ਤਸਵੀਰ ਕ੍ਰੈਡਿਟ: ਗੁਰਿਵੰਦਰ ਸਿੰਘ; ਤਸਵੀਰ ਵਿਚ: ਗੁਰਪੀਤ ਸਿੰਘ, ਜਗਦੀਪ ਸਿੰਘ

ਤਿਹਾੜ ਤੋਂ ਤਤਾਰੀਏ ਵਾਲੇ ਤੱਕ

ਸ਼ਰਨਜੀਤ ਕੌਰ
    
 
ਦੋ ਮਾਰਚ ਨੂੰ ਜ਼ਮਾਨਤ ਹੋਈ ਤਾਂ ਜਿਹੜੇ ਪਰਵਾਰਾਂ ਨਾਲ ਅਸੀਂ ਗੱਲਬਾਤ ਕਰਕੇ ਆਏ ਸੀ, ਉਹਨਾਂ ਨੂੰ ਫੋਨ ਕੀਤੇ। ਵਧਾਈਆਂ ਦਿੱਤੀਆਂ। ਸੁੱਖੀ-ਸਾਂਦੀ ਜੀਅ ਘਰ ਆਉਣ। ਲੱਗਿਆ ਕਿ ਚਾਰ ਤਰੀਕ ਤੱਕ ਉਹ ਸਾਰੇ ਪਿੰਡ ਪਹੁੰਚ ਜਾਣਗੇ। ਪਰ ਕਾਗਜ਼ੀ ਅੜਿੱਕੇ ਈ ਬਾਹਲੇ ਸੀ। ਚਾਰ ਤੋਂ ਪੰਜ ਤੇ ਫੇਰ ਛੇ । ਮਸਾਂ ਦਿਨ ਆਇਆ। ਛੇ ਮਾਰਚ ਦਿਨ ਸ਼ਨਿੱਚਰਵਾਰ ਨੂੰ ਦੋ ਕੁ ਵਜੇ ਮੋਗਾ ਜ਼ਿਲ੍ਹੇ ਦੇ ਬੁੱਘੀਪੁਰਾ ਚੌਕ ‘ਚ ਭਾਰੀ ਇਕੱਠ ਸੀ, ਜਿੱਥੇ ਸਮੁੱਚਾ ਤਤਾਰੀਏ ਵਾਲਾ ਅਤੇ ਨਾਲ਼ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਚੌਂਕ ਵਿੱਚ ਪਹੁੰਚੇ ਹੋਏ ਸਨ, ਕਿਉਂਕਿ ਅੱਜ ਤਤਾਰੀਏਵਾਲਾ ਦੇ ਜੁਝਾਰੂ ਪੁੱਤ ਜੇਲ੍ਹ ‘ਚੋਂ ਰਿਹਾਅ ਹੋ ਕੇ ਆ ਰਹੇ ਸਨ। ਢਾਈ ਕੁ ਵਜੇ ਉਹ ਚੌਕ ‘ਚ ਪਹੁੰਚੇ ਤਾਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਅਸਮਾਨ ਗੂੰਜ ਉੱਠਿਆ। ਪੱਤਰਕਾਰ ਭਾਈਚਾਰਾ ਤੇ ਸਿਆਸੀ ਬੰਦੇ ਵੀ ਪੂਰੇ ਸਰਗਰਮ ਸਨ। ਸਿਆਸੀ ਬੰਦਿਆਂ ਵੱਲੋਂ ਸਿਰੋਪੇ ਅਤੇ ਪਿੰਡ ਵਾਲਿਆਂ ਵੱਲੋਂ ਹਾਰ ਪਾ ਕੇ ਇਹਨਾਂ ਜੁਝਾਰੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਟੈਂਪੂ ਟਰੈਵਲਰ ‘ਚੋਂ ਉਤਾਰ ਕੇ ਸਾਰਿਆਂ ਨੂੰ ਖੁੱਲ੍ਹੀਆਂ ਜੀਪਾਂ ਵਿੱਚ ਖੜ੍ਹੇ ਕਰਕੇ ਮੋਟਰਸਾਈਕਲਾਂ ਦੇ ਪਿੱਛੇ ਅਤੇ ਬਾਕੀ ਪੰਚਾਇਤੀ ਗੱਡੀਆਂ ਦੇ ਅੱਗੇ  ਜੀਪਾਂ ਨੂੰ ਲਾ ਕੇ ਨੇੜੇ ਦੇ ਪਿੰਡ ਤਲਵੰਡੀ ਭੰਗੇਰੀਆਂ ਦੇ ਗੁਰਦੁਆਰੇ ਲਿਜਾ ਕੇ ਸਨਮਾਨਿਤ ਕੀਤਾ ਗਿਆ, ਚਾਹ-ਪਾਣੀ ਪਿਆਇਆ ਗਿਆ। 

ਉਸ ਤੋਂ ਅੱਗੇ ਤਤਾਰੀਏ ਵਾਲਾ ਪਿੰਡ ਵਿੱਚ ਗੁਰਦੁਆਰੇ ਅੱਗੇ ਸਾਰੇ ਪਿੰਡ ਦੀਆਂ ਬੀਬੀਆਂ, ਵੱਡੀ ਉਮਰ ਦੇ ਬੇਬੇ - ਬਜ਼ੁਰਗ ਤੇ ਨਿੱਕੇ ਤੋਂ ਨਿੱਕਾ ਬੱਚਾ ਵੀ ਇੰਤਜ਼ਾਰ ਕਰ ਰਿਹਾ ਸੀ। ਪਰਿਵਾਰ ਅਤੇ ਪਿੰਡ ਬਹੁਤ ਉਤਸੁਕਤਾ ਨਾਲ ਇੰਤਜ਼ਾਰ ਕਰ ਰਹੇ ਸਨ। ਪਤਨੀਆਂ ਗੁਲਾਬੀ ਸੂਟ ਪਾ ਕੇ ਸਜ ਸੰਵਰ ਕੇ ਆਈਆਂ ਸਨ ਅਤੇ ਮਾਵਾਂ ਫੁੱਲਾਂ ਨਾਲ ਝੋਲੀਆਂ ਭਰ-ਭਰ ਲਿਆਈਆਂ ਸਨ, ਜੋ ਉੱਥੇ ਹਰ ਕਿਸੇ ਨੂੰ ਵੰਡੇ ਗਏ। ਬੱਚਿਆਂ ਤੋਂ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ। ਘੰਟੇ ਕੁ ਬਾਅਦ ਜੁਝਾਰੂ ਪੁੱਤ ਪੰਚਾਇਤ ਸਮੇਤ ਪਿੰਡ ਪਹੁੰਚੇ ਅਤੇ ਸਾਰੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਗੱਡੀਆਂ ਤੋਂ ਉੱਤਰ ਕੇ ਸਾਰੇ ਜਣੇ ਆਪਣੇ ਪਰਿਵਾਰਾਂ ਨੂੰ ਮਿਲੇ ਅਤੇ ਸਾਰਿਆਂ ਨੂੰ ਗੁਰਦੁਆਰੇ ਦੇ ਅੰਦਰ ਸ਼ੁਭ ਅਰਦਾਸ ਕਰਨ ਲਈ ਲਿਜਾਇਆ ਗਿਆ। ਗੁਰਦੁਆਰੇ ਦਾ ਸਮਾਗਮ ਤਿੰਨ ਘੰਟੇ ਚੱਲਿਆ। ਕੁੱਝ ਜਥੇਬੰਦੀਆਂ ਵੱਲੋਂ ਹੋਈਆਂ ਘਟਨਾਵਾਂ ਦਾ ਜ਼ਿਕਰ ਅਤੇ ਕੁਝ ਸਿਆਸੀ ਬੰਦਿਆਂ ਵੱਲੋਂ ਸਮੇਂ ਦੀ ਨਜ਼ਾਕਤ ਦਾ ਫ਼ਾਇਦਾ ਉਠਾਉਂਦਿਆਂ ਆਪਣੇ ਵੱਲੋਂ ਸਭ ਦੇ ਸ਼ੁਭਚਿੰਤਕ  ਹੋਣ ਦਾ ਭਰੋਸਾ ਦਿਵਾਇਆ ਗਿਆ। ਘਰਦਿਆਂ ਨੂੰ ਆਪਣੇ ਬੰਦੇ ਘਰ ਲਿਜਾਣ ਦੀ ਬਹੁਤ ਕਾਹਲੀ ਹੁੰਦਿਆਂ ਹੋਇਆਂ ਵੀ ਉਨ੍ਹਾਂ ਨੂੰ ਤਿੰਨ ਘੰਟੇ ਇਹ ਸਭ ਬਰਦਾਸ਼ਤ ਕਰਨਾ ਪਿਆ। ਪਿੰਡ ਵਾਲਿਆਂ ਵੱਲੋਂ ਖੁੱਲ੍ਹਾ ਚਾਹ-ਪਾਣੀ ਦਾ ਲੰਗਰ ਹਰ ਕਿਸੇ ਲਈ ਤਿਆਰ ਕੀਤਾ ਗਿਆ ਸੀ। ਖ਼ੂਬ ਲੱਡੂ ਵੰਡੇ ਗਏ ਅਤੇ ਸਾਰਿਆਂ ਨੂੰ ਸਿਰੋਪੇ ਪਾਏ ਗਏ, ਪ੍ਰਬੰਧਕਾਂ ਨੂੰ ਵੀ ਸਰੋਪਿਆਂ ਨਾਲ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਪੂਰੇ ਪਿੰਡ ਵਿੱਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ। ਗੁਰਦੁਆਰੇ ਦੇ ਸਮਾਗਮ ਤੋਂ ਬਾਅਦ ਫੇਰ ਖੁੱਲ੍ਹੀਆਂ ਜੀਪਾਂ ਵਿੱਚ ਬੈਠਾ ਕੇ ਸਾਰਿਆਂ ਨੂੰ ਆਦਰ ਸਤਿਕਾਰ ਨਾਲ ਉਨ੍ਹਾਂ ਦੇ ਘਰੀਂ ਪਹੁੰਚਦਾ ਕੀਤਾ।