ਨਵ ਰਾਹੀ (nav.rahi)

ਧੀਆਂ ਅਤੇ ਜ਼ਮੀਨ

ਹਰਜੀਤ ਕੌਰ ਅਤੇ ਸ਼ਰਨਜੀਤ ਕੌਰ
    
“ਪਹਿਲਾਂ ਘਰਦਿਆਂ ਨੇ ਪੜਨ ਲਾਇਆ, ਮੇਰਾ ਬਾਪੂ ਪਟਵਾਰੀ ਸੀ, ਮੇਰੀ ਭੂਆ ਮਾਸਟਰਨੀ ਲੱਗੀ ਸੀ। ਜਦੋਂ ਪੰਜ ਪੜ ਗਈ ਤਾਂ ਮੇਰੀ ਮਾਂ ਦੇ ਹੱਥ ਖਰਾਬ ਹੋ ਗਏ। ਦਾਦੀ ਨੂੰ ਸਾਹ ਦੀ ਬਿਮਾਰੀ ਸੀ, ਉਹਨਾਂ ਤੋ ਕੰਮ ਨਹੀਂ ਸੀ ਹੁੰਦਾ, ਇਸ ਲਈ ਮੈਨੂੰ ਪੜਨੋ ਹਟਾ ਲਿਆ ਤੇ ਮੈਂ ਘਰ ਦੇ ਕੰਮ ਕਰਨ ਲੱਗ ਗਈ। ਅਸੀਂ ਤਿੰਨ ਭੈਣ ਭਰਾ ਸੀ। ਮੇਰੀ ਭੂਆ ਮੇਰੇ ਘਰਦਿਆਂ ਨਾਲ਼ ਲੜੀ ਕਿ ਤੁਸੀਂ ਕੁੜੀ ਨੂੰ ਪੜਨ ਨਹੀਂ ਦਿੰਦੇ ਰੋਲ ਦਿਉਂਗੇ। ਉਹ ਮੈਨੂੰ ਆਪਣੇ ਨਾਲ਼ ਲੈ ਗਈ ਤੇ ਮੈਂ 2 ਜਮਾਤਾਂ ਹੋਰ ਪੜ ਗਈ। ਜਦੋਂ ਆਈ ਤਾਂ ਫਿਰ ਉਹੀ ਕੰਮ, ਅਗਾਹਾਂ ਜਿੱਥੇ ਵਿਆਹੀ ਗਈ, ਉਹ ਦੋ ਭਰਾ ਸੀ, 6 ਕਿੱਲੇ ਜਮੀਨ ਸੀ, ਅਸੀਂ ਬਹੁਤ ਕੰਮ ਕੀਤਾ 15-15 ਕਿੱਲੇ ਠੇਕੇ ਤੇ ਲੈ ਅਸੀਂ ਵਿੜੀ ਕਰ ਲੈਂਦੀਆਂ, ਵਿੜੀ ਤੇ ਨਰਮਾ ਚੁੱਗਦੀਆਂ। ਮੇਰੇ ਦੋ ਮੁੰਡੇ ਨੇ, ਅਗਾਹਾਂ ਦੋ ਪੋਤੀਆਂ ਨੇ। ਉਦੋਂ ਸਮਾਂ ਚੰਗਾ ਸੀ। ਅਸੀ ਕਮਾਈ ਕਰਕੇ ਥੌਂ ਲਿਆ, ਬਰਗਲ ਮਾਰਿਆ, 2 ਪੈਸੇ ਦਾ ਕਰਜਾ ਨਹੀਂ ਲਿਆ, ਘਰ ਬਣਾਇਆ ਬਹੁਤ ਕਮਾਈ ਕੀਤੀ। ਹੁਣ ਮੇਰੇ ਮੁੰਡੇ ਇੱਕ 5 ਪੜਿਆ ਇੱਕ 12, ਵਿਆਹੇ ਹੋਏ ਨੇ। ਵੱਡੇ ਦੇ ਇੱਕ ਮੁੰਡਾ, ਛੋਟੇ ਦੇ 2 ਕੁੜੀਆਂ ਨੇ, ਮੇਰਾ ਮੁੰਡਾ ਕਹਿੰਦਾ ਬੀਬੀ ਮੇਰੇ ਤਾਂ ਇਹੀ ਮੁੰਡੇ ਨੇ। ਮੈਂ ਬਥੇਰਾ ਘੱਟਾ ਢੋਇਆ ਇਸ ਨਗਰ ਵਿਚ ਆਕੇ ।

ਛੋਟੇ ਮੁੰਡੇ ਨੇ ਕਿਸੇ ਨਾਲ਼ ਰਲ ਕੇ ਕੰਪੈਨ ਲੈ ਲਈ। ਅਗਲੇ ਸਾਲ ਹਿੱਸੇਦਾਰ ਨੇ ਕੰਪੈਨ ਵਿਚੋਂ ਹਿੱਸਾ ਕੱਢ ਲਿਆ, ਤੇ ਸਾਰਾ ਖਰਚਾ ਪੱਲਿਉਂ ਪੈ ਗਿਆ। ਕਰਜਾ ਲੈ ਕੇ ਪੈਸੇ ਦਿੱਤੇ, 2 ਸਾਲ ਤਾਂ ਜੋ ਕਮਾਇਆ ਵਿਆਜ ਚ ਜਾਂਦਾ ਰਿਹਾ, ਫੇਰ ਮੇਰਾ ਘਰ ਵਾਲਾ ਕਹਿੰਦਾ ਆਪਾਂ ਕਦੇ ਕਰਜਾ ਲਿਆ ਨਹੀਂ ਸੀ, ਐਵੇਂ ਤਾਂ ਕੰਮ ਸੂਤ ਨਹੀਂ ਆਉਣਾ ਉਹਨੇਂ ਇੱਕ ਕਿੱਲਾ ਵੇਚ ਕੇ ਕਰਜਾ ਲਾਹ ਦਿੱਤਾ। ਹੁਣ ਸਾਨੂੰ ਕਮਾਈ ਬਚ ਰਹਿੰਦੀ ਐ, 2 ਕਿੱਲੇ ਅਸੀਂ ਗਹਿਣੇ ਲੈ ਕੇ ਖੇਤੀ ਕਰ ਲੈਨੇ ਆਂ, ਮੇਰੇ ਮੁੰਡੇ ਨੂੰਹਾਂ ਬਹੁਤ ਸਿਆਣੇ ਨੇ, ਬਹੁਤ ਕੰਮ ਕਰਦੇ ਨੇ। ਹੁਣ ਜਵਾਕ ਅਸੀਂ ਚੰਗੇ ਪੜਾਉਣੇ ਲਿਖਾਉਣੇ ਨੇ। ਮੇਰਾ ਮੁੰਡਾ ਇੱਕ ਹੋਰ ਮਸ਼ੀਨ ਬਣਾਉਣੀ ਚਾਹੁੰਦਾ ਹੈ, ਪਰ ਮੈਂ ਉਹਨੂੰ ਕਿਹਾ ਕਿ ਇੱਕ ਹੀ ਬਹੁਤ ਹੈ। 22 ਸਾਲ ਅਸੀਂ ਇਕੱਠੇ ਰਹੇ ਫੇਰ ਵੱਡੀ ਭੈਣ ਕਹਿੰਦੀ, ਮੈਂ ਅੱਡ ਹੋਣਾ। ਫੇਰ ਅਸੀਂ ਅੱਡ ਹੋਏ।”

ਹਰਜੀਤ ਕੌਰ , ਪਿੰਡ- ਕੁਨਰਾਂ, ਜਿਲਾ ਸੰਗਰੂਰ, ਉਮਰ- 60 ਸਾਲ
****

ਪੁਰਾਣੇ ਮਾਪੇ ਧੀ ਨੂੰ ਥੋੜੀ ਬਹੁਤ ਜਮੀਨ ਵੇਖਕੇ ਵਿਆਹੁੰਦੇ ਸਨ ਕਿ ਜਮੀਨ ਧੀ ਦਾ ਦੂਜਾ ਖਸਮ ਹੁੰਦੀ ਹੈ। ਜੇਕਰ ਜਵਾਈ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਵੇ ਤਾਂ ਔਰਤ ਆਪਣੀ ਤੇ ਆਪਣੇ ਬੱਚਿਆਂ ਦੀ ਜਿੰਦਗੀ ਜੋਗੀਆਂ ਲੋੜਾਂ ਪੂਰੀਆਂ ਕਰ ਲੈਂਦੀ ਹੈ। ਪੁਰਾਣੇ ਮਾਪੇ ਧੀ ਨੂੰ ਇੰਨੇ ਕੁ ਕੱਪੜੇ ਤੇ ਭਾਂਡੇ ਦੇ ਦਿੰਦੇ ਕਿ ਉਸਦੀ ਅੱਧੀ ਉਮਰ ਨਿਕਲ ਜਾਂਦੀ ਅਤੇ ਉਸ ਨੂੰ ਕਿਸੇ ਦੀ ਮਦਦ ਦੀ ਲੋੜ ਨਾ ਪੈਂਦੀ, ਉਦੇਂ ਤੱਕ ਉਸ ਦਾ ਆਪਣਾ ਪਰਿਵਾਰ ਹੋ ਜਾਂਦਾ, ਅਤੇ ਉਹ ਹੋਰ ਬਣਾ ਲੈਂਦੀ। 

ਹੌਲੀ ਹੌਲੀ ਸਮੇਂ ਨੇ ਤਰੱਕੀ ਕੀਤੀ, ਜੀਵਨ ਜਾਚ ਬਦਲ ਗਈ, ਧੀਆਂ ਨੂੰ ਥੋੜਾ ਬਹੁਤਾ ਪੜਾਉਣਾ ਸ਼ੁਰੂ ਕੀਤਾ ਗਿਆ। ਧੀਆਂ ਪੁੱਤਾਂ ਲਈ ਐਲ. ਆਈ. ਸੀ ਪਾਲੀਸੀ ਜਾਂ ਸਰਦੇ ਮੁਤਾਬਿਕ ਭੋਂਇ ਦਾ ਟੁਕੜਾ, ਜਾਂ ਘਰ ਖਰੀਦ ਲੈਂਦੇ ਜਿਸ ਨੂੰ ਉਹ ਕੁਵੇਲੇ ਵਰਤ ਸਕੇ। ਕੁੜੀਆਂ ਨੂੰ ਰੋਜ਼ਗਾਰ ਮਿਲਣ ਲੱਗੇ। ਉਹ ਆਪਣੇ ਪੈਰਾਂ ਸਿਰ ਹੋਈਆਂ।

ਆਇਲਟਸ ਦਾ ਦੌਰ ਆ ਗਿਆ, ਧੀਆਂ ਦੀ ਬੋਲੀ ਲੱਗਣੀ ਸ਼ੂਰੂ ਹੋ ਗਈ ਕਿ ਜਿਹੜਾ ਜਿਆਦਾ ਖਰਚਾ ਭਰੇਗਾ ਉਹ ਬਾਹਰ ਜਾਏਗਾ, ਨਤੀਜੇ ਵਲੇਂ ਪੁੱਤਾਂ ਵਾਲਿਆਂ ਦੀਆਂ ਖੁਦਖੁਸ਼ੀਆਂ ਸ਼ੂਰੂ ਹੋ ਗਈਆਂ। ਘਰ ਵੀ ਗਿਆ, ਪਰਿਵਾਰ ਵੀ ਗਿਆ। ਸਾਡੇ ਧੀਆਂ ਪੁੱਤਾਂ ਕੋਲ ਕੋਈ ਰੁਜਗਾਰ ਨਹੀ ਰਿਹਾ, ਉਸਦਾ ਫਾਇਦਾ ਫੇਰ ਮਾੜੇ ਲੋਕ ਚੁੱਕ ਰਹੇ ਹਨ। 

ਸਰਕਾਰ ਨੇ ਸਾਡੀਆਂ ਜਮੀਨਾਂ ਤੇ ਮਾੜੀ ਨਿਗਾ ਰੱਖ ਲਈ ਕਿ ਜਿਹੜੀਆਂ ਜਮੀਨਾਂ ਦੇ ਸਿਰ ਤੇ ਇਹ ਸਰਦਾਰ ਕਹਾਉਂਦੇ ਨੇ ਆਪਣੀਆ ਗਰਜਾਂ ਪੂਰੀਆਂ ਕਰਦੇ ਨੇ ਕਿਉਂ ਨਾ ਇਹ ਜਮੀਨਾਂ ਇਹਨਾਂ ਤੋਂ ਖੋਹ ਲਈਆਂ ਜਾਣ। ਹੁਣ ਇਹ ਸਭ ਦੀ ਬਰਬਾਦੀ ਹੈ, ਔਰਤ ਦੀ, ਮਰਦ ਦੀ, ਮਾਪਿਆਂ ਦੀ ,ਔਲਾਦ ਦੀ ਕਿਉਂਕਿ ਜੇਕਰ ਐਲ. ਆਈ. ਸੀ ਦੀ ਸੁਵਿਧਾ ਸੀ ਤਾਂ ਉਹ ਵੀ ਸਰਕਾਰ ਦੇ ਕਬਜੇ ਚ ਚਲੀ ਗਈ। ਜੇਕਰ ਸ਼ਰੀਫ ਲੋਕਾਂ ਨੂੰ ਸਰਕਾਰੀ ਬੈਂਕਾਂ ਦਾ ਆਸਰਾ ਸੀ ਉਹਨਾਂ ਦਾ ਵੀ ਨਿਜੀਕਰਣ ਕਰਕੇ ਖੋਹ ਲੈਣਾ ਹੈ।

ਬੇਟੀ ਬਚਾਓ ਬੇਟੀ ਪੜ੍ਹਾਓ ਦੇ ਫੋਕੇ ਨਾਅਰਿਆਂ ਵਾਲੀ ਸਰਕਾਰ ਨੇ ਰੋਜ਼ਗਾਰ, ਸਿੱਖਿਆ, ਹਸਪਤਾਲ, ਬੈਂਕਾਂ  ਲੁੱਟ ਪੁੱਟ ਕੇ ਸਾਨੂੰ ਕੱਖੋਂ ਹੌਲੇ ਕਰ ਦਿੱਤਾ ਹੈ। ਆਉ ਅਸੀਂ ਇਹਨਾਂ ਠੱਗਾਂ ਦੀ ਦੁਨੀਆਂ ਨੂੰ ਮਾਤ ਦੇਈਏ ਕੋਈ ਇੱਕ ਸਾਫ ਸੁਥਰੀ ਇੱਕ ਸੰਸਥਾ ਬਣਾਈਏ ਜਿੱਥੇ ਅਸੀਂ ਕਿਰਤੀ ਆਪਣੇ ਧੀਆਂ ਪੁੱਤਰਾਂ ਦੀ ਕਿਰਤ ਆਰਥਿਕ ਮਾਨਸਿਕ ਲੁੱਟ ਖਸੁੱਟ ਤੇਂ ਬਚਾਅ ਕਰ ਸਕੀਏ। 

ਸ਼ਰਨਜੀਤ ਕੌਰ, ਜੋਗੇਵਾਲਾ, ਮੋਗਾ