ਲਾਹੌਰ ਦਾ ਔਰਤ ਮਾਰਚ ਕਿਵੇਂ ਸ਼ੁਰੂ ਹੋਇਆ

ਨਿਗ਼ਤ ਦਾਦ
    


ਦਿਸੰਬਰ 2012 ਵਿੱਚ ਜਦੋਂ 23 ਸਾਲਾ ਜਿਓਤੀ ਸਿੰਘ ਦਾ ਦਿੱਲੀ ਦੀ ਇੱਕ ਪ੍ਰਾਈਵੇਟ ਬੱਸ ਵਿੱਚ ਗੈਂਗ ਰੇਪ ਤੇ ਕਤਲ ਹੋਇਆ ਤਾਂ ਭਾਰਤ ਵਿੱਚ ਕਿਸੇ ਦੇ ਜ਼ਿਹਨ ਵਿੱਚ ਨਹੀਂ ਸੀ ਕਿ ਇਸ ਕਤਲ ਤੋਂ ਬਾਅਦ ਇੱਕ ਨਾ ਰੁਕਣ ਵਾਲੇ ਏਹਤੇਜਾਜ਼ਾਂ (ਸੰਘਰਸ਼ਾਂ) ਦਾ ਸਿਲਸਿਲਾ ਸ਼ੂਰੂ ਹੋ ਜਾਵੇਗਾ। “ਸਾਨੂੰ ਇਨਸਾਫ਼ ਚਾਹੀਦੈ” ਇਹ ਸਭ ਦਾ ਨਾਅਰਾ ਬਣ ਗਿਆ ਸੀ। ਸਰਹੱਦ ਦੇ ਇਸ ਪਾਰ ਮੈਂ ਇਹੀ ਸੋਚਦੀ ਸੀ ਕਿ ਅਸੀਂ ਸਭ ਔਰਤਾਂ ਕਦੋਂ ਹਜ਼ਾਰਾਂ ਦੀ ਤਾਦਾਦ ਵਿੱਚ ਸੜਕਾਂ ‘ਤੇ ਨਿਕਲਾਂਗੀਆਂ? ਚੰਦ ਜਾਣੇ ਪਹਿਚਾਣੇ ਚਿਹਰੇ ਹੀ ਤੁਹਾਨੂੰ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਜਾਂ ਇਸਲਾਮਾਬਾਦ ਪ੍ਰੈਸ ਕਲੱਬ ਦੇ ਬਾਹਰ ਨਜ਼ਰ ਆਉਂਦੇ ਸਨ। 

2018 ਵਿੱਚ ਜਦੋਂ ਕਰਾਚੀ ਦੀ ਦੋਸਤ ਨੌਸ਼ੀਨ ਅਲੀ ਨੇ ਮੈਨੂੰ ਔਰਤ ਮਾਰਚ ਬਾਰੇ ਬਹੁਤ ਉਤਸ਼ਾਹ ਨਾਲ ਦੱਸਦਿਆਂ ਕਿਹਾ ਕਿ ਮੈਨੂੰ ਉਹਨਾਂ ਦੀ ਪ੍ਰਬੰਧਕ ਕਮੇਟੀ ਦੀ ਮੈਂਬਰ ਬਣਨਾ ਚਾਹੀਦਾ ਹੈ, ਤਾਂ ਮੈਨੂੰ ਕੁਝ ਅਜੀਬ ਜਿਹਾ ਲੱਗਿਆ ਕਿ ਮੈਂ ਲਾਹੌਰ ਵਿੱਚ ਹਾਂ ਅਤੇ ਔਰਤ ਮਾਰਚ ਕਰਾਚੀ ਦੀਆਂ ਤਿਆਰੀਆਂ ਕਰਾਚੀ ਵਿੱਚ ਹੋ ਰਹੀਆਂ ਹਨ ਪਰ ਮੈਂ ਵਟਸਐਪ ਉੱਤੇ ਜਾਇਨ ਕਰ ਲਿਆ। 2018 ਵਿੱਚ 8 ਮਾਰਚ ਤੋਂ ਦੋ ਹਫ਼ਤੇ ਪਹਿਲਾਂ ਮੈਨੂੰ ਔਰਤ ਮਾਰਚ ਕਰਾਚੀ ਦੇ ਜੋਸ਼ ਜਜ਼ਬੇ ਅਤੇ ਵਲਵਲੇ ਨੇ ਇੰਨਾ ਉਕਸਾਇਆ ਕਿ ਜੋ ਖਵਾਬ ਮੈਂ ਹਮੇਸ਼ਾ ਤੋਂ ਦੇਖਦੀ ਹਾਂ ਕਿ ਜੇ ਹਜ਼ਾਰਾਂ ਨਹੀਂ ਤਾਂ ਸੈਂਕੜੇ ਔਰਤਾਂ ਹੀ ਲਾਹੌਰ ਅਤੇ ਬਾਕੀ ਸ਼ਹਿਰਾਂ ਦੀਆਂ ਸੜਕਾਂ ‘ਤੇ ਵੀ ਨਿਕਲਣ ਅਤੇ ਆਪਣੇ ਹੱਕਾਂ ਦੀ ਗੱਲ ਕਰਨ, ਪਰ ਇਹ ਉਦੋਂ ਹੀ ਪੂਰਾ ਹੋ ਸਕਦਾ ਹੈ, ਜਦੋਂ ਕਰਾਚੀ ਔਰਤ ਮਾਰਚ ਵਰਗੇ ਮਾਡਲ ਨੂੰ ਅਸੀਂ ਲਾਹੌਰ ਵਿੱਚ ਵੀ ਲਾਗੂ ਕਰੀਏ। ਫਿਰ ਮੈਂ ਤੇ ਮੇਰੀਆਂ ਕੁਝ ਨਾਰੀਵਾਦੀ ਸਾਥਣਾਂ ਨੇ ਅਤੇ ਕਰਾਚੀ ਔਰਤ ਮਾਰਚ ਦੀਆਂ ਦੋਸਤਾਂ ਦੀ ਹੌਂਸਲਾ ਅਫ਼ਜ਼ਾਈ ਨਾਲ਼ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਲਾਹੌਰ ਵਿੱਚ ਵੀ, ਉਸੇ ਹੀ ਤਰ੍ਹਾਂ ਦਾ ਮਾਰਚ ਕਰਾਂਗੇ ਜਿਵੇਂ ਦਾ ਕਰਾਚੀ ਵਿੱਚ ਹੋਣ ਜਾ ਰਿਹਾ ਹੈ। 

ਜਦ 8 ਮਾਰਚ ਦਾ ਦਿਨ ਆਇਆ ਤਾਂ ਸੈਂਕੜੇ ਔਰਤਾਂ ਅਤੇ ਬੱਚਿਆਂ ਨੇ ਔਰਤ ਮਾਰਚ ਵਿੱਚ ਹਿੱਸਾ ਲਿਆ। ਮੈਂ ਆਪਣੀ ਜਿੰਦਗੀ ਵਿਚ ਕਦੇ ਇੰਨੀ ਤਾਦਾਦ ਵਿੱਚ ਔਰਤਾਂ ਨੂੰ ਲਾਹੌਰ ਦੀਆਂ ਸੜਕਾਂ ਤੇ ਨਿਕਲਦੇ ਨਹੀਂ ਦੇਖਿਆ। ਹਵਾ ਵਿੱਚ ਬਹੁਤ ਹੀ ਖੂਬਸੂਰਤ ਪੁਰਜੋਸ਼ੀ ਅਤੇ ਵਲਵਲਾ ਸੀ। ‘ਹਮ ਲੇ ਕੇ ਰਹੇਂਗੇ ਆਜ਼ਾਦੀ, ਹਮ ਛੀਨ ਕੇ ਲੇਂਗੇ ਆਜ਼ਾਦੀ’ ਦੇ ਨਾਅਰੇ ਹਰ ਜਗ੍ਹਾ ਗੂੰਜ ਰਹੇ ਸੀ। ਮਾਰਚ ਲਾਹੌਰ ਦੇ ਲਿਟਨ ਰੋਡ ਹਮਦਰਦ ਹਾਲ ਤੋਂ ਸ਼ੁਰੂ ਹੋਇਆ ਅਤੇ ਚੀਅਰਿੰਗ ਕਰਾਸ ਮਾਲ ਰੋਡ ਤੇ ਖਤਮ ਹੋਇਆ, ਜਿਸਦੀ ਆਪਣੀ ਸਿਆਸੀ ਤਵਾਰੀਖ ਹੈ। ਔਰਤ ਮਾਰਚ ਲਾਹੌਰ ਦੀਆਂ ਮੰਗਾਂ ਦਾ ਸਭ ਤੋਂ ਵੱਡਾ ਹਿੱਸਾ ਇਹ ਸੀ ਕਿ ਪਾਕਿਸਤਾਨ ਦੀ ਹਰ ਔਰਤ, ਮਜ਼ਹਬੀ ਅਕਲੀਅਤਾਂ(ਧਾਰਮਿਕ ਘੱਟ ਗਿਣਤੀਆਂ ) ਪੁਰ ਵਕਾਰ ਸਵੈ ਮਾਣ ਵਾਲੀ ਜ਼ਿੰਦਗੀ ਗੁਜ਼ਾਰਨ ਦਾ ਅਇਨੀ (ਸੰਵਿਧਾਨਿਕ) ਹੱਕ ਹਾਸਿਲ ਹੈ। ਉਹਨਾਂ ਦੇ ਸਮਾਜੀ ਹੱਕਾਂ ਅਤੇ ਇਨਸਾਨੀ ਹੱਕਾਂ ਨੂੰ ਪੈਰਾਂ ਵਿਚ ਰੋਲਣਾ ਬੰਦ ਕੀਤਾ ਜਾਵੇ। ਜੇਕਰ ਸਭ ਤੋਂ ਵਧ ਪਿਸਿਆ ਹੋਇਆ ਤਬਕਾ ਆਜ਼ਾਦ ਨਹੀਂ ਹੋਵੇਗਾ, ਪਾਕਿਸਤਾਨ ਦੀ ਕੋਈ ਔਰਤ ਆਜ਼ਾਦ ਨਹੀਂ ਹੋ ਸਕਦੀ। ਔਰਤਾਂ ਦੇ ਖਿਲਾਫ਼ ਤਸ਼ੱਦਦ, ਮਜ਼ਦੂਰ ਤੇ ਕਿਸਾਨ ਔਰਤਾਂ ਦੀਆਂ ਮੰਗਾਂ, ਬਰਾਬਰ ਦੀ ਮਜ਼ਦੂਰੀ ਅਤੇ ਘੱਟ ਉਮਰ ਦੇ ਵਿਆਹ, ਇਸ ਤਰ੍ਹਾਂ ਦੀਆਂ ਮੰਗਾਂ ਸਨ ਜੋ ਅਲਗ ਅਲਗ ਨਾਅਰਿਆਂ ਅਤੇ ਪੋਸਟਰਾਂ ਵਿੱਚ ਨਜ਼ਰ ਆਏ। ਔਰਤ ਮਾਰਚ ਦਾ ਮਕਸਦ ਇੱਕ ਐਸਾ ਅੰਦੋਲਨ ਖੜਾ ਕਰਨਾ ਹੈ ਜੋ ਵਰਗ ਵੰਡ (ਤਬਕਾਤੀ ਤਕਸੀਮ) ਅਤੇ ਨਸਲ ਦੀ ਬੁਨਿਆਦ ਤੇ ਜ਼ੁਲਮ ਨੂੰ ਉਜਾਗਰ ਕਰਦਾ ਰਹੇਗਾ।

2018 ਵਿੱਚ ਜਦੋਂ ਲਾਹੌਰ ਵਿੱਚ ਔਰਤ ਮਾਰਚ ਸ਼ੁਰੂ ਕੀਤਾ ਗਿਆ ਤਾਂ ਉਸਦਾ ਮਕਸਦ ਇਹ ਸੀ ਕਿ ਅਸੀਂ ਔਰਤਾਂ ਜਿਸ ਸੁਰੱਖਿਅਤ ਦੁਨੀਆਂ ਦੀ ਗੱਲ ਕਰਦੀਆਂ ਹਾਂ ਉਹ ਕੋਈ ਖਿਆਲੀ ਦੁਨੀਆਂ ਨਹੀਂ ਹੈ, ਬਲਕਿ ਉਸਦਾ ਅਮਲੀ ਜਾਮਾ ਮੁਮਕਿਨ ਹੈ। ਇਹ ਔਰਤ ਮਾਰਚ ਸਾਡੇ ਸਭ ਔਰਤਾਂ ਲ਼ਈ ਪਾਕਿਸਤਾਨ ਵਿਚ ਵੀ ਅਤੇ ਸਰਹੱਦ ਤੋਂ ਪਾਰ ਵੀ ਇਸ ਦੁਨੀਆਂ ਨੂੂੰ ਬਣਾ ਕੇ ਰਹੇਗਾ। 2018 ਤੋਂ ਹੁਣ ਤੱਕ ਔਰਤ ਮਾਰਚ ਹੁੰਦਾ ਆ ਰਿਹਾ ਹੈ ਅਤੇ ਔਰਤਾਂ ਦੀ ਤਦਾਦ ਸੈਂਕੜੇ ਤੋਂ ਹਜ਼ਾਰਾਂ ਵਿੱਚ ਬਦਲ ਗਈ ਹੈ। ਜੋ ਹਰ ਸਾਲ ਕਰਾਚੀ, ਲਾਹੌਰ, ਇਸਲਾਮਾਬਾਦ, ਹੈਦਰਾਬਾਦ, ਮੁਲਤਾਨ, ਕੋਇਟਾ ਅਤੇ ਪਿਸ਼ਾਵਰ ਦੀਆਂ ਸੜਕਾਂ ‘ਤੇ ਆਪਣੇ ਹੱਕ ਖੋਹਣ ਲਈ ਨਿਕਲਦੀਆਂ ਹਨ ਅਤੇ ਸਾਡੇ ਸਾਥੀਆਂ ਦਾ ਇਹ ਕਾਰਵਾਂ ਚਲਦਾ ਰਹੇਗਾ।