ਸਰਮਾਏਦਾਰੀ ਨੇ ਲੋਕਰਾਜ ਨੂੰ ਕਿਵੇਂ ਖੋਰਾ ਲਾਇਆ

ਗੁਰਸਾਹਿਬਾ ਗਿੱਲ
    

ਭਾਰਤੀ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਖਪਤਕਾਰਾਂ ਦੀ ਕੀਮਤ ‘ਤੇ ਸਰਮਾਏਦਾਰੀ ਅਤੇ ਫਾਸ਼ੀਵਾਦ ਦੇ ਭਿਆਨਕ ਅਤੇ ਵਿਨਾਸ਼ਕਾਰੀ ਮੇਲ ਦੀ ਕਹਾਣੀ 


ਜਦੋਂ ਘੱਟਗਿਣਤੀ ਧਰਮ ਦੇ ਬੇਜ਼ਮੀਨੇ ਮਜ਼ਦੂਰ ਨੌਜਵਾਨਾਂ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਅੰਦੋਲਨ ਵਿਚ ਹਕੂਮਤੀ ਜਾਬਰਾਂ ਵੱਲੋਂ ਕੁੱਟਿਆ ਜਾਂਦਾ ਹੈ ਅਤੇ ਓਹ ਇਨਕਲਾਬ ਦਾ ਚਿਹਰਾ ਬਣ ਜਾਂਦੇ ਹਨ। ਤੁਸੀਂ ਜਾਣਦੇ ਹੋ ਕਿ ਅੱਧਿਓਂ ਵੱਧ ਲੜਾਈ ਤੁਸੀਂ ਓਦੋਂ ਹੀ ਜਿੱਤ ਚੁੱਕੇ ਹੋ। ਅਗਸਤ 2020 ਵਿਚ ਗੈਰ-ਸੰਵਿਧਾਨਕ ਤਰੀਕੇ ਨਾਲ਼਼ ਪਾਸ ਕੀਤੇ ਖੇਤੀ ਬਿੱਲਾਂ ਵਿਰੁੱਧ ਗੁੱਸੇ ਵਜੋਂ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ ਆਖਰਕਾਰ ਵਿਸ਼ਵ ਵਿਆਪੀ ਪੱਧਰ 'ਤੇ ਪਹੁੰਚ ਗਿਆ ਅਤੇ ਪੂਰੇ ਭਾਰਤ ਦੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਦਾ ਘਿਰਾਓ ਕਰਨ ਲਈ ਪ੍ਰੇਰਿਤ ਕੀਤਾ। ਫਿਰਕਾਪ੍ਰਸਤ ਮੀਡੀਆ ਅਤੇ ਬਦਨਾਮ ਆਈਟੀਸੈੱਲ ਨੇ ਫਿਰਕੂ ਤਣਾਅ ਪੈਦਾ ਕਰਨ ਲਈ ਬਹੁਤ ਕੋਸ਼ਿਸ਼ ਕੀਤੀ। ਇਸ ਅੰਦੋਲਨ ਨੂੰ ਵੱਖਵਾਦੀ ਬਿਰਤਾਂਤ ਦਿੱਤਾ ਗਿਆ। ਪਰ ਹਰ ਵਾਰ ਜਦੋਂ ਉਹ ਇਕ ਘੱਟਗਿਣਤੀ ਸਮੂਹ ਨੂੰ ਚੁਣਦੇ ਹਨ, ਉਨ੍ਹਾਂ ਦੀਆਂ ਚਾਲਾਂ ਉਲਟ ਪੈ ਜਾਂਦੀਆਂ ਹਨ। ਹਉਮੈਵਾਦੀ ਸਰਮਾਏਦਾਰਾਂ ਦਾ ਸਮਰਥਨ ਪ੍ਰਾਪਤ ਇਹ ਹੰਕਾਰੀ ਆਗੂ ਭੁੱਲ ਜਾਂਦੇ ਹਨ ਕਿ ਉਹ ਉਹਨਾਂ ਲੋਕਾਂ ਨੂੰ ਦੇਸ਼ ਭਗਤੀ ਦੀ ਸਿੱਖਿਆ ਦੇ ਰਹੇ ਹਨ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਇਸ ਦੇਸ਼ ਦੀ ਮਿੱਟੀ ਅਤੇ ਜ਼ਮੀਨ ਦੀ ਕਾਸ਼ਤ ਵਿਚ ਗੁਜ਼ਾਰਿਆ ਹੈ।


ਸਮੇਂ ਦੇ ਨਾਲ਼, ਇਹ ਵਿਰੋਧ ਪ੍ਰਦਰਸ਼ਨ ਪਹਿਲਾਂ ਨਾਲ਼ੋਂ ਮਜ਼ਬੂਤ ​​ਹੋ ਗਏ ਹਨ। ਇਹ ਹੁਣ ਓਹਨਾਂ ਤੱਕ ਹੀ ਸੀਮਤ ਨਹੀਂ ਹਨ ਜੋ ਖੇਤੀਬਾੜੀ ਖੇਤਰ ਵਿਚ ਕੰਮ ਕਰਦੇ ਹਨ। ਇਹ ਇਨਕਲਾਬ ਵਿਰੋਧਾਂ ਦੇ ਗਰਮ-ਚਸ਼ਮਿਆਂ ਦਾ ਸਿਖ਼ਰ ਹੈ, ਜੋ ਕਿ ਇਸ ਸਰਕਾਰ ਦੇ ਰਾਜ ਵਿਚ ਹਜ਼ਾਰਾਂ ਜਥੇਬੰਦੀਆਂ ਅਤੇ ਲੋਕਾਂ ਦੁਆਰਾ ਵਾਰ-ਵਾਰ ਪ੍ਰਦਰਸ਼ਤ ਕੀਤਾ ਗਿਆ ਹੈ। ਸਾਡੀਆਂ ਇਤਿਹਾਸ ਦੀਆਂ ਪਾਠ ਪੁਸਤਕਾਂ ਵਿਚ ਸਮੋਈ ਏਕਤਾ ਹੁਣ ਦੇਸ਼ ਭਰ ਵਿਚ ਵੇਖੀ ਜਾ ਸਕਦੀ ਹੈ। ਭਾਰਤ ਵਿਚ ਪ੍ਰਦਰਸ਼ਨਕਾਰੀਆਂ ਨਾਲ਼ ਗੈਰ-ਜਮਹੂਰੀ ਵਤੀਰੇ ਖਿਲਾਫ਼ ਅੰਤਰਰਾਸ਼ਟਰੀ ਪੱਧਰ ‘ਤੇ ਰੋਹ, ਮਨੁੱਖੀ ਅਧਿਕਾਰਾਂ ਦੀ ਚਿੰਤਾ ਦਾ ਵੱਡਾ ਕਾਰਨ ਬਣਿਆ ਹੈ। ਇੰਟਰਨੈੱਟ ਕੁਨੈਕਸ਼ਨ ਖੋਹਣਾ, ਪਾਣੀ ਦੀ ਸਪਲਾਈ ਕੱਟਣਾ, ਧਾਰਮਿਕ ਪਛਾਣ ਦੇ ਆਧਾਰ ‘ਤੇ ਤੰਗ ਕਰਨਾ, ਭੀੜ ਨੂੰ ਨਿਰੰਤਰ ਭੜਕਾਉਣਾ, ਪੁਲਿਸ ਦੀ ਵਰਤੋਂ, ਗਲਤ ਜਾਣਕਾਰੀ ਫੈਲਾਉਣ ਲਈ ਪੱਖਪਾਤੀ ਮੀਡੀਏ ਦੀ ਦੁਰਵਰਤੋਂ ਕਰਨਾ ਅਤੇ ਡਰ ਪੈਦਾ ਕਰਕੇ ਬੁਨਿਆਦੀ ਹੱਕਾਂ ਨੂੰ ਕੁਚਲਿਆ ਗਿਆ ਹੈ। ਅਸੀਂ ਇਸ ਅਭਿਆਸ ਨੂੰ ਜਾਣਦੇ ਹਾਂ। ਇਹ ਪਹਿਲੀ ਵਾਰ ਨਹੀਂ ਜਦੋਂ ਉਹ ਘੱਟਗਿਣਤੀ ਖ਼ਿਲਾਫ਼ ਗੈਂਗਵਾਰ ਹੋਏ ਹਨ ਅਤੇ ਇਹ ਦੁਹਰਾਵਟੀ ਚਾਲਾਂ ਹੁਣ ਮਕਸਦ ਦੀ ਪੂਰਤੀ ਨਹੀਂ ਕਰ ਰਹੀਆਂ।


ਸਰਕਾਰ ਨੇ ਇਕ ਤਾਂ ਇਨਕਲਾਬ ਦੀ ਤਾਕਤ ਅਤੇ ਦੂਜਾ ਲੋਕਾਂ ਦੀ ਕਾਨੂੰਨੀ ਗੁੰਝਲ ਨੂੰ ਸਮਝਣ ਦੀ ਵਿਸ਼ਲੇਸ਼ਣਾਤਮਕ ਯੋਗਤਾ ਨੂੰ ਨਜ਼ਰਅੰਦਾਜ ਕੀਤਾ ਹੈ। ਇਹ ਭੈੜੇ ਖੇਤੀ ਕਾਨੂੰਨ ਖੇਤੀਬਾੜੀ ਖੇਤਰ ਅਤੇ ਸਭ ਖਪਤਕਾਰਾਂ ਨੂੰ ਉਹਨਾਂ ਦੀ ਜਾਤ, ਨਸਲ, ਧਰਮ ਅਤੇ ਲਿੰਗ ਦੀ ਪਰਵਾਹ ਕੀਤੇ ਬਿਨਾਂ ਬਰਾਬਰ ਹੀ ਪ੍ਰਭਾਵਿਤ ਕਰਨਗੇ। ਕੀਮਤਾਂ ਵਿਚ ਵਾਧੇ ਤੋਂ ਲੈ ਕੇ ਕੁਝ ਬੁਨਿਆਦੀ ਅਤੇ ਰੋਜ਼ਾਨਾ ਭੋਜਨ ਦੀਆਂ ਵਸਤਾਂ ਨੂੰ ਜ਼ਰੂਰੀ ਚੀਜ਼ਾਂ ਦੀ ਸੂਚੀ ਵਿਚੋਂ ਹਟਾਉਣ ਤੱਕ, ਇਸ ਜ਼ਬਰਦਸਤੀ ਵਾਲੇ ਵਿਆਹ ਵਿਚ ਲਾੜੀ ਦੇ ਮਖੌਟੇ ਪਿੱਛੇ ਸਰਬਨਾਸ਼ ਹੈ। ਇਹ ਬਿੱਲ ਹਰ ਕਿਸੇ ਦੇ ਸੁਰੱਖਿਆ ਜਾਲ ਨੂੰ ਖੋਹ ਰਹੇ ਹਨ।


ਮਰਨ ਵਾਲਿਆਂ ਦੀ ਗਿਣਤੀ ਵਿਚ ਮੰਦਭਾਗਾ ਵਾਧਾ ਅਤੇ ਸਰਕਾਰ ਦੇ ਵਹਿਸ਼ੀ ਤੇ ਮਤਰੇਏ ਵਤੀਰੇ ਨੇ ਸਾਡੇ ਦੇਸ਼ ਦੇ ਰਾਜਨੀਤਿਕ ਆਗੂਆਂ ਦੇ ਅਸਲ ਰੰਗ ਦਿਖਾਏ ਹਨ। ਸਾਡਾ ਲੋਕਰਾਜ ਵਿਕਰੀ ਲਈ ਹੈ ਅਤੇ ਸਭ ਤੋਂ ਵੱਧ ਬੋਲੀ ਦੇਣ ਵਾਲਾ ਆਪਣੀ ਪਸੰਦ ਦੇ ਕਿਸੇ ਵੀ ਖੇਤਰ ਦਾ ਨਿੱਜੀਕਰਨ ਕਰ ਸਕਦਾ ਹੈ। ਨਾਗਰਿਕਾਂ ਨੂੰ ਸੂਚਿਤ ਕਰਨਾ, ਗਲਤ ਜਾਣਕਾਰੀ ਦੀ ਮਹਾਂਮਾਰੀ ਨਾਲ਼ ਲੜਨਾ, ਲਾਪਤਾ ਹੋਏ ਜਾਂ ਜੇਲ੍ਹਾਂ ‘ਚ ਸੁੱਟੇ ਪ੍ਰਦਰਸ਼ਨਕਾਰੀਆਂ ਦੀ ਪੈਰਵਾਈ, ਉਹਨਾਂ ਲਈ ਇਨਸਾਫ਼ ਦੀ ਮੰਗ ਕਰਨਾ ਅਤੇ ਚੌਕੰਨੇ ਰਹਿਣਾ ਸਮੇਂ ਦੀ ਲੋੜ ਹੈ। ਸਾਨੂੰ ਲੋੜ ਹੈ ਕਿ ਇਸ ਲੋਕ ਲਹਿਰ ਦੀ ਹਮਾਇਤ ਲਈ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ, ਰੈਲੀਆਂ, ਵਿਚਾਰ-ਵਟਾਂਦਰੇ ਅਤੇ ਸੱਭਿਆਚਾਰਕ ਸਮਾਗਮ ਆਯੋਜਨ ਕਰਨ ਦੀ ਲੋੜ ਹੈ। ਭੋਜਨ, ਕਾਨੂੰਨ, ਭਾਵ ਹਰ ਖੇਤਰ ਵਿਚ ਲਾਗੂ ਹੋ ਰਹੇ ਕਿਸੇ ਵੀ ਨਵੇਂ ਕਾਨੂੰਨਾਂ ਅਤੇ ਤਬਦੀਲੀਆਂ ਦੀ ਜਾਣ-ਪਛਾਣ ਅਤੇ ਪੜਤਾਲ ਦੀ ਲੋੜ ਹੈ। ਲੋੜ ਹੈ ਇਸ ਅੰਦੋਲਨ ਨੂੰ ਆਤਮ-ਜਾਂਚ, ਅੰਦਰੂਨੀ ਜਾਤੀਵਾਦ ਅਤੇ ਪੁਰਸ਼ਵਾਦ ਨੂੰ ਠੱਲ ਪਾਉਣ ਲਈ ਇਸਤੇਮਾਲ ਕਰਨ ਦੀ ਜੋ ਸਾਡੇ ਖੇਤੀਬਾੜੀ ਖੇਤਰ ਨੂੰ ਪ੍ਰੇਸ਼ਾਨ ਕਰਦੇ ਹਨ। ਸੋਸ਼ਲ ਮੀਡੀਆ ਨੂੰ ਆਪਸ ਵਿਚ ਜੁੜਣ ਲਈ ਅਤੇ ਪੁਖਤਾ ਖਬਰਾਂ ਨੂੰ ਵਧਾਉਣ ਦੇ ਸਾਧਨ ਦੇ ਤੌਰ ਤੇ ਵਰਤੋ। ਪ੍ਰਦਰਸ਼ਨਕਾਰੀਆਂ ਨੂੰ ਦੱਸੀਏ ਕਿ ਅਸੀਂ ਹਾਂ ਉਨ੍ਹਾਂ ਪਿੱਛੇ। ਉਨ੍ਹਾਂ ਦੀਆਂ ਕੁਰਬਾਨੀਆਂ ਅਣਗੌਲੀਆਂ ਜਾਂ ਵਿਅਰਥ ਨਹੀਂ ਜਾਣਗੀਆਂ।


ਅਸੀਂ ਜਿੱਤਾਂਗੇ, ਅਸੀਂ ਜਿੱਤ ਚੁੱਕੇ ਹਾਂ, ਸਾਡੀ ਜਿੱਤ ਦਾ ਐਲਾਨ ਹੋਣਾ ਕੇਵਲ ਬਾਕੀ ਹੈ।


ਜਿੱਤ ਅਸੀਂ ਗਏ ਹਾਂ , ਐਲਾਨ ਹੋਣਾ ਬਾਕੀ ਹੈ।

जीत हम गए हैं, ऐलान होना बाक़ी है ।

جیت ہم گئے ہیں بس اعالن باقی ہہہ