ਘਰ ਵਾਪਸੀ: ਜਦ ਫ਼ਰਵਰੀ 1946 ਵਿੱਚ ਬਾਬਾ ਗੁਰਮੁਖ ਸਿੰਘ ਲਹੌਰੋਂ ਰਿਹਾਅ ਹੋ ਕੇ ਲੁਧਿਆਣੇ ਰੇਲਵੇ ਟੇਸ਼ਣ ਪੁੱਜੇ ਸਨ। ਬਾਬਾ ਜੀ ਦੇ ਸੱਜੇ ਪਾਸੇ ਖੜੀ ਕੁੜੀ ਬੀਰ ਦਿਲਕੌਰ ਹੈ।

ਗਰੀਬੀ ਜਿਸ ਖ਼ਰੀਦੀ ਹੈ

ਬੀਬੀ ਦਿਲਬੀਰ ਕੌਰ, ਲੰਦਨ
    
ਤਾਇਆ ਜੀ ਗੁਰਮੁਖ ਸਿੰਘ (1887-1977) ਨਾਲ਼ ਬਿਤਾਏ ਮੇਰੇ ਜੀਵਨ ਦੇ ਸਾਲ ਗਿਣਤੀ ਵਿਚ ਬਹੁਤ ਥੋੜ੍ਹੇ ਹਨ, ਪਰ ਭਾਵੁਕ ਰੂਪ ਵਿਚ ਸਾਰੀ ਉਮਰ ਲੰਘੀ ਹੈ। ਸੰਨ 1913 ਵਿਚ ਕਾਮਗਾਟਾਮਾਰੂ ਦੇ ਸਫ਼ਰ ਪਿੱਛੋਂ ਗ੍ਰਿਫ਼ਤਾਰੀ, ਫਿਰ ਗ੍ਰਿਫ਼ਤਾਰੀ ਤੇ ਰੂਪੋਸ਼ੀ, ਲਾਹੌਰ ਸ਼ਾਹੀ ਕਿਲੇ, ਅੰਡੇਮਾਨ ਕਾਲ਼ੇਪਾਣੀ ਦੀ ਸੈਲੂਲਰ ਜੇਲ ਤੇ ਫੇਰ ਚਲਦੀ ਗੱਡੀ ਵਿਚੋਂ ਫ਼ਰਾਰ ਹੋਣ ਪਿੱਛੋਂ ਫੇਰ ਕੈਦ; ਜਾ ਕੇ 1946 ਵਿਚ ਰਿਹਾਈ ਹੋਈ। ਹਿੰਦੋਸਤਾਨ ਦੇ ਆਜ਼ਾਦ ਹੋਣ ਸਮੇਂ ਅਜੇਹੇ ਹਾਦਸੇ ਸਮੇਂ ਅਸੀਂ ਮਿਲ਼ੇ, ਜੋ ਸਾਡੇ ਦੋਹਾਂ ਲਈ ਅਸਹਿ ਸੀ। ਇਹ ਸੀ ਮੇਰੇ ਵੱਡੇ ਤਾਇਆ ਜੀ ਚੜ੍ਹਤ ਸਿੰਘ ਦਾ ਵੰਡ ਸਮੇਂ ਬਲੋਚ ਰੈਜਮੈਂਟ ਹੱਥੋਂ ਮਾਰੇ ਜਾਣਾ। ਉਸ ਸਮੇਂ ਪਰਿਵਾਰ ਵਿਚ ਅਸੀਂ ਦੋ ਹੀ ਜੀਅ ਬਾਕੀ ਬਚੇ ਰਹਿ ਗਏ ਸੀ।

ਤਾਇਆ ਜੀ ਨੇ ਇਨ੍ਹਾਂ ਮੁਲਤਾਨ ਜੇਲ ਦੀ ਮੁਲਾਕਾਤ ਵਿਚ ਮੇਰੇ ਸਿਰ `ਤੇ ਹੱਥ ਰੱਖ ਕੇ ਹੁਲਾਰ ਕੇ ਕਿਹਾ ਸੀ: “ਇਹ ਸਾਡਾ ਬੱਚਾ ਇਨਕਲਾਬੀ ਬਣੇਗਾ।” ਅਤੇ ਹੁਣ ਵੀ ਉਨ੍ਹਾਂ ਨੇ ਇਕ ਵਾਕ ਹੀ ਬੋਲਿਆ, “ਦਲਬੀਰ, ਇਹ ਨਾ ਸਮਝੀਂ ਗਰੀਬੀ ਸਾਡੀ ਕਿਸਮਤ ਵਿਚ ਹੈ, ਗਰੀਬੀ ਮੈਂ ਖਰੀਦੀ ਹੈ।” ਇਕ ਵਾਰੀ ਫ਼ਰਵਰੀ 1950 ਵਿਚ ਅੰਮ੍ਰਿਤਸਰ ਵਿਚ ਪੰਜਾਬ ਸਟੂਡੈਂਟਸ ਫ਼ੈਡਰੇਸ਼ਨ ਦੀ ਕਾਨਫ਼ਰੰਸ ਵਿਚ ਆਪਣੀ ਗ੍ਰਿਫ਼ਤਾਰੀ ਪਿੱਛੋਂ ਮੈਂ ਲੁਧਿਆਣੇ ਆ ਕੇ ਮਿਲ਼ੀ; ਤਾਂ ਬਹੁਤ ਖ਼ੁਸ਼ ਹੋਏ, ਹੱਲਾਸ਼ੇਰੀ ਦਿੱਤੀ ਤੇ ਕਹਿਣ ਲੱਗੇ: “ਮੁਕੱਦਮੇ ਵਿਚ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਵਿਖਾਉਣੀ।” ਨਾਲ਼ ਹੀ ਉਨ੍ਹਾਂ ਨੇ ਲਾਹੌਰ ਦੇ ਸ਼ਾਹੀ ਕਿਲੇ ਵਿਚ ਝੱਲੀ ਸਖ਼ਤੀ ਦਾ ਜ਼ਿਕਰ ਕੀਤਾ ਤੇ ਕਹਿਣ ਲੱਗੇ ਕਿ ਜਦ ਕੋਈ ਪੁਲਿਸ ਅਫ਼ਸਰ ਸਵਾਲ ਪੁੱਛੇ, ਤਾਂ ਸਿੱਧਾ ਉਹਦੀਆਂ ਅੱਖਾਂ ਵਿਚ ਦੇਖਣ ਦੀ ਜੁਅਰਤ ਕਰੋ। ਜੇ ਤੁਸੀਂ ਇਹ ਦਲੇਰੀ ਕਰ ਸਕੋਂ, ਤਾਂ ਜਾਬਰ ਅਫ਼ਸਰ ਵੀ ਆਸਾਨੀ ਨਾਲ਼ ਤੁਹਾਡੇ `ਤੇ ਹਾਵੀ ਨਹੀਂ ਹੋ ਸਕਦਾ। ਮੈਨੂੰ ਇਹ ਦੇਖਣ ਦਾ ਮੌਕਾ ਤਾਂ ਨਹੀਂ ਮਿਲ਼ਿਆ, ਪਰ ਜਦ 1936 ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਸਮਾਂ ਅੱਖਾਂ ਸਾਹਮਣੇ ਆਉਂਦਾ ਹੈ, ਤਾਂ ਝੁਣਝੁਣਾ ਜਾਂਦੀ ਹਾਂ ਕਿ ਉਨ੍ਹਾਂ ਨੇ ਲਾਹੌਰ ਕਿਲੇ ਦੇ ਵਹਿਸ਼ੀ ਮਾਹੌਲ ਦੀ ਪ੍ਰਵਾਹ ਕੀਤਿਆਂ ਬਿਨਾਂ ਜੁਆਬ ਦਿੱਤਾ ਸੀ: “ਕਮਿਉਨਿਸਟ ਇੰਟਰਨੈਸ਼ਨਲ, ਕਿਰਤੀ ਪਾਰਟੀ ਤੇ ਫ਼ੰਡਾਂ ਦਾ ਸਭ ਕੁਛ ਮੈਨੂੰ ਪਤਾ ਹੈ; ਪਰ ਮੈਂ ਦੱਸਣਾ ਨਹੀਂ। ਜੋ ਕਰਨਾ ਹੈ, ਕਰ ਲਓ।”
ਇਨ੍ਹਾਂ ਬਾਰੇ ਕਿਹਾ ਜਾਂਦਾ ਹੈ ਇਹ ਤਿੰਨ ਮਹੀਨੇ ਇਸ ਸ਼ਾਹੀ ਕਿਲ੍ਹੇ ਦੀ ਕੈਦ ਵਿਚੋਂ ਪੁਲਿਸ ਨੂੰ ਗਾਲ੍ਹਾਂ ਕੱਢਦੇ ਵੜੇ ਸਨ ਤੇ ਗਾਲ੍ਹਾਂ ਕੱਢਦੇ ਨਿਕਲ਼ੇ। ਕੋਈ ਜਾਬਰ ਅਫ਼ਸਰ ਵੀ ਉਨ੍ਹਾਂ ਨੂੰ ਹੱਥ ਨਹੀਂ ਸੀ ਲਾ ਸਕਿਆ।

ਇਸ ਤਰ੍ਹਾਂ ਹੀ ਅੰਡੇਮਾਨ ਜੇਲ ਵਿਚ ਦਲੇਰੀ ਨਾਲ਼ ਬਿਤਾਏ ਦਿਨਾਂ ਬਾਰੇ ਵੀ ਮੈਨੂੰ ਬਾਬਾ ਸੋਹਣ ਸਿੰਘ ਜੀ ਭਕਨਾ ਨੇ ਦੱਸਿਆ ਸੀ ਕਿ ਭਾਈ (ਗ਼ਦਰੀ ਆਪਸ ਵਿਚ ਇੱਕ ਦੂਜੇ ਨੂੰ ਭਾਈ, ਕਹਿੰਦੇ ਸਨ) ਸਾਡੇ ਵਿਚੋਂ ਛੋਟਾ ਸੀ, ਪਰ ਸੀ ਬੜਾ ਨਿਡਰ।

ਉਹ ਸਹਿਜੇ ਆਪਬੀਤੀਆਂ ਦਾ ਬਿਆਨ ਨਾ ਲਿਖਦੇ ਸੀ ਤੇ ਨਾ ਕਰਦੇ ਸੀ। ਪਰ ਪ੍ਰਿੰਸੀਪਲ ਵਰਿਆਮ ਸਿੰਘ ਉਨ੍ਹਾਂ ਤੋਂ ਗੱਲਾਂ-ਗੱਲਾਂ ਵਿਚ ਕਈ ਵਾਰ ਬੀਤੇ ਦੀ ਹਕੀਕਤ ਖੁੱਲ੍ਹਵਾ ਲੈਂਦੇ ਸਨ। ਸੰਨ 1922 ਵਿਚ ਚੱਲਦੀ ਰੇਲਗੱਡੀ ਵਿਚੋਂ ਬੇੜੀਆਂ ਸਮੇਤ ਦੌੜਨ ਦਾ ਕਾਰਨ ਤੇ ਦਲੇਰੀ ਤਾਂ ਉਨ੍ਹਾਂ ਦੇ ਅਪਣੇ ਮੂੰਹੋਂ ਉਸ ਸਮੇਂ ਹੀ ਸੁਣੀ, ਜਦੋਂ ਉਹ ਵਰਿਆਮ ਸਿੰਘ ਨੂੰ ਦੱਸ ਰਹੇ ਸਨ ਤੇ ਫ਼ਰਾਰ ਹੋਣ ਦੀ ਕਹਾਣੀ ਬਾਬਾ ਸੱਜਣ ਸਿੰਘ ਜੀ ਨਾਰੰਗਵਾਲ਼ ਤੋਂ ਸੁਣੀ, ਜਿਹੜੇ ਉਸ ਸਮੇਂ ਇਨ੍ਹਾਂ ਦੇ ਨਾਲ਼ ਸਨ। ਤਾਇਆ ਜੀ ਦਾ ਕਹਿਣਾ ਸੀ ਕਿ ਉਹ ਸੋਚਦੇ ਸਨ ਕਿ “ਜੇਲ ਵਿਚ ਉਮਰ ਗਾਲਣ ਦਾ ਕੋਈ ਫ਼ਾਇਦਾ ਨਹੀਂ। ਅੰਡੇਮਾਨ ਜੇਲ ਵਿਚ ਮੈਂ ਇਰਾਦਾ ਕਰ ਲਿਆ ਸੀ ਕਿ ਫ਼ਰਾਰ ਹੋਣ ਦਾ ਜਤਨ ਮੈਂ ਜ਼ਰੂਰ ਕਰਨਾ ਹੈ। ਇਕ ਵਾਰ ਇਹ ਸਕੀਮ ਵੀ ਬਣੀ ਕਿ ਸ਼ਤੀਰੀਆਂ ਦਾ ਤੁਲਾ ਬਣਾ ਕੇ ਸਮੁੰਦਰ ਵਿਚ ਠਿੱਲ੍ਹ ਪਈਏ, ਪਰ ਫਿਰ ਇਹ ਸਕੀਮ ਤਿਆਗ ਦਿੱਤੀ। ਚਲਦੀ ਗੱਡੀ ਵਿਚੋਂ ਫ਼ਰਾਰ ਹੋਣ ਸਮੇਂ ਮੈਂ ਇਹ ਜਾਣਦਾ ਸੀ ਕਿ ਪੁਲਸੀਏ ਮੇਰਾ ਪਿੱਛਾ ਕਰਨ ਲਈ ਅਪਣੀ ਜਾਨ ਜੋਖੋਂ ਵਿਚ ਨਹੀਂ ਪਾਉਣਗੇ। ਮੈਂ ਹੌਲ਼ੀ ਹੌਲ਼ੀ ਅਪਣੇ ਹੱਥਾਂ ਵਿਚੋਂ ਹੱਥਕੜੀਆਂ ਖਿਸਕਾਈਆਂ। ਮੇਰੇ ਹੱਥ ਛੋਟੇ ਤੇ ਨਰਮ ਸਨ। ਫਿਰ ਬੇੜੀਆਂ ਸਮੇਤ ਛਾਲ਼ ਮਾਰ ਦਿੱਤੀ, ਕਿਉਂ ਜੋ ਗੱਡੀ ਨੇ ਸਟੇਸ਼ਨ ਛੱਡਣ ਪਿੱਛੋਂ ਅਜੇ ਰਫ਼ਤਾਰ ਨਹੀਂ ਸੀ ਫੜੀ। ਇਹ ਇਲਾਕਾ ਪਥਰੀਲਾ ਸੀ। ਕੁਝ ਸੱਟਾਂ ਵੀ ਲੱਗੀਆਂ।

ਬਾਬਾ ਸੱਜਣ ਸਿੰਘ ਦੇ ਦੱਸਣ ਅਨੁਸਾਰ: ਗੁਰਮੁਖ ਸਿੰਘ ਨੇ ਮੇਰੇ ਨਾਲ਼ ਸਲਾਹ ਕੀਤੀ, ਫ਼ਰਾਰ ਹੋਣ ਦੀ; ਪਰ ਮੈਂ ਕਿਹਾ ਕਿ ਮੇਰੇ ਵਿਚ ਇੰਨੀ ਹਿੰਮਤ ਨਹੀਂ। ਪਰ ਉਹਨੇ ਕਿਹਾ ਕਿ ਜੇ ਮੈਂ ਇਕੱਲਾ ਦੌੜਿਆ, ਤਾਂ ਪੁਲਿਸ ਤੇਰੇ `ਤੇ ਸਖ਼ਤੀ ਕਰੂਗੀ। ਮੈਂ ਕਿਹਾ ਕਿ ਇਹ ਮੈਂ ਸਾਂਭ ਲਵਾਂਗਾ। ਤੂੰ ਨੱਠ ਸਕਦੈਂ, ਤਾਂ ਨੱਠ ਜਾ। ਐਨ ਮੌਕੇ `ਤੇ ਪਹਿਲਾਂ ਜਦ ਗੁਰਮੁਖ ਸਿੰਘ ਨੇ ਛਾਲ਼ ਮਾਰਨੀ ਸੀ, ਤਾਂ ਮੈਂ ਚਾਦਰ ਮੂੰਹ ਉੱਤੇ ਲੈ ਕੇ ਪੈ ਗਿਆ। ਇਹਦੇ ਦੌੜ ਜਾਣ ਤੋਂ ਕਾਫ਼ੀ ਚਿਰ ਪਿੱਛੋਂ ਸਿਪਾਹੀਆਂ ਵਿਚੋਂ ਕਿਸੇ ਇਕ ਨੂੰ ਜਾਗ ਆ ਗਈ। ਉਨ੍ਹਾਂ ਰੌਲ਼ਾ ਪਾਇਆ। ਅੱਗੋਂ ਮੈਂ ਇਹਨੂੰ (ਗੁਰਮੁਖ ਸਿੰਘ) ਗਾਲ੍ਹਾਂ ਕੱਢੀਆਂ ਕਿ ਆਪ ਭੱਜ ਗਿਆ ਤੇ ਮੈਨੂੰ ਫਸਾ ਗਿਆ। ਮੈਨੂੰ ਯਕੀਨ ਸੀ ਕਿ ਗੁਰਮੁਖ ਸਿੰਘ ਹੁਣ ਇਨ੍ਹਾਂ ਦੇ ਕਾਬੂ ਨਹੀਂ ਆਉਂਦਾ। ਸਿਪਾਹੀਆਂ ਨੇ ਜ਼ੰਜੀਰ ਖਿੱਚ ਕੇ ਗੱਡੀ ਰੋਕੀ ਤੇ ਰੇਲਵੇ ਲਾਈਨ ਦਾ ਆਸਪਾਸ ਬਥੇਰਾ ਟੋਲ਼੍ਹਿਆ, ਪਰ ਗੁਰਮੁਖ ਸਿੰਘ ਤਾਂ ਬਹੁਤ ਪਿੱਛੇ ਰਹਿ ਗਿਆ ਸੀ।” ਇਹ ਘਟਨਾ ਉਦੋਂ ਦੀ ਹੈ, ਜਦੋਂ 1922 ਵਿਚ ਗੁਰਮੁਖ ਸਿੰਘ ਤੇ ਸੱਜਣ ਸਿੰਘ ਨਾਰੰਗਵਾਲ਼ ਨੂੰ ਤ੍ਰਿਚਨਾਪਲੀ ਜੇਲ ਤੋਂ ਅਕੋਲਾ ਜੇਲ ਵਿਚ ਭੇਜਿਆ ਜਾ ਰਿਹਾ ਸੀ।

ਇਕ ਹੋਰ ਦਿਲਚਸਪ ਘਟਨਾ ਓਦੋਂ ਵਾਪਰੀ, ਜਦ ਤਾਇਆ ਜੀ ਤੇ ਬਾਬਾ ਪ੍ਰਿਥੀ ਸਿੰਘ ਨੂੰ ਰੂਸ ਤੋਂ ਪਰਤਦਿਆਂ ਅਫ਼ਗ਼ਾਨਿਸਤਾਨ ਵਿਚ ਕੈਦ ਕੀਤਾ ਗਿਆ ਸੀ। ਰੂਸੀ ਮੁਦਾਖ਼ਲਤ ਕਾਰਣ ਭਾਰਤ ਵਿਚ ਕੇਂਦਰੀ ਲੈਜਿਸਲੇਟਿਵ ਕੌਂਸਿਲ ਵਿਚ ਤੇ ਸੰਸਾਰ ਵਿਚ ਸਾਰੇ ਰੌਲ਼ਾ ਪੈ ਗਿਆ ਸੀ ਕਿ ਦੋਹਵਾਂ ਇਨਕਲਾਬੀਆਂ ਨੂੰ ਰਿਹਾਅ ਕੀਤਾ ਜਾਵੇ। 

ਬਹੁਤ ਅਦਭੁੱਤ ਪਰ ਸਲਾਹੁਣਯੋਗ ਘਟਨਾ ਮੈਂ ਅੱਖੀਂ ਓਦੋਂ ਦੇਖੀ; ਜਦੋਂ ਬਾਬਾ ਸੋਹਣ ਸਿੰਘ ਭਕਨਾ, ਬਾਬਾ ਰੂੜ ਸਿੰਘ ਦੇ ਪਿੰਡ ਚੂਹੜਚੱਕ ਉਨ੍ਹਾਂ ਦੇ ਭੋਗ `ਤੇ ਜਾ ਰਹੇ ਸਨ। ਇਹ 1955 ਦੀ ਘਟਨਾ ਹੈ। ਤਾਇਆ ਜੀ ਬਾਬਾ ਜੀ ਨੂੰ ਸਟੇਸ਼ਨ ਤੋਂ ਘਰ ਲੈ ਕੇ ਆਏ, ਤਾਂ ਆਪ ਹੀ ਪਾਣੀ ਤੱਤਾ ਕਰਕੇ ਚਿਲਮਚੀ ਵਿਚ ਪਾ ਕੇ ਉਨ੍ਹਾਂ ਦੇ ਸਫ਼ਰ ਵਿਚ ਥੱਕੇ ਪੈਰਾਂ ਸਲਾਹੇ ਤੇ ਧੋਤੇ ਤੇ ਨਾਲ਼ ਹੀ ਹਿਰਖੇ ਵੀ ਕਿ ਉਹ ਇਸ ਅਵਸਥਾ ਵਿਚ ਇਕੱਲੇ ਕਿਉਂ ਆਏ? 

ਲੁਧਿਹਾਣੇ ਘਰ ਵਿਚ ਉਨ੍ਹਾਂ ਦੇ ਦੋ ਜੋੜੇ ਅਰਥਾਤ ਕੁੜਤਾ ਪਜਾਮਾ ਹੁੰਦਾ ਸੀ, ਜੋ ਆਪ ਹੀ ਧੋ ਕੇ ਤੇ ਤਹਿ ਮਾਰਕੇ ਸਰਾਹਣੇ ਥੱਲੇ ਰੱਖ ਲੈਂਦੇ, ਕਿਉਂ ਪ੍ਰੈੱਸ ਕਰਨੀ ਉਸ ਸਮੇਂ ਔਖੀ ਸੀ ਜਾਂ ਕਹੋ ਕਿ ਸਾਡੇ ਕੋਲ਼ ਬਿਜਲੀ ਦੀ ਪ੍ਰੈੱਸ ਨਹੀਂ ਸੀ। ਸਵੇਰੇ ਹੀ ਰੱਖ ਬਾਗ਼ ਲੁਧਿਹਾਣੇ ਤੋਂ ਸਿਵਲ ਲਾਇਨਜ਼ ਲੁਧਿਹਾਣੇ ਕੰਮ ਕਰਕੇ ਪਹਿਲੀ ਬੱਸ ਜਲੰਧਰ ਦੀ ਲੈਂਦੇ ਸਨ। ਮੈਂ ਕਦੇ ਉਨ੍ਹਾਂ ਨੂੰ ਰਿਕਸ਼ੇ `ਤੇ ਆਉਂਦੇ ਜਾਂਦੇ ਨਹੀਂ ਦੇਖਿਆ ਸੀ।

ਲੇਖਿਕਾ ਬਾਰੇ: ਬੀਬੀ ਦਿਲਬੀਰ ਕੌਰ (ਜਨਮ 1932) ਲੁਧਿਆਣੇ ਦੇ ਗੌਰਮਿੰਟ ਕਾਲਜ ਫ਼ੌਰ ਵਿਮੈੱਨ, ਅੰਬਾਲੇ ਦੇ ਦੇਵ ਸਮਾਜ ਕਾਲਜ ਤੇ ਦਿੱਲੀ ਦੇ ਇੰਦਰਪ੍ਰਸਥ ਕੌਲਿਜ ਵਿਚ ਪੰਜਾਬੀ ਦੇ ਲੈਕਚਰਾਰ ਰਹੇ। ਹੁਣ ਇਹ ਲੰਦਨ ਰਹਿੰਦੇ ਹਨ।