ਮੂਲ਼ਾ ਸਿੰਘ ਬਾਹੋਵਾਲ (ਖੱਬੇ ਹੱਥ) ਤੇ ਦਲੀਪ ਸਿੰਘ ਰੁੜਕੀ

ਕਲਾਮ ਮੂਲ਼ਾ ਸਿੰਘ ਗ਼ਦਰੀ ਦੀ ਧੀ ਛੀਤੋ ਦਾ

ਅਮਰਜੀਤ ਚੰਦਨ
    


“ਸਾਡੇ ਵਿਹੜੇ ਵਿਚ ਕਲੀਆਂ ਦਾ ਬਹੁਤ ਵੱਡਾ ਬੂਟਾ ਸੀ। ਬਰਸਾਤ ਦੇ ਦਿਨੀਂ ਕਲੀਆਂ ਦੇ ਢੇਰ ਲਗ ਜਾਣੇ। ਮਹਿਕਦੀਆਂ ਕਲੀਆਂ ਚਿੱਟੀਆਂ-ਚਟਾਰ, ਫਿੱਕੀ ਗੰਦਮੀ ਭਾੱ ਮਾਰਦੀਆਂ। ਪਿਤਾ ਜੀ ਨੇ ਥਾਲ਼ ਭਰਕੇ ਕਹਿਣਾ: ਭਾਈਚਾਰੇ ਸ਼ਰੀਕੇ ਕਬੀਲੇ ਚ ਵੰਡ ਆਓ। ਵਿਹੜੇ ਸੱਥੀਂ ਰਖ ਆਓ। ਸੁਗੰਧ ਨਾਲ਼ ਸੋਚ ਵੀ ਬਦਲਦੀ ਹੈ।” ਹਰਜੀਤ ਕੌਰ (ਛੀਤੋ), ਜਰਨੈਲ ਮੂਲ਼ਾ ਸਿੰਘ ਬਾਹੋਵਾਲ਼ ਦੀ ਜੀਵਨੀ ਧਰਤੀ ਪੁੱਤਰ (2004).


ਹੁਸ਼ਿਆਰਪੁਰ ਦੇ ਪਿੰਡ ਬਾਹੋਵਾਲ਼ ਦੇ ਮੂਲ਼ਾ ਸਿੰਘ (1896-1981) ਅਪਣੇ ਵੇਲੇ ਦੇ ਮਸ਼ਹੂਰ ਢਾਡੀ ਸਨ। ਇਹ ਗ਼ਦਰੀ ਸ਼ਹੀਦ ਮਥਰਾ ਸਿੰਘ ਦੀ ਦਿੱਤੀ ਨਿਸ਼ਾਨੀ ਛੋਟੀ ਕਿਰਪਾਨ ਹਮੇਸ਼ਾ ਪਾ ਕੇ ਰੱਖਦੇ ਸਨ। ਇਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਤੇ ਫਿਰ ਕਮਿਉਨਿਸਟ ਲਹਿਰ ਵਿਚ ਅੱਠ ਸਾਲ ਕੈਦ ਕੱਟੀ ਸੀ।


ਸਾਡੇ ਤੇ ਵਿਹੜੇ ਜੀ ਕਲੀਆਂ ਦਾ ਬੂਟਾ।

ਸਾਰਾ ਹੀ ਭਰਿਆ ਸਾਵਣ ਮਹੀਨਾ।

ਅੰਬਾਂ ਦੀ ਪੀਂਘ ਤੇ ਸੁਰਗਾਂ ਦਾ ਝੂਟਾ॥


ਸਾਡੇ ਤੇ ਵਿਹੜੇ ਜੀ ਰਾਤਾਂ ਦੀ ਰਾਣੀ।

ਪੱਤਣਾਂ ਦੇ ਤਾਰੂ ਲੰਮੀ ਤਾਣ ਸੁੱਤੇ।

ਜੁੱਗਾਂ ਨੂੰ ਪਲਟਣ ਦੀ ਪਾਵੇ ਕਹਾਣੀ॥


ਸਾਡੇ ਤੇ ਵਿਹੜੇ ਜੀ ਪਈ ਪਈ ਗਾਵੇ।

ਢੱਡ ਸਰੰਗੇ ਦੀ ਦੋ ਗਿੱਠ ਲੱਕੜੀ।

ਨਾਲ਼ ਜ੍ਹਿਦੇ ਬਾਬਲ ਫ਼ਰੰਗੀ ਨਸਾਵੇ॥


ਸਾਡੇ ਤੇ ਵਿਹੜੇ ਜੀ ਕੁਦਰਤ ਦੇ ਮੇਵੇ।

ਕਣਕ ਦੀ ਬੱਲੀਆਂ, ਛੱਲੀਆਂ ਦੀਆਂ ਪੂਣਾ।

ਦਾਤਾਰ ਸੱਚਾ ਸਭਨਾਂ ਨੂੰ ਦੇਵੇ॥


ਸਾਡੇ ਤੇ ਵਿਹੜੇ ਜੀ ਝੰਡਾ ਝੁਲੇਂਦਾ।

ਇਕ ਗ਼ਦਰੀ ਤਰੰਗਾ ਦੂਜਾ ਦਾਤੀ ਹਥੌੜਾ।

ਕਾਗ ਬਨੇਰੇ ’ਤੇ ਬੈਠਾ ਬੁਲੇਂਦਾ।


ਸਾਡੇ ਤੇ ਵਿਹੜੇ ਜੀ, ਭਗਵਾਨ ਉੱਤਰੇ।

ਕੱਟੀ ਲੱਤ ਵਾਲ਼ਾ ਬਾਬਾ ਖੜੌਦੀ।

ਬਾਂਹ ਕੱਟੀ ਵਾਲ਼ਾ ਟੁੰਡੀਲਾਟ ਨ੍ਹਾਮਾ॥


ਸਾਡੇ ਤੇ ਵਿਹੜੇ ਜੀ ਗੜ੍ਹਸ਼ੰਕਰ ਦਾ ਭਾਈ।

ਅਲਖ ਜਗਾਈ ਪਿੰਡੇ ਲੀੜਾ ਨਾ ਲੱਤਾ

ਵਲ ਜੇਲਰ ਵਗਾਹੀ ਕੈਦੀ ਦੀ ਵਰਦੀ, ਜਦ ਹੋਈ ਰਿਹਾਈ।


ਸਾਡੇ ਤੇ ਵਿਹੜੇ ਜੀ ਬਾਬਲ ਅਲਾਵੇ: ਧੀਏ ਨੀ ਛੀਤੋ।

ਜਾ ਵੰਡ ਕਲੀਆਂ ਭਰ ਕੇ ਪਰਾਤਾਂ।

ਸੱਥੀਂ ਤੇ ਵਿਹੜੀਂ ਸ਼ਰੀਕੇ ਕਬੀਲੇ।

ਨਾਲ਼ ਸੁਗੰਧੀਆਂ ਖ਼ੁਸ਼ੀਆਂ ਬਰਾਤਾਂ॥


ਸਾਡੇ ਤੇ ਵਿਹੜੇ ਜੀ ਭਰੀਆਂ ਸੁਗਾਤਾਂ।

ਰਿਜ਼ਕ ਵੰਡ ਛਕੀਏ ਤੇ ਮਹਿਕਾਂ ਵੀ ਵੰਡੀਏ

ਬਾਬਲ ਜਿਉਂ ਵੰਡੀਆਂ ਗੀਤਾਂ ਦੀਆਂ ਦਾਤਾਂ॥ਏਹ ਕਾਗਤ ਨਹੀਂ ਹੈ: ਗ਼ਦਰ ਵਿਰਾਸਤ ਦੀਆਂ ਲਿਖਤਾਂ (ਕਿਰਤ ਪ੍ਰਕਾਸ਼ਨ 2020) ਵਿਚੋਂ