ਤਸਵੀਰ: ਰਣਦੀਪ ਮੱਦੋਕੇ ; ਮਾਂ ਅਤੇ ਧੀ ਖੇਤ ਮਜ਼ਦੂਰ, ਲੰਚ ਬ੍ਰੇਕ 'ਤੇ , 2020

ਆਤਣ ਵਿਚਾਰ

ਆਸਮਾਂ ਕਾਦਰੀ
    
ਅਸਾਂ ਬਹਿ ਅੰਦਰਾਂ ਵਿਚ ਗੱਲ ਸਮੰਦਰਾਂ ਦੀ ਪਈ ਕੀਤੀ
ਸਮੰਦਰੀਂ ਜੋ ਲੱਥੀਆਂ, ਪਾਣੀ ਵਿਚ ਕਹਾਣੀ ਆਪਣੀ ਘੋਲ ਗਈਆਂ
ਖਿੜ ਕੰਢਿਆਂ ਵਿਚ ਦੇਸ-ਵਿਦੇਸੀ 
ਰੰਗ, ਸੁਗੰਧੀ, ਬੋਲੀ ਅਵੱਲੀ ਬੋਲ ਗਈਆਂ
ਲੰਘਦੀ ਵਾਅ ਘੁੱਟ ਕੁ ਪੀਤੀ 
ਦੱਸੀ ਜੂਹੇ ਹੁਣ ਵੱਤਰ ਭਾਲਣ ਨਿਕਲੋ 
ਤਾਂ ਸੁਣਿਆਂ ਏਂ ਕੱਥ ਅਕੱਥ ਕਰੇਂਦੇ ਅੱਖਰ ਆਮ ਜਿਹੇ 
ਅਣਹੋਈ, ਕਰ ਹੋਈ ਦਸੇਂਦੇ ਨੇ

ਨਜਮ ਹੁਸੈਨ ਸੱਯਦ ਦੀ ਇਸ ਨਜ਼ਮ ਚ ਅੰਦਰ ਤੇ ਬਾਹਰ ਦੀ ਕੱਥ ਕਰੇਂਦਾ ਹੈ ਗਾਵਣ। ਅੰਦਰ ਕੀ ਹੈ? ਬੰਦੇ ਦਾ ਦਿਲ, ਚਿੱਤ-ਚੇਤਾ, ਜਿਸ ਵਿਚ ਉਹ ਹਰ ਸਮੇਂ ਨਵੇਂ ਪੱਕ ਪਕਾਉਂਦਾ ਏ। ਅੰਦਰ ਕੀਤੀਆਂ ਗੱਲਾਂ ਈ ਬੰਦੇ ਦੀ ਕਰਨੀ ਬਣਦੀਆਂ ਨੇ। ਕਦਾਆਂ ਇੰਝ ਵੀ ਹੁੰਦਾ ਹੈ ਜਿਉਂ ਅੰਦਰ ਦਾ ਪੱਕ ਬਾਹਰ ਦੇ ਕੱਚ ਅੱਗੇ ਝਉਂ ਜਾਂਦਾ ਏ। ਪਰ ਜੇ ਬਾਹਰ ਦੇ ਕੱਚ ਦੀ ਸਾਰ ਪੂਰੀ ਹੋਵੇ, ਤਾਂ ਅੰਦਰ ਦਾ ਪੱਕ ਕਰਨੀ ਬਣ ਭਾਉਂਦਾ ਏ। ਅੰਦਰ ਤੇ ਸਮੰਦਰ ਇੱਕੋ ਨਹੀਂ? ਬਾਹੂ ਏਹਾ ਕਾਥੀ ਕੀਤੀ ਆਹੀ-

        ਦਿਲ ਦਰਿਆ ਸਮੰਦਰੋਂ ਡੂੰਘੇ,
                          ਕੌਣ ਦਿਲਾਂ ਦੀਆਂ ਜਾਣੇ ਹੂ।

ਮਨ ਤਾਰੂ ਤਰਨਹਾਰ, ਆਸ਼ਕ ਕੌਣ ਹੈਨ? ਜੋ ਦਿਲ ਦੀਆਂ ਜਾਣਦੇ ਨੇ ਸਾਰੀਆਂ। ਗੱਲ ਕਰਨਹਾਰਾਂ ਪਹਿਲੇ ਬੋਲ ਵਿਚ ਆਪਣੀ ਕੀਤੀ ਏ ਜੋ ਅਸਾਂ ਨਿਰੀ ਗੱਲ ਛੇੜੀ ਆਏ ਅੰਦਰੇ ਬਹਿ ਕੇ। ਮੁੜ ਕਹਾਣੀ ਹੈ ਕੀਤੀ ਗੱਲ ਨੂੰ ਕਰਨੀ ਬਣਾਵਣ ਵਾਲੀਆਂ ਦੀ। ਉਹ ਜੋ ਅੰਦਰ ਮੱਚੀ ਖੁਸ਼ਬੋਈ ਨੂੰ ਸਾਂਝਾ ਕਰਨ ਸਮੰਦਰੀਂ ਲਹਿ ਪਈਆਂ। ਉਹ ਸੋਹਣੀਆਂ ਜਿਹਨਾਂ ਵਿਹਾਰ ਦੇ ਕੱਚੇ ਘੜ੍ਹੇ ਦਾ ਕੱਚ ਜਾਤਾ ਪਰ ਆਪਣੇ ਨੇਹੁਂ ਦੇ ਪੱਕ ਸਿਰ ਠਿੱਲ੍ਹ ਪਈਆਂ। ਆਪਣੇ ਇਸ਼ਕ ਦੀ ਰੰਗ- ਸੁਗੰਧ ਪਾਣੀ ਵਿਚ ਘੋਲ ਅਮਰ ਹੋਈਆਂ। ਮਤਾਂ ਇਸ਼ਕ ਕਹਾਣੀਆਂ ਹੀ ਸਮੰਦਰ ਹਨ ਅਸਲੋਂ ਮਨ ਅੰਦਰਾਂ ਵਿਚ ਵਗਦੇ। ਰਾਵੀ ਤੇ ਝਨਾਂ ਰਾਖੇ ਹੈਨ ਇਹਨਾਂ ਪ੍ਰੀਤ ਕਹਾਣੀਆਂ ਦੇ। ਪਾਣੀ ਦਾ ਅਚਰਜ ਪੈਂਡਾ ਹੈ। ਕੁੱਲ ਧਰਤ ਤੇ ਫੇਰਾ ਪਾਉਂਦਾ। ਧਰਤ ਅੰਬਰ ਵਿਚਕਾਰ ਕਿੱਕਲੀ ਖੇਡਦਾ ਏਸ ਪ੍ਰੀਤ-ਕਥਾ ਨੂੰ ਲਈ ਫਿਰਿਆ। ਪਾਣੀ ਲੋੜ ਹੈ ਕੁੱਲ ਮਖਲੂਕ ਦੀ। ਜਿਸ ਵੀ ਇਹ ਪਾਣੀ ਪੀਤਾ, ਨੇਂਹ ਦਾ ਰੰਗ ਸੁਗੰਧ ਵੀ ਅੰਦਰ ਲੱਥਾ ਓਸਦੇ। ਏਹ ਨੇਂਹ ਹੀ ਤਾਂ ਲੂਣ ਹੈ ਜੋ ਸਮੰਦਰ ਦੇ ਪਾਣੀਆਂ ਤੋਂ ਪੰਧ ਕਰੇਂਦਾ ਅੱਖੀਆਂ ਦਾ ਪਾਣੀ ਬਣਿਆ। ਏਹਾ ਇਸ਼ਕ ਹੈ, ਜਿਸ ਅੰਦਰ ਤੇ ਸਮੰਦਰ ਦੀ ਇਕਾਈ ਸਾਰੀ ਏ। ਪਾਣੀ ਪੰਧ ਕਰੇਂਦਾ, ਜੂਹੋ-ਜੂਹ ਫਿਰਦਾ ਨਿੱਤ ਨਵੀਆਂ ਬੋਲੀਆਂ ਬੋਲਦਾ ਸੁਣਗਾ ਇਹਨਾਂ ਆਸ਼ਕਾਂ ਦੀ ਸਿਆਣ ਕਰੇਂਦਾ, ਸਾਂਭ ਕਰੇਂਦੈ। ਪਾਣੀ ਦਸੇਂਦਾ ਹੈ ਜੋ ਰੰਗ  ਤੇ ਬੋਲੀ ਦੀ ਵਿੱਥ ਤਾਂ ਹੈ ਈ ਨਹੀਂ। ਗੱਲ ਤਾਂ ਹੈ ਇਕਾਈ ਸੁਹਜਾਣ ਦੀ। ਗੱਲ ਤਾਂ ਹੈ ਜੀਵਣ ਸਿਆਣ ਦੀ। ਜਿਸ ਵੀ ਇਹ ਸਿਆਣ ਕੀਤੀ, ਓਹਾ ਬੋਲੀ ਹੋਈ ਇਸ਼ਕ ਦੀ, ਓਹਾ ਰੰਗ ਹੋਇਆ ਇਸ਼ਕ ਦਾ। ਇਸ਼ਕ, ਇਕ ਰੰਗ ਹੋਵਣ ਦਾ ਨਾਂ ਹੈ। ਵੱਖਰਾ, ਵਡਿਆਈ ਦੀ ਬੇਰੰਗੀ ਤੱਜ ਕੇ। ਵਾਅ ਸਾਥਣ ਹੈ ਪਾਣੀ ਦੀ, ਮੁੱਢਲਾਤ। ਜਿੱਦਾਂ ਇਸ਼ਕ ਸਮੁੰਦਰ ਦਾ ਲੂਣ ਨਾ ਪੁੱਜਾ। ਓਦਾਂ ਵਾਅ ਸਾਹ ਬਣਕੇ ਅੰਦਰਾਂ ਵਿਚ ਲੱਥੀ। ਵਾਅ ਦਾ ਘੁੱਟ-ਘੋਟ ਪੀਵਣ ਪੂਰੀ ਸਿਆਣ ਨੇਂਹ ਦੀ ਅੰਦਰ ਉਤਾਰਨ ਹੈ। ਵਾਅ ਸਮੰਦਰ ਅੰਦਰ ਸਮਾਈ ਕੱਥ ਲੈ ਉੱਡੀ, ਓਹਨਾਂ ਕਰਨਹਾਰਾਂ ਨਿਮਾਣੀਆਂ ਦੀ, ਜਿਹਨਾਂ ਸਾਰੀ ਹਯਾਤੀ ਆਪਣੀ ਕਰਨੀ ਭੰਡਾਰ ਬਣਾਵਣ ਦੀ ਆਸ-ਉਮੈਦ ਤੇ ਲੰਘਾਈ। ਜਿਹਨਾਂ ਹਰ ਪਲ ਤਾਂਘਿਆ ਸਮੰਦਰ ਨੂੰ ਜੋ ਸਭਨਾਂ ਲਈ ਸਾਵਾਂ ਵਗਦਾ ਏ। ਜਿਹੜਾ ਰਾਹ ਵਿਚ ਆਉਣ ਵਾਲੀ ਕਿਸੇ ਔਕੜ ਜਾਂ ਰੋਕ ਪਾਰੋਂ ਰੁਕਦਾ ਨਹੀਂ, ਸਗੋਂ ਖਿੱਲਰ-ਪੁੱਲਰ ਕੇ ਰਾਹ ਨਵਾਂ ਬਣਾ ਲੈਂਦਾ ਏ। ਆਪਣੀ ਸੱਤਿਆ ਦਾ ਵਿਸਾਹ ਹੈ ਸਮੰਦਰ ਨੂੰ, ਤਾਹੀਓਂ ਪਹਾੜਾਂ ਨਾਲ਼ ਆਢਾ ਲਾਵਣ ਤੋਂ ਨਹੀਂਓਂ ਹਟਦਾ। ਆਪਣੀ ਇਸ਼ਕ ਸੱਕਤ ਨਾਲ਼ ਪਹਾੜ ਨੂੰ ਵੀ ਰੋੜ ਬਣਾ ਕੇ ਨਾਲ਼ ਟੁਰਾਉਂਦਾ ਏ। ਏਹਾ ਤਾਂ ਇਸ਼ਕ ਹੈ ਅਸਲੋਂ, ਜੋ ਸਭ ਨੂੰ ਨਾਲ਼ ਲੈ ਟੁਰਦਾ ਏ। ਡਾਢੇ ਦਾ ਡਾਢ ਤੇ ਮਾੜੇ ਦੀ ਨਿਮਾਣਤਾ ਇਸ਼ਕ ਸਮੰਦਰੀ ਘੁਲ ਇਕ ਰੰਗ ਹੋ ਵੈਂਹਦੀ ਏ। ਏਹਾ ਸੁਨੇਹਾ ਵਾਅ ਲੈ ਉੱਡਦੀ ਏ ਤੇ ਸਾਹ ਬਣਕੇ ਅੰਦਰਾਂ ਵਿਚ ਧਉਂਦੀ ਏ। ਜਦੋਂ ਇਸ਼ਕੋਂ ਵਿਜੋਗੀ ਰੂਹ ਵੀਰਾਨ ਥੀਂਦੀ ਏ, ਜਦੋਂ ਮਲ ਸੋਕਾ ਤ੍ਰੇਹ ਉਗਾਉਂਦਾ ਏ ਤਾਂ ਵੱਤਰ ਲੋੜੀਂਦੀ ਏ ਕੁੱਲ ਮਖ਼ਲੂਕ। ਓਸ ਵੇਲੇ ਇਹ ਵਾਅ ਉਪਾਅ ਹੈ ਮਲ ਸੋਕੇ ਦਾ। ਫ਼ਰੀਦ ਤੇ ਨਾਨਕ ਵਰਗੇ ਏਹਾ ਕੱਥ ਕਰੇਂਦੇ ਆਏ ਨੇ। ਜੀਵਨ ਦੇ ਆਮ ਢੋਰੇ ਵਿਚ ਜੀਉਂਦੇ ਆਮਾਂ ਦੇ ਦੁੱਖ-ਸੁੱਖ ਸਾਂਝੇ ਕਰੇਂਦੇ ਨੇਂਹ ਸੁਗੰਧ ਵਰਤਾਉਂਦੇ ਆਏ ਨੇ ਹਰ ਵਾਰੇ। ਆਮਾਂ ਦੀਆਂ ਅੱਖੀਆਂ ਅੰਦਰ ਬਲਦੀ-ਬੁਝਦੀ ਆਉਣੀ ਭਲਕ ਦੀ ਲੋਅ ਦੀ ਸਾਂਭ ਕਰੇਂਦੇ, ਜੋ ਨਾ ਹੋਇਆ ਅੱਜ ਤਾਈਂ, ਉਸ ਦੇ ਹੋਵਣ ਦੀ ਆਸ ਬਣਕੇ ਮਨਾਂ ਅੰਦਰ ਜਿਉਂਦੇ ਨੇ। ਵਾਅ ਨਾਰ ਹੈ ਤੇ ਪਾਣੀ ਨਰ। ਏਸ ਵਾਅ ਪਾਣੀ ਦਾ ਸੰਗ ਹੀ ਹੈ ਜੋ ਸਾਵਾਂ ਥੀਏ ਤਾਂ ਤੱਸੀਆਂ ਜੂਹਾਂ ਵੱਤਰ ਕਰੇਂਦਾ ਏ। ਆਮਾਂ ਦੀ ਬੋਲੀ ਤਾਂ ਹੋਈ ਚੁੱਪ। ਸੋ ਏਹਾ ਚੁੱਪ ਕਰਨੀ ਹੈ ਅਸਲ ਬੋਲੀ ਜੋ ਦਸੇੰਦੀ ਏ ਭਾਗ ਬੰਦੇ ਦੇ। ਏਹਨਾਂ ਆਮਾਂ ਦੀ ਬੋਲੀ ਨੂੰ ਹਾਸ ਪੱਤਰ ਲੋੜੀਂਦੇ ਹੀ ਨਹੀਂ। ਖਾਸ ਲੋੜ ਹੋਈ ਖਾਸਾਂ ਦੀ, ਆਪਣੇ ਹੋਵਣ ਦਾ ਪੱਕ ਕਰਨ ਕੀਤੇ। ਜੋ ਭਰਮ ਦੇ ਟੋਕਰੇ ਹੇਠ ਲੁਕ ਕੇ ਆਪਣੀਆਂ ਵਾਰਾਂ ਪਏ ਲਿਖਵੇਂਦੇ ਨੇ। ਆਸ਼ਕਾਂ ਦੀ ਕੀਤੀ ਕੱਥਣ ਵਿਚ ਆ ਹੀ ਨਹੀਂ ਸਕਦੀ, ਸੋ ਨਹੀਂ ਲੋੜ ਇਸਨੂੰ ਖਾਸ ਅੱਖਰਾਂ ਤੇ ਖਾਸ ਕਾਤਬਾਂ ਦੀ। ਏਹ ਆਮਾਂ ਦੀਆਂ ਅੱਖੀਆਂ ਵਿਚ ਲਿਖੀ ਹੈ, ਆਮਾਂ ਦੀ ਕਰਨੀ ਵਿਚ ਦਿਸਦੀ ਹੈ। ਆਮਾਂ ਦੀ ਬੋਲੀ ਵੀ ਆਮ ਹੀ ਸਮਝਦੇ ਹੋਏ। ਸੋ ਨਹੀਂ ਲੋੜ ਲੰਮੀਆਂ ਤਕਰੀਰਾਂ ਦੀ। ਏਸ ਅਣ-ਆਖੀ ਨੂੰ ਆਖਣ ਕੀਤੈ। ਕੁਦਰਤ ਸਿਰਜੀ ਵਾਅ ਤੇ ਪਾਣੀ ਜਦ ਐਹ ਕੱਥ ਸਾਂਭ ਟੁਰੇ ਹਨ ਤਾਂ ਹੁਣ ਐਹ ਹੋਈ ਸਮਝੋ। ਏਹਾ ਕੁਦਰਤ ਟੋਰ ਹੈ ਜੀਵਨ ਦੀ। ਕੁਦਰਤ ਟੋਰਾ ਆਹਰ ਹੈ ਜੀਵਨ ਦਾ ਰਲ ਕੀਤਾ। ਏਹਾ ਤਕਦੀਰ ਬਣ ਵੈਂਹਦਾ ਹੈ, ਜਦੋਂ ਹੋਂਦ ਮੈਂ ਕੋਲੋਂ ਉਦਰ ਵੰਝੇ। ਵਾਅ ਪਾਣੀ ਬਣ ਜੀਵਨ ਲੰਘਾਵਣ, ਵਰਤਾਵਣ ਹੀ ਅਕੱਥ ਕਥਾ ਹੈ ਤਕਦੀਰ ਦੀ।   

ਆਸਮਾਂ ਕਾਦਰੀ 

---------------------
ਪਾਟੀ ਕਿਰਤ ਨੇ ਇਕ ਮੁਠ ਹੋਣਾ, 
ਬਣ ਜਾਣਾ ਇਕ ਝਖੜਾ ਵੇ ਹੋ 
ਘੋੜੀ ਤੇਰੀ ਦੇ ਉਡਣੇ ਘੁੰਗਰੂ, 
ਗੋਰੀ ਦਾ ਚੂੜਾ ਰਤੜਾ ਵੇ ਹੋ 
 
ਤੀਲੀਆਂ ਰਲ ਕੇ ਬਹੁਕਰ ਬਣਨਾ, 
ਹੂੰਝ ਦੇਣਾ ਕੱਖ ਕੰਡੜਾ ਵੇ ਹੋ
ਖਵਾਰ ਹੋਏ ਸਭ ਮਿਲਣਗੇ ਆਖ਼ਰ, 
ਆਕੀਆਂ ਨੂੰ ਕੱਰ ਤਗੜਾ ਵੇ ਹੋ 
 
ਮੋਹਨ ਸਿੰਘ