ਸਕੈਚੱ : ਪੇਮ ਸਿੰਘ

ਪਿੱਤਰ ਸੱਤਾ ਅਤੇ ਸੰਘਰਸ਼

ਪਰਮਜੀਤ ਕੌਰ ਲੌਂਗੋਵਾਲ - ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ
    
ਜਦੋਂ ਅਸੀਂ ਭਾਰਤੀ ਗ੍ਰੰਥਾਂ ਨੂੰ ਪੜ੍ਹਦੇ ਹਾਂ ਅਤੇ ਗ੍ਰੰਥਾਂ ਦੀ ਪੇਸ਼ਕਾਰੀ ਕਰਨ ਵਾਲਿਆਂ ਦੇ ਪ੍ਰਵਚਨ ਸੁਣਦੇ ਹਾਂ ਤਾਂ ਭੀੜਪੂਰਵਕ ਲੱਗੀਆਂ ਸਤਿਸੰਗਾਂ ਵਿਚ ਬੜੇ ਫ਼ਖਰ ਨਾਲ਼ ਕਿਹਾ ਜਾਂਦਾ ਹੈ ਕਿ ਭਾਰਤੀ ਸੰਸਕ੍ਰਿਤੀ ਵਿਚ ਔਰਤ ਨੂੰ ਮਹਾਨ ਜਗਤਜਨਣੀ ਅਤੇ ਸ਼ਕਤੀਸ਼ਾਲੀ ਦੇਵੀ ਮੰੰਨਿਆ ਜਾਂਦਾ ਹੈ। ਪਰ ਇਹ ਕੌਣ ਲੋਕ ਨੇ? ਜੋ ਔਰਤਾਂ ਦੇ ਸਰੀਰ ਨੂੰ ਮਹਿਜ਼ ਵਸਤੂ ਦੇ ਰੂਪ ਵਿਚ ਅਤੇ ਬਲਾਤਕਾਰੀ ਨਜ਼ਰਾਂ ਨਾਲ਼ ਚੀਰਦੇ ਰਹਿੰਦੇ ਹਨ। ਇਹ ਕਿਹੜੇ ਗ੍ਰਹਿ ਦੇ ਲੋਕ ਨੇ? ਜੋ ਆਪਣੇ ਮਨ ਦੀ ਭੜਾਸ ਔਰਤ ਰੂਪੀ ਗਾਲ੍ਹਾਂ ਨਾਲ਼ ਕੱਢਦੇ ਰਹਿੰਦੇ ਹਨ ਅਤੇ ਇਹ ਕਿਹੜੇ ਲੋਕ ਨੇ ਜਿਹੜੇ ਕੁੱਝ ਰਿਆਇਤਾਂ ਔਰਤਾਂ ਨੂੰ ਦੇ ਕੇ ਸਾਰੀ ਉਮਰ ਅਹਿਸਾਨਮੰਦੀ ਦਾ ਅਹਿਸਾਸ ਕਰਵਾ ਦੱਬਣ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਇਸਦਾ ਜਵਾਬ ਇਹ ਤਾਂ ਨਹੀਂ ਦੇਵੋਗੇ ਕਿ ਇਹ ਲੋਕ ਭਾਰਤੀ ਸੰਸਕ੍ਰਿਤੀ ਦੇ ਲੜ ਨਹੀ ਲੱਗੇ ਜਾਂ ਇਹ ਉਸ ਸ਼੍ਰੇਣੀ ਤੋਂ ਬਾਹਰ ਰਹਿ ਗਏ। ਜਦੋਂਕਿ ਸਮਾਜਿਕ ਤਾਣੇ-ਬਾਣੇ ਦੇ ਇਨ੍ਹਾਂ ਲੋਕਾਂ ’ਚੋਂ ਹੀ ਕੋਈ ਸਾਡਾ ਪਿਤਾ, ਭਰਾ, ਪਤੀ, ਦੋਸਤ ਅਤੇ ਸਾਡੇ ਪਰਿਵਾਰਕ ਮੈਂਬਰ ਹੀ ਹਨ। ਇਹ ਸਾਰੇ ਕਿਸੇ ਨਾ ਕਿਸੇ ਵਿਚਾਰਧਾਰਾ ਨਾਲ਼ ਅਤੇ ਕਿਸੇ ਨਾ ਕਿਸੇ ਧਰਮ ਗ੍ਰੰਥ ਨਾਲ਼ ਜੁੜ ਕੇ ਔਰਤ ਪ੍ਰਤੀ ਆਪਣੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਸਮੇਂ ਦੀਆਂ ਪਿੱਤਰਸੱਤਾ ਨੂੰ ਮਜ਼ਬੂਤ ਕਰਨ ਵਾਲੀਆਂ ਜਮਾਤਾਂ ਨਾਲ਼ ਜਾ ਖੜ੍ਹਦੇ ਹਨ।

ਪਿੱਤਰਸੱਤਾ ਨੂੰ ਲੈ ਕੇ ਭਾਰਤ ਅੰਦਰ ਬਹੁਤ ਘੱਟ ਸਮੂਹਿਕ ਸੰਘਰਸ਼ ਦੇਖਣ ਨੂੰ ਮਿਲਦੇ ਹਨ, ਪਰ ਇਹ ਵੀ ਨਹੀਂ ਹੈ ਕਿ ਭਾਰਤੀ ਔਰਤਾਂ ਨੇ ਕਦੇ ਵਿਰੋਧ ਦਰਜ ਨਹੀਂ ਕਰਵਾਇਆ। ਜਦੋਂ ਉਹਨਾਂ ਕੋਲ ਆਪਣੀ ਗੱਲ ਕਹਿਣ ਦੀ ਸਪੇਸ ਵੀ ਨਹੀਂ ਸੀ, ਜਿਨ੍ਹਾਂ ਔਰਤਾਂ ਨੇ ਆਵਾਜ਼ ਉਠਾਈ ਉਹਨਾਂ ਨੂੰ ਜਗੀਰੂ ਸਿਸਟਮ ਨੇ ਅਣਗੌਲਿਆ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਸਗੋਂ ਰਾਜਿਆਂ ਮਹਾਰਾਜਿਆਂ ਦੇ ਇਤਿਹਾਸ ‘ਚ ਔਰਤਾਂ ਦੀ ਪੇਸ਼ਕਾਰੀ ਬਹੁਤ ਸਾਊ ਅਤੇ ਦਾਸੀਆਂ ਵਾਲੀ ਹੀ ਦਿਸਦੀ ਹੈ ਅਤੇ ਇਸੇ ਇਤਿਹਾਸ ਨੂੰ ਸਾਡੇ ਸਾਹਮਣੇ ਮਹਾਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਔਰਤਾਂ ਨੂੰ ਲੰਮਾ ਸਮਾਂ ਸਿੱਖਿਆ ਦੇ ਖੇਤਰ ਤੋਂ ਦੂਰ ਰੱਖਿਆ ਗਿਆ। 1850 ਦਾ ਸਮਾਂ ਪੂਰੇ ਵਿਸ਼ਵ ‘ਚ ਔਰਤਾਂ ਦੀ ਜਾਗ੍ਰਿਤੀ ਦਾ ਕਾਲ ਮੰਨਿਆ ਜਾਦਾ ਹੈ। ਉਸ ਸਮੇਂ ਤਮਿਲਨਾਡੂ ਅਤੇ ਮਹਾਂਰਾਸ਼ਟਰ ਵਿਚ ਸਵਿਤਰੀਬਾਈ ਫੂਲੇ, ਡਾ.ਅਨੰਦਬਾਈ, ਡਾ.ਰਖਮਾਬਾਈ ਵਰਗੀਆਂ ਵੀਰਾਂਗਣਾ ਨੇ ਖੁਦ ਵੀ ਉੱਚ ਸਿਖਿਆ ਹਾਸਲ ਕਰਨ ਲਈ ਸੰਘਰਸ਼ ਕੀਤਾ ਅਤੇ ਸਮਾਜ ਦੀਆਂ ਸਮੁੱਚੀਆ ਔਰਤਾਂ ਦੀ ਖਾਸ ਕਰਕੇ ਦਲਿਤ ਕੁੜੀਆਂ ਦੀ ਮੁਕਤੀ ਲਈ ਜ਼ੋਰਦਾਰ ਢੰਗ ਨਾਲ਼ ਆਵਾਜ਼ ਬੁਲੰਦ ਕੀਤੀ। 

ਅਜੋਕੇ ਸਮੇਂ ਚਾਹੇ ਔਰਤ ਨੂੰ ਆਪਣੀ ਗੱਲ ਕਹਿਣ ਦੀ ਥਾਂ ਮਿਲ ਚੁੱਕੀ ਹੈ ਪਰ ਅਜੇ ਵੀ ਅਸੀਂ ਪਿਤਰਸੱਤਾ ਨੂੰ ਤੋੜਨ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਾਂ। ਕੁੱਝ ‘ਅਸੁਵਿਧਾ’ ਵਰਗੇ ਚੈਨਲ ਸੋਸ਼ਲ ਮੀਡੀਆ ’ਤੇ ਔਰਤਾਂ ਦੇ ਸਵਾਲਾਂ ਦੀ ਚਰਚਾ ਨੂੰ ਲੈ ਕੇ ਕ੍ਰਿਆਸ਼ੀਲ ਹਨ, ਪਰ ਜ਼ਿਆਦਾ ਪ੍ਰਤੀਕਿਰਿਆ ਇਹ ਆਉਣ ਲੱਗਦੀ ਹੈ ਕਿ ਜਿਵੇਂ ਅਸੀਂ ਮਰਦਾਂ ਤੋਂ ਅਧਿਕਾਰ ਮੰਗ ਰਹੇ ਹੋਈਏ ਜਦਕਿ ਲੋੜ ਹੈ ਔਰਤ ਮਰਦ ਦੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਢਾਂਚਾਗਤ ਤਬਦੀਲੀ ਕਰਨ ਦੀ। ਇਹ ਠੀਕ ਹੈ ਕਿ ਮਰਦ ਨੂੰ ਸਾਰੀ ਉਮਰ ਮਰਦ ਵਿਖਾਉਣ ਲਈ ਫਿਊਡਲ ਸੁਸਾਇਟੀ ਵਿਚ ਸੰਘਰਸ਼ ਕਰਨਾ ਪੈਂਦਾ ਹੈ। ਜਿਸ ਵਿਚ ਉਹ ਔਰਤ ਅਤੇ ਘਰ ਨੂੰ ਕੰਟਰੋਲ ਕਰਕੇ ਸਮਾਜਿਕ ਮਾਨਤਾ ਹਾਸਲ ਕਰਦਾ ਹੈ। ਪਰ ਸਮਾਜਿਕ ਮਾਨਤਾ ਟੁੱਟਣ ਦੇ ਡਰੋਂ ਜੋ ਜਾਗਰੂਕ ਅਤੇ ਚਿੰਤਨਸ਼ੀਲ ਲੋਕ ਹਨ ਜਿਹੜੇ ਪਿੱਤਰਸੱਤਾ ਨੂੰ ਚੁਣੌਤੀ ਦੇਣ ਦੀ ਸਮਰੱਥਾ ਰੱਖਦੇ ਹਨ, ਉਹ ਵੀ ਪਿੱਤਰਸੱਤਾ ਖਿਲਾਫ਼ ਸੁਚੇਤ ਰੂਪ ਵਿਚ ਲੜਾਈ ਸ਼ੁਰੂ ਨਹੀਂ ਕਰਦੇ। ਇਸਦੇ ਖਿਲਾਫ਼ ਲੜਾਈ ਵਿਅਕਤੀਗਤ ਦੇ ਨਾਲ਼ ਨਾਲ਼ ਸਮੂਹਿਕ ਰੂਪ ਵਿਚ ਵੀ ਲੜਨੀ ਪੈਣੀ ਹੈ। ਘੱਟੋ-ਘੱਟ ਜੋ ਕਮਿਊਨਿਸਟ ਪਾਰਟੀਆਂ ਅਤੇ ਅਗਾਂਹਵਧੂ ਅਤੇ ਬਰਾਬਰੀ ਦੇ ਸਮਾਜ ਦਾ ਸੁਪਨਾ ਵੇਖਦੇ ਹਨ, ਉਹਨਾਂ ਨੂੰ ਜ਼ਰੂਰ ਇਸਦੀ ਸ਼ੁਰੂਆਤ ਸੁਚੇਤ ਰੂਪ ਵਿਚ ਕਰਨੀ ਚਾਹੀਦੀ ਹੈ।

ਲੇਖਕ ਲੂਈ ਸਟਰਾਂਗ ਦੱਸਦੀ ਹੈ ਕਿ ਰੂਸ ਦੇ ਏਸ਼ੀਆਈ ਭਾਗ ਵਿਚ ਔਰਤ ਲਈ ਬਹੁਤ ਮੁਸ਼ਕਿਲ ਸੰਘਰਸ਼ ਸੀ। ਔਰਤਾਂ ਦੀ ਖਰੀਦੋ-ਫਰੋਖਤ ਹੁੰਦੀ ਸੀ ਅਤੇ ਬੇਪਰਦਾ ਕਾਰਨ ਕਤਲ ਕਰ ਦਿੱਤੀ ਜਾਂਦੀ ਸੀ। ਉਥੇ ਕਮਿਊਨਿਸਟਾਂ ਨੇ ਆਪਣੀਆਂ ਪਤਨੀਆਂ ਦੇ ਪਰਦੇ ਹਟਵਾਉਣ ਲਈ ਚਰਚਾ ਸ਼ੁਰੂ ਕਰਵਾਈ ਅਤੇ ਸਪੈਸ਼ਲ ਪਰਦਾ ਹਟਾਉਣ ਲਈ ਸਮੂਹਿਕ ਪ੍ਰੋਗਰਾਮ ਰੱਖਿਆ ਗਿਆ ਅਤੇ ਅਮਲੀ ਜਾਮਾ ਪਹਿਨਾਇਆ ਗਿਆ।

ਮੌਜੂਦਾ ਸਿਆਸੀ ਸੰਦਰਭ ਵਿਚ ਅੱਜ ਕੇਂਦਰ ਅਤੇ ਕਈ ਰਾਜਾਂ ਵਿਚ ਹਿੰਦੂਤਵੀ, ਔਰਤ ਵਿਰੋਧੀ ਅਤੇ ਸਿਰੇ ਦੀਆਂ ਪਿਛਾਖੜੀ ਜਗੀਰੂ ਕਦਰਾਂ-ਕੀਮਤਾਂ ਵਾਲੀਆਂ ਸਰਕਾਰਾਂ ਬਿਰਾਜਮਾਨ ਹਨ; ਜਿਹੜੀਆਂ ਲਗਾਤਾਰ ਬ੍ਰਾਹਮਣਵਾਦੀ ਮਨੂੰਵਾਦੀ ਅਜੰਡੇ ਨੂੰ ਹੇਠਲੇ ਪੱਧਰ ’ਤੇ ਲਾਗੂ ਕਰਨ ਲਈ ਨਿਰੰਤਰ ਕ੍ਰਿਆਸ਼ੀਲ ਹਨ। ਇਸੇ ਲੜੀ ਤਹਿਤ ਹੀ ਜਿੱਥੇ ਯੂਪੀ, ਬਿਹਾਰ ਵਿਚ ਆਰ.ਐਸ.ਐਸ. - ਭਾਜਪਾ ਦਾ ਅਧਾਰ ਮਜਬੂਤ ਹੈ ਉਥੇ ਸਭ ਤੋਂ ਪਹਿਲਾਂ ਦਲਿਤ ਔਰਤਾਂ ਅਤੇ ਕੁੜੀਆਂ ਨੂੰ ਨਿਸ਼ਾਨਾ ਬਣਾ ਕੇ ਹਾਥਰਸ ਵਰਗੀਆਂ ਦਰਿੰਦਰੀ ਭਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸਦੀਆਂ ਤੋਂ ਵੈਸੇ ਤਾਂ ਸਾਰੀਆਂ ਔਰਤਾਂ ਲਈ (ਚਾਹੇ ਵਿਸ਼ਵ ਪੱਧਰ ’ਤੇ ਗੱਲ ਕਰੀਏ) ਸੁਰੱਖਿਆ ਦਾ ਮਸਲਾ ਗੰਭੀਰ ਰਿਹਾ ਹੈ। ਪਰ ਇਸ ਵਿਚ ਵੀ ਦਰਜਾਬੰਦੀ ਹੈ ਜਿਸਦੀ ਸਭ ਤੋਂ ਹੇਠਲੀ ਪੌੜੀ ਦਲਿਤ ਔਰਤ ਹੈ। ਇਤਿਹਾਸ ਗਵਾਹ ਹੈ ਕਿ ਦਲਿਤ ਔਰਤਾਂ ਉੱਤੇ ਲਗਾਤਾਰ ਜਾਰੀ ਲਿੰਗਕ ਹਿੰਸਾ ਸਭ ਤੋਂ ਪੁਰਾਣੀ ਹਿੰਸਾ ਦੇ ਰੂਪ ਵਿਚ ਜਾਰੀ ਹੈ। ਜਿਸ ਤਹਿਤ ਦਲਿਤ ਕੁੜੀਆਂ ਨੂੰ ਜਲਦੀ ਸ਼ਿਕਾਰ ਬਣਾਇਆ ਜਾਂਦਾ ਹੈ। ਦਲਿਤ ਔਰਤ ਸਦੀਆਂ ਤੋਂ ਹੀ ਜਾਤੀ ਦਾਬਾ, ਆਰਥਕ ਦਾਬਾ, ਸਮਾਜਿਕ ਦਾਬਾ ਅਤੇ ਔਰਤ ਹੋਣ ਦਾ ਦਾਬਾ ਆਮ ਔਰਤਾਂ ਨਾਲ਼ੋਂ ਜ਼ਿਆਦਾ ਹੰਢਾ ਰਹੀਆਂ ਹਨ। ਜੋ ਬਾਕੀ ਔਰਤਾਂ ਨਾਲ਼ੋਂ ਜ਼ਿਆਦਾ ਤਕਲੀਫ਼ਦੇਹ ਹੈ।

ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਫਾਸ਼ੀਵਾਦੀ ਸਟੇਟਾਂ ਦੁਆਰਾ ਲਏ ਜਾਣ ਵਾਲੇ ਫੈਸਲੇ ਪਿੱਤਰਸੱਤਾ ਨੂੰ ਮਜ਼ਬੂਤ ਕਰਨ ਅਤੇ ਲਿੰਗਕ ਹਿੰਸਾ ਵਧਾਉਣ ਵਾਲੇ ਹੋਣਗੇ। ਜਦੋਂ ਅੱਜ ਫਾਸ਼ੀਵਾਦੀ ਸਰਕਾਰਾਂ ਵੱਲੋਂ ਸੀਏਏ, ਐਨਆਰਸੀ ਅਤੇ ਖੇਤੀ ਕਾਨੂੰਨ, ਕਿਰਤ ਕਾਨੂੰਨ ਲਿਆਂਦੇ ਜਾ ਰਹੇ ਹਨ ਤਾਂ ਜਿੱਥੇ ਇਸਦਾ ਸਾਰੇ ਕਿਰਤੀ ਸਮਾਜ ਉੱਤੇ ਮਾੜਾ ਆਰਥਿਕ ਪ੍ਰਭਾਵ ਪੈਣਾ ਹੈ ਉਥੇ ਹੀ ਇਸ ਸਾਰੀ ਆਰਥਿਕ ਮੰਦਹਾਲੀ ਦਾ ਅਸਰ ਸਮਾਜਿਕ ਅਤੇ ਮੰਦਹਾਲੀ ਦੇ ਰੂਪ ਵਿਚ ਪ੍ਰਗਟ ਹੋਣਾ ਹੈ ਅਤੇ ਸਮਾਜ ਦਾ ਸਭ ਤੋਂ ਹੇਠਲਾ ਹਿੱਸਾ ਔਰਤ ਹੈ ਜਿਸ ਨੂੰ ਆਪਣੀ ਮਾਨਸਿਕ ਭੜਾਸ ਕੱਢਣ ਲਈ ਸ਼ਿਕਾਰ ਬਣਾਇਆ ਜਾਂਦਾ ਹੈ।

ਅੱਜ ਕੱਲ ਔਰਤ ਅੰਦੋਲਨ ਸਾਹਮਣੇ ਜਿੱਥੇ ਆਰਥਿਕ ਮੁੱਦਿਆਂ ’ਤੇ ਲੜਾਈ ਲੜਨ ਦੀ ਚੁਣੌਤੀ ਹੈ, ਉਸਦੇ ਬਰਾਬਰ ਹੀ ਪਿਤਰਸੱਤਾ ਖਿਲਾਫ਼, ਉੱਚ ਜਾਤੀ ਦੁਆਰਾ ਦਲਿਤ ਔਰਤਾਂ ਦੇ ਵਾਲ ਕੱਟਣੇ, ਸ਼ਰੇਆਮ ਨਿਰਵਸਤਰ ਕਰਨਾ, ਅਣਖ ਖਾਤਰ ਕਤਲ ਕਰਨਾ, ਇੱਕ ਕੱਖਾਂ ਦੀ ਭਰੀ ਬਦਲੇ ਧੀ-ਭੈਣ ਦੀ ਇੱਜ਼ਤ ਦਾ ਸੌਦਾ ਕਰਨਾ, ਪਿੰਡਾਂ ਅੰਦਰ ਔਰਤਾਂ ਨੂੰ ਸ਼ਰੇਆਮ ਜਾਤੀ ਸੂਚਕ ਸ਼ਬਦ ਬੋਲਣਾ ਅਤੇ ਸਟੇਟ ਦੁਆਰਾ ਸਥਾਪਿਤ ਕੀਤੀ ਸੁਰੱਖਿਅਤ ਲਿੰਗਕ ਹਿੰਸਾ ਨਾਲ਼ ਲੜਨ ਦੀ ਵੀ ਹੈ ਜੋ ਕਿ ਅਜੇ ਬਹੁਤ ਛੋਟੇ ਪੱਧਰ ’ਤੇ ਹੀ ਜਾਰੀ ਹੈ।

ਅਜਿਹੇ ਸੰਘਰਸ਼ਾਂ ਦੀ ਦਿਸ਼ਾ ਉਲੀਕੇ ਜਾਣ ਦੀ ਲੋੜ ਹੈ ਜਿਸ ਵਿਚ ਔਰਤਾਂ ਦੀ ਚੇਤਨਾ ਦਾ ਵਿਕਾਸ ਅਤੇ ਅਮਲ ਰੂਪ ਵਿਚ ਲਿੰਗਕ ਬਰਾਬਰੀ ਦੇ ਵਿਕਾਸ ਵਿਕਸਤ ਹੋ ਸਕਦੇ ਹੋਣ। ਔਰਤ ਮੁਕਤੀ ਅਤੇ ਉਸਨੂੰ ਮਰਦ ਬਰਾਬਰ ਬਣਾਉਣਾ ਉਦੋਂ ਤੱਕ ਸੰਭਵ ਨਹੀਂ, ਜਦੋਂ ਤੱਕ ਔਰਤਾਂ ਨੂੰ ਸਮਾਜਿਕ ਉਤਪਾਦਨ ਦੇ ਕੰਮਾਂ ਤੋਂ ਬਾਹਰ ਰੱਖਿਆ ਜਾਵੇਗਾ। ਅਸੀਂ ਸਮਾਜਿਕ ਉਤਪਾਦਨ ਕਿਰਤ ਵਿਚ ਉਸਦੀ ਵਿਸ਼ਾਲ ਭਾਗੇਦਾਰੀ ਨਾਲ਼ ਔਰਤ ਮੁਕਤੀ ਵੱਲ ਵਧ ਸਕਦੇ ਹਾਂ। ਪਰ ਔਰਤ ਦੀ ਵੱਧ ਕਿਰਤ ਸ਼ਕਤੀ ਪਹਿਚਾਣਹੀਣ, ਆਰਥਿਕ ਰੂਪ ਵਿਚ ਭੱਤਾਹੀਣ ਘਰੇਲੂ ਕਾਰਜ ਵਿਚ ਲਗਦਾ ਹੈ। ਫਿਊਡਲ ਸੁਸਾਇਟੀ ਵਿਚ ਘਰ ਦੀ ਚਾਰਦੀਵਾਰੀ ਟੱਪਣ ਦੀ ਇਜ਼ਾਜਤ ਨਹੀਂ ਦਿੰਦੀ।

ਮਹਾਨ ਅਕਤੂਬਰ ਇਨਕਲਾਬ ਸਰਵਹਾਰਾ ਪਾਰਟੀ ਦੀ ਅਗਵਾਈ ਵਿਚ ਹੋਇਆ ਜਿੱਥੇ ਔਰਤਾਂ ਦੀ ਸਮਾਜਿਕ, ਰਾਜਨੀਤਕ ਬਰਾਬਰੀ ਲਈ ਉਚੇਚੇ ਤੌਰ ’ਤੇ ਮਨਪਸੰਦ ਕੰਮ ਕਰਨ ਦੇ ਮੌਕੇ ਦਿੱਤੇ। ਉਹਨਾਂ ਨੇ ਔਰਤਾਂ ਨੂੰ ਟਰੈਕਟਰ ਟੀਮ ਦੀ ਨੇਤਾ, ਪ੍ਰਬੰਧਕ ਲਗਾਉਣਾ, ਉਤਪਾਦਨ ਟੀਮਾਂ ’ਚ ਫੈਸਲੇ ਲੈਣ ਦੀ ਅਹਿਮੀਅਤ, ਕਮਿਊਨ ਨੇਤਾ, ਲਾਲ ਸੈਨਾ ਇਕਾਈਆਂ ਦੀ ਨੇਤਾ, ਪਿੰਡ ਸੰਮਤੀਆਂ ਅਤੇ ਡਾਕਖਾਨਾ ਸੰਮਤੀ ਦੀਆਂ ਅਤੇ ਉੱਚ ਪਾਰਟੀ ਕਮੇਟੀ ਦੀ ਨੇਤਾ ਬਣਾਉਣ ਦੇ ਫੈਸਲਿਆਂ ਨੂੰ ਅਮਲ ਵਿਚ ਲਾਗੂ ਕੀਤਾ।

ਲੇਖਕ ਐਨਾ ਲੁਈ ਸਟਰਾਂਗ ਨੇ ਲਿਖਿਆ ਕਿ ਪਿੰਡ ਵਿਚ ਸਮੂਹਿਕ ਖੇਤੀ ਕਰਦਿਆਂ ਜਦੋਂ ਉਹਨਾਂ ਔਰਤਾਂ ਨੂੰ ਆਪਣੀ ਸੁਤੰਤਰ ਆਮਦਨੀ ਆਉਣ ਲੱਗੀ ਤਾਂ ਸਦੀਆਂ ਤੋਂ ਚੱਲਦੀ ਆ ਰਹੀ ‘ਪਤਨੀ ਨੂੰ ਕੁੱਟਣ’ ਵਾਲੀ ਪ੍ਰੰਪਰਾ ਦੇ ਖਿਲਾਫ਼ ਹੜਤਾਲ ਦਾ ਸੱਦਾ ਦਿੱਤਾ ਗਿਆ ਅਤੇ ਸਦੀਆਂ ਪੁਰਾਣੀ ਪ੍ਰੰਪਰਾ ਨੂੰ ਕੁੱਝ ਹੀ ਸਮੇਂ ਵਿਚ ਖਤਮ ਕਰ ਦਿੱਤਾ। ਜਿਸ ਤਰਾਂ ਪੰਜਾਬ ਦੇ ਵੀ ਮਾਲਵਾ ਖਿੱਤੇ ਅੰਦਰ ਜਦੋਂ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੇ ਹੱਕ ਲਈ ਲੜਿਆ ਗਿਆ ਤਾਂ ਇਸ ਘੋਲ ਅੰਦਰ ਦਲਿਤ ਮਜ਼ਦੂਰ ਔਰਤਾਂ ਨੇ ਵੱਡੀ ਹਿੱਸੇਦਾਰੀ ਵਿਖਾਈ ਜਿਸਦਾ ਕਾਰਨ ਕਿ ਪਿੰਡਾਂ ਵਿਚ ਕੱਖਾਂ ਦੀਆਂ ਭਰੀਆਂ ਬਦਲੇ ਉਹਨਾਂ ਨੂੰ ਉੱਚ ਜਾਤੀ ਧਨਾਢ ਚੌਧਰੀਆਂ ਦੀਆਂ ਮੈਲੀਆਂ ਨਜ਼ਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਉਹਨਾਂ ਨੂੰ ਇਹ ਗੱਲ ਮਰਦਾਂ ਨਾਲ਼ੋਂ ਜਲਦੀ ਸਮਝ ਆਈ ਕਿ ਜ਼ਮੀਨ ਜਿੱਥੇ ਉਹਨਾਂ ਦੀ ਆਰਥਿਕਤਾ ਨੂੰ ਮਜਬੂਤ ਕਰਦੀ ਹੈ ਉਥੇ ਹੀ ਉਹਨਾਂ ਦਾ ਸਦੀਆਂ ਤੋਂ ਜ਼ਲੀਲ ਹੋਣਾ ਖਤਮ ਹੋਇਆ ਅਤੇ ਉਹਨਾਂ ਨੇ ਪਿੰਡ ’ਚ ਮਾਣ-ਸਨਮਾਨ ਵਾਲੀ ਜ਼ਿੰਦਗੀ ਵੀ ਜਿਉਣੀ ਸ਼ੁਰੂ ਕੀਤੀ। ਕਹਿਣ ਦਾ ਭਾਵ ਹੈ ਕਿ ਸੰਘਰਸ਼ਾਂ ਦੇ ਪਿੜ ਮੱਲਣ ਨਾਲ਼ ਹੀ ਔਰਤਾਂ ਪ੍ਰਤੀ ਬਣੀਆਂ ਧਾਰਨਾਵਾਂ ਵੀ ਟੁੱਟਣਗੀਆਂ ਅਤੇ ਉਤਪਾਦਕ ਖੇਤਰਾਂ ’ਚ ਬਰਾਬਰ ਦੀ ਹਿੱਸੇਦਾਰੀ ਉਹਨਾਂ ਨੂੰ ਮੁਕਤੀ ਵੱਲ ਲੈ ਜਾਵੇਗੀ। ਪਰ ਇਸਦੇ ਨਾਲ਼-ਨਾਲ਼ ਇੱਕ ਕਾਰਜ ਇਹ ਵੀ ਕਰਨਾ ਬਣਦਾ ਹੈ ਕਿ ਇਨਕਲਾਬੀ ਜੱਥੇਬੰਦੀਆਂ ਅਤੇ ਪਾਰਟੀਆਂ ਨੂੰ ਪਿਤਰਸੱਤਾ ਖਿਲਾਫ਼ ਆਪਣੇ ਅੰਦਰ ਵੀ ਘੋਲ ਚਲਾਉਣਾ ਚਾਹੀਦਾ ਹੈ ਨਹੀਂ ਤਾਂ ਜਿਸ ਤਰਾਂ ਤੇਲੰਗਾਨਾ ’ਚ ਘੋਲ ’ਚ ਔਰਤਾਂ ਨੇ ਬਾਕਮਾਲ ਹਿੱਸੇਦਾਰੀ ਸਾਬਤ ਕੀਤੀ ਪਰ ਘੋਲ ਤੋਂ ਬਾਅਦ ਉਹਨਾਂ ਨੂੰ ਦੁਬਾਰਾ ਫਿਰ ਘਰਾਂ ਦੀ ਪ੍ਰੰਪਰਾਵਾਦੀ ਚਾਰਦੀਵਾਰੀ ਵੱਲ ਧੱਕ ਦਿੱਤਾ ਗਿਆ। 

ਅੱਜ ਵੀ ਦਿੱਲੀ ਚੱਲ ਰਹੇ ਘੋਲ ਵਿਚ ਵੱਡੀ ਗਿਣਤੀ ਨੌਜਵਾਨ ਕੁੜੀਆਂ ਅਤੇ ਔਰਤਾਂ ਦੀ ਸ਼ਮੂਲੀਅਤ ਹੋ ਰਹੀ ਹੈ। ਜਿੱਥੇ ਅਸੀਂ ਘੋਲ ਦੌਰਾਨ ਬਾਕੀ ਮੁੱਦਿਆਂ ਨੂੰ ਉਭਾਰ ਰਹੇ ਹਾਂ, ਸਾਡੇ ਲਈ ਇਹ ਵੀ ਵਿਸ਼ੇਸ਼ ਹੋਣਾ ਚਾਹੀਦਾ ਹੈ ਕਿਉਂਕਿ ਪਿਤਰੀਸੱਤਾਤਮਕ ਸਮਾਜ ਦੇ ਖਿਲਾਫ ਅੰਦੋਲਨ ਕਰਨਾ ਵਿਵਸਥਾ ਦੇ ਖਿਲਾਫ ਅੰਦੋਲਨ ਦਾ ਹੀ ਇੱਕ ਅੰਗ ਹੈ। ਸਮਾਜ ਦੇ ਇੱਕ ਵੱਡੇ ਔਰਤ ਦੇ ਹਿੱਸੇ ਨੂੰ, ਜੋ ਮਾੜੀ ਵਿਵਸਥਾ ਦੇ ਨਾਲ਼ ਲੜ੍ਹ ਸਕਦਾ ਹੈ, ਉਹ ਹਿੱਸੇ ਦਾ ਰਾਜਨੀਤੀਕਰਨ ਕਰੀਏ ਅਤੇ ਲੜਾਈ ’ਚ ਉਸਨੂੰ ਬਰਾਬਰ ਹਿੱਸਾ ਬਣਾਈਏ।