ਵਸਰਾਂਦ

    

ਅੰਦੋਲਨ ਪਵਿੱਤਰ ਹੈ। ਇਸ ਲਈ ਕਿ ਅੰਦੋਲਨ ਵਿਚ ਸਮਰੱਥਾ ਹੈ - ਸਿਸਟਮ ਵੱਲ ਤੇ ਆਪਣੇ ਆਪ ਵੱਲ ਘੋਖਵੀਂ ਅੱਖ ਨਾਲ਼ ਦੇਖਣ ਦੀ। ਸਿਸਟਮ ਦੇ ਨਾਲ਼ ਨਾਲ਼ ਸਿਆਸੀ ਬਦਲਾਅ ਲਈ ਉਜਰ ਕਰ ਰਿਹਾ ਇਹ ਸੰਘਰਸ਼ ਸਾਡੇ ਲਈ ਹੋਰ ਵੀ ਬਹੁਤ ਕੁਝ ਨਵਾਂ ਸਿਰਜ ਸਕਦਾ ਹੈ। ਅੰਦੋਲਨਕਾਰੀ ਸਮਾਜ ਵਿਚੋਂ ਹੀ ਆਏ ਹਨ। ਬਿਹਤਰ ਸਮਾਜ ਦੀ ਸਿਰਜਣਾ ਤੋਂ ਬਿਨਾਂ ਅੰਦੋਲਨ ਦੇ ਮਿੱਥੇ ਅਤੇ ਅਣ-ਮਿੱਥੇ ਟੀਚੇ ਪੂਰੇ ਹੋ ਕੇ ਵੀ ਨਾ-ਪ੍ਰਾਪਤੀਆਂ ਦੇ ਬਰਾਬਰ ਹੋਣਗੇ। ਸਚਾਈ ਇਹ ਹੈ ਕਿ ਲੈ ਦੇ ਕੇ ਅੰਦੋਲਨ ਬਾਰੇ ਸੁਹਿਰਦ ਆਲੋਚਨਾ ਕਰਨਾ ਬੇਅਦਬੀ ਹੋ ਨਿੱਬੜਦਾ ਹੈ। ਇਸ ਧਿਰ ਜਾਂ ਉਸ ਧਿਰ ਦੀ ਅੰਦੋਲਨ ਖ਼ਿਲਾਫ਼ ਚਾਲ ਸਮਝ ਲਿਆ ਜਾਂਦਾ ਹੈ। ਅੰਦੋਲਨ ਨੂੰ ਢਾਅ ਲਾਉਣ ਵਾਲੇ ਦਾਅ ਪੇਚ ਕਹਿ ਕੇ ਨਿੰਦ ਦਿੱਤਾ ਜਾਂਦਾ ਹੈ। ਅੰਦੋਲਨਕਾਰੀ, ਸਮਾਜ ਦੇ ਚਲਦੇ ਆ ਰਹੇ ਵਰਤਾਰਿਆਂ ਦਾ ਹੀ ਹਿੱਸਾ ਨੇ। ਓਹਨਾਂ ਵਿਚ ਵੀ ਖ਼ਾਮੀਆਂ ਨੇ। 


ਜਦੋਂ ਔਰਤਾਂ ਦੀ ਗੱਲ ਹੁੰਦੀ ਹੈ ਤਾਂ ਅਸੀਂ ਉਹਨਾਂ ਤੋਂ ਸ਼ਮੂਲੀਅਤ ਤਾਂ ਚਾਹੁੰਦੇ ਹਾਂ, ਪਰ ਜੇ ਗੱਲ ਆਵੀਂ ਨੀਵੀਂ ਹੋਜੇ ਤਾਂ ਕਸੂਰ ਔਰਤ ਦੇ ਸਿਰ ‘ਤੇ ਮੜ੍ਹ ਦਿੱਤਾ ਜਾਂਦਾ ਹੈ। ਇਕ ਵੱਡੀ ਕਿਸਾਨ ਜਥੇਬੰਦੀ ਨਾਲ਼ ਜੁੜੀ ਔਰਤ ਆਗੂ ਹੋਰ ਔਰਤਾਂ ਨੂੰ ਲਾਮਬੰਦ ਕਰਕੇ 26 ਨਵੰਬਰ ਤੋਂ ਹੀ ਮੋਰਚੇ ‘ਤੇ ਡਟੀ ਰਹੀ, ਹੋਰ ਔਰਤਾਂ ਨੂੰ ਲਾਮਬੰਦ ਕਰਕੇ ਜੱਥੇ ਲਿਆਉਂਦੀ ਰਹੀ। ਇਕ ਰਾਤ ਟਰਾਲੀ ਵਿਚ ਸੁੱਤੀ ਪਈ ਨੂੰ ਉਸ ਤੋਂ ਅੱਧੀ ਉਮਰ ਦਾ ਮੁੰਡਾ ਸ਼ਰਾਬ ਪੀ ਕੇ ਤੰਗ ਕਰਦਾ ਹੈ। ਜਦ ਉਹ ਜਥੇਬੰਦੀ ਨਾਲ਼ ਗੱਲ ਕਰਦੀ ਹੈ ਤਾਂ ਤਫਤੀਸ਼ ਕੀਤੀ ਜਾਂਦੀ ਹੈ ਕਿ ਗ਼ਲਤ ਕੌਣ ਸੀ। ਉਹ ਇਕੱਲੀ ਟਰਾਲੀ ‘ਚ ਲੰਮੀ ਈ ਕਿਓਂ ਪਈ ਸੀ। ਸਬੂਤ ਲਿਆਓ। ਮਹੀਨੇ ਬਾਅਦ ਚੋਰੀ ਦੇ ਇਲਜ਼ਾਮ ਲਾ ਕੇ ਔਰਤ ਬਰਖ਼ਾਸਤ ਕਰ ਦਿੱਤੀ ਜਾਂਦੀ ਹੈ ਤੇ ਮੁੰਡਾ ਓਸੇ ਤਰਾਂ ਹੀ ਔਰਤ ਦਿਹਾੜੇ ਤੇ ਸਟੇਜਾਂ ਤੋਂ ਔਰਤਾਂ ਦੀ ਸ਼ਮੂਲੀਅਤ ਬਾਰੇ ਭਾਸ਼ਨ ਦੇ ਰਿਹਾ ਹੁੰਦਾ ਹੈ। ਇਵੇਂ ਹੀ ਟਰਾਲੀ ਟਾਈਮਜ਼ ਅਖਬਾਰ ਵਿਚ ਵੀ ਹੋਇਆ। ਵੱਖ ਵੱਖ ਸ਼ਿਕਾਇਤਾਂ ਆਉਣ ‘ਤੇ ਵੀ ਵਰੁਣ ਚੌਹਾਨ ‘ਤੇ ਕੋਈ ਕਾਰਵਾਈ ਨਹੀਂ ਹੋਈ। ਸ਼ਿਕਾਇਤ ਕਰਨ ਵਾਲੀਆਂ ਕੁੜੀਆਂ ਤੋਂ ਸਬੂਤ ਮੰਗੇ ਗਏ। ਅਗਾਂਹਵਧੂ ਅਦਾਰਿਆਂ ਤੋਂ ਆਸਾਂ ਵੀ ਜ਼ਿਆਦਾ ਹੁੰਦੀਆਂ ਹਨ। ਪਰ ਉਹਨਾਂ ਵੱਲੋਂ ਮਸਲੇ ਨੂੰ ਲਮਕਾਉਣ ਜਾਂ ਉਲਟਾ ਔਰਤਾਂ ਖਿਲਾਫ਼ ਹੀ ਕਾਰਵਾਈ ਕਰਨ ਤੋਂ ਬਿਨਾਂ ਹੋਰ ਕੁਝ ਨ੍ਹੀਂ ਸਰਿਆ। 

 

ਅੰਦੋਲਨ ਪਵਿੱਤਰ ਹੈ। ਪਰ ਅੰਦੋਲਨਕਾਰੀ ਰੱਬ ਨਹੀਂ ਹਨ। ਇਸਦੀ ਪਵਿੱਤਰਤਾ ਕਾਇਮ ਰੱਖਣ ਦਾ ਭਾਰ ਔਰਤਾਂ, ਘੱਟ ਗਿਣਤੀਆਂ ਜਾਂ ਅੰਦੋਲਨ ‘ਚ ਸ਼ੋਸ਼ਿਤ ਹੋਣ ਵਾਲਿਆਂ ਉੱਪਰ ਨਹੀਂ ਹੈ। ਇਹ ਭਾਰ ਮਾੜੇ ਕੰਮ ਕਰਨ ਵਾਲੇ ‘ਤੇ ਹੈ। ਜੇ ਉਹ ਮਾੜਾ ਕੰਮ ਕਰਨ ਵਾਲਾ ਜਾਂ ਵਾਲੀ ਕਿਸੇ ਜਥੇਬੰਦੀ ਨਾਲ਼ ਹੈ ਜਾਂ ਕਿਸੇ ਅਦਾਰੇ ਨਾਲ਼ ਹੈ, ਤਾਂ ਇਹ ਭਾਰ ਉਸ ਅਦਾਰੇ/ਜਥੇਬੰਦੀ ‘ਤੇ ਵੀ ਹੈ। ਜਾਲਮ ਮੋਦੀ ਸਰਕਾਰ ਨਾਲ਼ ਲੜਦਿਆਂ ਅਸੀਂ ਆਪ ਜਾਲਮ ਨਹੀਂ ਬਣ ਜਾਣਾ। ਸਾਡੇ ਸਾਰਿਆਂ ‘ਚ ਇਕ ਕਿਸਮ ਦਾ ਜਾਲਮ ਵੱਸਦਾ ਹੈ - ਪਹੁੰਚੋਂ ਬਾਹਰ, ਆਪਣੇ ਆਪ ਨੂੰ ਰੱਬ ਮੰਨਣ ਵਾਲਾ, ਖਿਲਾਫ਼ ਬੋਲਣ ਵਾਲ਼ੇ ਨੂੰ ਤਬਾਹ ਕਰਨ ਵਾਲਾ, ਮਨਮੁਖ, ਆਪਣੇ ਔਗੁਣ ਨਾ ਸਮਝਣ ਵਾਲਾ, ਆਪਣੀ ਗਲਤੀ ਕਦੇ ਨਾ ਮੰਨਣ ਵਾਲਾ। 


ਅੰਦੋਲਨ ਦਾ ਇਕ ਮਕਸਦ ਆਪਣੇ ਆਪ ਵਿਚੋਂ ਇਸ ਜਾਲਮ ਨੂੰ ਲੱਭ ਕੇ ਮਾਰਨਾ ਵੀ ਹੈ। ਜਿਹੜਾ ਜਿੰਨਾ ਅਗਾਂਹਵਧੂ ਕਹਾਉਂਦਾ ਹੈ ਉਸ ਦੀ ਜਿੰਮੇਵਾਰੀ ਓਨੀ ਹੀ ਵੱਡੀ ਹੈ। ਮਸ਼ਹੂਰ ਕੌਮਾਂਤਰੀ ਰਸਾਲੇ ‘ਟਾਈਮਜ’ ਦੇ ਕਵਰ ‘ਤੇ ਅੰਦੋਲਨਕਾਰੀ ਔਰਤਾਂ ਦੀਆਂ ਫੋਟੋਆਂ ‘ਤੇ ਮਾਣ ਮਹਿਸੂਸ ਕਰਨਾ, ਟਵੀਟੋ-ਟਵੀਟ ਹੋਣਾ, ਪੋਸਟਾਂ ਪਾਉਣੀਆਂ ਅਤੇ ਸਾਂਝੀਆਂ ਕਰਨੀਆਂ ਬਹੁਤ ਹੀ ਸੌਖਾ ਕੰਮ ਹੈ। ਵਕ਼ਤ ਪਏ ਤੋਂ ਇਹਨਾਂ ਔਰਤਾਂ ‘ਤੇ ਯਕੀਨ ਕਰਨਾ, ਬਿਨਾਂ ਸ਼ਰਤਾਂ ਦੇ ਉਹਨਾਂ ਦੀ ਗੱਲ ਸੁਣਨਾ ਅਤੇ ਹਮਦਰਦੀ ਜਤਾਉਣੀ, ਇਹ ਅਜੇ ਅੰਦੋਲਨਕਾਰੀਆਂ - ਖਾਸ ਕਰ ਅਗਾਂਹਵਧੂ ਔਰਤਾਂ ਅਤੇ ਮਰਦਾਂ ਨੇ ਸਿੱਖਣਾ ਹੈ। ਇਸ ਲਈ ਪਹਿਲਾਂ ਆਪਣੇ ਅੰਦਰਲੇ ਜਾਲਮ ਨੂੰ ਮਾਰਨਾ ਪੈਣਾ ਹੈ।