਇਆ ਗਿਆ, ਪਰ ਸਰਕਾਰੀ ਭੋਜ ਠੁਕਰਾ, ਉਹਨਾਂ ਨਾਲ ਲਿਆਂਦਾ ਲੰਗਰ-ਪ੍ਰਸ਼ਾਦਾ ਭੁੰਜੇ ਬਹਿ ਛਕਿਆ ਤੇ ਏਹੀ ਪੁੱਛਿਆ, “ਹਾਂ ਕਿ ਨਾਂਹ?” ਕਈ ਬੈਠਕਾਂ, ਪਰ ਬੇਸਿੱਟਾ। ਮੰਤਰੀ ਮੰਡਲ ਨੇ ਸੋਧਾਂ ਦੀ ਤਜਵੀਜ਼ ਰੱਖੀ, ਪਰ ਕੋਈ ਏਨਾ ਪੈਂਡਾ ਮਾਰ ਕੇ ਆਵੇ ਤੇ ਅੱਧ-ਪਚੱਧੇ ਸਮਝੌਤੇ ਲੈ ਕੇ ਕਿਹੜੇ ਪੈਰੀਂ ਮੁੜੇ? ਇਹ ਦ੍ਰਿਸ਼ ਸਾਡੇ ਦਿਲ-ਦਿਮਾਗਾਂ, ਅੱਖਾਂ-ਕੰਨਾਂ ‘ਚੋਂ ਹੋ-ਹੋ ਗੁਜ਼ਰੇ ਹਨ। ਜੇਕਰ ਸਾਰੀਆਂ ਧਾਰਾਵਾਂ ਹੀ ਸੋਧਣ ਵਾਲੀਆਂ ਨੇ ਤਾਂ ਕਾਨੂੰਨ ਦਾ ਢਾਂਚਾ ਬਣਾ ਕੇ ਰੱਖਣ ਦੀ ਕੀ ਲੋੜ ਹੈ, ਕੈਸੀ ਹਿੰਡ ਹੈ? ਜਾਂ ਰਾਜੇ ਦਾ ਵੱਕਾਰ ਹੈ। ਹਰ ਕੋਈ ਇਸ ਸਰਕਾਰੀ ਨਾਕਾਮੀ ਖਿਲਾਫ਼ ਉੱਠੀ ਇਤਿਹਾਸਕ ਬਗ਼ਾਵਤ ਬਾਰੇ ਪੜ੍ਹ, ਸੁਣ, ਦੇਖ, ਬੋਲ, ਵਿਚਾਰ ਰਿਹਾ ਹੈ। ਦਿੱਲੀ ਦੀਆਂ ਹੱਦਾਂ ਤੋਂ ਹਰ ਕੁੱਲੀ, ਦਫ਼ਤਰ, ਖੋਖੇ, ਸਟੇਸ਼ਨ, ਬੱਸ-ਅੱਡੇ, ਧਾਰਮਿਕ ਥਾਵਾਂ, ਸਮਾਜਿਕ ਇਕੱਠਾਂ, ਸਭ ਕਿਤੇ ਇਹੀ ਚਰਚਾ ਹੈ। ਸਭ ਅਚੰਭੇ ‘ਚ ਨੇ ਆਖਰ ਕਿਹੜਾ ਵਾਰ, ਕਿਹੜੀ ਔਖ, ਕਿਹੜੀ ਵੰਗਾਰ, ਕਿਹੜਾ ਹੌਂਸਲਾ, ਕਿਹੜੀ ਗੈਰਤ ਸਾਨੂੰ ਏਥੇ ਲੈ ਆਈ ਹੈ। 

ਮੋਟੇ ਤੌਰ ਤੇ ਇਸ ਮਹਾਂ-ਜੋੜ ਦਾ ਜੋ ਸਬੱਬ ਬਣਿਆ ਦਿਸਦਾ ਹੈ, ਉਹ ਨੇ ਜੂਨ, 2020 ‘ਚ ਆਏ ਖੇਤੀ ਆਰਡੀਨੈਂਸ, ਜੋ ਸਤੰਬਰ ਤੱਕ ਧੱਕੇ ਨਾਲ ਪਾਸ ਕੀਤੇ ਕਾਨੂੰਨ ਬਣ ਗਏ। ਮਾਰਚ ਤੋਂ ਦੇਸ਼ ਵਿੱਚ ਕਰੋਨਾ ਮਹਾਂਮਾਰੀ ਕਰਕੇ ਲਾਕਡਾਊਨ ਸੀ। ਆਪੋ-ਆਪਣੇ ਘਰੀਂ ਬਿਠਾਈ ਲੋਕਾਈ ਅਜੇ ਬੀਮਾਰੀ ਦੇ ਕੱਚ-ਸੱਚ ਬਾਰੇ ਕਿਆਫ਼ੇ ਲਗਾ ਰਹੀ ਸੀ, ਕਾਰਨ ਇਹਤੋਂ ਪ੍ਰਹੇਜ਼ ਕਰਨ ਦਾ ਤਰੀਕਾ ਹੀ ਏਨਾ ਸਾਜਿਸ਼ੀ ਸੀ ਕਿ ਬੰਦਾ, ਬੰਦੇ ਤੋਂ ਡਰਨ ਲੱਗਾ, ਬੀਮਾਰ ਹੋਣ ਤੋਂ ਪਹਿਲਾਂ ਹੀ ਬਚਾਉ-ਢੰਗਾਂ ਨਾਲ ਸਭ ਬੀਮਾਰ ਕਰ ਦਿੱਤੇ ਗਏ। ਲਾਗ ਵਾਲਿਆਂ ਨਾਲ ਅਛੂਤਾਂ ਜਿਹਾ ਵਿਵਹਾਰ ਹੋਇਆ। ਕੁੱਲ ਦੁਨੀਆਂ ਦੀ ਆਰਥਿਕਤਾ ਡੋਲਣ ਲੱਗੀ। ਸਾਲਾਂ ਬੱਧੀ ਯੋਜਨਾਵਾਂ, ਹਫ਼ਤਿਆਂ ‘ਚ ਖਿੰਡ-ਪੁੰਡ ਗਈਆਂ। ਸੰਸਦ ਦਾ ਉਚੇਚਾ ਇਜਲਾਸ ਬੁਲਾਇਆ ਗਿਆ, ਕੁੱਲ ਧਰਤੀ ਹਿੱਲੀ ਸੀ, ਅਸੀਂ ਦੇਸ਼ਾਂਤਰੋਂ ਬਾਹਰੇ ਤਾਂ ਨਹੀਂ, ਦੇਸ਼ ਦੀ ਵਿਕਾਸ ਦਰ ਮਨਫੀ 23.9 ਪ੍ਰਤੀਸ਼ਤ ਚਲੀ ਜਾਂਦੀ ਹੈ, ਇੱਕੋ-ਇੱਕ ਖੇਤਰ ਖੇਤੀਬਾੜੀ ਵਿੱਚ 3.4 ਪ੍ਰਤੀਸ਼ਤ ਵਾਧਾ ਦਰਜ ਹੁੰਦਾ ਹੈ ਤੇ ਇਹ ਪਿੜ ਵੱਡੇ ਭਾਰਤੀ ਨਿਵੇਸ਼ਕਾਂ ਦਾ ਧਿਆਨ ਖਿੱਚ ਲੈਂਦਾ ਹੈ। ਬੱਸ ਫਿਰ ਪ੍ਰਾਈਵੇਟ ਖਿਡਾਰੀਆਂ ਦੇ ਖੁੱਲ੍ਹਾ ਖੇਡਣ ਲਈ ਇਸ ਮੈਦਾਨ ਨੂੰ ਵੱਤਰ ਕੀਤਾ ਜਾਂਦਾ ਹੈ, ਭਾਵ ਕਾਨੂੰਨੀ ਚੌਖਟੇ ਅਧੀਨ ਲਿਆਂਦਾ ਜਾਂਦਾ ਹੈ। ਪੰਜਾਬ ਵਿੱਚ ਵਿਰੋਧ ਉਦੋਂ ਤੋਂ ਹੋ ਰਿਹਾ ਹੈ, ਜਦੋਂ ਕਾਨੂੰਨ, ਕੇਵਲ ਅਧਿਆਦੇਸ਼ ਸਨ। ਪੰਜਾਬੀ ਟੋਲ-ਪਲਾਜ਼ਿਆਂ ‘ਤੇ ਬਹਿ ਸੜਕਾਂ ਰੋਕਦੇ ਨੇ, ਫਿਰ ਪਟੜੀਆਂ ‘ਤੇ ਬਹਿ ਰੇਲਾਂ ਰੋਕਦੇ ਨੇ, ਸੂਬਾ ਸਰਕਾਰ ਵਾਸਤੇ ਪਾਉਂਦੀ ਐ, ਕਿਧਰੇ ਕੋਲਾ ਮੁੱਕਣ ਦਾ ਖੇਖਣ ਹੁੰਦਾ, ਬਿਜਲੀ ਨਾ ਮਿਲਣ ਦੀ ਮਿੱਠੀ ਧਮਕੀ ਦਿੱਤੀ ਜਾਂਦੀ ਆ, ਪਰ ਇਸ ਦੌਰਾਨ ਅੰਦੋਲਨ ਪੱਕ ਰਿਹਾ ਹੁੰਦਾ, ਕਲਾਕਾਰ ਰੰਗਕਰਮੀ ਨਾਲ ਆ ਜੁੜਦੇ ਨੇ, ਸ਼ੰਭੂ ਇਕੱਠ ਬੱਝਦਾ, ਲੇਖਕ ਸਨਮਾਨ ਵਾਪਸ ਕਰਦੇ ਨੇ, ਵਜ਼ਾਰਤ ‘ਚੋਂ ਅਸਤੀਫ਼ਾ ਦੇਣ ਦੀ ਰਮਜ਼ ਸੁਣਦੀ ਹੈ ਆਦਿ-ਆਦਿ। 

‘26 ਨਵੰਬਰ ਦਿੱਲੀ ਚੱਲੋ’ ਦਾ ਸੱਦਾ ਦਿੱਤਾ ਜਾਂਦਾ। ਰਾਜਧਾਨੀ ਤੱਕ ਅੱਪੜਦਾ ਇਹ ਰੋਹ ਕਈ ਬੈਰੀਕੇਡ ਉਲੰਘਦਾ, ਸੱਜਰੇ ਪੱਟੇ ਟੋਇਆਂ ਨੂੰ ਪੂਰਦਾ, ਗੁਆਂਢੀ ਸੂਬਿਆਂ ਨੂੰ ਨਾਲ ਰਲਾਉਂਦਾ, ਸੰਯੁਕਤ ਕਿਸਾਨ ਮੋਰਚੇ ‘ਚ ਵਟ ਜਾਂਦਾ ਤੇ ਇਸ ਆਕਾਰ ਤੱਕ ਲਿਆਉਣ ਲਈ ਜਥੇਬੰਦੀਆਂ ਦਾ ਬਾ-ਕਾਇਦਾ ਸਮਾਂ ਤੇ ਮਿਹਨਤ ਲੱਗੀ ਦਿਸਦੀ ਹੈ। ਪੂਰੀ ਇੱਕ ਤਿਮਾਹੀ ਤੋਂ ਸਾਡਾ ਵਿਹੜਾ, ਸਾਡਾ ਚੌਂਤਰਾ, ਸਾਡਾ ਰਹਿਣ-ਸਹਿਣ, ਖਾਣ-ਪਕਾਉਣ, ਰਾਗ-ਵੈਰਾਗ, ਚਾਅ-ਸੰਸੇ, ਵਿਸਮਾਦ-ਤੀਰਥ, ਤਿੱਥ-ਤਿਉਹਾਰ, ਸਭ ਦਿੱਲੀ ਦੀਆਂ ਸੜਕਾਂ ‘ਤੇ ਹੈ। ਆਓ, ਹਾਈਵੇਅ ਤੇ ਕਤਾਰਾਂ ਬੰਨ੍ਹੀਆਂ ਖੜ੍ਹੀਆਂ ਟਰਾਲੀਆਂ ‘ਚ ਘਰ ਸਿਰਜੀ ਬੈਠੇ ਲੋਕਾਂ ਨਾਲ ਆਪਣਾ ਰਿਸ਼ਤਾ ਤਸਦੀਕ ਕਰੀਏ।

ਪਹਿਲਾ ਸਵਾਲ ਜੋ ਵਾਰ-ਵਾਰ ਉੱਠਦਾ ਰਿਹਾ। ਉਹ ਸੀ ਕਿ ਇਹ ਲੜਾਈ ਕਿਸਦੀ ਹੈ? ਇਹਨੂੰ ਕੌਣ ਲੜੇ? ਇੱਕ ਮੋਟਾ ਜਿਹਾ ਜਵਾਬ ਆਉਂਦਾ ਹੈ- ਕਿਸਾਨਾਂ ਦੀ। ਮਸਲਾ ਏਨਾ ਇਕਹਿਰਾ ਨਹੀਂ, ਤਾਹੀਂ ਹਰ ਤਪਿਆ, ਅੱਕਿਆ, ਥੱਕਿਆ, ਹੰਭਿਆ, ਭੰਨਿਆ ਨਾਗਰਿਕ ਇਸ ਲੜਾਈ ‘ਚ ਸ਼ਾਮਿਲ ਹੈ। ਹੁਣ ਕਿਸਾਨ ਕੌਣ ਹੋਏ? ਜੋ ਜ਼ਮੀਨ ਵਾਹੁੰਦੇ, ਫ਼ਸਲ ਬੀਜਦੇ ਤੇ ਉਪਜ ਗਾਹੁੰਦੇ ਹਨ, ਪਰ ਇਸਦਾ ਵਪਾਰ ਨਹੀਂ ਕਰਦੇ। ਅੰਗਰੇਜ਼ੀ ਵਿੱਚ ਸਾਡੇ ਕੋਲ ਇਨ੍ਹਾਂ ਦੋਹਾਂ ਲਈ ਅਲੱਗ-ਅਲੱਗ ਸ਼ਬਦ ਹਨ – Peasant(ਵਾਹੀਵਾਨ, ਖੇਤ ਕਾਮਾ) ਤੇ Farmer(ਜ਼ਿਮੀਦਾਰ, ਭੋਂਇ ਮਾਲਕ) ਪਰ ਇਹ ਫ਼ਸਲਾਂ ਦੀ ਬੱਝਵੀਂ ਕੀਮਤ ਤੇ ਜ਼ਮੀਨਾਂ ਖੁੱਸ ਜਾਣ ਦਾ ਡਰ ਤਾਂ ਫਿਰ ਜ਼ਿਮੀਦਾਰ ਦਾ ਹੋਣਾ ਚਾਹੀਦਾ ਹੈ, ਵਾਹੁਣ ਵਾਲੇ ਦਾ ਨਹੀਂ। ਅਸਲ ਵਿੱਚ ਸਵਾਲ ਦੀ ਡੂੰਘਾਈ ਇਹ ਵੀ ਪੁੱਛਣਾ ਚਾਹੁੰਦੀ ਹੈ ਕਿ ਇਸ ਕਿਸਾਨ ਦਾ ਅੱਗਾ-ਪਿੱਛਾ ਕੀ ਹੈ, ਕਿਹੜੇ ਮਜ਼ਹਬ, ਧਰਮ, ਜਾਤ, ਸੂਬੇ ਦਾ ਹੈ ਤੇ ਕਿਹੜੀ ਬੋਲੀ ਬੋਲਦਾ ਹੈ, ਸਮਾਜ ‘ਚ ਕਿਹੜੀ ਥਾਂ ਰੱਖਦਾ ਹੈ? ਸਵਾਲ ਸਾਨੂੰ ਹੋਇਆ ਹੈ, ਜਵਾਬ ਅਸੀਂਓਂ ਦੇਣਾ ਹੈ। ਯਾਦ ਰਹੇ, ਸਾਡੇ ਬੋਲਾਂ ਦੀਆਂ ਕੁੱਲ ਧੁਨੀਆਂ, ਕੁੱਲ ਸੁਰਾਂ ਤੇ ਕੋਈ ਕੰਨ ਧਰੀ ਬੈਠਾ ਹੈ, ਜੋ ਵਿੱਥਾਂ ਭਾਲਦਾ, ਬਿੜਕਾਂ ਭੰਨਦਾ ਫਿਰਦਾ ਹੈ। ਸ਼ਰੀਕਾਂ ਨੂੰ ਤਾਂ ਵਿਰਲਾਂ ਦਾ ਹੀ ਆਸਰਾ। ਇਸ ਪ੍ਰਸੰਗ ‘ਚ ਕਈ ਚਰਚਾਵਾਂ ਛਿੜੀਆਂ। ਕਈ ਵਾਰ ਇਤਿਹਾਸ ਦੇ ਖੂਨੀ ਦੌਰ ‘ਚੋਂ ਨਿਕਲੀਆਂ ਫ਼ਿਕਰਾਂ ਬੋਲਦੀਆਂ, ਕਦੇ ਆਗੂਆਂ ਦੀ ਕਾਰਜਕਾਰੀ ‘ਤੇ ਸ਼ੰਕੇ ਹੋਏ, ਕਦੇ ਅੰਦੋਲਨ ਦੀ ਬਹੁ-ਰੰਗੀ ਬੁਣਤੀ ਨੂੰ ਸੁਆਗਤ ਨਹੀਂ ਕਿਹਾ ਗਿਆ ਆਦਿ। ਸੰਘਰਸ਼ ਦੀ ਸਫ਼ਲਤਾ ਲਈ ਇਹਨਾਂ ਨੂੰ ਸਮੇਂ-ਸਿਰ ਅਤੇ ਸਪੱਸ਼ਟਤਾ ਨਾਲ ਸੰਬੋਧਿਤ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਅਣ-ਵਿਚਾਰੀਆਂ, ਅਣ-ਚਿਤਾਰੀਆਂ, ਅਣ-ਮੁਖਾਤਿਬ ਤੰਦਾਂ ‘ਚ ਕੋਈ ਗੁੰਝਲ ਰਹਿ ਜਾਣ ਦੀ ਸੰਭਾਵਨਾ ਬਣੀ ਰਹੇਗੀ ਤੇ ਘਾਤ ਲਾਉਣ ਵਾਲੇ ਅਨਸਰਾਂ ਨੂੰ ਇਹ ਬੜੀ ਰਾਸ ਆਵੇਗੀ। ਗੱਲਬਾਤ ਚਲਦੀ ਰਹਿਣੀ ਚਾਹੀਦੀ ਹੈ, ਸਾਡੀ ਆਪਸੀ ਵੀ ਤੇ ਡਾਢਿਆਂ ਨਾਲ ਵੀ। 

ਭਾਵੇਂ ਮੁੱਖ ਮੁੱਦਾ ਤਿੰਨੇ ਖੇਤੀ ਕਨੂੰਨ, ਬਿਜਲੀ ਸੋਧ ਬਿੱਲ, ਵਾਤਾਵਰਨ ਬਿੱਲ 2020 ਰੱਦ ਕਰਵਾਉਣੇ ਤੇ ਜਿਨਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਕਰਨ ਬਾਰੇ ਹੈ, ਪਰ ਇਸ ਰੋਸ ਪ੍ਰਦਰਸ਼ਨ ਦੀ ਪ੍ਰਕਿਰਿਆ ਦੇ ਬਹੁਤ ਸਾਰੇ BY PRODUCT ਵੀ ਹਨ। ਪੰਜਾਬੀ ਦੇ ਨਾਮੀ ਰਸਾਲੇ ਦੀ ਸੰਪਾਦਿਕਾ ਜਦੋਂ ਮੋਰਚੇ ਚੋਂ ਕੀ ਨਿਕਲੇਗਾ ਪੁੱਛਦੀ ਹੈ ਤਾਂ ਪ੍ਰੀਤਾਂ ਦੀ ਪਹਿਰੇਦਾਰ ਨਜ਼ਰ ਨੂੰ ਰੋਸ ਦੇ ਇਹ ਸਾਖਿਆਤ ਪੱਖ ਆਪਮੁਹਾਰੇ ਦਿਸਣ ਕਿ ਕਿਸਾਨ ਅੰਦੋਲਨ ਥੀਂ ਅਸੀਂ ਕਿਰਤ, ਹਲੀਮੀ, ਸਬਰ ਦੀ, ਇਖਲਾਕ, ਇਮਦਾਦ, ਇਤਫਾਕ ਦੀ, ਸੱਭਿਆਚਾਰਕ ਮਾਨਵੀ ਸਾਝਾਂ ਦੀ ਵਿਰਾਸਤ ਦੇ ਮੁੜ ਅਭਿਆਸੀ ਹੋ ਰਹੇ ਹਾਂ। ਸ੍ਵੈ ਤੋਂ ਸਰਬੱਤ ਤੱਕ ਫੈਲ ਰਹੇ ਆਂ। ਸਰਬੱਤ ਦੇ ਭਲੇ ਦੀਆਂ ਗੱਲਾਂ ਕਰਨ ਜੋਗੇ ਰਹਿ ਗਏ ਸਾਂ, ਪਰ ਇਹਨਾਂ ਅਮਲਾਂ ਦੇ ਹੂ-ਬ-ਹੂ ਦਰਸ਼ਨ ਕਰਕੇ ਊਰਜਿਤ ਹੋ ਰਹੇ ਹਾਂ। ਐਸੇ ਮਹਾਂ-ਮੇਲੇ ਦੇ ਚਸ਼ਮਦੀਦ ਗਵਾਹ ਬਣ ਰਹੇ ਹਾਂ, ਜਿਸ ਵਿੱਚ ਹਰ ਉਮਰ , ਵਰਗ, ਧਰਮ, ਜਾਤ, ਲਿੰਗ ਦੀ ਸ਼ਮੂਲੀਅਤ ਹੈ। ਜਾਤੀ-ਜਮਾਤੀ ਵਲਗਣਾਂ ਤੇ ਸਥਾਪਿਤ ਜੈਂਡਰ ਰੋਲਜ਼ ਟੁੱਟ ਰਹੇ ਨੇ। ਸੰਗਤ-ਪੰਗਤ ‘ਚ ਬਰਾਬਰੀ ਵਰਤ ਰਹੀ ਹੈ। ਪ੍ਰਚੱਲਿਤ ਗੰਧਲੀ ਰਾਜਨੀਤੀ ਦੇ ਟਾਕਰੇ ਤੇ ਨਵੀਂ ਰਾਜਸੀ ਚੇਤਨਾ ਦਾ ਉਭਾਰ ਹੋ ਰਿਹਾ ਹੈ। ਸਾਡੀ ਦੁਨੀਆਂ ਵਸੀਹ ਹੋਈ ਹੈ, ਸਾਂਝਾਂ ਨੇ ਬਿਖੇੜਿਆਂ ਤੋਂ ਕੱਦ ਕੱਢ ਲਿਆ ਹੈ, ਸੁਹਿਰਦ ਜਗਿਆਸਾ ਗੰਭੀਰ ਸਵਾਲਾਂ ਨੂੰ ਜਨਮ ਦੇ ਰਹੀ ਹੈ, ਗੱਲ-ਬਾਤ ਤੇ ਮਨੋਰੰਜਨ ਦੇ ਵਿਸ਼ੇ ਨਿੱਗਰ ਹੋਏ ਨੇ। ਅਸਲੀ ਦੁਸ਼ਮਣ ਦੀ ਸ਼ਨਾਖਤ ਹੋਈ ਹੈ, ਸਾਂਝੀਆਂ ਵੱਟਾਂ-ਬੰਨਿਆਂ ਦੇ ਨਿੱਕੇ ਝਗੜੇ ਬਿਨ ਕਚਿਹਰੀਓਂ ਹੱਲ ਹੋਏ ਨੇ। ਪੰਜਾਬੀ ਦੇ ਕਵੀ ਤਨਵੀਰ ਮੂਜਬ ਉਸਦੇ ਗੁਆਂਢੀ ਪਿੰਡ ਬੱਪੀਆਣੇ ਦੇ ਦੋ ਕਿਸਾਨ, ਜਿਹਨਾਂ ਵਿਚਕਾਰ ਅਣਬਣ ਸੀ, ਧਰਨੇ ‘ਚ ਜਾ ਕੇ ਬੋਲਣ ਲੱਗੇ ਨੇ। ਲਿਖਤ ਦਾ ਤੋੜਾ ਹੈ, “ਦਿੱਲੀ ਹਾਰ ਗਈ ਹੈ, ਉਹ ਕੇਸ ਜਿੱਤ ਗਏ ਨੇ।” ਇਹ ਜੋ ਹਿਰਦੇ ਸਾਫ਼ ਹੋ ਰਹੇ ਨੇ, ਭਾਵਨਾਵਾਂ ਖਾਲਸ ਹੋ ਰਹੀਆਂ ਨੇ, ਕੀ ਇਹ ਸਭ ਹਾਸਿਲ ਨਹੀਂ ਗਿਣਿਆ ਜਾਣਾ ਚਾਹੀਦਾ? ਗੁਰੂ ਅਰਜਨ ਦੇ ਕਹਿਣ ਵਾਂਗੂੰ

                            ਸਭੇ ਸਾਝੀਵਾਲ ਸਦਾਇਨਿ

                            ਤੂ ਕਿਸੈ ਨਾ ਦਿਸਹਿ ਬਾਹਰਾ ਜੀਓੁ।।

ਪਾਰਦਰਸ਼ੀ ਆਪਾ ਹੋਣ ਕਰਕੇ ਦੂਜਾ ਵੀ ਸਮਝ ਆਉਣ ਲੱਗਾ ਹੈ। ਨਿੱਕੇ ਮਸਲੇ ਤਿਆਗ ਕਿਸੇ ਵੱਡੀ ਵਿਚਾਰਧਾਰਕ ਜੰਗ ਦੀ ਜੋ ਲਾਮਬੰਦੀ ਹੋ ਰਹੀ ਹੈ, ਵਾਪਰ ਰਹੇ ਸਮੁੱਚੇ ਸੱਭਿਆਚਾਰਕ ਦ੍ਰਿਸ਼ ਨੂੰ ਡੀ-ਕੋਡ ਕਰਨ ਦੀ ਲੋੜ ਹੈ। ਹਾਕਮ ਨੂੰ ਇਹ ਕਹਿਣ ਲਈ ਕਿ ਸਾਨੂੰ ਤੇਰੀਆਂ ਨੀਤੀਆਂ-ਕੀਤੀਆਂ ਨਾ-ਮਨਜ਼ੂਰ ਨੇ, ਯਕੀਨਨ ਜੁਰਅਤ ਚਾਹੀਦੀ ਹੈ, ਜਿਸਦਾ ਸੋਮਾ ਉਹ ਭਾਈਵਾਲਤਾ ਹੈ, ਜਿਹੜੀ ਕਿਰਸਾਨੀ ਜੀਵਨ-ਜਾਚ ਵਿੱਚ ਪਹਿਲੋਂ ਹੀ ਮੌਜੂਦ ਹੈ, ਉੱਥੇ ਸੀਰੀ-ਸਾਂਝੀ ਦਾ ਸੰਕਲਪ ਹੈ। ਸਾਰਾ ਜਲੌਅ ਏਕੇ ਦਾ ਹੀ ਹੈ, ਕਿਉਂਕਿ ਭਾਈਆਂ ਜੀਂਵਦਿਆਂ ਕਾਈ ਹਾਰ ਨਾਹੀਂ, ਸਾਰਾ ਹੌਂਸਲਾ ਹੀ ਭਾਈਆਂ ਦਾ ਹੈ। ਪ੍ਰੋ. ਸੁਖਦੇਵ ਸਿੰਘ ਸਿਰਸਾ ‘ਵਾਰ ਟਿਕੈਤ ਸੂਰਮੇ ਦੀ’ ਲਿਖਦੇ ਨੇ,

                    ਨਹੀਂ ਮਿਰਜ਼ੇ ਨੂੰ ਤੀਰ ਚਾਹੀਦੇ,

                          ਮਿਰਜ਼ੇ ਰਾਠ ਨੂੰ ਵੀਰ ਚਾਹੀਦੇ।

ਤੇ ਵੀਰ ਦਾ ਅਰਥ ਭਰਾ ਹੀ ਨਹੀਂ, ਯੋਧਾ ਵੀ ਹੈ। ਹੁਣ ਜਦੋਂ ਡਾਹਢੇ ਨਾਲ ਮੱਥਾ ਲਾਇਆ ਹੈ, ਬਕੌਲ ਵਾਰਸ ਇਸ਼ਕ ਦੇ ਆਣ ਮੈਦਾਨ ਰੁੱਧੇ ਆਂ ਤਾਂ ਸੂਰਮਿਆਂ ਦਾ ਰਣੋਂ ਹਿੱਲਣਾ ਬੁਰਾ ਗਿਣਿਆ ਜਾਵੇਗਾ, ਭਾਵੇਂ ਇਹ ਨੱਸਣਾ ਈਮਾਨ ਜਾਂ ਸਰੀਰਕ(ਭੌਤਿਕ) ਜਾਂ ਉੱਤਰਦਾਇਕਤਾ, ਕਿਸੇ ਵੀ ਪੱਧਰ ‘ਤੇ ਹੋਵੇ, ਭਗੌੜੇ ਤੇ ਟਿਕਾਊ, ਸਭ ਦੀ ਤਫ਼ਸੀਲ ਰੱਖੀ ਜਾਵੇਗੀ।

ਅਗਲਾ ਨੁਕਤਾ ਹੈ ਕਿ ਲੜਾਈ ਲੜੀ ਕਿਸ ਬਿਧ ਜਾਵੇ, ਭਾਵ ਰਣਨੀਤੀ ਕੀ ਹੋਵੇ। ਪਹਿਲੀ ਗੱਲ ਤਾਂ ਇਹ ਹਥਿਆਰਬੰਦ ਜੰਗ ਨਹੀਂ ਹੈ। ਇਹ ਅਨਿਆਂ, ਕੁਸੱਤ, ਕੂੜ ਖਿਲਾਫ਼ ਵਿੱਢਿਆ ਉਹ ਘੋਲ ਹੈ, ਜੋ ਗੁਰੂ ਨਾਨਕ ਦੇ ਵੇਲੇ ਤੇ ਸ਼ਾਇਦ ਓਦੂੰ ਵੀ ਪਹਿਲਾਂ ਦਾ ਜਾਰੀ ਹੈ ਤੇ ਇਹ ਸਚਿਆਰ ਵੱਲ ਕੀਤੀ ਜਾ ਲੰਮੀ ਰਹੀ ਯਾਤਰਾ ਹੈ। ਅੰਗਰੇਜ਼ੀ ਲਫ਼ਜ਼ Movement ਦਾ ਅਰਥ ਹਰਕਤ ‘ਚ ਹੋਣਾ ਹੈ, ਚਲਦੇ ਰਹਿਣਾ ਹੈ, ਹੁਲਾਰੇ ‘ਚ ਰਹਿਣਾ ਹੈ। ਕਿਉਂਕਿ ਘੋਲ ਲੰਮੇਰਾ ਹੈ, ਕਿਉਂਕਿ ਪੈਂਡੇ ਬਿਖੜੇ ਨੇ, ਕਿਉਂਕਿ  ਰੁੱਤਾਂ ਰੁੱਖੀਆਂ ਨੇ, ਕਿਉਂਕਿ ਦੁਸ਼ਮਣ ਵੱਡਾ ਹੈ, ਸੋ ਤਿਆਰੀ ਵਜੋਂ ਹਰ ਨਿੱਕਾ-ਵੱਡਾ ਸੰਜਮ ਲੋੜੀਂਦਾ ਹੈ, ਜਿਵੇਂ ਮਲੇਰਕੋਟਲੇ ਵਾਲੇ ਲੰਗਰ ਵਾਲਾ ਵੀਰ ਕਹਿੰਦਾ ਸੀ, “ਹੁਣ ਪਤਾ ਲੱਗ ਗਿਆ ਹੈ ਕਿ ਏਥੇ ਕਾਰੀ ਚਿਰ ਰਹਿਣਾ ਪੈਣਾ, ਤਾਹੀਉਂ ਅਸੀਂ ਸਟੀਲ ਦੇ ਭਾਂਡੇ ਵਰਤਣ ਲੱਗੇ, ਓਹੀ ਪੈਸੇ ਅਨਾਜ ਤੇ ਲਾਵਾਂਗੇ, ਨਾਲੇ ਡਿਸਪੋਜੇਬਲ ਨਾਲ ਵੀ ਡਿੱਕਤ ਸਾਨੂੰ ਹੀ ਵਧੇਗੀ।” ਮਿੱਟੀ ਜਾਏ, ਸਰਲ ਜੀਂਵਦੇ ਨੇ। ਜਿਨ੍ਹਾਂ ਹੱਥੀਂ ਕੰਮ ਕੀਤਾ ਹੈ, ਉਹ ਹੱਥਾਂ ਤੇ ਧਕ ਕੇ ਖਾਣਾ ਤੇ ਓਕ ਨਾਲ ਪੀਣਾ ਜਾਣਦੇ ਨੇ। ਤੇ ਜਦੋਂ ਲੰਘਦੇ-ਟੱਪਦੇ ਮੱਕੀ ਦੇ ਫੁੱਲਿਆਂ ਨੂੰ ਚੁੰਨੀ ਜਾਂ ਪਰਨੇ ਦੇ ਪੱਲੇ ਚ ਪਵਾਉਂਦੇ ਨੇ ਤਾਂ ਧਰਵਾਸ ਹੁੰਦੀ ਹੈ ਕਿ ਟਿਕਾਊ ਤੇ ਬਦਲਵੇਂ ਵਿਕਲਪ ਢੂੰਡੇ ਜਾਣ ਲੱਗੇ ਨੇ। ਇਹ ਲੋਕ-ਸੋਝੀ, ਲੋਕ-ਸਿਆਣਪ, ਲੋਕ-ਜਾਗਰੂਕਤਾ ਤੇ ਲੋਕ-ਏਕਾ ਸੱਤਾ ਦੀ ਅੱਖ ਨੂੰ ਨਹੀਂ ਭਾਉਂਦੇ। ਸੋ ਉਹਨਾਂ ਪਾਸ ਇੱਕੋ ਤਰੀਕਾ ਬਚ ਰਹਿੰਦਾ ਹੈ, ਅੰਦੋਲਨਕਾਰੀਆਂ ਨੂੰ ਖਦੇੜਿਆ ਜਾਵੇ, ਫੁੱਟ ਬੀਜੀ ਜਾਵੇ, ਪਾੜ ਪਾਇਆ ਜਾਵੇ, ਮੋਰੀ ਭਾਲ ਕੇ ਉੱਥੇ ਸੰਨ੍ਹ ਲਾਇਆ ਜਾਵੇ, ਪਰ ਇੱਕ ਗੱਲ ਪੱਕੀ ਹੈ ਕਿ ਘਰ ਦੀ ਗੱਲ ਭੇਤੀ ਤੋਂ ਬਿਨਾਂ ਬਾਹਰ ਨਹੀਂ ਜਾ ਸਕਦੀ। ਸੋ ਅੰਦੋਲਨ ਜਿਸ ਪੜਾਅ ‘ਤੇ ਹੈ, ਉੱਥੇ ਕੇਵਲ ਜਰਨੈਲ ਹੀ ਨਹੀਂ, ਕੱਲੇ-ਕੱਲੇ ਸਿਪਾਹੀ ਦੀ ਬਾਜ਼ ਅੱਖ ਚਾਹੀਦੀ ਹੈ, ਕਿਉਂਕਿ ਇਸ ਅਰਸੇ ਦੌਰਾਨ ਮੋਰਚੇ ‘ਚ ਜ਼ਿੰਮੇਵਾਰ ਜੰਗਜੂ ਵਜੋਂ ਸਾਡੀ ਸਿਖਲਾਈ ਹੋ ਚੁੱਕੀ ਹੈ। ਆਗੂਆਂ ਦਾ ਅੰਦੋਲਨਕਾਰੀਆਂ ਨਾਲ ਸੰਵਾਦੀ ਰਾਬਤਾ ਤੇ ਲੋਕਾਂ ਦੀ ਲੀਡਰਸ਼ਿਪ ਪ੍ਰਤੀ ਤਸੱਲੀ ਹਰ ਹਾਲ ਬਹਾਲ ਰਹਿਣੀ ਚਾਹੀਦੀ ਹੈ, ਕਿਉਂਕਿ ਹੁਣ ਸਭ ਤੋਂ ਅਹਿਮ ਪ੍ਰਤੀਬੱਧਤਾ ਘੋਲ ਪ੍ਰਤੀ ਚਾਹੀਦੀ ਹੈ, ਜਿਸ ਲਈ ਨਿੱਜੀ ਪਹਿਚਾਣਾਂ ਨੂੰ ਛੋਟਾ ਕਰਕੇ ਸਮੱਗਰ ਕਾਰਜ ਨੂੰ ਕੇਂਦਰ ‘ਚ ਰੱਖਿਆ ਜਾਵੇ। ਇੱਕ ਬਿਆਨ, ਇੱਕ ਹਰਕਤ, ਇੱਕ ਫੈਸਲਾ, ਇੱਕ ਹੰਝੂ ਹੁਣ ਸਾਰੇ ਅੰਦੋਲਨ ਤੇ ਅਸਰ ਕਰਦਾ ਹੈ। ਘੋਲ ਕੋਈ ਖੜ੍ਹੋਤੀ ਚੀਜ਼ ਨਹੀਂ, ਬਲਕਿ ਜੀਵੰਤ ਗਤੀਸ਼ੀਲ ਵਰਤਾਰਾ ਹੈ, ਜਿਸਦੇ ਨਕਸ਼ ਸੰਵਾਰਨ ਦੀ ਗੱਲ਼ ਨਾਲ-ਨਾਲ ਚੱਲਦੀ ਰਹੇਗੀ। ਹਰ ਮੋੜ ਪਹਿਲੇ ਤੋਂ ਵੱਧ ਪੇਚੀਦਾ, ਹਰ ਦਿਨ ਕੱਲ੍ਹ ਤੋਂ ਵੱਖਰੀ ਚੁਣੌਤੀ ਲੈ ਕੇ ਆਵੇਗਾ। 

ਓਪਰੀ ਬੁਖਲਾਹਟ ਦਾ ਜਵਾਬ ਜ਼ਾਬਤੇ ‘ਚ ਰਹਿ ਕੇ ਵਿਧੀਵਤ ਤਰੀਕੇ ਦੇਣਾ ਹੋਵੇਗਾ। ਹਰ ਪਹਿਲੂ ਦੀ ਪੜਚੋਲ ਹੋਵੇ, ਅਸਹਿਮਤੀਆਂ/ਵਖਰੇਵਿਆਂ ਸਮੇਤ ਉੱਚੇ ਲਕਸ਼ ਲਈ ਅੱਗੇ ਵਧੀਏ, ਗੱਲ ਭਾਵੇਂ ਮੂੰਹ ਤੇ ਹੋਵੇ, ਪਰ ਸਾਫ਼ ਸੰਤੁਲਿਤ ਭਾਸ਼ਾ ਤੇ ਸਤਿਕਾਰਤ ਲਹਿਜ਼ੇ ‘ਚ, ਉਚਾਰ ਦਾ ਸੁਹਜ ਨਾ ਗਵਾਈਏ। ਹੁਣ ਇਹ ਘੋਲ ਪੂਰੇ ਦੇਸ਼ ਦਾ ਹੈ, ਸੋ ਸੂਬਾਈ, ਇਲਾਕਾਈ ਜਾਂ ਖੇਤਰੀ ਜਕੜਬੰਦੀਆਂ ਅਤੇ ਮਸਨੂਈ ਵੰਡੀਆਂ ਜਿਵੇਂ ਪੇਂਡੂ-ਸ਼ਹਿਰੀ, ਖੱਬੇ-ਸੱਜੇ, ਸਾਖ਼ਰ-ਅਨਪੜ੍ਹ, ਨੌਜਵਾਨੀ-ਬੁਢਾਪਾ ਆਦਿ ਨੂੰ ਤਵੱਜੋਂ ਦੇਣੀ ਸਿਆਣਪ ਨਹੀਂ। ਹਰ ਬੰਦਾ ਖੁਦ ਦੀ ਵੀ ਨਜ਼ਰਸਾਨੀ ਕਰੇ, ਕਿਤੇ ਕੋਈ ਥਿੜਕਣ ਤਾਂ ਨਹੀਂ। ਸਰਕਾਰ ਦੀ ਮਨਸ਼ਾ ਖੌਫ਼ ਵੰਡਣਾ ਹੈ, ਅੰਦੋਲਨਕਾਰੀਆਂ ਦੇ ਪਰਿਵਾਰਾਂ ਨੂੰ ਫ਼ਿਕਰਮੰਦ ਕਰਨਾ ਹੈ, ਪਰ ਸਾਡਾ ਅਕੀਦਾ ਨਿਡਰ ਰਹਿਣ ਦਾ ਹੋਵੇ। ਉਹ ਜ਼ਾਹਰ-ਬਾਤਨ ਰੂਪ ਵਿੱਚ ਆਪਣਾ ਬਲ ਵਿਖਾਏਗੀ ਤੇ ਸਾਨੂੰ ਸ੍ਵੈ-ਬਚਾਅ ਕਰਦਿਆਂ ਨੂੰ ਹਿੰਸਕ ਗਰਦਾਨਣ ਤੱਕ ਜਾਵੇਗੀ। ਉਹਨਾਂ ਕੋਲ ਭਾੜੇ ਦੀ ਪੁਲਿਸ, ਭਾੜੇ ਦਾ ਮੀਡੀਆ, ਭਾੜੇ ਦੇ ਪਿੰਡ ਬਥੇਰਾ ਕੁਝ ਹੈ, ਖਰੀਦਣ ਸ਼ਕਤੀ ਹੈ, ਪਰ ਸਾਡਾ ਵਿਕਣ ਦਾ ਕੋਈ ਇਰਾਦਾ ਨਹੀਂ। 26 ਜਨਵਰੀ ਦਾ ਘਟਨਾਕ੍ਰਮ ਸਾਨੂੰ ਲੀਹੋਂ ਲਾਹੁਣ, ਅੱਡੋ-ਫਾਟ ਕਰਨ ਲਈ, ਦਿਸ਼ਾਹੀਣ ਕਰਨ ਲਈ ਘੜ੍ਹੀ ਗਈ ਗਿਣੀ-ਮਿਥੀ ਸਰਕਾਰੀ ਚਾਲ ਸੀ, ਏਨਾ ਮਹੀਨ ਜਾਲ ਕਿ ਵੱਡੇ ਦਾਅਵਿਆਂ, ਸੂਖਮ ਸਮਝਾਂ ਵਾਲੇ ਅੜਿੱਕੇ ਚੜ੍ਹ ਗਏ ਜਾਂ ਕਹਿ ਲਉ ਵਹਾਅ ‘ਚ ਰੁੜ੍ਹ ਗਏ। ਹਰ ਵਾਰ ਵਰਗਲਾਉਣ ਵਾਲਾ ਬਾਹਰੀ ਨਹੀਂ ਹੁੰਦਾ, ਕਈ ਵਾਰ ਪੀਲੂ ਦੇ ਨਾਇਕ ਵਾਂਗੂੰ ਖੁਦੀ-ਗੁਮਾਨ ਵੀ ਲੈ ਬਹਿੰਦਾ ਹੈ। ਕਿਸੇ ਵੱਡੀ ਕ੍ਰਾਂਤੀ ਦੇ ਸੁਪਨਿਆਂ ਮੂਹਰੇ ਸਥਾਨਕ ਹਕੀਕੀ ਬਗਾਵਤਾਂ ਨੂੰ ਸਸਤੀਆਂ ਸਮਝ ਛੁਟਿਆਉਣਾ ਸਾਡੀ ਦੂਰ-ਅੰਦੇਸ਼ੀ ਤੇ ਫਲਸਫ਼ੇ ਨਾਲ ਵਚਨਬੱਧਤਾ ਉੱਪਰ ਪ੍ਰਸ਼ਨ-ਚਿੰਨ੍ਹ ਲਾਉਂਦਾ ਹੈ। ਇਸ ਵਾਕੇ ਨੇ ਇਕ ਵਾਰ ਸਭ ਨੂੰ ਅਵਾਕ ਕੀਤਾ, ਜਿੰਨ੍ਹਾਂ ਨੂੰ ਅਣਉੱਚਿਤ ਲੱਗਿਆ, ਉਹਨਾਂ ਦੇ ਬੋਲ ਡੱਕੇ ਗਏ, ਮਨੋਬਲ ਡਾਵਾਂਡੋਲ ਹੋਇਆ, ਪਰ ਵਕਤੀ ਖੁਸ਼ੀ ਜ਼ਾਹਰ ਕਰਨ ਵਾਲੇ ਵੀ ਛੇਤੀ ਥਥਲਾਉਣ ਲੱਗੇ, ਕੋਈ ਵਾਜਬ ਦਲੀਲ ਨਾ ਆਈ। 

ਖੈਰ! ਇਸਨੂੰ ਰੂਟ ਦੇ ਰੌਲੇ ਵਾਲਾ ਉਹ ਫੈਸਲਾਕੁੰਨ ਮੋੜ ਸਮਝ ਲਿਆ ਜਾਵੇ, ਜਿੱਥੇ ਇਹ ਪਛਾਣ ਹੋਣੀ ਸੀ ਕਿ ਕਈ ਵਾਰ ਭੀੜੇ ਦਰਾਂ ਨੂੰ ਚੁਣਨਾ ਸਿਆਣਪ ਹੁੰਦੀ ਹੈ, ਖੁੱਲ੍ਹੇ ਰਾਹਾਂ ਦੇ ਸਬਜ਼ਬਾਗ ਬੁਰੇ ਦੇ ਬਾਰ ਤੀਕ ਲੈ ਜਾਂਦੇ ਹਨ। ਕੀ ਤੁਸੀਂ ਛੋਟੇ ਸਾਹਿਬਜ਼ਾਦਿਆਂ ਦੀ ਉਹ ਸਾਖੀ ਭੁੱਲ ਗਏ ਜਦੋਂ ਉਹ ਛੋਟੀ ਤਾਕੀ ਰਾਹੀਂ ਸੂਬੇ ਦੀ ਕਚਹਿਰੀ ‘ਚ ਦਾਖਲ ਹੋਏ, ਪਰ ਐਸੀ ਵਿਉਂਤ ਨਾਲ ਕਿ ਸੀਸ ਨਾ ਝੁਕੇ, ਸਿਆਸਤ ਦੀ ਪਹੇਲੀ ਬੁੱਝਣਾ ਏਸੇ ਨੂੰ ਕਹਿੰਦੇ ਨੇ, ਬਿਬੇਕੋਂ-ਕਿਰਦਾਰੋਂ ਵੱਡੇ ਹੋਣ ਕਰਕੇ ਉਹ ਛੋਟੀ ਉਮਰ ਦੇ ਹੋ ਕੇ ਵੀ ਸਾਡੇ ਬਾਬੇ ਲੱਗੇ। ਵੱਡੇ ਸਾਕਿਆਂ ‘ਚ ਜੂਝੀਆਂ ਨਿੱਕੀਆਂ ਜਿੰਦਾਂ ਹਕੂਮਤ ਦੇ ਇਰਾਦੇ ਭਾਂਪ ਗਈਆਂ ਤੇ ਸਥਿਤੀ ਨੂੰ ਸਿਰੜ ਦੀ ਪਕਿਆਈ ਨਾਲ ਨਜਿੱਠ ਲਿਆ। ਹਾਲੇ ਵੇਲਾ ਹੈ, ਕਾਰਸਤਾਨੀ ਨੂੰ ਪੁਣ-ਛਾਣ ਕਰਨ ਦੇ ਮੌਕਾ ਵਜੋਂ ਸਮਝੀਏ, ਜਿੱਥੋਂ ਅੰਦੋਲਨ ਦਾ ਸੁਭਾਅ ਬਦਲਿਆ। ਹੁਣ ਇਹ ਹੋਰ ਗਹਿਰਾ, ਸੁਚੇਤ, ਸੁਜੱਗ, ਸੰਜੀਦਾ, ਚੁਕੰਨਾ ਹੋਇਆ ਹੈ। ਸਾਨੂੰ ਜ਼ੁਬਾਨ (ਦਾਅਵੇ, ਨਾਅਰੇ, ਤਕਰੀਰਾਂ) ਦੇ ਨਾਲ ਸੰਵੇਦਨਾ(ਅੱਥਰੂ) ਦਾ ਦਵੰਦਵਾਦੀ ਨਾਤਾ ਸਮਝ ਆ ਰਿਹਾ ਹੈ। ਹੋਸ਼ਿਆਰ! ਖ਼ਬਰਦਾਰ! ਹੁਣ ਅਸੀਂ ਸੰਭਾਲਾ ਲਿਆ ਹੈ। ਬੱਸ ਡਟ ਕੇ ਪਹਿਰਾ ਦੇਣਾ ਹੈ, ਜਾਗਦੇ ਰਹਿਣਾ ਹੈ ਕਿਉਂਕਿ ਬੁੱਲ੍ਹੇ ਸ਼ਾਹ ਦਾ ਹੋਕਾ ਹੈ-

                       ਉੱਠ ਜਾਗ ਘੁਰਾੜੇ ਮਾਰ ਨਹੀਂ ।

                       ਇਹ ਸੌਣ ਤੇਰੇ ਦਰਕਾਰ ਨਹੀਂ ।

ਸਮਾਂ ਸਾਥੋਂ ਇਹਨਾਂ ਦਿਨਾਂ ਦੀ ਜਵਾਬਦੇਹੀ ਮੰਗੇਗਾ, ਉਸ ਫ਼ਸਲ ਦੇ ਮੱਥੇ ਲੱਗਣ ਤੋਂ ਪਹਿਲਾਂ ਸਾਡੇ ਹੱਥ-ਪੱਲੇ ਜ਼ਰੂਰ ਕੁਝ ਹੋਵੇ, ਜਿਸਨੂੰ ਬੀਜ ਕੇ ਆਏ ਸਾਂ ਤੇ ਜਾ ਕੇ ਇਕੱਠੀ ਕਰਨੀ ਹੈ। ਸ਼ਾਲਾ! ਕੁੱਲ ਕਿਸਾਨੀ ਲਈ ਖੁਸ਼ਹਾਲ ਵਿਸਾਖੀ ਆਵੇ। ਚੜ੍ਹਦੀ ਕਲਾ! ਜ਼ਿੰਦਾਬਾਦ!

(ਫੋਟੋ ਕ੍ਰੈਡਿਟ ਅਵਨੀ ਰਾਏ)