ਤਸਵੀਰ: ਰਣਦੀਪ ਮੱਦੋਕੇ

ਔਰਤਾਂ ਦੀ ਟਰੈਕਟਰ ਰੈਲੀ ਵਿਚ ਦੋ ਭੈਣਾਂ

ਪ੍ਰੋ ਸੁਰਿੰਦਰ ਗਿੱਲ ਜੈਪਾਲ ਅਤੇ ਸੁਖਜਿੰਦਰ ਕੌਰ
    
21 ਮਾਰਚ 2021 ਦਾ ਦਿਨ ਮੇਰੀ ਜਿੰਦਗੀ ਦੇ ਸੂਹੇ ਫਰੇਮ ਵਿਚ ਮੜ੍ਹਿਆ ਗਿਆ ਹੈ। ਤਿੰਨੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਔਰਤਾਂ ਦਾ ਟਰੈਕਟਰ ਮਾਰਚ ਅਡਾਨੀ ਖੁਸ਼ਕ ਬੰਦਰਗਾਹ ਕਿਲ੍ਹਾ ਰਾਏਪੁਰ ਤੋਂ ਰਵਾਨਾ ਹੋਣ ਤੋਂ ਪਹਿਲਾਂ ਦਾ ਦ੍ਰਿਸ਼ ਇਤਿਹਾਸ ਦਾ ਨਵਾਂ ਪੰਨਾ  ਲਿਖ ਰਿਹਾ ਸੀ। ਵੱਖ ਵੱਖ ਪਿੰਡਾਂ ਤੋਂ ਟਰੈਕਟਰ ਲਿਆ ਕੇ ਬੰਦਰਗਾਹ ਦੇ ਸਾਹਮਣੇ ਕਤਾਰ ਵਿਚ ਖੜਾਅ ਰਹੀਆਂ ਸਨ ਜਿਵੇਂ ਕਾਰਪੋਰੇਟ ਘਰਾਣਿਆਂ ਅਤੇ ਕੇਂਦਰੀ ਸਰਕਾਰ ਨੂੰ ਸਿੱਧਾ ਵੰਗਾਰ ਰਹੀਆਂ ਸਨ ਕਿ ਉਹ ਕਿਰਤੀਆਂ, ਕਿਸਾਨਾਂ ਅਤੇ ਲੋਕਾਂ ਦਾ ਉਜਾੜਾ ਨਹੀਂ ਹੋਣ ਦੇਣਗੀਆਂ। ਆਸ ਪਾਸ ਕਣਕਾਂ ਦੇ ਖੇਤ ਸਿਰ ਹਿਲਾ ਕੇ ਇਕਜੁੱਟਤਾ ਦਾ ਹੁੰਗਾਰਾ ਭਰ ਰਹੇ ਸਨ। ਪਕੌੜਿਆਂ ਨਾਲ਼ ਚਾਹ ਪੀਣ ਦੇ ਨਾਲ਼ ਨਾਲ਼ ਕੇਂਦਰ ਸਰਕਾਰ ਦੀ ਢੀਠਤਾਈ, ਬਦਜ਼ੁਬਾਨੀ,ਕਾਲੀ ਸਿਆਸਤ ਦੀਆਂ ਅਨੇਕਾਂ ਅਵਾਜ਼ਾਂ ਹਰ ਹਾਲਤ ਹੱਕਾਂ ਲਈ ਲੜਣ ਦੇ ਅਹਿਦ ਵਿਚ ਤਬਦੀਲ ਸੁਣੀਆਂ। ਹਰ ਸ਼ਖ਼ਸ ਮਾਰਚ ਦੇ ਪ੍ਰਬੰਧਾਂ ਵਿਚ ਮਸਰੂਫ਼ ਸੀ। ਹਰਨੇਕ ਗੁੱਜਰਵਾਲ ਸੰਗਰਾਮ ਟੀ ਵੀ ਲਈ ਬੀਬੀਆਂ ਦੀ ਇੰਟਰਵਿਊ ਕਰ ਰਿਹਾ ਸੀ। ਮੁੱਖ ਮਹਿਮਾਨ ਡਾ ਇੰਦਰਜੀਤ ਕੌਰ ਕਲਸੀ ਹਰੀਆਂ ਚੁੰਨੀਆਂ ਪਹਿਨਾ ਕੇ ਟਰੈਕਟਰ ਚਾਲਕਾਂ ਅਤੇ ਔਰਤਾਂ ਦਾ ਸਨਮਾਣ ਕਰ ਰਹੇ ਸਨ। ਜਨਵਾਦੀ ਇਸਤਰੀ ਸਭਾ, ਜਮਹੂਰੀ ਕਿਸਾਨ ਸਭਾ ਅਤੇ ਹੋਰ ਸਭਾਵਾਂ ਦੇ ਰੰਗ ਬਰੰਗੇ ਝੰਡਿਆਂ ਦੀ ਫਰ ਫਰ ਕਾਰਪੋਰੇਟਰਾਂ ਨੂੰ ਸਖ਼ਤ ਸੁਨੇਹਾ ਭੇਜ ਰਹੀ ਸੀ। ਸੱਭ ਤੋਂ ਅੱਗੇ ਕੁੜੀਆਂ ਦੇ ਸਕੂਟਰ, ਕਾਰਾਂ, ਸਪੀਕਰ ਵਾਲੀ ਕਾਰ, ਇਸ ਤੋਂ ਪਿੱਛੇ ਟਰੈਕਟਰਾਂ ਦੀ ਲੰਮੀ ਲਾਈਨ ਤੇ ਅਖੀਰ ਤੇ ਪੁਰਸ਼ਾਂ ਦੇ ਵਾਹਨ। ਡਾ ਇੰਦਰਜੀਤ ਕੌਰ ਕਲਸੀ ਹਰੀ ਝੰਡੀ ਲਹਿਰਾ ਰਹੇ ਸਨ। ਟਰੈਕਟਰਾਂ ਤੇ ਨਾਹਰਿਆਂ ਦੀ ਗੂੰਜ ਸੁੱਤੇ ਵਾਤਾਵਰਨ ਨੂੰ ਜਗਾ ਰਹੀ ਸੀ। ਮੈਂ ਸੱਭ ਤੋਂ ਪਹਿਲੇ ਟਰੈਕਟਰ ਦੀ ਚਾਲਕ ਸੀਟ ਤੇ ਸਾਂ। ਮੇਰੇ ਸੱਜੇ ਪਾਸੇ ਮੇਰੀ ਛੋਟੀ ਭੈਣ ਸੁਖਜਿੰਦਰ ਕੌਰ ਬੈਠੀ ਸੀ। ਜਿਉਂ ਹੀ ਮੈਂ ਗੇਅਰ ਪਾ ਕੇ ਕਲੱਚ ਛੱਡਿਆ ਤਾਂ ਯਾਦਾਂ ਬਚਪਨ ਵਾਲੇ ਘਰ ਲੈ ਗਈਆਂ। ਵਿਹੜਾ ਬੜਾ ਖੁੱਲ੍ਹਾ ਡੁੱਲ੍ਹਾ ਸੀ। ਸਾਡੇ ਬੀਬੀ ਜੀ 10 ਕੁ ਵਜੇ ਖੂਹ ਤੇ ਚਾਹ ਲੈ ਕੇ ਜਾਂਦੇ। ਮੈਂ ਤੇ ਸੁਖਜਿੰਦਰ ਵਾਰੀ - ਵਾਰੀ ਫ਼ੋਰਡ ਟਰੈਕਟਰ ਵਿਹੜੇ ਵਿਚ ਚਲਾ ਕੇ ਸਿੱਖਦੀਆਂ। ਇੱਕ ਵਾਰ ਕੰਧ ਵਿਚ ਵੱਜਣ ਤੋਂ ਐਨ ਪਹਿਲਾਂ ਬ੍ਰੇਕ ਲੱਗ ਗਈ ਤੇ ਅਸੀਂ ਚੋਰੀ - ਚੋਰੀ ਟਰੈਕਟਰ ਚਲਾਉਣ ਅਤੇ ਜੁੱਤੀਆਂ ਖਾਣ ਤੋਂ ਦੋਵੇਂ ਬਚ ਗਈਆਂ। ਅੱਜ ਫਿਰ ਅਸੀਂ ਦੋਵੇਂ ਇੱਕ ਯਾਦਗਾਰੀ ਇਤਿਹਾਸਕ ਰੈਲੀ ਵਿਚ ਸਾਂ। ਅਸੀਂ ਪਹਿਲੀ ਵਾਰ ਟਰੈਕਟਰ ਤੇ ਨਹੀਂ ਬੈਠੀਆਂ ਸਾਂ। ਮਾਰਚ ਡੇਹਲੋਂ ਬਜ਼ਾਰ ਵਿਚੋਂ ਹੁੰਦਾ ਹੋਇਆ ਰੰਗੀਆਂ, ਘੁੰਗਰਾਣਾ,ਜੜਤੌਲੀ, ਕਿਲ੍ਹਾ ਰਾਏਪੁਰ ਵਿਚੋਂ ਹੁੰਦਾ ਹੋਇਆ, ਹਜ਼ਾਰਾਂ ਲੋਕਾਂ ਦੇ ਕੈਮਰਿਆਂ ਵਿਚ ਕੈਦ ਹੁੰਦਾ, ਅਲੋਕਾਰ ਦ੍ਰਿਸ਼ ਸਿਰਜਦਾ, ਅਡਾਨੀਆਂ ਅੰਬਾਨੀਆਂ ਤੇ ਕੇਂਦਰ ਦੀ ਬੀ ਜੇ ਪੀ ਦੀ ਸਰਕਾਰ ਵਿਰੁੱਧ ਰੋਹ ਵੰਡਦਾ, ਏਕਤਾ ਅਤੇ ਸੰਘਰਸ਼ ਦਾ ਹੋਕਾ ਦਿੰਦਾ ਅਡਾਨੀ ਖੁਸ਼ਕ ਬੰਦਰਗਾਹ ਅੱਗੇ ਲੱਗੇ ਪੱਕੇ ਮੋਰਚੇ ਪੰਹੁਚ ਚੁੱਕਿਆ ਸੀ। ਅੰਦੋਲਨ ਦੀ ਵਾਗਡੋਰ ਤੇ ਟਰੈਕਟਰ ਦਾ ਸਟੇਅਰਿੰਗ ਆਪਣੇ ਹੱਥਾਂ ਵਿਚ ਲੈ ਕੇ ਸਾਨੂੰ ਮਹਿਸੂਸ ਹੋਇਆ ਕਿ 'ਅਸੀਂ ਇਨਕਲਾਬ ਹਾਂ।'

ਪ੍ਰੋ ਸੁਰਿੰਦਰ ਗਿੱਲ ਜੈਪਾਲ, ਲੁਧਿਆਣਾ 
--------------

ਮਿਤੀ 21-03-2021 ਨੂੰ ਮੈਂ ਔਰਤਾਂ ਦੀ ਟਰੈਕਟਰ ਰੈਲੀ ਵਿਚ ਸ਼ਾਮਿਲ ਹੋਣ ਲਈ ਪਹੁੰਚੀ ਤਾਂ ਮੇਰੇ ਜਿਹਨ ਵਿਚ ਉਹ ਟਰੈਕਟਰ (ਫੋਰਡ 3600) ਆਇਆ ਜਿਸਨੂੰ ਮੈਂ 1972 ਵਿਚ ਚਲਾਇਆ ਸੀ। ਸਾਡੇ ਮਨਾਂ ਵਿਚ ਚਾਅ ਅਤੇ ਅਥਾਹ ਉਤਸ਼ਾਹ ਸੀ ਕਿ ਸਾਡੇ ਘਰ ਬਾਪੂ ਜੀ ਨੇ ਨਵਾਂ ਟਰੈਕਟਰ ਲੈ ਕੇ ਆਉਣਾ ਹੈ। ਉਦੋਂ ਖੇਤੀ ਬਲਦਾਂ ਨਾਲ਼ ਹੁੰਦੀ ਸੀ, ਮੈਂ ਉਦੋਂ ਨੌਂਵੀ ਜਮਾਤ ਵਿਚ ਪੜਦੀ ਸਾਂ ਅਤੇ ਮੇਰੇ ਮਨ ਵਿਚ ਬਹੁਤ ਸਵਾਲ ਆਉਂਦੇ ਸਨ ਕਿ ਖੇਤੀ ਟਰੈਕਟਰ ਨਾਲ਼ ਕਿਵੇਂ ਹੋਵੇਗੀ, ਇਸ ਨਾਲ਼ ਜਮੀਨ ਕਿਵੇਂ ਵਾਹੀ ਜਾਵੇਗੀ, ਹਲ਼ ਕਿਵੇਂ ਚੜਨਗੇ, ਸੁਹਾਗਾ ਕਿਵੇਂ ਮਾਰਿਆ ਜਾਵੇਗਾ, ਟਰੈਕਟਰ ਖੇਤਾਂ ਵਿਚ ਮੋੜ ਕਿਵੇਂ ਕੱਟੇਗਾ, ਇਸ ਨਾਲ਼ ਬਿਜਾਈ ਕਿਵੇਂ ਹੋਵੇਗੀ। 

ਜਦੋਂ ਟਰੈਕਟਰ ਘਰ ਆਇਆ ਤਾਂ ਖੁਸ਼ੀ ਸੰਭਾਲੀ ਨਹੀਂ ਜਾਂਦੀ ਸੀ। ਲੋਕਾਂ ਨੇ ਘਰ ਆ ਕੇ ਵਧਾਇਆਂ ਦੇਣੀਆਂ, ਕਿਸੇ ਨੇ ਟਰੈਕਟਰ ਦੇ ਚਾਰ ਚੁਫੇਰੇ ਘੁੰਮ ਕੇ ਦੇਖਣਾ, ਟਰੈਕਟਰ ਦੇ ਟਾਇਰਾਂ ਨੂੰ ਹੱਥ ਲਾ ਕੇ ਵੇਖਣਾ, ਕਿਸੇ ਨੇ ਖੜੇ ਟਰੈਕਟਰ ਤੇ ਚੜਕੇ ਡਰਾਇਵਰ ਸੀਟ ਤੇ ਬੈਠਣਾ ਤੇ ਕਦੇ ਉੱਪਰ ਵਾਲੀਆਂ ਸੀਟਾਂ ਤੇ। ਮੈਂ ਸਪੈਸ਼ਲ ਖੇਤਾਂ ਵਿਚ ਚਲਦੇ ਨੂੰ ਵੇਖਣ ਜਾਣਾ, ਝੂਟੇ ਲੈਣੇ, ਜਦੋਂ ਟਰੈਕਟਰ ਉੱਚੀ ਨੀਵੀਂ ਥਾਂ ਤੋਂ ਲੰਘਦਾ ਹੁਲਾਰੇ ਆਉਣੇ ਤੇ ਫਿਰ ਹੱਸਣਾ ਖੇਡਣਾ ਖੁਸ਼ ਹੋਣਾ।

ਟਰੈਕਟਰ ਆਉਣ ਨਾਲ਼ ਘਰ ਵਿਚ ਰੌਣਕਾਂ ਹੀ ਹੋਰ ਦੀਆਂ ਹੋਰ ਹੋ ਗਈਆਂ। ਵੱਡੇ ਵੀਰ ਜੀ ਨੇ ਬੇ ਆਬਾਦ ਜਮੀਨ ਨੂੰ ਤਵੀਆਂ ਨਾਲ਼, ਹਲਾਂ ਨਾਲ਼ ਵਾਹਿਆ ਤੇ ਕਰਾਹ ਕਰਕੇ ਪੱਧਰੀ ਕੀਤਾ ਤੇ ਆਬਾਦ ਕੀਤਾ। ਜਮੀਨ ਆਬਾਦ ਹੋਣ ਨਾਲ਼ ਫਸਲਾਂ ਚੰਗੀਆਂ ਹੋਣ ਲੱਗ ਪਈਆਂ ਤੇ ਆਮਦਨ ਵਿਚ ਵਾਧਾ ਹੋਇਆ, ਘਰ ਦਾ ਗੁਜਾਰਾ ਸੌਖਾ ਹੋਣ ਲੱਗ ਪਿਆ। ਸਾਰੇ ਭੈਣ ਭਰਾਵਾਂ ਦੀ ਪੜਾਈ ਤੇ ਖਰਚਣ ਜੋਗੇ ਪੈਸੇ ਆਉਣ ਲੱਗ ਪਏ। ਗਰੀਬੀ ਕਰਕੇ ਵੀ ਲੋਕ ਉਸ ਸਮੇਂ ਬੇਟੀਆਂ ਨੂੰ ਨਹੀ ਪੜਾ ਸਕਦੇ ਸੀ। ਪਰ ਮੇਰੇ ਬੀਜੀ ਤੇ ਬਾਪੂ ਜੀ ਨੇ ਸਾਨੂੰ ਖੂਬ ਪੜਾਇਆ। ਸਭ ਤੋਂ ਵੱਡੇ ਭੈਣ ਜੀ ਨੂੰ ਫਿਰੋਜ਼ਪੁਰ ਤੋਂ ਜੇ.ਬੀ.ਟੀ ਕਰਾਈ। ਉਸ ਤੋਂ ਛੋਟੇ ਭੈਣਜੀ ਸੁਰਿੰਦਰ ਕੌਰ ਜਲੰਧਰ ਡੀ.ਏ.ਵੀ ਕਾਲਜ ਹੋਸਟਲ ਵਿਚ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਸਟਲ ਵਿਚ ਪੜਾਇਆ। ਮੇਰੇ ਤੋਂ ਛੋਟੇ ਭੈਣ ਭਰਾ ਨੇ ਬੀ.ਏ ਕੀਤੀ। ਇਹ ਸਾਰਾ ਕਮਾਲ ਟਰੈਕਟਰ ਦਾ ਹੀ ਸੀ ਕਿ ਸਾਰੇ ਪੜੇ ਵੀ ਚੰਗੀਆਂ ਨੌਕਰੀਆਂ ਵੀ ਕੀਤੀਆਂ ਤੇ ਹੁਣ ਰਿਟਾਇਰ ਵੀ ਹੋ ਗਏ ਹਾਂ। ਮੈਨੂੰ ਉਸ ਕੁਦਰਤੀ ਕਰੋਪੀ ਦਾ ਚੇਤਾ ਨਹੀਂ ਭੁਲਦਾ ਜਦੋਂ ਗੜੇ ਪੈ ਗਏ ਤੇ ਕਣਕ ਦਾ ਇੱਕ ਵੀ ਦਾਣਾ ਸਾਡੇ ਘਰ ਨਹੀਂ ਆਇਆ ਤੇ ਵੀਰ ਜੀ ਨੇ ਲੋਕਾਂ ਦੇ ਖੇਤਾਂ ਵਿਚ ਟਰੈਕਟਰ ਵਾਹ ਕੇ ਮੈਨੂੰ ਪਟਿਆਲੇ ਪੈਸੇ ਭੇਜੇ ਸਨ।

ਇੱਕ ਵਾਰ ਵੀਰ ਜੀ ਬਾਪੂ ਜੀ ਨੂੰ ਟਰੈਕਟਰ ਸਿਖਾਉਣ ਲੱਗੇ। ਮੈਂ ਵੀ ਸੀਟ ਤੇ ਬੈਠੀ ਸਾਂ, ਬਾਪੂ ਜੀ ਨੇ ਇੱਕਦਮ ਕਲੱਚ ਛੱਡ ਦਿੱਤਾ ਤੇ ਮੈਂ ਭੁੜਕ ਕੇ ਥੱਲੇ ਡਿੱਗ ਪਈ ਉਸ ਤੋਂ ਬਾਅਦ ਬਾਪੂ ਜੀ ਨੇ ਸਾਰੀ ਉਮਰ ਟਰੈਕਟਰ ਨਈਂ ਸਿੱਖਿਆ। ਪਰ ਮੈਂ ਟਰੈਕਟਰ ਸਿੱਖਿਆ ਜਦੋਂ ਘਰ ਵਿਚੋਂ ਸਾਰੇ ਬਾਹਰ ਗਏ ਹੁੰਦੇ, ਮੈਂ ਤੇ ਟਰੈਕਟਰ ਘਰ ਵਿਚ ਇਕੱਲੇ ਹੁੰਦੇ। ਮੈਂ ਚਾਬੀ ਚੁੱਕਣੀ ਟਰੈਕਟਰ ਸਟਾਰਟ ਕਰਨਾ। ਕਲੱਚ ਹੌਲੀ ਦੇਣੇ ਛੱਡਣਾ, ਵਿਹੜੇ ਵਿਚ ਹੀ ਚਲਾ ਕੇ ਸਿੱਖ ਲਿਆ, ਕਦੇ ਅੱਗੇ ਨੂੰ ਚਲਾਉਣਾ ਕਦੇ ਪਿਛਲਾ ਗੇਅਰ ਪਾ ਕੇ ਚਲਾਉਣਾ। ਇੱਕ ਵਾਰ ਮੇਰੇ ਕੋਲੋਂ ਸਪੀਡ ਜਿਆਦਾ ਦੇ ਹੋ ਗਈ, ਪਰ ਮੇਰੀ ਭੈਣ ਸੁਰਿੰਦਰ ਨੇ ਹੱਥਾਂ ਨਾਲ਼ ਹੀ ਫਟਾਫਟ ਬਰੇਕ ਦੱਬ ਦਿੱਤੀ ਤੇ ਘਰ ਦੇ ਚੌਂਕੇ ਦੀ ਕੰਧ ਢਹਿਣ ਤੋਂ ਬਚ ਗਈ, ਘਰਦਿਆਂ ਦੀਆਂ ਝਿੜਕਾਂ ਤੋਂ ਵੀ ਬਚ ਗਏ।

ਵੀਰ ਜੀ ਨੇ ਟਰੈਕਟਰ ਖੇਤਾਂ ਨੂੰ ਲਿਜਾਣਾ, ਮੈਂ ਭੱਜ ਕੇ ਉੱਤੇ ਬੈਠ ਜਾਣਾ, ਰਸਤੇ ਵਿਚ ਵੀਰ ਜੀ ਦੀਆਂ ਮਿੰਨਤਾਂ ਕਰਕੇ ਟਰੈਕਟਰ ਚਲਾ ਲੈਣਾ। ਫਿਰ ਕਈ ਵਾਰ ਘਰੋਂ ਖੇਤ ਨੂੰ ਤੇ ਖੇਤੋਂ ਘਰ ਨੂੰ ਚਲਾ ਕੇ ਲਿਆਉਣਾ, ਖੁਸ਼ੀ ਇੰਨੀ ਹੋਣੀ ਕਿ ਸਾਂਭੀ ਨਾ ਜਾਣੀ। ਪਿੰਡ ਵਾਲਿਆਂ ਨੇ ਕਹਿਣਾ ਬਈ ਸਾਡੀ ਤਾਂ ਵੀਰਾਂ ਵੀ ਟਰੈਕਟਰ ਭਜਾਈ ਫਿਰਦੀ ਐ। ਇਸ ਕਰਕੇ ਲੋਕਾਂ ਨੇ ਮੈਨੁੰ ਬੜੀ ਬਹਾਦਰ ਕੁੜੀ ਸਮਝਣਾ।

ਟਰੈਕਟਰ ਲੈਣ ਨਾਲ਼ ਖੇਤੀ ਕਰਨੀ ਸੁਖਾਲੀ ਹੋ ਗਈ, ਦਿਨਾਂ ਦਾ ਕੰਮ ਘੰਟਿਆਂ ਵਿਚ ਹੋ ਜਾਂਦਾ, ਤੇ ਘੰਟਿਆਂ ਦਾ ਕੰਮ ਪਲਾਂ ਵਿਚ। ਫਸਲਾਂ ਮੰਡੀਆਂ ਵਿਚ ਸੁੱਟਣੀਆਂ ਸੌਖੀਆਂ ਹੋ ਗਈਆਂ। ਟਰੈਕਟਰ ਪਿੱਛੇ ਟਰਾਲੀ ਪਾ ਕੇ ਵਾਂਢੇ ਕੱਢਣੇ ਵੀ ਸੌਖੇ ਹੋ ਗਏ, ਤੇ ਮੇਲਿਆਂ ਤੇ ਵੀ ਟਰੈਕਟਰ ਲੈ ਕੇ ਜਾਂਦੇ।

21 ਮਾਰਚ ਦੀ ਔਰਤ ਟਰੈਕਟਰ ਰੈਲੀ ਦੇ ਸਦਕਾ ਸਾਡੀਆਂ ਭੈਣਾਂ ਨੇ ਸਟੇਅਰਿੰਗ ਨੂੰ ਹੱਥ ਪਾ ਲਿਆ ਹੈ। ਹੁਣ ਔਰਤਾਂ ਜਦ ਤੱਕ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਹੁੰਦੇ, ਘਰਾਂ ਦੀਆਂ ਜਿੰਮੇਵਾਰੀਆਂ ਨਿਭਾਉਣ ਦੇ ਨਾਲ਼ ਨਾਲ਼ ਫਸਲਾਂ ਬੀਜਣ ਤੇ ਜਿਣਸਾ ਸਾਂਭਣ ਦੇ ਵੀ ਯੋਗ ਹਨ। 

ਸੁਖਜਿੰਦਰ ਕੌਰ, ਅੰਗਾਕੀੜੀ, ਫਗਵਾੜਾ