ਕਿਸਾਨ ਅੰਦੋਲਨ ਅਤੇ ਸਰਕਾਰੀ ਕੂੜ ਪ੍ਰਚਾਰ

ਦਵਿੰਦਰ ਕੌਰ ਦਵੀ
    

ਕਿਸਾਨ ਅੰਦੋਲਨ ਪਿਛਲੇ ਸਾਲ ਤੋਂ ਬੜੀ ਤਹੱਮਲ ਤੇ ਸਬਰ ਸੰਤੋਖ ਨਾਲ ਚੱਲ ਰਿਹਾ ਹੈ। ਮੁੱਖ ਧਾਰਾ ਦੇ ਮੀਡੀਆ ਦੀ ਬੇਰੁਖ਼ੀ ਤੇ ਮੁਜ਼ਰਮਾਨਾ ਕਿਸਮ ਦੀ ਵਿਰੋਧੀ ਰਿਪੋਰਟਿੰਗ ਦੇ ਬਾਵਜੂਦ ਇਹ ਕੌਮਾਂਤਰੀ ਪੱਧਰ ’ਤੇ ਲੋਕਾਂ ਦਾ ਧਿਆਨ ਖਿੱਚਣ ਵਿੱਚ ਸਫਲ ਰਿਹਾ ਹੈ। ਇਹ ਸਫਲਤਾ ਹਕੂਮਤ ਨੂੰ ਰੜਕਦੀ ਹੈ। ਲੋਕ ਲਹਿਰਾਂ ਅਤੇ ਉਹਨਾਂ ਬਾਰੇ ਬਿਰਤਾਂਤ ਨੂੰ ਤੋੜਨ ਲਈ ਹਕੂਮਤ ਬੜੇ ਹੀਲੇ ਕਰਦੀ ਹੈ। ਜਿੱਥੇ ਲਹਿਰਾਂ ਤੇ ਲਗਾਮ ਪਾਉਣ ਲਈ ਰੱਖਿਆ ਬਲਾਂ ਜਿਵੇਂ ਪੁਲੀਸ ਅਤੇ ਸੂਹੀਆਂ ਦੀ ਘੁਸਪੈਠ ਹੁੰਦੀ ਹੈ, ਉੱਥੇ ਕੂੜ ਪ੍ਰਚਾਰ ਵੀ ਲੋਕ ਲਹਿਰਾਂ ਨੂੰ ਢਾਹ ਲਾਉਣ ਦੇ ਸੰਦ ਵਜੋਂ ਵਰਤਿਆ ਜਾਂਦਾ ਹੈ। 


ਸੋ ਸਰਕਾਰੀ ਧਿਰ ਜ਼ੋਰ ਜਬਰ ਦੇ ਨਾਲ਼ ਨਾਲ਼ ਪ੍ਰਚਾਰ ਵਿਚ ਵੀ ਬਹੁਤ ਸੂਖ਼ਮ ਅਤੇ ਸਥੂਲ ਪੱਧਰ ’ਤੇ ਕਿਸਾਨ ਸੰਘਰਸ਼ ਨੂੰ ਮਾਤ ਦੇਣ ਦੇ ਯਤਨਾਂ ਵਿਚ ਹੈ। ਜਿੱਥੇ ਕਿਸਾਨ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਵਿਰੁੱਧ ਤਰ੍ਹਾਂ ਤਰ੍ਹਾਂ ਦੇ ਕੇਸ ਦਰਜ ਕੀਤੇ ਜਾਂਦੇ ਹਨ ਜਾਂ ਪੁਰਾਣੇ ਕੇਸ ਖੋਲ੍ਹੇ ਜਾਂਦੇ ਹਨ, ਉੱਥੇ ਆਮ ਲੋਕਾਂ ਨੂੰ ਇਸ ਲਹਿਰ ਨਾਲੋਂ ਤੋੜਨ ਲਈ ਉਨ੍ਹਾਂ ਨੂੰ ਵੀ ਕਾਨੂੰਨ ਦੇ ਡੰਡੇ ਨਾਲ਼ ਡਰਾਉਣ ਦੇ ਯਤਨ ਸਰਕਾਰੀ ਤੰਤਰ ਕਰਦਾ ਹੈ। ਇਸ ਤੋਂ ਵੱਖਰੇ ਰੂਪ ਵਿੱਚ ਜੋ ਕਿਸਾਨ ਆਗੂਆਂ ਅਤੇ ਲੋਕਾਂ ਵਿਰੁੱਧ ਪ੍ਰਚਾਰ ਕੀਤਾ ਜਾਂਦਾ ਹੈ, ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਬੜੀ ਇਤਿਹਾਸਕ ਹੈ।


ਇਹ ਕਿਸਾਨ ਅੰਦੋਲਨ ਸੰਘਰਸ਼ ਇਸ ਪੱਖੋਂ ਵੀ ਵਿਲੱਖਣ ਹੈ ਕਿ ਇਸ ਵਿੱਚ ਔਰਤਾਂ ਅਤੇ ਲੜਕੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹਨ। ਸ਼ਹਿਰੀ ਪੜ੍ਹੀ - ਲਿਖੀ ਔਰਤ ਵੀ ਇਸ ਵਿੱਚ ਐਲਾਨੀਆ ਸ਼ਾਮਲ ਹੋ ਰਹੀ ਹੈ। ਹਕੂਮਤ ਲਈ ਇਹ ਵੱਡੀ ਫਿਕਰਮੰਦੀ ਹੈ ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਿਸੇ ਨੂੰ ਵੀ ਬਦਨਾਮ ਕਰਨ ਦਾ ਪ੍ਰਚਾਰ। ਆਮ ਤੌਰ ’ਤੇ ਵਿਰੋਧੀ ਮੁਲਕ ਇੱਕ ਦੂਜੇ ਵਿਰੁੱਧ ਜਾਂ ਜੰਗ ਦੌਰਾਨ ਭੰਡੀ ਪ੍ਰਚਾਰ ਕਰਦੇ ਹਨ, ਪਰ ਸਾਡੇ ਮੁਲਕ ਦੀ ਵੱਡੀ ਆਬਾਦੀ ਕਿਸਾਨ ਜਦੋਂ ਆਪਣੇ ਖੇਤ ਬਚਾਉਣ ਲਈ ਰਾਜਧਾਨੀ ਦੀ ਦਹਿਲੀਜ਼ ’ਤੇ ਪੁੱਜ ਗਏ  ਤਾਂ ਉਨ੍ਹਾਂ ਨੂੰ, ਉਨ੍ਹਾਂ ਦੇ ਘਰਾਂ ਦੀਆਂ ਔਰਤਾਂ ਨੂੰ ਸਮਰਥਨ ਵਿੱਚ ਆਈਆਂ ਪੜ੍ਹੀਆਂ ਲਿਖੀਆਂ, ਸੁਚੇਤ ਤੇ ਚੇਤੰਨ ਲੜਕੀਆਂ, ਔਰਤਾਂ ਨੂੰ ਬਦਨਾਮ ਕਰਨ ਤੇ ਗਾਲ੍ਹਾਂ ਰਾਹੀਂ ਡਰਾਉਣ ਧਮਕਾਉਣ ਦਾ ਪ੍ਰਚਾਰ ਜ਼ੋਰ ਫੜ ਗਿਆ। ਤਕਨਾਲੋਜੀ ਉਸ ਵਿੱਚ ਬਹੁਤ ਸਹਾਈ ਹੋ ਰਹੀ ਹੈ। ਆਪਣੇ ਘਰਾਂ, ਆਰਾਮ ਦੇਹ ਦਫਤਰਾਂ ਵਿਚ ਬੈਠ ਕੇ ਇਹ ਪ੍ਰਚਾਰ ਚਲਾਇਆ ਜਾ ਸਕਦਾ ਹੈ। ਕਿਸਾਨ ਆਗੂਆਂ ਨੂੰ ਤਾਂ ਗਾਲ੍ਹਾਂ ਦੀ ਭਾਸ਼ਾ ਵਿੱਚ ਸੋਸ਼ਲ ਮੀਡੀਆ ’ਤੇ ਭੰਡਣ ਦਾ ਸਿਲਸਿਲਾ ਜਾਰੀ ਹੈ ਜਿਸ ਤਰ੍ਹਾਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੱਸਦੇ ਹਨ ਕਿ ਉਹ ਕਿਸੇ ਦਾ ਫੋਨ ਆਉਣ ’ਤੇ ਪਹਿਲਾਂ ਪੁੱਛਦੇ ਹਨ ਕਿ “ਤੁਸੀਂ ਮੈਨੂੰ ਗਾਲ੍ਹਾਂ ਕੱਢਣ ਲਈ” ਫੋਨ ਤਾਂ ਨਹੀਂ ਕੀਤਾ। ਕਿਸਾਨ ਆਗੂ ਅਤੇ ਕਿਰਨਜੀਤ ਐਕਸ਼ਨ ਕਮੇਟੀ ਦੇ ਸਰਗਰਮ ਆਗੂ  ਮਨਜੀਤ ਸਿੰਘ ਧਨੇਰ ਦੇ ਜਵਾਈ ਦੀ ਮੌਤ ਤੋਂ ਮਗਰੋਂ ਕੂੜ ਪ੍ਰਚਾਰ ਕਰਦੇ ਹੋਏ ਅਨਸਰ ਏਨਾ ਡਿੱਗ ਗਏ ਹਨ ਕਿ ਉਨ੍ਹਾਂ ਨੇ ਕਿਹਾ ਸੀ “ਅਸੀਂ ਤੇਰੀ ਧੀ ਨਾਲ਼ ਫੇਰੇ ਲੈ ਲਵਾਂਗੇ।” ਜਿੰਨਾ ਕੋਈ ਸੰਘਰਸ਼ ਉੱਚ ਨੈਤਿਕ ਕਦਰਾਂ ਕੀਮਤਾਂ ਵਾਲਾ ਹੁੰਦਾ ਹੈ, ਉਹਨੂੰ ਬਦਨਾਮ ਕਰਕੇ ਭੰਗ ਕਰਨ ਦੇ ਚਾਹਵਾਨ ਅਨਸਰ ਓਨਾ ਹੀ ਥੱਲੇ ਡਿੱਗਦੇ ਹਨ। ਸੋ ਕਿਸਾਨ ਸੰਘਰਸ਼ ਦੇ ਵਿਰੋਧ ਦੀ ਕੈਮਿਸਟਰੀ ਵਿੱਚ ਇੱਕ ਵੱਡਾ ਹੱਥ ਇਹ ਵੀ ਹੈ ਕਿ ਜਿਹੜੇ ਜਿਹੜੇ ਆਗੂ ਇਸ ਤੰਤਰ ਨੂੰ ਵੱਧ ਖ਼ਤਰਨਾਕ ਤੇ ਸਮਰੱਥ ਜਾਪਦੇ ਹਨ ਉਨ੍ਹਾਂ ਦਾ ਓਨੀ ਹੀ ਜ਼ੋਰ ਸ਼ੋਰ ਨਾਲ ਵਿਰੋਧ ਪ੍ਰਚਾਰ ਤੰਤਰਾਂ ਰਾਹੀਂ ਕੀਤਾ ਜਾਂਦਾ ਹੈ। ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਹੁਣ ਰੁਲਦੂ ਸਿੰਘ ਮਾਨਸਾ ’ਤੇ ਚੁਫੇਰਿਓਂ ਹੱਲਾ ਬੋਲਿਆ ਜਾ ਰਿਹਾ ਹੈ। 


ਨਾਬਰੀ ਦੇ ਇਸ ਸਾਰੇ ਵਰਤਾਰੇ ਵਿੱਚ ਜਗੀਰੂ ਸੱਤਾ ਆਪਣੀਆਂ ਸਾਰੀਆਂ ਜੁਗਤਾਂ ਲੋਕਾਂ ਦੀ ਅਣਖ ਨੂੰ ਖੁੰਢਾ ਕਰਨ ਲਈ ਵਰਤ ਰਹੀ ਹੈ। ਮਾਵਾਂ ਭੈਣਾਂ ਦੀਆਂ ਗਾਲ੍ਹਾਂ, ਜਿਵੇਂ ਕਿ ਪਿੱਤਰਕੀ ਅਤੇ ਜਗੀਰੂ ਸੱਤਾ ਵਿਚ ਹੁੰਦਾ ਹੈ, ਹਥਿਆਰ ਵਾਂਗ ਵਰਤਣ ਦੀ ਕੋਸ਼ਿਸ਼ ਹੋ ਰਹੀ ਹੈ। ਤਰਕ ਦੇ ਜਵਾਬ ਵਿੱਚ ਆਗੂਆਂ ਦੀਆਂ  ਧੀਆਂ, ਭੈਣਾਂ, ਪਤਨੀਆਂ, ਨੂੰਹਾਂ,  ਪੋਤੀਆਂ ਨੂੰ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ ਅਤੇ ਔਰਤਾਂ ਅਤੇ ਮਰਦਾਂ ਦੇ ਜਣਨ ਅੰਗਾਂ ਦਾ ਨਾਮ ਲੈ ਕੇ ਸੋਸ਼ਲ ਮੀਡੀਆ ’ਤੇ ਮਾਨਸਿਕ ਦੀਵਾਲੀਏਪਣ ਦਾ ਵਿਖਾਲਾ ਪਾਇਆ ਜਾ ਰਿਹਾ ਹੈ। ਇੱਕ ਸਮਾਜ ਦੇ ਤੌਰ ’ਤੇ, ਇੱਕ ਸੱਭਿਅਤਾ ਦੀ ਹੈਸੀਅਤ ਵਿੱਚ ਇਹ ਬਹੁਤ ਵੱਡਾ ਨਿਘਾਰ ਹੈ। ਪਰ ਇਹ ਇਤਿਹਾਸ ਹੈ ਕਿ ਜੰਗਾਂ ਵਿੱਚ ਵੀ ਹਾਰੀ ਹੋਈ ਧਿਰ ਦੀਆਂ ਔਰਤਾਂ ਨੂੰ ਜ਼ਲਾਲਤ ਝੱਲਣੀ ਪੈਂਦੀ ਹੈ। ਜਿਸ ਜੰਗ ਵਿੱਚ ਕਿਸਾਨ ਹਾਰੇ ਨਹੀਂ। ਅਜੇ ਸੰਘਰਸ਼ ਕਿਸੇ ਤਣ ਪੱਤਣ ਨਹੀਂ ਲੱਗਿਆ, ਪਰ ਨੈਤਿਕ ਤੌਰ ’ਤੇ ਕਿਸਾਨ ਜਿੱਤੇ ਹੋਏ ਹਨ। ਇਸ ਜਿੱਤ ਨੂੰ ਗਾਲ੍ਹਾਂ ਦੀ ਭਾਸ਼ਾ ਵਿੱਚ ਛੁਟਿਆਉਣ ਦੇ ਯਤਨ ਹੋ ਰਹੇ ਹਨ। ਕਿਸਾਨ ਸੰਘਰਸ਼ ਵਿੱਚ ਸ਼ਾਮਲ ਔਰਤਾਂ, ਲੜਕੀਆਂ ਨੂੰ ਬਦਨਾਮ ਕਰਨ ਵਾਲੀਆਂ ਧਿਰਾਂ ਵਿੱਚ ਸਰਕਾਰ ਦਾ ਆਈਟੀ ਸੈੱਲ ਅਤੇ ਵਿਰੋਧੀ ਵਿਚਾਰਧਾਰਾ ਵਾਲੇ ਇਹ ਅਨਸਰ ਸ਼ਾਮਲ ਹਨ ਜੋ ਇਸ ਅੰਦੋਲਨ ਰਾਹੀਂ ਆਪਣੇ ਏਜੰਡੇ  ਸੈੱਟ ਕਰਨੇ ਚਾਹੁੰਦੇ ਹਨ। ਦੱਸਣ ਦੀ ਲੋੜ ਨਹੀਂ ਕਿ ਇਹ ਕੌਣ ਹਨ।


ਇਸ ਅੰਦੋਲਨ ਵਿੱਚ ਸ਼ਹੀਦ ਬਲਦੇਵ ਸਿੰਘ ਮਾਨ ਦੀ ਅਦਾਕਾਰ ਧੀ ਸੋਨੀਆ ਮਾਨ ’ਤੇ ਬੁਰੀ ਤਰ੍ਹਾਂ ਨਿਸ਼ਾਨਾ ਸੇਧਿਆ ਹੋਇਆ ਹੈ। ਪ੍ਰਚਾਰ ਕਰ ਰਹੀ ਧਿਰ ਨੇ ਸੋਨੀਆ ਦੀ ਜੋਗਿੰਦਰ ਸਿੰਘ ਉਗਰਾਹਾਂ ਨਾਲ ਜੋ ਤਸਵੀਰ ਹੈ, ਉਸ ਉੱਤੇ ਭੱਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ। ਸੋਨੀਆ ਅਦਾਕਾਰ ਹੈ। ਸੋਨੀਆ ਦੱਸਦੀ ਹੈ ਕਿ ਉਸ ਨੂੰ ਹਰ ਰੋਜ਼ ਗਾਲ੍ਹਾਂ ਮਿਲਦੀਆਂ ਹਨ। ਰੱਜ ਕੇ ਨੰਗੀ ਚਿੱਟੀ, ਭੱਦੀ ਭਾਸ਼ਾ ਵਿੱਚ ਉਸ ਬਾਰੇ ਲਿਖਿਆ ਜਾਂਦਾ ਹੈ। ਉਸ ਦੀ ਮਾਂ ਨੇ ਅੰਮ੍ਰਿਤਸਰ ਸਾਈਬਰ ਕਰਾਈਮ ਰੋਕੂ ਪੁਲੀਸ ਕੋਲ ਸ਼ਿਕਾਇਤ ਕੀਤੀ ਹੈ, ਪਰ ਡੇਢ ਮਹੀਨੇ ਮਗਰੋਂ ਵੀ ਕੋਈ ਕਾਰਵਾਈ ਨਹੀਂ ਹੋਈ। ਉਸ ਦੀ ਪੁਲੀਸ ਰਿਪੋਰਟ ਸਾਡੇ ਕੋਲ ਹੈ। ਜ਼ਿਕਰਯੋਗ ਹੈ ਕਿ ਸੋਨੀਆ ਸਾਈਬਰ ਅਪਰਾਧ ਰੋਕਣ ਸਬੰਧੀ  ਪੰਜਾਬ ਪੁਲੀਸ ਦੀ ਬਰਾਂਡ ਅੰਬੈਸਡਰ ਵੀ ਰਹੀ ਹੈ। ਇੱਕ ਵੀਡੀਓ ਵਿੱਚ ਉਹ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ਸਾਈਬਰ ਅਪਰਾਧਾਂ ਦੇ ਹੱਲ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਵੀ ਦੱਸਦੀ ਹੈ, ਪਰ ਉਸ ਦੀ ਆਪਣੀ ਸ਼ਿਕਾਇਤ ’ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਉਹ ਦੱਸਦੀ ਹੈ ਕਿ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਲੋਕ ਗੰਦੀ ਮੰਦੀ ਭਾਸ਼ਾ ਵਿੱਚ ਉਸ ਨੂੰ ਧਮਕੀਆਂ ਦਿੰਦੇ ਹਨ, ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ’ਤੇ ਉਨ੍ਹਾਂ ਦੀ ਤਸਵੀਰ ਜਾਂ ਤਾਂ ਦੀਪ ਸਿੱਧੂ ਦੀ ਜਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਹੈ ਤੇ ਜਾਂ ਫਿਰ ਕੇਸਰੀ ਨਿਸ਼ਾਨ ਸਾਹਿਬ ਡੀ ਪੀ ਵਜੋਂ ਹੁੰਦਾ ਹੈ। ਉਹ ਰੁਦਨ ਕਰਦੀ ਹੈ “ਬਾਣੀ ਜਾਂ ਸਿੱਖੀ ਤਾਂ ਗੰਦੀ ਮੰਦੀ ਭਾਸ਼ਾ ਬੋਲਣ ਦੀ ਸਿੱਖਿਆ ਨਹੀਂ ਦਿੰਦੀ।” ਇਸ ਰਾਹੀਂ ਸੱਤਾ ਦੀ ਨਾਲ਼ੋ - ਨਾਲ਼ ਸਿੱਖ ਧਰਮ ਪ੍ਰਤੀ ਵੀ ਮੰਦੀ ਭਾਵਨਾ ਜ਼ਾਹਿਰ ਹੁੰਦੀ ਹੈ।


‘ਪੰਜਾਬੀ ਗੀਤਾਂ ਦੇ ਔਰਤ ਵਿਰੋਧੀ ਮੁਹਾਂਦਰੇ’ ’ਤੇ ਪੀਐਚਡੀ ਕਰਦੀ ਰਹੀ ਅਮਨਦੀਪ ਕੌਰ, ਜੋ ਇਸਤਰੀ ਜਾਗਰਤੀ ਮੰਚ ਦੀ ਜਨਰਲ ਸਕੱਤਰ ਵੀ ਹੈ, ਦੱਸਦੀ ਹੈ ਕਿ ਕਿਸਾਨ ਅੰਦੋਲਨ ਦੌਰਾਨ ਔਰਤਾਂ ਵਿਰੁੱਧ ਵਰਤੀ ਜਾ ਰਹੀ ਇਹ ਭਾਸ਼ਾ ਅਤੇ ਕਿਸਾਨ ਆਗੂਆਂ ਨੂੰ ਕੱਢੀਆਂ ਜਾ ਰਹੀਆਂ ਗਾਲ੍ਹਾਂ, ਇਨ੍ਹਾਂ ਦਾ ਕਿਸੇ ਧਿਰ ਵੱਲੋਂ, ਕਿਸੇ ਮੀਡੀਆ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ। ਇਹ ਸਾਡੇ ਨਿਘਾਰ ਦੀ ਨਿਸ਼ਾਨੀ ਹੈ। ਇਹ ਸੰਘਰਸ਼ ਨੂੰ ਢਾਹ ਲਾਉਣ ਲਈ ਔਰਤਾਂ ਨੂੰ ਡਰਾ ਧਮਕਾ ਕੇ ਇੱਕਲਵਾਂਝੇ ਕੱਢਣ ਦੀ ਜਗੀਰੂ ਸੋਚ ਅਤੇ ਜੁਗਤ ਹੈ।


ਅਮਨਦੀਪ ਆਖਦੀ ਹੈ ਕਿ ਉਨ੍ਹਾਂ ਦਾ ਮੰਚ ਇਸ ਦਾ ਵਿਰੋਧ ਕਰ ਰਿਹਾ ਹੈ, ਪਰ ਹਰ ਵਿਅਕਤੀ ਨੂੰ ਇਸ ਨਿਘਾਰ ਦੇ ਗਿਰਾਵਟ ਦਾ ਵਿਰੋਧ ਕਰਨਾ ਬਣਦਾ ਹੈ। ਹਰੇਕ ਧਾਰਮਿਕ ਆਗੂ ਨੂੰ ਇਸ ਦਾ ਵਿਰੋਧ ਕਰਨਾ ਬਣਦਾ ਹੈ। ਉਹ ਇਹਦੇ ਲਈ ਸੱਤਾ ਦੇ ਆਈਟੀ ਸੈੱਲ ਨੂੰ ਜ਼ਿੰਮੇਵਾਰ ਮੰਨਦੀ ਹੈ। ਸੈੱਲ ਵਿਚ ਕੰਮ ਕਰਦੇ ਲੋਕਾਂ ਨੂੰ ਅੰਨ੍ਹਾ ਪੈਸਾ ਦਿੱਤਾ ਜਾ ਰਿਹਾ ਹੈ। ਅਮਨਦੀਪ ਕਿਉਂਕਿ ਜਨਤਕ ਆਗੂ ਹੈ ਸੋ ਉਹ ਆਖਦੀ ਹੈ ਕਿ ਭਾਵੇਂ ਇਹ ਪ੍ਰਤੱਖ ਹੈ ਕਿ ਅੱਗੇ ਜਾ ਕੇ ਇਹ ਲੜਾਈ ਔਰਤਾਂ ਲਈ ਹੋਰ ਭਿਆਨਕ ਬਣ ਜਾਵੇਗੀ, ਪਰ ਇਸ ਤੋਂ ਡਰ ਕੇ ਪਿੱਛੇ ਨਹੀਂ ਹਟਿਆ ਜਾ ਸਕਦਾ। ਜਿਸ ਤਰ੍ਹਾਂ ਸਾਡਾ ਤੰਤਰ ਮੋੜ ਕੱਟ ਰਿਹਾ ਹੈ ਭਵਿੱਖ ਵਿੱਚ ਔਰਤਾਂ ਲਈ ਡਰਾਉਣਾ ਹੈ, ਫਿਰ ਇਹ ਲੜਾਈ ਜਾਰੀ ਹੀ ਰੱਖੀ ਜਾਣੀ ਚਾਹੀਦੀ ਹੈ। ਉਹ ਮੰਨਦੀ ਹੈ ਕਿ ਗਾਲ੍ਹਾਂ ਦੀ ਭਾਸ਼ਾ ਰਾਹੀਂ ਔਰਤਾਂ ਨੂੰ ਚੁੱਪ ਕਰਾ ਲਿਆ ਜਾਂਦਾ ਹੈ ਪਰ ਅੱਜ ਹਾਲਾਤ ਉਹ ਨਹੀਂ ਹਨ, ਔਰਤਾਂ ਨੂੰ ਘਰਾਂ ਵਿਚੋਂ ਬਾਹਰ ਨਿਕਲ ਕੇ ਲੜਨਾ ਹੀ ਪੈਣਾ ਹੈ। ਖੇਤਾਂ ਨੂੰ ਹਾਰ ਜਾਣਾ, ਔਰਤਾਂ ’ਤੇ ਹੋਰ ਵੀ ਭਾਰੂ ਅਤੇ ਮਾਰੂ ਸਾਬਤ ਹੋਵੇਗਾ। ਸੋ ਚੰਗਾ ਹੈ ਕਿ ਗਾਲ੍ਹਾਂ ਖਾਂਦਿਆਂ ਵੀ ਲੜਾਈ ਜਾਰੀ ਰੱਖੀ ਜਾਵੇ।

ਇੱਕ ਗੱਲ ਜ਼ਿਕਰਯੋਗ ਹੈ ਕਿ ਨਾਜ਼ੀ ਦੌਰ ਵਿੱਚ ਵੱਡੀ ਗਿਣਤੀ ਵਿੱਚ ਰੇਡੀਓ ਸਟੇਸ਼ਨ ਖੁੱਲੇ ਸਨ, ਜਿਨ੍ਹਾਂ ਦੀ ਵਰਤੋਂ ਰੱਜ ਕੇ  ਪ੍ਰਚਾਰ ਲਈ ਕੀਤੀ ਗਈ ਸੀ। ਅੱਜ ਤਕਨੀਕ ਦੀ ਰੱਜ ਕੇ ਵਰਤੋਂ ਲੋਕਾਂ ਲਈ ਹੋ ਰਹੀ ਹੈ। ਇਹ ਕਿਸਾਨ ਸੰਘਰਸ਼ ਮਹਿਜ਼ ਖੇਤਾਂ ਦਾ ਸੰਘਰਸ਼ ਨਹੀਂ ਹੈ, ਇਹ ਸੱਭਿਅਤਾ, ਭਾਸ਼ਾ, ਚੱਜ - ਆਚਾਰ ਤੇ ਮਨੁੱਖੀ ਸੰਵੇਦਨਾ ਨੂੰ ਬਚਾਉਣ ਤੇ ਅਣਖ ਨਾਲ਼ ਜਿਉਣ ਦਾ ਸੰਘਰਸ਼ ਹੈ। ਭਾਸ਼ਾ ਦੀ ਉੱਚਤਾ, ਸੁੱਚਤਾ ਅਤੇ ਕਿਰਦਾਰਾਂ ਨੂੰ ਬਚਾਉਣ ਦਾ ਸੰਘਰਸ਼ ਹੈ। ਆਸ ਹੈ, ਅਸੀਂ ਸਾਰੇ ਜਿਊਂਦੇ ਜਾਗਦੇ ਲੋਕ ਸੰਘਰਸ਼ ਕਰਦੇ ਸਮੇਂ, ਲੜਦੇ ਸਮੇਂ ਮਾਵਾਂ ਭੈਣਾਂ ਦੇ ਅੰਗ ਨਾਲ ਨਹੀਂ ਚੁੱਕੀ ਫਿਰਾਂਗੇ ਤੇ ਮਾਵਾਂ ਆਪਣੇ ਪੁੱਤਾਂ ਨੂੰ ਜ਼ਰੂਰੀ ਸੁੱਚੀ ਭਾਸ਼ਾ ਦੀ ਤਹਿਜ਼ੀਬ ਦੇਣ।