ਨਵ ਰਾਹੀ (nav.rahi)

ਅੰਦੋਲਨਕਾਰੀ ਔਰਤਾਂ

ਪ੍ਰੋ ਸੁਰਿੰਦਰ ਕੌਰ ਜੈਪਾਲ
    
ਅੱਸੀਂ  ਪੈਲੀਆਂ ਦੇ ਗੂੰਜਦੇ ਬੋਲ ਹਾਂ 
ਰਾਖ਼ ਚੋਂ ਉੱਗੀਆਂ ਹਾਂ, ਅਡੋਲ ਹਾਂ 
ਖ਼ੂਨ ਵਿਚੋਂ ਨਿੱਤ  ਉੱਠਦੇ 
ਨਾਹਿਰਆਂ ਦੀ ਆਵਾਜ਼ ਹਾਂ 
ਅੰਬਰਾਂ ਤੋਂ ਅੱਗੇ ਦੀ ਪਰਵਾਜ਼ ਹਾਂ 
 
ਹਰ ਮੋਰਚੇ ਵਿੱਚ  
ਡਟ ਕੇ ਖੜਦੀਆਂ ਹਾਂ 
ਆਪਣੇ ਹੱਸੇ ਦੀ ਜੰਗ 
ਆਪ ਲੜਦੀਆਂ ਹਾਂ 
ਸੁਆਰਥੀ ਨਹੀਂ  ਹਾਂ
ਕਿੱਥੇ  ਡਰਦੀਆਂ ਹਾਂ 
 
ਅੱਜ ਦੇ ਜਾਬਰਾਂ ਬਾਬਰਾਂ ਦਾ ਮਰਸੀਆ 
ਧਰਤੀ ਦੀਆਂ ਮਾਲਕਣਾਂ 
ਸੜਕਾਂ,ਰੇਲ ਪਟੜੀਆਂ ਤੇ ਪੜਣ ਲੱਗਦੀਆਂ 
ਕਲਮ,ਕਰਦ,ਕੈਂਚੀ ਹਿਥਆਰ ਹੁੰਦੇ
 ਚਿਮਟਾ ,ਭੂਕਨੀ ਕਦੇ ਬਲਦੇ ਮਿਰਆੜ ਹੁੰਦੇ 
 
ਫਸਲਾਂ ਦੇ ਆਜ਼ਾਦ ਲਿਹਰਨ ਤੱਕ 
ਰੁੱਤਾਂ, ਧੁੱਪਾਂ ਦੇ ਬੇਖ਼ੌਫ਼ ਖਿੜਕਣ ਤੱਕ 
ਹੁਕਮ ਵਿੱਚ ਬੱਝੀਆਂ ਪੌਣਾਂ ਦੀ 
ਆਖ਼ਰੀ ਜ਼ੰਜੀਰ ਟੁੱਟਣ ਤੱਕ 
ਰਗਾਂ ਵਿੱਚ ਲਹੂ ਦੀ 
ਅੰਤਲੀ ਬੂੰਦ ਸੁੱਕਣ ਤੱਕ 
ਲੜਾਂਗੀਆਂ
ਕਿਓਂਕਿ ਜਾਂਬਾਜ਼, ਅੰਦੋਲਨਕਾਰੀ 
ਔਰਤਾਂ ਹਾਂ ਅਸੀ।