ਰਣਦੀਪ ਮੁੱਦੋਕੇ

ਆਤਣ ਵਿਚਾਰ

ਆਸਮਾਂ ਕਾਦਰੀ
    

ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ।।

ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ।।

 

- ਗੁਰੂ ਅਰਜਨ ਦੇਵ

 

ਆਹਰ ਸਾਂਝਾ ਕੰਮ ਏ, ਆਹਰ ਤੇ ਸਾਰੇ ਈ ਕਰਦੇ ਨੇ ਪਰ ਇਤਨੇ ਆਹਰ ਕੀਤਿਆਂ ਵੀ ਜੀਵਨ ਬੇਰੰਗ ਏ। ਇਤਨੀ ਸਾਇੰਸੀ ਤਰੱਕੀ, ਹਯਾਤੀ ਵਿੱਚ ਹਾਸੇ ਤੇ ਖ਼ੁਸ਼ੀਆਂ ਨਹੀਂ ਪਰਤਾ ਸਕੀ। ਉਹ ਹਾਸੇ ਉਹ ਖ਼ੁਸ਼ੀਆਂ ਜੋ ਜੀਵਨ ਦਾ ਰੰਗ ਹੈ। ਉਹ ਚਾਅ ਉਹ ਸੱਧਰਾਂ ਕਿਵੇਂ ਗਵਾਚ ਗਏ? ਉਹ ਕਿਹੜਾ ਆਹਰ ਹੋਏ ਜਿਸ ਨਾਲ ਕੁੱਲ ਜਹਾਨ ਫਿਰ ਤੋਂ ਹੱਸ ਪਵੇ ਤੇ ਵੱਸ ਪਵੇਭਾਈ ਗੁਰਦਾਸ ਦਾ ਇਹ ਸ਼ਬਦ ਇਹੀ ਆਹਰ ਪਿਆ ਏ ਦੱਸਦਾ: 

 ਜੋ ਜੱਗ ਉਧਰੇ ਤਾਂ ਜੱਗ ਵੱਸੇ 

ਉਧਰਨ ਏ ਆਜ਼ਾਦ ਹੋਵਣਾ, ਬਾਂਧਾਂ ਦਾ ਤਰੁੱਟਣ ਈ ਉਧਾਰਦਾ ਏ ਹਯਾਤੀ ਨੂੰ,  ਜੀਵਨ ਦੀ ਖੁੱਲ੍ਹ ਖੇਡ ਹੀ ਜੀਵਨ ਨੂੰ ਜਿਊਂਦਾ ਰੱਖਦੀ ਏ। ਨਾਰ ਕਰਨਹਾਰ ਏ, ਨਾਰ ਜੰਮਣਹਾਰ ਏ, ਨਾਰ ਪਾਲਣ - ਸਾਂਭਣ ਹਾਰ ਏ, ਨਾਰ ਜੋੜਨ ਹਾਰ ਏ, ਨਾਰ ਜੀਵਨ ਦਾਨ ਕਰਨ ਹਾਰ ਏ। ਦਾਨ ਕਰਨ ਹਾਰ ਓਹੀ ਹੁੰਦਾ ਏ ਜੋ ਕੁੱਲ ਕੁਦਰਤ ਨੂੰ  ਆਪਣੀ ਹੋਂਦ ਅੰਦਰ ਮਾਣਦਾ ਏ ਤੇ ਕੁੱਲ ਕੁਦਰਤ ਅੰਦਰ ਆਪਣੀ ਹੋਂਦ ਮਾਣਦਾ ਏ।  ਸੁਆਣੀ ਜਾਣਦੀ ਏ  ਜੋ ਚਾਲੂ ਵਿਹਾਰ ਦਾ ਰੋਗ, ਬਾਂਧ ਤੇ ਕੈਦ ਏ। ਕੈਦ ਨਿਰੀ ਜੇਲ੍ਹ ਦੀ ਨਹੀਂ ਹੁੰਦੀ। ਅੱਜ ਰਾਸਵਾਲ ਵਿਹਾਰ ਦਾ ਹਰ ਜੀਅ ਮੋਹ ਮਾਇਆ ਦਾ ਬੰਦੀਵਾਨ ਏ। ਇਕਲਾਪੇ ਦੇ ਸੀਤ ਵਿੱਚ ਠਰੇ ਵਜੂਦ ਬੰਜਰ ਤੇ ਵੀਰਾਨ ਨੇ। ਹਸਤੀ  ਮਿੱਟੀ ਤੋਂ ਬਣੀ ਏ, ਜੇ ਮਿੱਟੀ ਉਪਜ ਨਾ ਕਰੇ  ਤਾਂ ਮਿੱਟੀ ਕਿਵੇਂ ਹੋਈਮਿੱਟੀ ਤਾਂ ਉਪਜਾਵਣ  ਤੇ ਨਿਓਨ ਸਿਖਾਉਂਦੀ ਏ, ਸੇਵਾ ਕਰਨ ਸਿਖਾਉਂਦੀ ਏ। ਮਿੱਟੀ ਵਾਂਗ ਸੁਆਣੀ ਦੀ ਹਸਤੀ ਏ, ਜੋ ਕੁੱਲ ਦੀ ਖ਼ੈਰ ਮੰਗਦੀ ਏ, ਕੁੱਲ ਦਾ ਭਲਾ, ਕੁੱਲ ਦੀ ਆਜ਼ਾਦੀ ਨਾਲ ਈ ਐ। ਸੁਆਣੀ ਜਿੱਦਣ  ਆਜ਼ਾਦੀ ਦੀ ਗੱਲ ਕਰਦੀ ਏ  ਤੇ ਉਹ ਨਿਰੀ ਆਪਣੀ ਹਸਤੀ ਦੀ ਆਜ਼ਾਦੀ ਦੀ ਗੱਲ ਨਹੀਂ ਕਰਦੀ, ਨਾਰ ਕੁੱਲ ਦੀ ਆਜ਼ਾਦੀ ਦੀ ਗੱਲ ਕਰਦੀ ਏ। ਕੱਲਾ ਜੀਅ ਆਜ਼ਾਦ ਹੋ ਵੀ ਜਾਵੇ  ਪਰ ਜੇ ਵਿਹਾਰ ਈ ਬੰਦੀਵਾਨ ਏ ਸਾਰਾ ਤੇ ਉਹ ਇਕੱਲੀ ਹਸਤੀ ਕਿੱਥੇ ਜੀਵਸੀ? ਜਦੋਂ ਤੀਕ ਜਣੇ ਦੀ ਆਪਣੀ ਹਸਤੀ ਆਜ਼ਾਦ ਨਾ ਹੋ ਜਾਵੇ ਉਸ ਨੂੰ ਜਣੀ ਦੀ ਕੀਤੀ ਆਜ਼ਾਦੀ ਦੀ ਇਸ ਮੰਗ ਦੀ ਸਮਝ ਨਹੀਂ ਆ ਸਕਦੀ। ਜਣੀ ਆਜ਼ਾਦ ਏ ਤਾਂਹੀਓਂ ਤਾਂ ਆਪਣੇ ਉੱਪਰ ਹਕੂਮਤ ਕਰਨ ਵਾਲੇ ਨਰ ਆਪ ਪਈ ਜੰਮਦੀ ਏ। ਸੁਆਣੀ ਬੰਦੀਵਾਨ ਹੋਵੇ ਤਾਂ ਉਸ ਦੀ ਵੀਰਾਨੀ ਹਸਤੀ ਉਪਜ ਨਾ ਕਰੇ। ਰਾਸਵਾਲ ਵਿਹਾਰ ਦਾ ਕੈਦੀ ਜਣਾ ਆਜ਼ਾਦ ਹੋਵਣ ਦੇ ਭੁਲਾਵੇ ਵਿੱਚ ਐ। ਜੋ ਆਪ ਆਜ਼ਾਦ ਏ ਉਹ ਕਿਸੇ ਜਿਊਂਦੇ ਜੀ ਨੂੰ ਕੈਦ ਨਹੀਂ ਕਰਦਾ। ਦੂਜੇ ਨੂੰ ਗੁਲਾਮ ਉਹੀ ਕਰਦਾ ਏ  ਜੋ ਆਪ ਗੁਲਾਮ ਹੋਵੇ। ਕੁੱਲ ਪੱਖੋਂ, ਪਸ਼ੂ ਤੇ ਰੁੱਖ ਆਜ਼ਾਦ ਨੇ, ਸੋ ਆਜ਼ਾਦੀ ਮਾਣਦੇ ਨੇ ਤੇ ਕਿਸੇ ਨੂੰ ਕੈਦ ਨਹੀਂ ਕਰੇਂਦੇ। ਨਰ ਹੋਵੇ ਜਾਂ ਨਾਰ,  ਜੋ ਹੋਂਦ ਆਪ ਕੈਦ ਏ ਉਹ ਹੋਰਾਂ ਨੂੰ ਵੀ ਕੈਦ ਕਰੇਂਦੀ ਏ। ਅੱਜ ਨਾਰ ਦਾ ਆਜ਼ਾਦੀ ਲਈ ਦਿੱਤਾ ਹੋਕਾ, ਕੁੱਲ ਬੰਦਿਆਈ ਦੀ ਆਜ਼ਾਦੀ ਦਾ ਹੋਕਾ ਏ।