ਲੋਕ ਸੰਘਰਸ਼ ਅਤੇ ਪੱਤਰਕਾਰੀ

ਜਸ਼ਨਪ੍ਰੀਤ ਕੌਰ ਸਿੱਧੂ
    

ਇਤਿਹਾਸਕ ਮੌਕਿਆਂ ਦਾ ਜੇ ਵੇਲੇ ਸਿਰ ਦਸਤਾਵੇਜ਼ੀਕਰਨ ਨਾ ਕੀਤਾ ਜਾਵੇ ਤਾਂ ਕੁਵੇਲੇ ਦੀਆਂ ਟੱਕਰਾਂ ਵਾਂਗੂੰ ਮੁੜ-ਮੁੜ ਉਹਨਾਂ ਹੀ ਤੱਥਾਂ ‘ਚ ਜੋੜ-ਘਟਾਉ ਕਰਕੇ ਮੌਕੇ-ਅਨੁਕੂਲ ਕੱਚਘਰੜ ਅਤੇ ਮਨਘੜ੍ਹਤ ਬਿਰਤਾਂਤ ਸਿਰਜੇ ਜਾਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਅਜਿਹਾ ਹੀ ਸਾਡੇ ਬਜ਼ੁਰਗਾਂ ਨਾਲ਼ ਹੋਇਆ ਹੈ, ਜਦੋਂ 1913 ਦੀ ਗ਼ਦਰ ਲਹਿਰ ਦੇ ਨਾਇਕਾਂ ਬਾਰੇ ਇਹ ਸਵਾਲ ਜਿਉਂ ਦਾ ਤਿਉਂ ਪਿਆ ਹੈ ਕਿ ਗ਼ਦਰੀ ਬਾਬੇ ਕੌਣ ਸਨ। ਇਕ ਧਿਰ ਉਹਨਾਂ ਨੂੰ ਸ਼ੁੱਧ ਕਮਿਊਨਿਸਟ ਵਿਚਾਰਾਂ ਦੇ ਧਾਰਨੀ ਦੱਸਦੀ ਹੈ ਤੇ ਦੂਜੀ ਕਹਿੰਦੀ ਹੈ ਕਿ ਉਹ ਸਿੱਖੀ ਬਾਣੇ ਅਤੇ ਗੁਰਬਾਣੀ ਦੇ ਧਾਰਨੀ ਸਨ। ਇਹ ਤਾਂ ਬਹੁਤ ਨੇੜਲੀ ਉਦਾਹਰਣ ਹੈ। ਅਸੀਂ ਤਾਂ ਬਾਬੇ ਨਾਨਕ ਦੀ ਬਰਾਦਰੀ ਤੱਕ ਪਤਾ ਕਰੀ ਫਿਰਦੇ ਹਾਂ। ਅਸੀਂ ਕਿਸੇ ਨੂੰ ਨਹੀਂ ਬਖਸ਼ਦੇ। ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਾਇਰ ਪਾਸ਼, ਅਵਤਾਰ ਸਿੰਘ ਸੰਧੂ ਸੀ। ਹਾਂ ਸੱਚ, ਭਗਤ ਸਿੰਘ ਤੇ ਕਿੱਸਾਕਾਰ ਪੀਲੂ ਵੀ ਕਿਹੜੇ ਗੋਤ ‘ਚੋਂ ਨੇ। ਮੰਨਦੇ ਓਂ ਖੋਜਾਂ ਨੂੰ। ਉਹ ਗੱਲ ਵੱਖਰੀ ਹੈ ਕਿ ਅਸੀਂ ਨਾਇਕਾਂ ਦੇ ਜੀਵਨ ਅਭਿਆਸਾਂ ਦੀ ਥਾਹ ਪਾਉਣ ਲਈ ਤਰੱਦਦ ਨਹੀਂ ਕਰਦੇ।

 

ਕਿਸੇ ਕਾਲ-ਖੰਡ ਦੇ ਖਾਸ ਬਿੰਦੂ ਦਾ ਸਾਹਿਤ ਅਸਿੱਧੇ ਰੂਪ ਵਿਚ ਵਕਤ-ਵਿਸ਼ੇਸ ਦੀ ਅਸਿੱਧੀ ਪੱਤਰਕਾਰੀ ਹੁੰਦਾ ਹੈ। ਜਿਵੇਂ ਗੁਰੂ ਨਾਨਕ ਲਿਖਦੇ ਨੇ-


ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥

ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥


ਕਿੰਨੀ ਸਾਫ਼ ਆਖ ਸੁਣਾਈ ਹੈ ਕਿ ਕਾਬਲ ਤੋਂ ਆਇਆ ਕੋਈ ਪਾਪਾਂ ਦਾ ਕਾਫਿਲੇਦਾਰ ਬਲ ਦੇ ਸਿਰ ‘ਤੇ ਲੁੱਟਦਾ-ਖੋਂਹਦਾ ਹੈ ਤੇ ਇਸਨੂੰ ਦਾਨ ਦੱਸਦਾ ਹੈ ਭਾਵ ਜਬਰ ਕਰਨਾ ਹੱਕ ਸਮਝਦਾ ਹੈ। ਸਥਿਤੀ ਲਗਭਗ ਇਹੀ ਹੈ, ਹੁਣ ਵੀ ਕੂੜ ਦਾ ਹੀ ਪਾਸਾਰ ਹੈ। ਪਰ ਆਖੋ ਏਨੀ ਸਪੱਸ਼ਟ ਗੱਲ, ਸਿੱਧੀ ਭਾਸ਼ਾ ‘ਚ, ਏਨੇ ਨਿਧੜਕ ਹੋ ਕੇ। ਸਾਡਾ ਤਾਂ ਰਸਤਾ ਹੀ ਹੋਰ ਹੋ ਜਾਂਦਾ ਹੈ, ਉਚਾਰ ਹੀ ਡੋਲ ਜਾਂਦਾ ਹੈ। ਵੰਗਾਰਨ ਵਾਸਤੇ ਉਂਗਲ ਹਾਕਮ ਵੱਲ ਕਰਨੀ ਹੁੰਦੀ ਹੈ ਪਰ ਆਪਣੇ ਹਾਣ ਜਿਹੇ ਦਾ ਵਿਰੋਧੀ ਭਾਲ ਲੈਂਦੇ ਹਾਂ, ਇਲਜ਼ਾਮਤਰਾਸ਼ੀ ‘ਤੇ ਉੱਤਰ ਆਉਂਦੇ ਹਾਂ ਤੇ ਘੋਲ ਤੋਂ ਅਲਹਿਦਾ ਹੀ ਕੋਈ ਵਿਹੁ ਘੋਲਣ ਲੱਗਦੇ ਹਾਂ।


ਕਿਸਾਨ ਮੋਰਚਾ ਹਾਲੇ ਚਾਲੂ ਹੈ। ਜ਼ਮੀਨ ‘ਤੇ ਲੜ ਰਹੇ ਲੋਕ ਬੜੀ ਦ੍ਰਿੜਤਾ ਨਾਲ਼ ਦੋ-ਢਾਈ ਤੁਕਾਂ ‘ਚ ਆਪਣੀ ਮੰਗ ਠਾਹ-ਸੋਟੇ ਵਾਂਗ ਮਾਰਦੇ ਹਨ, ਚਾਹੇ ਕਿਸੇ ਦੇ ਗੋਡੇ ਲੱਗੇ ਚਾਹੇ ਗਿੱਟੇ। ਬਾਕੀ ਆਹ ਸਭ ਪੇਚੀਦਾ ਬਿਆਨ, ਕੱਚੇ ਜਿਹੇ ਦਾਅਵੇ, ਨਘੋਚਾਂ, ਨੁਕਤਾਚੀਨੀਆਂ, ਘਾਚਮਚੋਲਾ, ਉਲਾਰੂ ਜਿਹੀ ਨਿਰਾਸ਼ਾ, ਗੋਲਾਈਦਾਰ ਬਾਤਾਂ ਆਸੇ-ਪਾਸੇ ਤੋਂ ਆ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਮੈਦਾਨੀਂ ਡਟੇ, ਪਹਿਲੇ ਦਿਨ ਤੋਂ ਉਹੀ ਗੱਲ ਦੁਹਰਾ ਰਹੇ ਹਨ, ਕੁਝ ਨਵਾਂ ਨਹੀਂ ਜੁੜਿਆ ਤਾਂ ਕੁਝ ਘਟਿਆ ਵੀ ਨਹੀਂ, “ਇਹ ਕਾਨੂੰਨ ਕਾਲੇ ਨੇ, ਅਸੀਂ ਵਾਪਿਸ ਕਰਾ ਕੇ ਮੁੜਾਂਗੇ, ਬੱਸ।” ਧਰਨੇ ਦਾ ਅਰਥ ਧਰੇ ਜਾਣਾ ਹੈ, ਬੈਠਣ ਵਾਲੇ ਬਾਖੂਬੀ ਜਾਣਦੇ ਨੇ ਕਿ ਉਹ ਏਥੇ ਫ਼ਸਲਾਂ ਦੇ ਮੁੱਲ ਅਤੇ ਨਸਲਾਂ ਦੇ ਭਵਿੱਖ ਲਈ ਬੈਠੇ ਹਨ। ਤੋਰੇ- ਫੇਰੇ ਵਾਲੇ ਜਾਣਦੇ ਨੇ ਕਿ ਘੋਲ ਨੂੰ ਕਿਵੇਂ ਜਿਹੇ ਤੋਰੀ ਰੱਖਣਾ ਹੈ, ਭੁਚਲਾਹਟ ਜਿਹੀ ਬਣਾਈ ਰੱਖਣੀ ਹੈ, ਹਾਜ਼ਰੀ ਲਵਾਈ ਰੱਖਣੀ ਹੈ।


ਮੌਜੂਦਾ ਕਿਸਾਨ ਅੰਦੋਲਨ ਦੇ ਸ਼ੁਰੂਆਤੀ ਉਭਾਰ ਦੇ ਗਵਾਹ ਪਿੰਡੋਂ ਬਾਹਰ ਸੜਕਾਂ ‘ਤੇ ਲੱਗੇ ਟੋਲ-ਪਲਾਜ਼ੇ, ਸ਼ਹਿਰਾਂ-ਮੰਡੀਆਂ ਨੂੰ ਜੋੜਦੀਆਂ ਰੇਲ-ਪਟੜੀਆਂ ਹਨ। ਆਰੰਭਕ ਦੌਰ ਵਿਚ ਜੇ ਇਸਨੂੰ ਜਗ੍ਹਾ ਦਿੱਤੀ ਤਾਂ ਸਥਾਨਕ ਮੀਡੀਆ ਨੇ। ਕੌਮੀ ਮੀਡੀਆ ਤੋਂ ਤਾਂ ਪਹਿਲਾਂ ਹੀ ਕੋਈ ਉਮੀਦ ਨਹੀਂ ਸੀ, ਉਹਨੂੰ ਤਾਂ ਅਸੀਂ ਰਾਜਧਾਨੀ ਨੂੰ ਤੁਰਨ ਤੋਂ ਪਹਿਲਾਂ ਹੀ ‘ਕਨ੍ਹੇੜੇ ਚੜ੍ਹਿਆ ਜਾਂ ਵਿਕਾਊ’ ਕਹਿ ਦਿੱਤਾ ਸੀ, ਪਰ ਹੈਰਾਨੀ ਇਸ ਗੱਲ ਦੀ ਹੈ ਕਿ ਸੂਬਾਈ ਮੀਡੀਆ, ਜਿਹੜਾ ਕਿ ਇਸ ਸਮੇਂ ਦੌਰਾਨ ਇਕਦਮ ਹਰਕਤ ‘ਚ ਆਉਂਦਾ ਹੈ ਤੇ ਸਲਾਹਿਆ ਜਾਂਦਾ ਹੈ, ਪਸੰਦ ਕੀਤਾ ਜਾਣ ਲੱਗਦਾ ਹੈ, ਏਨੀ ਛੇਤੀ ਆਪਣੀ ਭਰੋਸੇਯੋਗਤਾ ਕਿਉਂ ਗਵਾ ਬਹਿੰਦਾ ਹੈ? ਅਗਲਾ ਸਵਾਲ ਏਦੂੰ ਕਿਤੇ ਅਗਾਂਹ ਜਾਂਦਾ ਹੈ ਕਿ ਜੇ ਇਹ ਮੀਡੀਆ ਸਭ ਤੋਂ ਸੱਚੀ ਤੇ ਸਭ ਤੋਂ ਪਹਿਲਾਂ ਮੋਰਚੇ ਦੀ ਖ਼ਬਰ ਦੇ ਰਿਹਾ ਸੀ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਆਪਣਾ ਆਈ. ਟੀ. ਸੈੱਲ. ਕਾਇਮ ਕਰਨ ਦੀ ਲੋੜ ਕਿਉਂ ਪੈਂਦੀ ਹੈ? ਮੋਰਚੇ ਤੋਂ ਚੱਲ ਰਹੇ ਅਖ਼ਬਾਰ ਕਿਵੇਂ ਤੇ ਕਦੋਂ ਹੋਂਦ ਵਿਚ ਆਉਂਦੇ ਹਨ? 


ਇਹ ਗੱਲ ਬੜਾ ਧਿਆਨ ਮੰਗਦੀ ਹੈ ਕਿ ਕੋਈ ਵੀ ਪ੍ਰਸਾਰਣ ਜਾਂ ਪ੍ਰਕਾਸ਼ਨ ਬਿਨਾਂ ਕਿਸੇ ਮੁਢਲੇ ਆਇਡੀਏ ਦੇ ਸ਼ੁਰੂ ਨਹੀਂ ਹੋ ਸਕਦਾ, ਟੀਮ ਬਿਨਾਂ ਚੱਲ ਨਹੀਂ ਸਕਦਾ, ਪੂੰਜੀ ਬਿਨਾਂ ਪੂਰ ਨਹੀਂ ਲਹਿ ਸਕਦਾ। ਸੋ ਹਰ ਵੇਰਵਾ ਪਾਠਕ/ਦਰਸ਼ਕ/ਸਰੋਤਾ ਤੱਕ ਪਹੁੰਚਣ ਤੋਂ ਪਹਿਲਾਂ ਇਸ ਉੱਪਰ ਮਾਨਸਿਕ, ਆਰਥਿਕ ਸ਼ਕਤੀ ਲਾਉਣ ਵਾਲੇ ਤੱਤਾਂ ਕੋਲੋਂ ਲੰਘ ਕੇ ਆਉਂਦਾ ਹੈ। ਸੋ ਪ੍ਰਾਪਤ ਕਰਤਾ ਨੂੰ ਇਸ ਗੱਲ ਦਾ ਪਤਾ ਹੋਣਾ ਬੜਾ ਜ਼ਰੂਰੀ ਹੈ, ਤਾਂ ਕਿ ਉਹ ਨਿਵੇਸ਼ਕ ਦੇ ਵਿਸ਼ੇਸ਼ ਮਕਸਦ ਦਾ ਵਾਹਕ ਨਾ ਬਣ ਜਾਵੇ। ਅੱਜ ਇਮਾਨਦਾਰ ਪੱਤਰਕਾਰੀ ਦੀ ਜ਼ਰੂਰਤ ਹੈ, ਪਰ ਇਹ ਜ਼ਿੰਮੇਦਾਰੀ ਸੁਜੱਗ(ਚੇਤੰਨ) ਦਰਸ਼ਕ ਵਰਗ ਹੀ ਪਾ ਸਕਦਾ ਹੈ, ਤੇ ਇਹਦੇ ਲਈ ਕੁਮੈਂਟਾਂ ‘ਚ ਜਿਦਣ ਨਾਲ਼਼ੋਂ ਵੱਧ ਸਮਾਂ ਲੱਗੇਗਾ, ਚੁਣੌਤੀ ਦੇਣ ਲਈ ਤਿਆਰੀ ਵੀ ਚੰਗੀ ਚਾਹੀਦੀ ਹੈ। ਫਿਰ ਹੀ ਨਿਡਰ ਲੋਕਾਂ ਦੀ ਨਿਰਪੱਖ ਖਬਰ ਬਣ ਸਕਦੀ ਹੈ ਤੇ ਫਿਰ ਸੁਰਖੀਆਂ ਤੇ ਜ਼ੋਰ ਲਗਾਉਣ ਦੀ ਲੋੜ ਨਹੀਂ ਪਵੇਗੀ। 


ਸਥਾਨਕ ਭਾਸ਼ਾ ਦੇ ਚੈਨਲ, ਜਿਹਨਾਂ ਤੋਂ ਖੇਤਰੀ ਲੋਕਾਈ ਦੇ ਵਧੇਰੇ ਨਜ਼ਦੀਕ ਹੋਣ ਦੀ ਉਮੀਦ ਕੀਤੀ ਜਾਂਦੀ ਹੈ, ਦੀਆਂ ਕਹਾਣੀਆਂ ਦੇ ਸਿਰਲੇਖ ਕਾਫ਼ੀ ਧਿਆਨ ਮੰਗਦੇ ਹਨ। ਅਹਿਮ ਖੁਲਾਸੇ, ਵੱਡੇ ਬਿਆਨ, ਅਸੀਂ ਦਿਖਾਈ ਸਭ ਤੋਂ ਪਹਿਲਾਂ ਖਬਰ, ਭਾਰੀ ਨਿਰਾਸ਼ਾ, ਫਲਾਨੀ ਘਟਨਾ ਦਾ ਸੱਚ, ਢਿਮਕੇ ਦੀਆਂ ਖਰੀਆਂ ਗੱਲਾਂ ਆਦਿ-ਆਦਿ। ਜ਼ਰਾ ਗਹੁ ਨਾਲ ਵੇਖੋ, ਸਾਡੇ ਕੋਲ ਸ਼ਬਦਾਵਲੀ ਦੇ ਨਾਂ ਹੇਠ ਬਚਿਆ ਹੀ ਕੀ ਹੈ? ਭਾਸ਼ਾ ਦੀ ਪੱਧਰ ਤੇ ਵਾਕ-ਬਣਤਰ, ਸ਼ਬਦ-ਜੋੜ ਸੰਬੰਧੀ ਕੋਈ ਪ੍ਰਯੋਗ ਨਹੀਂ ਹੋ ਰਹੇ। ਕੋਈ ਚੰਗੀ ਗੱਲ ਹੋਵੇ ਤਾਂ ਇਲਾਕੇ ਚ ਫ਼ੈਲੀ ਖੁਸ਼ੀ ਦੀ ਲਹਿਰ, ਅਣਹੋਣੀ ਹੈ ਤਾਂ ਪਰਿਵਾਰ ਦਾ ਬੁਰਾ ਹਾਲ, ਗਲੀਆਂ-ਨਾਲ਼ੀਆਂ-ਸੀਵਰੇਜ ਦੇ ਮਸਲੇ ਤਾਂ ਲੋਕ ਪ੍ਰੇਸ਼ਾਨ ਤੇ ਨਾਲ਼ ਇਕ ਫੋਟੋ। ਉਚੇਰੀ ਸਿੱਖਿਆ ਵੱਲ ਕੋਈ ਮੂੰਹ ਨਹੀਂ ਕਰਦਾ, ਕਾਲਜਾਂ ‘ਚ ਦਾਖਲੇ ਹੋਣੋਂ ਬੰਦ ਹੋ ਗਏ ਨੇ, ਸੋ ਇਹ ਖ਼ਬਰ ਵੀ ਬੀਤ ਗਈ ਕਿ ਨਤੀਜਾ ਸ਼ਾਨਦਾਰ ਰਿਹਾ।


ਪੱਤਰਕਾਰੀ ਦੇ ਨੈਤਿਕ ਨਿਯਮ ਇਹ ਵੀ ਕਹਿੰਦੇ ਹਨ ਕਿ ਜੇ ਕਿਸੇ ਸ੍ਰੋਤ ਤੋਂ ਕੋਈ ਫੋਟੋ, ਵੀਡੀਓ ਜਾਂ ਜਾਣਕਾਰੀ ਚੱਕਦੇ ਹੋ ਤਾਂ ਮੂਲ ਦਾ ਹਵਾਲਾ ਦੇਣਾ ਜ਼ਰੂਰੀ ਹੈ। ਜਿੱਥੋਂ ਖਬਰ ਚੱਕ ਰਹੇ ਓਂ, ਉਸਦਾ ਜ਼ਿਕਰ ਕਰਨਾ ਬਣਦਾ ਹੈ, ਨਹੀਂ ਤਾਂ ਇਹ ਚੋਰੀ ਮੰਨੀ ਜਾਵੇਗੀ, ਕਿਉਂਕਿ ਇਸ ਕਹਾਣੀ ਨੂੰ ਲੱਭਣ, ਬਣਾਉਣ ਵਿਚ ਤੁਹਾਡੀ ਕੋਈ ਮੁਸ਼ੱਕਤ ਨਹੀਂ ਲੱਗੀ। ਕਿਸੇ ਸਿਰਜਣਾ ਨੂੰ ਆਪਣੇ ਮਾਧਿਅਮ ਰਾਹੀਂ ਕੇਵਲ ਅੱਗੇ ਭੁਗਤਾ ਦੇਣ ਨਾਲ਼ ਕੋਈ ਉਸਦਾ ਮਾਲਕ ਨਹੀਂ ਬਣ ਜਾਂਦਾ। ਮੁਲਾਕਾਤ(ਇੰਟਰਵਿਊ) ਦੌਰਾਨ ਸਵਾਲ ਕਰਤਾ ਨੇ ਆਪਣੀ ਸਵਾਲ-ਲੜੀ ਦਾ ਪ੍ਰਦਰਸ਼ਨ ਹੀ ਨਹੀਂ ਕਰਨਾ ਹੁੰਦਾ, ਜਵਾਬ ਦੇਣ ਵਾਲੇ ਵੱਲ ਮੂੰਹ ਕਰਕੇ ਚਿਹਰੇ ਦੇ ਹਾਵਾਂ-ਭਾਵਾਂ ਤੇ ਸ਼ਬਦਾਂ ਦੀ ਇਕਸਾਰਤਾ ਵੀ ਨਾਪਣੀ ਹੁੰਦੀ ਹੈ। ਕਿਸੇ ਪੂਰਵ-ਨਿਸ਼ਚਿਤ ਲਕੀਰ ਦੇ ਅਨੁਸਾਰੀ ਹੋ ਕੇ ਮਿੱਥੇ ਇਕਹਿਰੇ ਕੋਣ ਤੋਂ ਤਸਵੀਰਕਸ਼ੀ ਕਰਨੀ ਚੰਗੀ ਪੱਤਰਕਾਰੀ ਦਾ ਪਛਾਣ-ਚਿੰਨ੍ਹ ਨਹੀ ਹੋ ਸਕਦਾ। ਆਹਲਾ ਰਿਪੋਰਟਿੰਗ ਵਿਭਿੰਨ ਕੋਣਾਂ, ਵਿਭਿੰਨ ਧੁਨੀਆਂ ਸਮੇਤ ਪਹੁੰਚਦੀ ਹੈ, ਜਿਸ ਕਰਕੇ ਇਹ ਪਾਠਕ/ਦਰਸ਼ਕ/ਸਰੋਤੇ ਤੱਕ ਅੱਪੜ ਕੇ ਮਰਦੀ ਨਹੀਂ, ਉਹਨਾਂ ਨੂੰ ਵੀ ਘਟਨਾ ਦਾ ਬਹੁ-ਪਰਤੀ, ਬਹੁ-ਪਾਸਾਰੀ ਸੱਚ ਖੰਘਾਲਣ ਦਾ ਆਹਰ ਦਿੰਦੀ ਹੈ। ਅੱਜ ਅਜਿਹੀ ਪੱਤਰਕਾਰੀ, ਅਜਿਹੀ ਪੇਸ਼ਕਾਰੀ ਤੇ ਅਜਿਹੇ ਪਾਠਕ ਵਰਗ ਦੀ ਥੁੜ੍ਹ ਮਹਿਸੂਸ ਕੀਤੀ ਜਾ ਰਹੀ ਹੈ।