ਔਰਤ ਨਾਲ਼ ਦੁਰਵਿਹਾਰ ਅਤੇ ਸਮਾਜ

ਨੋਸ਼ੀਨ ਅਲੀ
    

ਔਰਤਾਂ ਨੂੰ ਜਿਸਮਾਨੀ ਜਾਂ ਜਿਹਨੀ ਤੌਰ ਤੇ ਤੰਗ ਪ੍ਰੇਸ਼ਾਨ ਕਰਨਾ ਕੁਝ ਕੁ ਘਟਨਾਵਾਂ ਤੱਕ ਮਹਿਦੂਦ ਨਹੀਂ ਹੈ। ਇਹ ਨਰ ਪ੍ਰਧਾਨ ਸਮਾਜ ਦੇ ਢਾਂਚੇ ਦਾ ਵਰਤਾਰਾ ਹੈ, ਜਿਸ ਵਿਚ ਔਰਤਾਂ ਗੈਰ ਜ਼ਰੂਰੀ, ਘਟੀਆ ਅਤੇ ਹੇਠਲੇ ਦਰਜੇ ਦੀਆਂ ਮੰਨੀਆਂ ਜਾਂਦੀਆਂ ਹਨ। ਜਿੰਨਾ ਦਾ ਮੁੱਖ ਕੰਮ ਮੁਫ਼ਤ ਵਿਚ ਘਰ ਦੇ ਕੰਮ ਕਰਨਾ ਅਤੇ ਭੋਗ ਦੀਆਂ ਵਸਤਾਂ ਬਣ ਕੇ ਸੇਵਾ ਕਰਨਾ ਹੈ।


ਅਸੀਂ ਵਿਸ਼ਵ ਪੱਧਰ ‘ਤੇ ਨਰ ਪ੍ਰਧਾਨ ਗਲਬੇ ਦੇ ਖਿਲਾਫ਼ ਇਨਕਲਾਬ ਦੇਖ ਰਹੇ ਹਾਂ। ਇਸ ਜਬਰ ਖਿਲਾਫ਼ ਰੋਸ ਇੰਨਾ ਤਿੱਖਾ ਹੋ ਗਿਆ ਹੈ ਕਿ ਔਰਤਾਂ ਖੁਦ ਆਪਣੀ ਆਵਾਜ਼ ਦਾ ਸਨਮਾਨ ਕਰਨ ਲਈ ਵੀ ਸੰਘਰਸ਼ ਕਰ ਰਹੀਆਂ ਹਨ। ਸਾਨੂੰ ਬਚਪਨ ਤੋਂ ਹੀ ਆਪਣੇ ਆਪ ਨੂੰ ਜਾਂ ਆਪਣੀ ਹੋਂਦ ਨੂੰ ਭੁੱਲਣਾ ਸਿਖਾਇਆ ਜਾਂਦਾ ਹੈ। ਸਾਨੂੰ ਸ਼ੁਰੂ ਤੋਂ ਹੀ ਕਿਸੇ ਦੇ ਤਹਿਤ ਰਹਿਣਾ ਅਤੇ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ। ਅਸੀਂ ਤਸ਼ੱਦਦ ਨੂੰ ਮਹਿਸੂਸ ਕਰਨਾ ਅਤੇ ਨਾਲ਼ ਦੀ ਨਾਲ਼ ਭੁੱਲ ਜਾਣਾ ਸਿੱਖਿਆ ਹੈ, ਕਿ ਕਿਤੇ ਸਾਨੂੰ ਕੋਈ ਬਦ ਇਖਲਾਕ ਨਾ ਕਹਿ ਦੇਵੇ। ਅਸੀਂ ਬਹੁਤ ਹੀ ਸ਼ਰਮਸ਼ਾਰ ਜਾਂ ਸ਼ੱਕੀ ਜੀਵ ਹਾਂ।


ਜੇਕਰ ਅਸੀਂ ਤੁਹਾਨੂੰ ਜਾਂ ਹਿੰਸਾ ਨੂੰ ਬੇਨਕਾਬ ਕਰਦੇ ਹਾਂ ਤਾਂ ਇਹ ਬਿਲਕੁਲ ਆਪਣੇ ਆਪ ਨੂੰ ਬੇਨਕਾਬ ਕਰਨ ਦੇ ਬਰਾਬਰ ਹੈ। ਤੁਹਾਡਾ ਜੁਰਮ ਸਾਡਾ ਜੁਰਮ ਬਣ ਜਾਂਦਾ ਹੈ। ਤੁਹਾਡੀ ਹਿੰਸਾ ਸਾਡਾ ਦੋਸ਼ ਅਤੇ ਸ਼ਰਮ ਬਣ ਜਾਂਦੇ ਹਨ। ਇਹ ਕਿੰਨਾ ਗੈਰਭਰੋਸੇ ਵਾਲਾ ਸਿਸਟਮ ਹੈ। ਇਸ ਸਿਸਟਮ ਵਿਚ ਬੋਲਣ ਦਾ ਕੋਈ ਤਰੀਕਾ ਨਹੀਂ ਹੈ। ਇਹ ਇਕ ਬੰਦ ਸਿਸਟਮ ਹੈ ਜਿਸਦੇ ਲਈ ਸਾਨੂੰ ਪਹਿਲਾਂ ਤੋਂ ਈ ਤਿਆਰ ਕੀਤਾ ਜਾਂਦਾ ਹੈ।


ਜਨਮ ਤੋਂ ਹੀ, ਡੂੰਘੇ ਅਵਚੇਤਨ ਵਿਚ ਪਏ ਹਜ਼ਾਰਾਂ ਸਾਲ ਤੋਂ ਹੁੰਦੇ ਆਏ ਜੁਲਮਾਂ ਤੋਂ ਅਸੀਂ ਮੂੰਹ ਬੰਦ ਰੱਖਣਾ ਸਿੱਖਿਆ ਹੈ। ਅਸੀਂ ਆਪਣੀਆਂ ਪੈਂਟੀਜ ਧੋ ਲਈਆਂ, ਆਪਣੇ ਹੰਝੂ ਧੋ ਲਏ, ਅਸੀਂ ਸ਼ਰਮਸਾਰ ਹੋ ਗਏ, ਅਸਾਂ ਤੁਹਾਡੇ ਜੁਰਮਾਂ ਉੱਤੇ ਪਰਦੇ ਪਾਏ। ਸਾਨੂੰ ਤੁਹਾਡੀ ਸਰਪ੍ਰਸਤੀ ਵਾਲੇ ਸਿਸਟਮ ਵਿਚ ਜਿਉਣਾ ਪਿਆ ਅਤੇ ਬਦਲਾ ਲੈਣ ਦੀ ਭਾਵਨਾ ਤੋਂ ਆਪਣੇ ਆਪ ਨੂੰ ਰੋਕਣਾ ਪਿਆ।


ਅਸੀਂ ਅਣਦੇਖਿਆਂ ਕਰਨਾ ਸਿੱਖਿਆ ਹੈ, ਨਜ਼ਰਅੰਦਾਜ ਕਰਨਾ ਸਿੱਖਿਆ ਹੈ, ਆਪਣੀ ਸਮਝ ਦੀ ਯੋਗਤਾ ਨੂੰ ਗਵਾਉਣਾ ਸਿੱਖਿਆ ਹੈ। ਸਾਨੂੰ ਸਧਾਰਣਤਾ ਦਾ ਵਿਖਾਵਾ ਕਰਨ ਲਈ ਹੋਰ ਤਾਂ ਹੋਰ ਇਸ ਬਾਰੇ ਖੁਸ਼ ਹੋਣ ਲਈ ਵੀ ਯੋਜਨਾਬੱਧ ਤਰੀਕੇ ਨਾਲ਼ ਕੰਡੀਸ਼ਨ ਕੀਤਾ ਜਾਂਦਾ ਹੈ। ਅਸੀਂ ਤੁਹਾਨੂੰ ਇਸ ਗੱਲ ਦਾ ਪਤਾ ਨਹੀ ਲੱਗਣ ਦਿੰਦੇ ਕਿ ਅਸੀਂ ਸਭ ਦੇਖ ਲਿਆ ਹੈ। ਅਸੀਂ ਕੀ ਕੁਝ ਸਹਿਣ ਕੀਤਾ ਹੈ, ਇਹ ਅਸੀਂ ਕਿਸੇ ਨੂੰ ਨਹੀਂ ਦਿਖਾ ਸਕਦੇ। ਸਾਨੂੰ ਕੋਈ ਨਹੀਂ ਸੁਣੇਗਾ ਅਤੇ ਨਾ ਹੀ ਕੋਈ ਯਕੀਨ ਕਰੇਗਾ।


ਇਹ ਇਸੇ ਤਰ੍ਹਾਂ ਹੀ ਹੋਣਾ ਸੀ। ਤੁਹਾਡੇ ਹੱਕ, ਸਾਡੀਆਂ ਜਿੰਮੇਵਾਰੀਆਂ। ਤੁਹਾਡੇ ਅਧਿਕਾਰ, ਸਾਡੀ ਕਿਸਮਤ। ਅਸੀਂ ਤੁਹਾਡੀਆਂ ਇੱਛਾਵਾਂ ਦੇ, ਦੁਰਵਿਹਾਰ ਦੇ ਗੁਲਾਮ, ਤੁਹਾਡਾ ਬੋਝ ਉਠਾਉਣ ਵਾਲੇ ਜਾਨਵਰ। ਤੁਸੀਂ ਸਾਡੇ ਹਾਕਮ ਅਤੇ ਮਾਲਿਕ। ਅਸੀਂ ਜਾਇਦਾਦ ਤੇ ਤੁਸੀਂ ਉਸਦੇ ਮਾਲਿਕ, ਜਿਸ ਨੂੰ ਜਦੋਂ ਚਾਹੇ ਵਰਤਿਆ ਜਾ ਸਕੇ, ਦੁਰਵਿਹਾਰ ਕੀਤਾ ਜਾ ਸਕੇ, ਅਤੇ ਜਦੋਂ ਮਰਜ਼ੀ ਛੱਡ ਦਿੱਤਾ ਜਾਵੇ।


ਅਸੀਂ ਕੋਈ ਵੀ ਨਹੀਂ, ਸਿਰਫ਼ ਇਕ ਸਰੀਰ ਹਾਂ। ਅਸੀਂ ਕੋਈ ਵੀ ਨਹੀਂ, ਬਸ ਇਕ ਸਰੀਰ ਹਾਂ। ਤੁਹਾਨੂੰ ਪਤਾ ਹੈ ਅਸੀਂ ਕੀ ਹਾਂ? ਹੁਣ ਸਾਡੀ ਬੱਸ ਹੈ। ਹੁਣ ਅਸੀਂ ਗੱਲ ਕਰਨੀ ਸ਼ੁਰੂ ਕੀਤੀ ਹੈ ਅਤੇ ਸਾਡੀ ਗੱਲਬਾਤ ਇਨਕਲਾਬੀ ਹੈ। ਅਸੀਂ ਰੋਹ ਭਰੇ ਮਨ ਨਾਲ਼ ਇਸ ਸਿਸਟਮ ਨੂੰ ਤੋੜਣਾ ਚਾਹੁੰਦੇ ਹਾਂ ਅਤੇ ਇਨਸਾਨੀਅਤ ਨੂੰ ਨਵੇਂ ਸਿਰਿਓਂ ਸਿਰਜਣਾ ਚਾਹੁੰਦੇ ਹਾਂ। ਅਸੀਂ ਇਸ ਡਰਾਉਣੇ ਅਤੇ ਦਬਾਉਣ ਵਾਲੇ ਕਲਚਰ ਤੋਂ ਮੁਨਕਰ ਹਾਂ। ਅਸੀਂ ਆਪਣੇ ਰਸਤੇ ਵਿਚ ਪਏ ਉਹ ਸਭ ਪੱਥਰਾਂ ਨੂੰ ਜੋਰ ਨਾਲ਼ ਪਰ੍ਹਾਂ ਸੁੱਟ ਦੇਣਾ ਚਾਹੁੰਦੇ ਹਾਂ। ਅਸਲ ਵਿਚ ਤੁਸੀਂ ਕਿਸਮਤ ਵਾਲੇ ਹੋ ਕਿ ਇਸ ਵੇਲੇ ਅਸੀਂ ਬਹੁਤ ਚੰਗਾ ਵਿਹਾਰ ਕਰ ਰਹੇ ਹਾਂ। ਅਸੀਂ ਕਿੰਨੇ ਸ਼ਾਂਤ ਅਤੇ ਸਲੀਕੇਦਾਰ ਹਾਂ। ਦੇਖਿਆ ਸਾਨੂੰ ਸਲੀਕੇ ਨਾਲ਼ ਰਹਿਣ ਦੀ ਅਤੇ ਮੁਆਫ਼ ਕਰਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਤੁਸੀਂ ਦੇਖੋ ਅਸੀਂ ਕਿੰਨੀ ਤੇਜ਼ੀ ਨਾਲ਼ ਬਦਲ ਰਹੇ ਹਾਂ। ਉਹ ਸਬਰ ਅਤੇ ਗਵਾਹੀ ਵਾਲੇ ਦਿਨ ਗਏ। ਸਾਡੇ ਗੁੱਸੇ ਤੋਂ ਸਾਵਧਾਨ ਰਹੋ।


ਇਹ ਗੁੱਸਾ ਤੁਹਾਡੇ ਵਾਂਗ ਨਹੀਂ ਹੈ। ਸਾਡਾ ਗੁੱਸਾ ਸਾਡਾ ਪਿਆਰ ਹੈ। ਅਸੀਂ ਆਪਣੇ ਆਪ ਨੂੰ ਅਤੇ ਸਭ ਨੂੰ ਪਿਆਰ ਕਰਦੇ ਹਾਂ। ਅਸੀਂ ਉਸਾਰਦੇ ਹਾਂ, ਸੁਪਨੇ ਵੇਖਦੇ ਹਾਂ, ਚਿੰਤਾ ਵੀ ਕਰਦੇ ਹਾਂ। ਅਸੀਂ ਉਜੜੇ ਹੋਏ ਵੀ ਪਿਆਰ ਅਤੇ ਉਮੀਦ ਕਰਦੇ ਹਾਂ। ਅਸੀਂ ਸਭ ਭੇਦ-ਭਾਵ ਖਤਮ ਕਰਨ ਦੀ ਇੱਛਾ ਰੱਖਦੇ ਹਾਂ। ਅਸੀਂ ਸਿਰਫ਼ ਵਿਰੋਧ ਨਹੀਂ, ਸਗੋਂ ਆਪਣੀ ਹੋਂਦ ਨੂੰ ਦੁਬਾਰਾ ਪਾਉਣਾ ਚਾਹੁੰਦੇ ਹਾਂ। ਬੱਸ, ਹੁਣ ਹੋਰ ਨਹੀਂ ਸਹਾਂਗੇ।