ਤਸਵੀਰ ਕ੍ਰੈਡਿਟ: ਗੁਰਿਵੰਦਰ ਸਿੰਘ; ਤਸਵੀਰ ਵਿਚ: ਸ਼ਰਨਜੀਤ ਕੌਰ (ਲੇਖਕ), ਰਮਨਦੀਪ ਕੌਰ (ਜਗਦੀਸ਼ ਸਿੰਘ ਦੀ ਘਰਵਾਲੀ), ਅਕਵੀਰ ਕੌਰ(ਜਗਦੀਸ਼ ਸਿੰਘ ਦੀ ਪੁੱਤਰੀ)

ਤਤਾਰੀਏ ਵਾਲੇ ਤੋਂ ਤਿਹਾੜ ਜੇਲ੍ਹ ਤੱਕ

ਸੰਗੀਤ ਤੂਰ ਅਤੇ ਸ਼ਰਨਜੀਤ ਕੌਰ
    
ਗੁਰਜੀਤ ਕੌਰ ਮੰਜੇ ਦੇ ਕੋਨੇ ’ਤੇ ਬੈਠੀ ਵਾਰ–ਵਾਰ ਫੋਨ ਵੇਖਦੀ ਰਹੀ। ਉਸ ਦਾ ਦਸ ਸਾਲਾਂ ਦਾ ਮੁੰਡਾ ਅਰਸ਼ਨੂਰ ਉਸ ਦੇ ਮੋਢੇ ਉੱਤੋਂ ਦੀ ਫੋਨ’ਤੇ ਝਾਤੀ ਮਾਰਦਾ ਹੈ। ਦੋਵੇਂ ਜਣੇ ਤਿਹਾੜ ਤੋਂ ਵੀਡੀਓ ਕਾਲ ਉਡੀਕ ਰਹੇ ਸਨ। ਗੁਰਜੀਤ ਦਾ ਘਰਵਾਲਾ ਭਾਗ ਸਿੰਘ ਜਨਵਰੀ ਦੇ ਅਖ਼ੀਰਲੇ ਹਫ਼ਤੇ ਤੋਂ ਉਥੇ ਕੈਦ ਸੀ। ਕਿਸਾਨ ਗਣਤੰਤਰ ਪਰੇਡ ਦਾ ਹਿੱਸਾ ਬਣਨ ਲਈ ਉਹ 23 ਜਨਵਰੀ ਨੂੰ ਪਿੰਡੋਂ ਗਿਆ ਸੀ। 27 ਜਨਵਰੀ ਦੀ ਸ਼ਾਮ ਨੂੰ ਉਸ ਦੇ ਘਰ ਵਾਲੇ ਨੇ ਫੋਨ ’ਤੇ ਦੱਸਿਆ ਕਿ ਪਿੰਡ ਦੇ ਬਾਕੀ ਜਣਿਆਂ ਨਾਲ ਉਸ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਰੱਖਿਆ ਹੋਇਆ ਹੈ। ਇਨ੍ਹਾਂ ਨੇ ਕਿਹਾ ਸੀ ਕਿ,‘‘ਥੋੜ੍ਹੇ ਦਿਨਾਂ ਦੀ ਗੱਲ ਐ ਅਤੇ ਅਸੀਂ ਜਲਦੀ ਹੀ ਛੱਡ ਦਿੱਤੇ ਜਾਵਾਂਗੇ।’’ ਗੁਰਜੀਤ ਨੇ ਕਿਹਾ ਦੋ–ਤਿੰਨ ਦਿਨ ਹੋ ਗਏ ਕੋਈ ਫੋਨ ਨਹੀਂ ਆਇਆ। ਉਸ ਨੂੰ ਅਤੇ ਬਾਕੀ 11 ਪਰਿਵਾਰਾਂ ਨੂੰ ਕੋਈ ਪਤਾ ਨਹੀ ਹੋਇਆ ਸੀ ਕਿ ਉਨ੍ਹਾਂ ਦੇ ਬੰਦੇ ਕਿਥੇ ਹਨ।

ਗੁਰਜੀਤ ਦੀ ਮਾਂ ਗੁਰਦੀਪ ਕੌਰ ਦੀ ਉਮਰ 70 ਸਾਲ ਹੈ। ਜਦੋਂ ਹੀ ਉਸ ਨੂੰ ਖ਼ਬਰ ਹੋਈ ਤਾਂ ਉਹ ਓਨ੍ਹੀਂ ਪੈਰੀਂ ਇੱਥੇ ਆ ਗਈ। ‘‘ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ,’’ ਉਸ ਨੇ ਕਿਹਾ। ਗੁਰਜੀਤ ਅਤੇ ਭਾਗ ਹੋਰਾਂ ਦਾ ਦੁੱਧ ਦੀ ਡੇਅਰੀ ਦਾ ਕੰਮ ਹੈ। ਭਾਗ ਦੀ ਗ਼ੈਰ ਹਾਜ਼ਰੀ ਵਿਚ ਗੁਰਜੀਤ ਇਹ ਕੰਮ ਸਾਂਭ ਰਹੀ ਹੈ। ਡੇਅਰੀ ਦੀ ਲਿਖਤ ਪੜ੍ਹਤ ਆਨਲਾਈਨ ਹੈ। ਲੋਕ ਦੁੱਧ ਲੈ ਕੇ ਆਉਂਦੇ ਹਨ, ਉਹ ਮਸ਼ੀਨ ਉੱਤੇ ਧਰ ਕੇ ਤੋਲ ਦਿੰਦੀ ਹੈ। ਉਸ ਦੀ ਫੈਟ ਚੈੱਕ ਕਰਦੀ ਹੈ ਅਤੇ ਸਾਰੀ ਜਾਣਕਾਰੀ ਦੀ ਰਸੀਦ ਬਣਾ ਦਿੰਦੀ ਹੈ। ਡੇਅਰੀ  ਕੰਪਨੀ ਦੀ ਵੈਨ ਆਉਂਦੀ ਹੈ ਅਤੇ ਦੁੱਧ ਅਤੇ ਰਸੀਦਾਂ ਲੈ ਜਾਂਦੀ ਹੈ। ਉਨ੍ਹਾਂ ਕੋਲ ਦੋ ਕਿੱਲੇ ਪੈਲੀ ਹੈ। ਜ਼ਮੀਨ ਹਾਲੇ ਭਾਗ ਦੇ ਦੋ ਭਾਈਆਂ ਨਾਲ ਸਾਂਝੀ ਹੈ। ਡੇਅਰੀ ਨਾਲ਼ ਤੋਰੀ ਫੁਲਕਾ ਚਲਾਉਣ ਵਿਚ ਸੌਖ ਰਹਿੰਦੀ ਹੈ। ਉਨ੍ਹਾਂ ਕੋਲ ਦੋ ਮੱਝਾਂ ਵੀ ਹਨ। ਜਿਨ੍ਹਾਂ ਦੀ ਦੇਖ–ਭਾਲ ਹੁਣ ਗੁਰਜੀਤ ਦੇ ਜ਼ਿੰਮੇ ਹੈ।

ਤਿਹਾੜ ਜੇਲ੍ਹ ਦਾ ਵੀਡੀਓ ਕਾਲ ਸਿਸਟਮ ਵੀ ਆਨਲਾਈਨ ਹੈ, ਪਰ ਗੁਰਜੀਤ ਨੂੰ ਇਹ ਵਰਤਣਾ ਔਖਾ ਲਗਦਾ ਹੈ ਕਿਉਂਕਿ ਉਸ ਕੋਲ ਈਮੇਲ ਪਤਾ ਨਹੀਂ ਹੈ। ਭਾਗ ਦੇ ਭਤੀਜਿਆਂ ਨੇ ਇਹ ਵੀਡੀਓ ਮੁਲਾਕਾਤ ਕਰਾਉਣ ਵਿਚ ਮਦਦ ਕੀਤੀ। ਇੱਕ ਹਿਰਾਸਤੀ ਨੂੰ ਦੋ ਹਫ਼ਤਿਆਂ ਵਿਚ ਇੱਕ ਵਾਰ ਵੀਡੀਓ ਕਾਲ ਦੀ ਇਜ਼ਾਜਤ ਹੈ। ਇਹ ਕਾਲ 12 ਤੋਂ 15 ਮਿੰਟ ਲੰਮੀ ਹੋ ਸਕਦੀ ਹੈ। ਅਰਸ਼ਨੂਰ ਅਤੇ ਗੁਰਜੀਤ ਬੇਸਬਰੀ ਨਾਲ ਕਾਲ ਉਡੀਕ ਰਹੇ ਸਨ। ਅੱਧੇ ਘੰਟੇ ਬਾਅਦ ਫੋਨ ਦੀ ਘੰਟੀ ਖੜਕੀ। ਅਰਸ਼ਨੂਰ ਨੇ ਸਬ੍ਹਾਤ ਵਿੱਚ ਜਾ ਫੋਨ ਚੁੱਕਿਆ ਤੇ ਗੁਰਜੀਤ ਵੀ ਅੰਦਰ ਗਈ। ਭਾਗ ਸਿੰਘ ਦਾ ਵੱਡਾ ਭਰਾ ਵੀ ਅੰਦਰ ਗਿਆ। ਦੋ ਗੁਆਂਢਣਾਂ ਵੀ ਗੱਲ ਕਰਨ ਅੰਦਰ ਗਈਆਂ। ਉਡੀਕ ਅਜੇ ਪੂਰੀ ਨਹੀਂ ਸੀ। ਪੁਲਿਸ ਅਫ਼ਸਰ ਨੇ ਉਨ੍ਹਾਂ ਨੂੰ 10–15 ਮਿੰਟ ਹੋਰ ਉਡੀਕਣ ਲਈ ਕਿਹਾ। ਉਹ ਭਾਗ ਨੂੰ ਉਸ ਦੀ ਕੋਠੜੀ ਵਿੱਚੋਂ ਲੈਣ ਗਏ ਨੇ, ਗੁਰਜੀਤ ਨੇ ਦੱਸਿਆ।

ਉਡੀਕ ਦਾ ਇਹ ਸਮਾਂ ਹੋਰ ਔਖਾ ਸੀ। ਉਹ ਫੇਰ ਗੱਲਬਾਤ ਕਰਨ ਲੱਗੀ। ਪਹਿਲੇ ਫੋਨ ਤੋਂ ਬਾਅਦ ਉਸ ਦੇ ਘਰ ਵਾਲੇ ਦਾ ਕੋਈ ਥਹੁ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ। ਪਿੰਡ ਵਾਲਿਆਂ ਵਿੱਚੋਂ ਇੱਕ ਜਣਾ ਨਾਬਾਲਗ ਸੀ, ਉਸ ਨੂੰ ਗਣਤੰਤਰ ਦਿਵਸ ਵਾਲੇ ਦਿਨ ਪੁਲਿਸ ਨੇ ਫੜ੍ਹਿਆ ਸੀ, ਪਰ ਦੋ ਦਿਨਾਂ ਬਾਅਦ ਛੱਡ ਦਿੱਤਾ। ਉਸ ਨੇ ਬਾਕੀ ਜਣਿਆ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਟਿਕਾਣੇ ਦੀ ਖ਼ਬਰ ਦਿੱਤੀ। “ਨਵਦੀਪ ਨੇ ਸਾਨੂੰ ਦੱਸਿਆ ਕਿ 29 ਤੱਕ ਉਹ ਨਾਂਗਲੋਈ ਥਾਣੇ ਹਿਰਾਸਤ ਵਿੱਚ ਸਨ, ਪਰ ਮਗਰੋਂ ਤਿਹਾੜ ਜੇਲ੍ਹ ਭੇਜ ਦਿੱਤੇ ਗਏ।,” ਗੁਰਜੀਤ ਨੇ ਕਿਹਾ।

ਜਦੋਂ ਭਾਗ ਸਿੰਘ ਸਕਰੀਨ ‘ਤੇ ਆਇਆ ਤਾਂ ਅਰਸ਼ਨੂਰ ਨੇ ਗੁਰਜੀਤ ਨੂੰ ਆਵਾਜ਼ ਮਾਰੀ। ਅਰਸ਼ਨੂਰ ਨੇ ਪਿਤਾ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਪਰ ਹੋਰ ਗੱਲ ਨਾ ਕਰ ਸਕਿਆ ਅਤੇ ਰੋਣ ਲੱਗ ਪਿਆ। ਗੁਰਜੀਤ ਨੇ ਫੋਨ ਫੜਿਆ ਅਤੇ ਭਾਗ ਨੂੰ ਹੌਸਲਾ ਦੇਣ ਲੱਗ ਪਈ।

‘ਤੁਸੀਂ ਕੁਝ ਵੀ ਗਲਤ ਨਹੀਂ ਕੀਤਾ। ਤੁਸੀਂ ਤਾਂ ਆਪਣੇ ਹੱਕਾਂ ਵਾਸਤੇ ਸ਼ਾਂਤਮਈ ਮੁਜ਼ਾਹਰਾ ਕਰਨ ਗਏ ਸੀ।’ ਉਸ ਨੇ ਕਿਹਾ ‘ਤੁਸੀਂ ਟੋਪੀ ਕਿਉਂ ਪਾਈ ਹੈ, ਅੱਜ ਕੱਲ੍ਹ ਤਾਂ ਗਰਮੀ ਬਹੁਤ ਹੈ’ ਉਸ ਨੇ ਪੁਛਿਆ। ‘ਅੰਦਰ ਠੰਡ ਹੁੰਦੀ ਹੈ’ ਭਾਗ ਨੇ ਜਵਾਬ ਦਿੱਤਾ। ਮੁੰਡਾ ਮੰਜੇ ਤੇ ਪਿਆ ਰਿਹਾ ਅਤੇ ਆਪਣੇ ਪਿਓ ਨਾਲ ਗੱਲ ਕਰਨ ਤੋਂ ਮੁਨਕਰ ਰਿਹਾ। ਅੰਤ ਵਿਚ ਭਾਗ ਵੀ ਭਾਵੁਕ ਹੋ ਗਿਆ। ਪਰ ਗੁਰਜੀਤ ਅਤੇ ਉਸ ਦੇ ਜੇਠ ਨੇ ਮਾਹੌਲ ਖ਼ੁਸ਼ਗਵਾਰ ਰੱਖਿਆ। ਦੂਜੀਆਂ ਦੋ ਔਰਤਾਂ ਬਲਧੀਰ ਬਾਰੇ ਪੁੱਛਣ ਲੱਗੀਆਂ, ਜਿਹੜਾ ਭਾਗ ਦੇ ਨਾਲ਼ ਹੀ ਹਿਰਾਸਤ ਵਿਚ ਸੀ। 29 ਸਾਲਾਂ ਦਾ ਬਲਧੀਰ, ਘਰ ਦਾ ਇਕੱਲਾ-ਇਕਹਿਰਾ ਕਮਾਊ ਜੀਅ ਹੈ। “ਉਸ ਨੂੰ ਦੱਸ ਦਈਂ ਕਿ ਅਸੀਂ ਉਹਦੀ ਆਵਾਜ਼ ਸੁਣ ਲਈ ਸੀ, ਪਰ ਸਾਡੀ ਆਵਾਜ਼ ਸਾਫ਼ ਨਹੀਂ ਆ ਰਹੀ ਸੀ। ਉਸ ਨੂੰ ਕਹੀਂ ਕਿ ਉਹਦੇ ਕੱਪੜੇ ਭੇਜ ਦਿੱਤੇ ਹਨ,” ਇੱਕ ਔਰਤ ਨੇ ਭਾਗ ਨੂੰ ਸੁਨੇਹਾ ਦਿੱਤਾ। ਵੀਡੀਓ ਕਾਲ ਨਾਲ਼ ਸਾਰਿਆਂ ਦਾ ਕਾਫ਼ੀ ਭਰੋਸਾ ਬੱਝਿਆ। ਸੰਯੁਕਤ ਕਿਸਾਨ ਮੋਰਚੇ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾ ਰਹੀ ਕਾਨੂੰਨੀ ਸਹਾਇਤਾ ਦੀ ਗੱਲ ਹੋਈ। ‘ਮੱਝਾਂ ਠੀਕ-ਠਾਕ ਨੇ। ਮੌਸਮ ਚੰਗਾ ਹੈ। ਡੇਅਰੀ ਉਵੇਂ ਹੀ ਚੱਲ ਰਹੀ ਹੈ। ਵਾਢੀ ਦੀ ਉਡੀਕ ਹੈ। ਖੇਤੀ ਕਾਨੂੰਨ ਰੱਦ ਹੋਣਗੇ। ਹਫ਼ਤੇ ਕੁ ਬਾਅਦ ਉਹ ਤਿਹਾੜ ਤੋਂ ਬਾਹਰ ਆ ਜਾਣਗੇ। ‘ਜਦੋਂ ਤੁਸੀਂ ਆਉਂਗੇ ਤਾਂ ਪਿੰਡ ਵਿੱਚ ਤੁਹਾਡਾ ਬਹੁਤ ਵਧੀਆ ਸਵਾਗਤ ਕੀਤਾ ਜਾਵੇਗਾ। ਸਾਨੂੰ ਤੁਹਾਡੇ ‘ਤੇ ਬਹੁਤ ਮਾਣ ਹੈ।’ ਗੁਰਜੀਤ ਨੇ ਭਾਗ ਨੂੰ ਕਿਹਾ।

ਚਰਨ ਕੌਰ ਬਲਧੀਰ ਸਿੰਘ ਦੀ ਮਾਸੀ ਹੈ। ਉਹ ਅਤੇ ਬਲਧੀਰ ਦੀ ਮਾਂ ਜਸਵੀਰ ਕੌਰ, ਦੋ ਭੈਣਾਂ ਸਕੇ ਭਰਾਵਾਂ ਨੂੰ ਵਿਆਹੀਆਂ ਹੋਈਆਂ ਹਨ। ਚਰਨ ਦਾ ਘਰ ਵਾਲਾ 25 ਸਾਲ ਪਹਿਲਾਂ ਪੂਰਾ ਹੋ ਗਿਆ ਸੀ ਅਤੇ ਬਲਧੀਰ ਦਾ ਪਿਓ 2013 ਵਿਚ। ਆਪਣੇ ਘਰ ਵਾਲੇ ਦੀ ਮੌਤ ਤੋਂ ਬਾਅਦ ਜਸਵੀਰ ਨੇ ਕੰਮ–ਕਾਰ ਛੱਡ ਦਿੱਤਾ। ਦੋਨਾਂ ਪਰਿਵਾਰਾਂ ਦੀ ਜ਼ਮੀਨ ’ਤੇ ਬਲਧੀਰ ਵਾਹੀ ਕਰਦਾ ਹੈ। ਚਰਨ ਦੀਆਂ ਤਿੰਨ ਧੀਆਂ ਹਨ। ਇੱਕ ਵਿਆਹੀ ਹੋਈ ਹੈ। ਦੂਜੀਆਂ ਘਰੇ ਸਨ- ਰਣਜੀਤ ਕੌਰ ਤੇ ਬਲਜੀਤ ਕੌਰ। ਬਲਧੀਰ ਨੂੰ ਕੋਈ ਪਤਾ ਨਹੀਂ ਸੀ ਕਿ ਉਹ ਤੇ ਪਿੰਡ ਵਾਲੇ ਜੇਲ੍ਹ ਵਿੱਚ ਸੁੱਟ ਦਿੱਤੇ ਜਾਣਗੇ। “ਪੁਲਿਸ ਨੇ ਉਹਦਾ ਨਾਮ ਹੀ ਗਲਤ ਲਿਖ ਦਿੱਤਾ- ਬਲਬੀਰ। ਉਨ੍ਹਾਂ ਨੂੰ ਪਿੰਡ ਵਾਲਿਆਂ ਨੂੰ ਹੀ ਆਪਣੇ ਨਾਮ ਅਤੇ ਪਿੰਡ ਦਾ ਨਾਮ ਲਿਖਣ ਵਾਸਤੇ ਕਹਿਣਾ ਚਾਹੀਦਾ ਸੀ। ਮੀਡੀਆ ਸਾਡੇ ਪਿੰਡ ਨੂੰ ਟੂਟਰੀ ਵਾਲਾ ਕਹਿ ਰਿਹਾ ਸੀ। ਪਰ ਉਨ੍ਹਾਂ ਨੂੰ ਡਰ ਹੋਊ ਕਿ ਮੁੰਡੇ ਨਾਮਾਂ ਤੋਂ ਇਲਾਵਾ ਕੁਝ ਹੋਰ ਨਾ ਲਿਖ ਦੇਣ।” ਚਰਨ ਨੇ ਕਿਹਾ। “ਕੀ ਪਤਾ ਜੇ ਪੈੱਨ ਤੇ ਕਾਗਜ਼ ਦਿੱਤਾ ਜਾਵੇ, ਇਹ ਹਿਰਾਸਤੀ ਇਤਿਹਾਸ ਹੀ ਲਿਖ ਦੇਣ?” ਉਸ ਨੇ ਅੱਗੇ ਕਿਹਾ।

ਹਰਵਿੰਦਰ ਕੌਰ ਵਿਹੜੇ ਵਿਚ ਮੱਝਾਂ ਨਹ੍ਵਾ ਰਹੀ ਸੀ। ਉਸ ਦਾ ਚੌਵੀ ਵਰ੍ਹਿਆਂ ਦਾ ਪੁੱਤਰ ਰਣਜੀਤ ਤਿਹਾੜ ਵਿੱਚ ਸੀ। ਹਰਵਿੰਦਰ ਦੀ ਸਕੀ ਭੈਣ ਬਲਵਿੰਦਰ ਕੌਰ ਵੀ ਉਸ ਦੇ ਨਾਲ ਸੀ। ਦੋਵੇਂ ਭੈਣਾਂ ਸਕੇ ਭਰਾਵਾਂ ਲਹੌਰਾ ਸਿੰਘ ਤੇ ਨਿਰੰਜਣ ਸਿੰਘ ਨੂੰ ਵਿਆਹੀਆਂ ਹੋਈਆਂ ਸਨ। ‘ਖੇਤੀਬਾੜੀ ਉਹੀ ਕਰਦਾ ਸੀ। ਉਸ ਦੇ ਸਹਾਰੇ ਘਰ ਦਾ ਤੋਰੀ ਫੁਲਕਾ ਚੱਲਦਾ ਸੀ। ਹੁਣ ਇਹਦਾ ਪਿਓ ਖੇਤ ਦਾ ਕੰਮ ਦੇਖਦਾ। ਜਿੰਨਾ ਕੁ ਉਸ ਤੋਂ ਹੁੰਦਾ।’ ਉਸ ਨੇ ਕਿਹਾ। ਰਣਜੀਤ ਦਾ ਛੋਟਾ ਭਰਾ ਸੁਖਚੈਨ 19 ਸਾਲਾਂ ਦਾ ਹੈ ਅਤੇ ਬਾਹਰ ਜਾਣ ਦੀ ਤਿਆਰੀ ਕਰ ਰਿਹਾ ਹੈ। ‘ਮੇਰਾ ਤਾਇਆ ਮੋਰਚੇ ’ਤੇ ਡਟਿਆ ਹੋਇਆ ਸੀ। ਗਣਤੰਤਰ ਦਿਵਸ ਖ਼ਾਸ ਦਿਨ ਸੀ। ਮੈਂ ਵੀ ਜਾਣਾ ਸੀ ਪਰ ਮੇਰਾ ਪੇਪਰਾਂ ਦਾ ਕੰਮ ਸੀ। ਮੈਨੂੰ ਉਮੀਦ ਹੈ ਕਿ ਸਾਰੇ ਜਣੇ ਛੇਤੀ ਹੀ ਬਾਹਰ ਆ ਜਾਣਗੇ।’ ਉਸ ਨੇ ਕਿਹਾ।

ਰਮਨਦੀਪ ਕੌਰ ਆਪਣੇ ਤਿੰਨ ਮਹੀਨਿਆਂ ਦੇ ਪੁੱਤ ਦੀ ਦੇਖਭਾਲ ਵਿਚ ਲੱਗੀ ਹੋਈ ਸੀ। ਸਾਰਾ ਪਰਿਵਾਰ ਵਿਹੜੇ ਵਿੱਚ ਬੈਠਾ ਸੀ। ਉਸ ਦੀ ਪੰਜ ਸਾਲਾਂ ਦੀ ਕੁੜੀ ਅਕਵੀਰ ਨੇ ਸਾਨੂੰ ਪਾਣੀ ਦਿੱਤਾ। ਪੰਤਾਲੀ ਸਾਲਾਂ ਦਾ ਜਗਦੀਸ਼ ਸਿੰਘ ਜਨਵਰੀ ਦੇ ਅਖ਼ੀਰ ਤੋਂ ਤਿਹਾੜ ਵਿੱਚ ਹੈ। ਉਸ ਦੀ 75 ਸਾਲਾਂ ਦੀ ਮਾਂ ਗੁਰਦੇਵ ਕੌਰ ਇੱਕ ਪਾਸੇ ਕੁਰਸੀ ’ਤੇ ਬੈਠੀ ਸੀ। ਅਕਵੀਰ ਕਹਿੰਦੀ ਉਸ ਦੇ ਪਾਪਾ ਦਿੱਲੀ ਨੇ। ‘ਜਦੋਂ ਵੀਡੀਓ ਕਾਲ ਆਉਂਦੀ ਹੈ। ਇਹ ਸਕੂਲ ਹੁੰਦੀ ਹੈ। ਇਨ੍ਹੇ ਆਖ਼ਰੀ ਵਾਰ 23 ਜਨਵਰੀ ਨੂੰ ਉਨ੍ਹਾਂ ਨੂੰ ਦੇਖਿਆ ਸੀ ਜਦੋਂ ਉਹ ਦਿੱਲੀ ਨੂੰ ਤੁਰੇ ਸਨ।’ ਰਮਨ ਨੇ ਸਾਨੂੰ ਦੱਸਿਆ। ਪਰਿਵਾਰ ਖੇਤੀ ਕਰਦਾ ਹੈ ਅਤੇ ਦੁੱਧ ਵੇਚਦਾ ਹੈ। ਰਮਨ ਬੱਚੇ ਨੂੰ ਦੁੱਧ ਚੁੰਘਾਉਂਦੀ ਕਹਿਣ ਲੱਗੀ ਕਿ ਝੂਠੇ ਕੇਸਾਂ ਵਿਚ ਫਸਾ ਕੇ ਪੁਲਿਸ ਉਨ੍ਹਾਂ ਨੂੰ ਜ਼ਿਆਦਾ ਸਮਾਂ ਅੰਦਰ ਨਹੀਂ ਰੱਖ ਸਕਦੀ। ਉਸ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਹੁਰਾਂ ਨੇ ਉਨ੍ਹਾਂ ਦੀ ਕਾਨੂੰਨੀ ਪੈਰਵਾਈ ਕਰਵਾਈ ਹੈ। ਉਨ੍ਹਾਂ ਨੂੰ ਕੋਈ ਖਰਚਾ ਨਹੀਂ ਕਰਨਾ ਪਿਆ। ਅਸੀਂ ਪੁੱਛਿਆ ਕਿ ਹੋਰ ਕੌਣ–ਕੌਣ ਜੇਲ੍ਹ ਵਿਚ ਹੈ। ਜਗਦੀਸ਼ ਦੀ ਭਾਬੀ ਸੁਖਦੇਵ ਕੌਰ ਨੇ ਕਿਹਾ ਕਿ ਇੱਕ ਜਸਵੰਤ ਸਿੰਘ ਵੀ ਹੈ ਜਿਸ ਦਾ ਕੋਈ ਪਰਿਵਾਰ ਨਹੀਂ ਹੈ। ਉਸ ਦੇ ਮਾਂ–ਪਿਓ ਚਲਾਣਾ ਕਰ ਗਏ ਅਤੇ ਉਸ ਨੇ ਵਿਆਹ ਨਹੀਂ ਕਰਵਾਇਆ। ਉਸ ਦੇ ਕਾਨੂੰਨੀ ਪੈਰਵਾਈ ਦੀ ਖ਼ਬਰ ਪਿੰਡ ਦਾ ਸਰਪੰਚ ਰੱਖਦਾ ਹੈ।

ਗੁਰਜੀਤ ਕੌਰ ਗ੍ਰੈਜੂਏਟ ਮੁਟਿਆਰ ਹੈ ਅਤੇ ਆਈਲੈਟਸ ਕਰਕੇ ਕੇਨੈਡਾ ਜਾਣ ਦੀ ਤਿਆਰ ਕਰ ਰਹੀ ਹੈ। ਉਸ ਦਾ ਭਰਾ ਜਗਦੀਪ ਸਿੰਘ ਵੀ ਜੇਲ੍ਹ ਵਿੱਚ ਹੈ। ਉਸ ਨੇ ਸਾਨੂੰ ਪਾਣੀ ਪਿਲਾਇਆ। ਉਸ ਦੀ ਮਾਂ ਵੀਰਪਾਲ ਕੌਰ ਨੇ ਬੈਠਣ ਲਈ ਮੰਜੇ ਕੱਢੇ। ਉਸ ਦਾ ਸਹੁਰਾ 90 ਸਾਲਾ ਅਜੈਬ ਸਿੰਘ ਵੀ ਸਾਡੇ ਕੋਲ ਬੈਠ ਗਿਆ। ਉਹ ਭਾਰਤੀ ਫੌਜ ਵਿਚ ਸੀ ਅਤੇ ਜੰਮੂ, ਪਠਾਨਕੋਟ, ਡਲਹੌਜ਼ੀ, ਸ਼੍ਰੀਨਗਰ ਵਰਗੀਆਂ ਥਾਵਾਂ ’ਤੇ ਤਾਇਨਾਤ ਰਿਹਾ ਸੀ। ਉਸ ਨੂੰ ਫੌਜ ਦੀ ਨੌਕਰੀ ਛੱਡਣੀ ਪਈ ਕਿਉਂਕਿ ਉਸਦਾ ਛੋਟਾ ਭਰਾ ਜੋ ਉਸ ਵਾਂਗ ਫੌਜ ਵਿੱਚ ਹੀ ਸੀ, ਜਵਾਨ ਉਮਰੇ ਹੀ ਇਕ ਹਾਦਸੇ ਚ ਚੱਲ ਵਸਿਆ ਸੀ। ਜਗਦੀਪ ਦਾ ਪਿਓ ਘਰ ਨਹੀਂ ਸੀ ਕਿਉਂਕ ਉਹ ਨੇੜਲੇ ਧਰਨੇ ’ਤੇ ਗਿਆ ਹੋਇਆ ਸੀ। 

‘ਸਾਨੂੰ ਪ੍ਰੇਮ ਸਿੰਘ ਭੰਗੂ ਦਾ ਫੋਨ ਆਉਂਦਾ ਹੈ। ਉਹ ਸਾਨੂੰ ਜਾਣਕਾਰੀ ਦਿੰਦੇ ਹਨ। ਸੱਚੀ ਗੱਲ ਦੱਸੀਏ ਤਾਂ ਸਾਨੂੰ ਲਗਦਾ ਹੈ, ਕਾਨੂੰਨੀ ਕਾਰਵਾਈ ਠੀਕ–ਠਾਕ ਹੋ ਰਹੀ ਹੈ ਅਤੇ ਸਾਨੂੰ ਪਤਾ ਹੈ ਕਿ ਪਿੰਡ ਵਾਸੀਆਂ ਦੇ ਨਾਲ਼ ਵੀਰ ਜੀ ਵੀ ਛੇਤੀ ਬਾਹਰ ਆ ਜਾਣਗੇ।’ ਗੁਰਜੀਤ ਨੇ ਦੱਸਿਆ। ਉਨ੍ਹਾਂ ਦੇ ਵਿਹੜੇ ਵਿਚ ਅੰਦਰ ਵੜਦਿਆਂ ਹੀ ਛੋਟਾ ਜਿਹਾ ਸ਼ੈੱਡ ਹੈ। ਇੱਕ ਚਾਰਾ ਕੱਟਣ ਦੀ ਮਸ਼ੀਨ ਖੜ੍ਹੀ ਸੀ ਅਤੇ ਨੇੜੇ ਹੀ ਦੋ ਮੱਝਾਂ ਚਾਰਾ ਚਰ ਰਹੀਆਂ ਸੀ। ‘ਤੁਸੀਂ ਸਾਡੇ ਸਕਿਆਂ ਨਾਲ ਗੱਲ ਕੀਤੀ ਹੈ ਜਿਹੜੇ ਪਿੰਡ ਦੇ ਬਾਹਰਵਾਰ ਰਹਿੰਦੇ ਨੇ?’ ਵੀਰਪਾਲ ਨੇ ਗੁਰਪ੍ਰੀਤ ਸਿੰਘ ਬਾਰੇ ਪੁੱਛਿਆ ਜਿਹੜੇ ਸਵਰਗਵਾਸੀ ਫੌਜੀ ਦਾ ਪੋਤਾ ਹੈ। 

ਸੰਗੀਤ ਤੂਰ


ਲੋਹੇ ਦਾ ਗੇਟ ਖੜ੍ਹਕਾ ਕੇ ਜਦੋਂ ਅਸੀਂ ਅੰਦਰ ਵੜ੍ਹੇ ਤਾਂ ਕੁੱਤਾ ਭੌਂਕਣ ਲੱਗਿਆ। ਸ਼ੈੱਡ ਵਿਚ ਮੱਝਾਂ ਸਨ ਅਤੇ ਖੂੰਜੇ ਵਿੱਚ ਕੁੱਤਾ ਬੰਨ੍ਹਿਆ ਹੋਇਆ ਸੀ। ਦੂਜੇ ਪਾਸੇ, ਅਮਰੂਦ, ਕਿੰਨੂ ਅਤੇ ਚੀਕੂ ਦੇ ਬੂਟੇ ਸਨ ਜਿੰਨ੍ਹਾਂ ਦੀ ਛਾਂ, ਥੱਲੇ, ਲਸਣਾਂ ਦੀ ਕਿਆਰੀ ’ਤੇ ਪੈ ਰਹੀ ਸੀ। ਬੈਂਗਣੀ ਅਤੇ ਸਫ਼ੈਦ ਬੈਂਗਣ ਹਰੇ ਪੱਤਿਆਂ ਵਿਚ ਚਮਕ ਰਹੇ ਸਨ।  ਗੁਰਪ੍ਰੀਤ ਸਿੰਘ ਸਪੁੱਤਰ ਹਰਮੇਲ ਸਿੰਘ ਦੀ ਉਮਰ 24 ਸਾਲ ਹੈ। ਗੁਰਪ੍ਰੀਤ ਖੇਤੀ ਕਰਦਾ ਹੈ ਅਤੇ ਨਾਲ਼ ਮੋਟਰਾਂ ਬੰਨ੍ਹਣ ਦਾ ਕੰਮ ਵੀ ਕਰਦਾ ਹੈ। ਗੁਰਪ੍ਰੀਤ ਦਾ ਵੱਡਾ ਭਰਾ ਫ਼ੌਜ ਵਿੱਚ ਹੈ। 

ਹਰਜਿੰਦਰ ਸਿੰਘ ਸਪੁੱਤਰ ਸ. ਅਮਰਜੀਤ ਸਿੰਘ, ਉਮਰ 23 ਸਾਲ, ਦੀ ਮਾਤਾ ਸੁਖਜਿੰਦਰ ਕੌਰ ਦੱਸਦੀ ਹੈ ਕਿ 23 ਤਾਰੀਖ ਨੂੰ ਮੇਰਾ ਪੁੱਤ ਚਹੁੰ ਦਿਨਾਂ ਦੇ ਪੱਠੇ ਲਿਆ ਕੇ ਦੇ ਗਿਆ। ਮੈਂ ਕਿਹਾ, ਪੁੱਤ ਅਸੀਂ ਘਰੇ ਇਕੱਲੀਆਂ ਹਾਂ ਤਾਂ ਕਹਿੰਦਾ ਬੀਬੀ ਜਾਣਾ ਜ਼ਰੂਰੀ ਹੈ। ਸਾਂਝਾ ਕਿਸਾਨੀ ਘੋਲ ਹੈ, ਸਾਰਾ ਪਿੰਡ ਜਾ ਰਿਹਾ ਹੈ, ਆਪਾਂ ਵੀ ਕਿਸਾਨੀ ਵਾਲੇ ਹਾਂ, 28 ਤੱਕ ਆ ਜਾਵਾਂਗਾ। ਮੈਂ ਕਿਹਾ ਕਿ ਚੱਲ ਚੰਗਾ, ਜਾ ਆ। 26 ਨੂੰ ਸਾਡੇ ਪਿੰਡ ਦੇ ਸਾਰੇ ਮੁੰਡੇ ਇਕੱਠੇ ਹੀ ਸਨ। ਟ੍ਰੈਕਟਰ ਪਰੇਡ ਵਿੱਚ ਜਾ ਰਹੇ ਸਨ ਕਿ ਟਰੈਕਟਰ ਖ਼ਰਾਬ ਹੋ ਗਿਆ, ਠੀਕ ਕਰਨ ਤੱਕ ਸ਼ਾਮ ਦੇ ਸਾਢੇ ਚਾਰ ਵੱਜ ਚੁੱਕੇ ਸਨ। ਪਤਾ ਨਾ ਲੱਗੇ ਕਿ ਸਰਕਾਰ ਨੇ ਸਾਨੂੰ ਕਿਹੜਾ ਰੋਡਮੈਪ ਦਿੱਤਾ ਹੈ, ਸ਼ਾਂਤਮਈ ਪਰੇਡ ਕਰਨ ਲਈ ਨੇੜੇ ਖੜ੍ਹੇ ਪੁਲੀਸ ਵਾਲਿਆਂ ਤੋਂ ਰਾਹ ਪੁੱਛ ਲਿਆ। ਉਹ ਨਾਲ਼ ਬੈਠ ਗਏ ਤੇ ਕਹਿੰਦੇ, ਚਲੋ ਤੁਹਾਨੂੰ ਅਸੀਂ ਲੈ ਚਲਦੇ ਹਾਂ ਅਤੇ ਉਹ ਨਾਂਗਲੋਈ ਥਾਣੇ ਲੈ ਗਏ। ਪਹਿਲਾਂ ਤਾਂ ਮੈਨੂੰ ਕਿਸੇ ਨੇ ਨਹੀਂ ਦੱਸਿਆ ਕਿ ਮਾਂ ਫ਼ਿਕਰ ਕਰੇਗੀ ਅੱਜ-ਭਲਕ ਛੁੱਟ ਕੇ ਆ ਜਾਣਗੇ ਪਰ ਜਦੋਂ ਉੱਥੇ ਕਾਗਜ਼ ਪੱਤਰਾਂ ਦੀ ਲੋੜ ਪਈ ਤਾਂ ਮੁੰਡਿਆਂ ਨੇ ਮੈਨੂੰ ਸਾਰੀ ਗੱਲ ਦੱਸੀ । ਮੈਂ ਆਪ ਚੰਡੀਗੜ੍ਹ ਤੋਂ ਪੜ੍ਹੀ ਹਾਂ, ਸੀਟੀਆਈ(ਸੈਂਟਰਲ ਟਰੇਨਿੰਗ ਇੰਸਟੀਟਿਊਟ) ਦਾ ਕੋਰਸ ਕੀਤਾ ਹੋਇਆ ਹੈ। ਖੇਤੀ ਵਾਲੇ ਘਰ ਵਿਆਹ ਹੋ ਗਿਆ, ਬੱਚੇ ਅਤੇ ਸੱਸ-ਸਹੁਰੇ ਦੀ ਸਾਂਭ ਸੰਭਾਲ, ਪਸ਼ੂ-ਡੰਗਰਾਂ ਦੇ ਹੁੰਦਿਆਂ ਨੌਕਰੀ ਬਾਰੇ ਸੋਚਿਆ ਹੀ ਨਹੀਂ, ਪਰ ਮੈਂ ਆਪਣੇ ਪੁੱਤਾਂ ਨੂੰ ਪੜ੍ਹਨ ਲਾਇਆ। ਵੱਡਾ ਮੁੰਡਾ ਪੜ੍ਹ ਲਿਖ ਕੇ ਫ਼ੌਜ ‘ਚ ਭਰਤੀ ਹੋ ਗਿਆ, ਹੁਣ ਸ੍ਰੀਨਗਰ ਡਿਊਟੀ ਤੇ ਹੈ, ਆ ਨਹੀਂ ਸਕਦਾ, ਉੱਥੋਂ ਫੋਨ ਕਰਕੇ ਖ਼ਬਰਸਾਰ ਲੈ ਰੱਖਦਾ। ਛੋਟਾ ਅਜੇ ਨੌਵੀਂ ‘ਚ ਪੜ੍ਹਦਾ ਸੀ, ਜਦੋਂ ਇਨ੍ਹਾਂ ਦਾ ਪਿਉ ਗੁਜ਼ਰ ਗਿਆ। ਉਹ ਪੜ੍ਹਾਈ ਛੱਡ ਕੇ ਖੇਤੀ ‘ਚ ਲੱਗ ਗਿਆ,  ਕਿਉਂਕਿ ਘਰ ਦਾ ਗੁਜ਼ਾਰਾ ਖੇਤੀ ਆਸਰੇ ਸੀ, ਛੱਡਿਆਂ ਨਹੀਂ ਸੀ ਸਰਦਾ। ਹੁਣ ਸਰਕਾਰ ਨੇ ਆਹ ਕਾਨੂੰਨ ਕੱਢ ਮਾਰੇ। ਮੇਰੇ ਪੁੱਤ ਬਿਨਾਂ ਘਰੇ ਬਿੰਦ ਨ੍ਹੀਂ ਸਰਦਾ। ਇੱਕ ਵਾਰ ਤਾਂ ਸੁਣ ਕੇ ਪਤਾ ਨਾ ਲੱਗੇ ਕਿ ਹੋ ਕੀ ਗਿਆ? ਕੀ ਕਰਾਂਗੇ? ਉਸ ਨੂੰ ਕੌਣ ਛੁਡਾ ਕੇ ਲਿਆਊ ਜਾਂ ਕਿਹੜੀ ਗੱਲੋਂ ਫੜ੍ਹੇ ਗਏ? ਕੱਲ੍ਹ ਮੈਂ ਬਿਮਾਰ ਹੋ ਗਈ ਤਾਂ ਸਮਝ ਨਾ ਆਵੇ ਬਈ ਪਸ਼ੂਆਂ ਨੂੰ ਕੌਣ ਸੰਭਾਲੂ ਤੇ ਮੈਨੂੰ ਕੌਣ ਦਵਾਈ ਦਵਾਊ? ਪੋਤਾ ਵੀ ਅੱਠ ਮਹੀਨੇ ਦਾ ਹੀ ਹੈ। ਜਦੋਂ ਉਸ ਨੇ ਫੋਨ ਤੇ ਗੱਲ ਕੀਤੀ ਤਾਂ ਥੋੜ੍ਹਾ ਧਰਵਾਸ ਆਇਆ, ਨਹੀਂ ਤਾਂ ਦਸ ਦਿਨ ਨਾ ਪੱਕੀਆਂ ਨਾ ਖਾਧੀਆਂ, ਨਾ ਦਿਨੇ ਟਿਕਾਅ ਆਵੇ ਨਾ ਰਾਤ ਨੂੰ, ਕੀ ਕਰੀਏ! ਕਿੱਧਰ ਨੂੰ ਜਾਈਏ! ਫੇਰ ਘਰ ਦਾ ਕੰਮ ਸਾਂਭਣ ਲਈ ਮੇਰੀ ਨਨਾਣ ਅਤੇ ਉਹਦਾ ਮੁੰਡਾ ਆਏ, ਪਿੰਡ ਨੇੜੇ ਹੈ। ਸਾਡਾ ਕੰਮ ਵੀ ਸੰਭਾਲਦਾ ਹੈ ਅਤੇ ਆਪਦੇ ਘਰ ਦਾ ਕੰਮ ਵੀ ਕਰ ਆਉਂਦਾ ਹੈ। ਪਿੰਡ ਦੇ ਮੋਹਤਬਰ ਅਤੇ ਮੇਰਾ ਫ਼ੌਜ ‘ਚ ਬੈਠਾ ਮੁੰਡਾ ਅਤੇ ਕਿਸਾਨ ਜਥੇਬੰਦੀਆਂ ਨੇ ਆਪ ਹੀ ਕੇਸ ਦੀ ਪੈਰਵਾਈ ਕੀਤੀ ਹੈ। ਸਾਡੇ ਤਾਂ ਕੋਈ ਮਗਰ ਜਾਣ ਵਾਲਾ ਵੀ ਨਹੀਂ। ਮਨਜਿੰਦਰ ਸਿੰਘ ਸਿਰਸਾ ਸਾਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੰਦੇ ਹਨ।


ਦਲਜਿੰਦਰ ਸਿੰਘ ਉਮਰ 19 ਸਾਲ, ਕਿੱਤਾ ਖੇਤੀ। ਦਲਜਿੰਦਰ ਦੀ ਮਾਂ ਬਿਮਾਰ ਰਹਿੰਦੀ ਹੈ ਅਤੇ ਉਹ ਵੀ ਥੋੜ੍ਹਾ ਬਿਮਾਰ ਹੀ ਚੱਲ ਰਿਹਾ ਸੀ ਪਰ 23 ਨੂੰ ਸਾਰੇ ਪਿੰਡ ਵਾਲੇ ਟਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਉਸ ਨੂੰ ਵੀ ਲੱਗਿਆ ਕਿ ਜਾਣਾ ਜ਼ਰੂਰੀ ਹੈ। ਇਹ ਸੋਚ ਕੇ ਗਿਆ ਸੀ ਕਿ 28 ਤੋਂ ਬਾਅਦ ਵਾਪਸ ਆ ਜਾਵਾਂਗਾ, ਪਰ ਉੱਥੇ ਫੜ੍ਹੇ ਜਾਣ ਕਰਕੇ ਅੱਜ ਤਕ ਨਹੀਂ ਆਇਆ। ਉਸ ਦੀ ਬਿਮਾਰ ਮਾਂ ਨੂੰ ਉਸ ਬਾਰੇ ਕੁਝ ਨਹੀਂ ਦੱਸਿਆ, ਇਹੀ ਦੱਸਿਆ ਕਿ ਦਿੱਲੀ ਧਰਨੇ ‘ਤੇ ਗਿਆ ਹੈ, ਆ ਜਾਵੇਗਾ। ਤਿਹਾੜ ਜੇਲ੍ਹ ਵਿੱਚ ਉਸ ਨਾਲ਼ ਕੋਈ ਵੀ ਪਿੰਡ ਦਾ ਮੁੰਡਾ ਨਹੀਂ ਸੀ, ਇਸ ਲਈ ਉਹ ਜ਼ਿਆਦਾ ਬਿਮਾਰ ਹੋ ਗਿਆ। ਫਿਰ ਜਦੋਂ ਮਨਜਿੰਦਰ ਸਿੰਘ ਸਿਰਸਾ ਉਨ੍ਹਾਂ ਨੂੰ ਮਿਲੇ ਤਾਂ ਉਹਨਾਂ ਨੇ ਹਸਪਤਾਲ ਦਾਖ਼ਲ ਕਰਵਾਇਆ। ਹੁਣ ਉਸ ਦੀ ਜ਼ਮਾਨਤ ਹੋ ਚੁੱਕੀ ਹੈ ਉਸ ਨੂੰ ਪਿੰਡ ਵਾਲੇ ਅਤੇ ਉਸ ਦੇ ਪਿਤਾ ਜੀ ਲੈਣ ਗਏ ਹੋਏ ਹਨ। ਉਸ ਦੀ ਖ਼ਬਰ ਸਾਨੂੰ ਆਂਢ ਗੁਆਂਢ ਤੋਂ ਹੀ ਲੈਣੀ ਪਈ ਤਾਂਕਿ ਉਸ ਦੀ ਮਾਂ ਨੂੰ ਕੋਈ ਖ਼ਬਰ ਨਾ ਲੱਗੇ।


ਰਮਨਦੀਪ ਸਿੰਘ ਉਮਰ 29 ਸਾਲ, ਕਿੱਤਾ ਖੇਤੀ। ਘਰਵਾਲੀ ਸਰਬਜੀਤ ਕੌਰ, ਮਾਤਾ ਸੁਖਜਿੰਦਰ ਕੌਰ, ਦੋ ਜੌੜੀਆਂ ਧੀਆਂ - ਨਵਰੀਨ ਅਤੇ ਸਵਰੀਨ। ਪਿਤਾ ਕਹਿੰਦਾ ਹੈ ਕਿ ਮੇਰਾ ਪੁੱਤ ਪਸ਼ੂਆਂ ਦੀਆਂ ਬਿਮਾਰੀਆਂ ਦੇ ਇਲਾਜ ਜਾਣਦਾ ਹੈ। ਪਹਿਲਾਂ ਮੈਂ ਲੋਕਾਂ ਦੇ ਪਸ਼ੂਆਂ ਦਾ ਮੁਫ਼ਤ ਇਲਾਜ ਕਰਦਾ ਸੀ, ਹੁਣ ਮੇਰਾ ਪੁੱਤ ਕਰਦਾ ਹੈ। ਉਹ ਸਤਾਰਾਂ ਜਨਵਰੀ ਨੂੰ ਕਿਸਾਨ ਧਰਨੇ ‘ਚ ਦਿੱਲੀ ਗਿਆ ਸੀ, ਛੱਬੀ ਦੀ ਟਰੈਕਟਰ ਪਰੇਡ ‘ਚ ਹਿੱਸਾ ਲੈਂਦਾ ਪਿੰਡ ਵਾਸੀਆਂ ਨਾਲ ਹੀ ਫੜ੍ਹਿਆ ਗਿਆ। ਇਸ ਗੱਲ ਦਾ ਪਤਾ ਸਾਨੂੰ 27 ਤਰੀਕ ਨੂੰ ਲੱਗਿਆ ਪਰ ਇਹ ਨਹੀਂ ਸੀ ਪਤਾ ਕਿ ਕਿੱਥੇ ਹੈ? 29 ਤਰੀਕ ਨੂੰ ਪਿੰਡ ਵਾਲਿਆਂ ਦਾ ਦਿੱਲੀਓਂ ਫੋਨ ਆਇਆ ਕਿ ਰਮਨਦੀਪ ਤਿਹਾੜ ਜੇਲ੍ਹ ‘ਚ ਹੈ। ਇਕ ਵਾਰ ਤਾਂ ਕੋਈ ਰਾਹ ਨਹੀਂ ਸੀ ਥਿਆਉਂਦਾ ਕਿ ਕੀ ਕਰੀਏ? ਪਰ ਹੌਲੀ-ਹੌਲੀ ਸੋਚਿਆ ਕਿ ਚਲੋ ਲੋਕਾਂ ਦੇ ਨਾਲ ਹੀ ਹਾਂ, ਖੇਤਾਂ ਬਿਨਾਂ ਵੀ ਅਸੀਂ ਕਿਸੇ ਕੰਮ ਦੇ ਨਹੀਂ। ਜੋ ਹੋਊ ਵੇਖੀ ਜਾਊ, ਜ਼ਮੀਨਾਂ ਤਾਂ ਅਸੀਂ ਕਿਸੇ ਕੀਮਤ ‘ਤੇ ਵੀ ਮੋਦੀ ਨੂੰ ਨਹੀਂ ਦੇਣੀਆਂ। ਪਰ ਢਾਈ ਸਾਲਾਂ ਦੀਆਂ ਬੱਚੀਆਂ ਵੀਡੀਓ ਕਾਲ ‘ਤੇ ਗੱਲ ਕਰਨ ਵੇਲੇ ਵੇਖ ਕੇ ਰੋਣ ਲੱਗ ਜਾਂਦੀਆਂ ਹਨ, ਕਿ ਪਾਪਾ ਕਦੋਂ ਆਉਣਗੇ?


ਅੰਮ੍ਰਿਤਪਾਲ ਸਿੰਘ ਉਮਰ 48 ਸਾਲ, ਘਰਵਾਲੀ ਪਰਮਜੀਤ ਕੌਰ, ਦੋ ਬੱਚੇ ਕੈਨੇਡਾ ਰਹਿੰਦੇ ਹਨ। ਛੋਟੇ ਭਰਾ ਨਾਲ਼ ਮਿਲ ਕੇ ਖੇਤੀ ਕਰਦਾ ਹੈ। ਸਤਾਰਾਂ ਜਨਵਰੀ ਨੂੰ ਘਰੋਂ ਕਿਸਾਨ ਧਰਨੇ ‘ਚ ਸ਼ਾਮਲ ਹੋਣ ਲਈ ਗਿਆ ਤੇ ਛੱਬੀ ਨੂੰ ਟਰੈਕਟਰ ਪਰੇਡ ‘ਚ ਹਿੱਸਾ ਲੈਣ ਵੇਲੇ ਪਿੰਡ ਵਾਲਿਆਂ ਦੇ ਨਾਲ਼ ਹੀ ਦਿੱਲੀ ਪੁਲੀਸ ਨੇ ਰਾਹ ਪੁੱਛਣ ਦੀ ਸਜ਼ਾ ਤਿਹਾੜ ਜੇਲ੍ਹ ਪਹੁੰਚਾ ਕੇ ਦਿੱਤੀ। ਛੋਟੀ ਭਰਜਾਈ ਸਰਬਜੀਤ ਕੌਰ ਦੱਸਦੀ ਹੈ ਕਿ ਸਤਾਈ ਤਰੀਕ ਅਸੀਂ ਗੁਰਦੁਆਰੇ ਗਏ ਤਾਂ ਪਤਾ ਲੱਗਿਆ ਕਿ ਪਿੰਡ ਵਾਲਿਆਂ ਨਾਲ਼ ਵੀਰ ਜੀ ਵੀ ਫੜ੍ਹੇ ਗਏ ਹਨ। ਛੋਟੇ ਭਰਾ ਨੇ ਜਾ ਕੇ ਅਤਾ-ਪਤਾ ਲਿਆ, ਦਿੱਲੀ ਦੇ ਸਭ ਰਾਹ ਛਾਣ ਮਾਰੇ। ਸਾਡੇ ਕੋਲ ਭੈਣ ਜੀ, ਜੋ ਲਾਗੇ ਪਿੰਡ ਵਿਆਹੇ ਹੋਏ ਹਨ ਤੇ ਉਨ੍ਹਾਂ ਦੀਆਂ ਧੀ ਆਈਆਂ ਹੋਈਆਂ ਹਨ। ਦਸ ਦਿਨ ਬਾਅਦ ਵੀਡੀਓ ਕਾਲ ‘ਤੇ ਵੀਰ ਜੀ ਦੀ ਦੋ ਮਿੰਟ ਗੱਲ ਹੋਈ। ਛੋਟੇ ਭਰਾ ਨੂੰ ਕਹਿੰਦੇ ਹਨ ਕਿ ਮੇਰੀ ਇਕੱਲੇ ਦੀ ਪੈਰਵਾਈ ਨਾ ਕਰੀਂ, ਸਾਰੇ ਪਿੰਡ ਦੇ ਮੁੰਡਿਆਂ ਦੀ ਕਰੀਂ, ਕਿਉਂਕਿ ਸਾਰਿਆਂ ਦਾ ਗੁਨਾਹ ਤਾਂ ਇੱਕੋ ਹੈ, ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਹੱਕ ਦੀ ਲੜਾਈ ਲੜਨਾ। ਭਾਵੇਂ ਕੇਸ ਫ੍ਰੀ ਲੜੇ ਜਾ ਰਹੇ ਹਨ, ਫਿਰ ਵੀ ਪੰਜਾਹ ਹਜ਼ਾਰ ਰੁਪਇਆ ਲੱਗ ਚੁੱਕਿਆ ਹੈ, ਕਿਉਂਕਿ ਸਾਰਿਆਂ ਦੀ ਹੀ ਪੈਰਵਾਈ ਕਰਨੀ ਹੈ। ਜਥੇਬੰਦੀਆਂ ‘ਤੇ ਪੂਰਾ ਭਰੋਸਾ ਹੈ ਪਰ ਜਿੰਨਾ ਚਿਰ ਘਰ ਨਹੀਂ ਆਉਂਦਾ ਤਾਂ ਉਨ੍ਹਾਂ ਚਿਰ ਦਿਲ ਨੀ ਖੜ੍ਹਦਾ।


ਨਵਦੀਪ ਸਿੰਘ ਪੁੱਤਰ ਜਸਵੰਤ ਸਿੰਘ ਮਨਜੀਤ ਕੌਰ, ਉਮਰ - ਸਤਾਰਾਂ ਸਾਲ, ਮੋਗੇ ਸਕੂਲ ਵਿਚ ਪੜ੍ਹਦਾ ਹੈ, ਘਰ ਦਾ ਕੰਮ ਨਾਲ ਕਰਵਾਉਂਦਾ ਹੈ। ਦਾਦੀ ਹਰਬੰਸ ਕੌਰ, ਤਾਈ ਜਸਵੀਰ ਕੌਰ। 23 ਜਨਵਰੀ ਨੂੰ ਟਰੈਕਟਰ ਪਰੇਡ ‘ਚ ਸ਼ਾਮਲ ਹੋਣ ਲਈ ਗਏ ਸੀ, ਟਰੈਕਟਰ ਖ਼ਰਾਬ ਹੋ ਗਿਆ। ਅਸੀਂ ਸਤਾਈ ਤਰੀਕ ਨੂੰ ਸਵੇਰੇ ਗੁਰਦੁਆਰੇ ਗਏ ਤਾਂ ਉੱਥੇ ਸਾਨੂੰ ਲੋਕਾਂ ਨੇ ਦੱਸਿਆ ਕਿ ਆਪਣੇ ਮੁੰਡੇ ਫੜ੍ਹੇ ਗਏ। ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਕਿ ਸਰਕਾਰ ਕਾਲੇ ਕਾਨੂੰਨ ਰੱਦ ਕਰ ਦੇਵੇ ਤਾਂ ਅਸੀਂ ਦਿੱਲੀ ਤੋਂ ਕੀ ਲੈਣਾ ਹੈ? ਅਸੀਂ ਤਾਂ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਧਰਨੇ ‘ਤੇ ਬੈਠੇ ਹਾਂ। ਇੱਥੇ ਸਰਕਾਰ ਨੇ ਸਾਡੀ ਨਹੀਂ ਸੁਣੀ ਤਾਂ ਅਸੀਂ ਦਿੱਲੀ ਦੀਆਂ ਬਰੂਹਾਂ ‘ਤੇ ਜਾ ਬੈਠੇ ਕਿ ਸ਼ਾਇਦ ਸਰਕਾਰ ਸਾਡੀ ਗੱਲ ਸੁਣੇ। ਪਿਓ ਜਸਵੰਤ ਸਿੰਘ ਪਰੇਡ ‘ਤੇ ਜਾਣ ਲਈ ਤਿਆਰ ਹੋਇਆ ਸੀ। ਨਵਦੀਪ ਕਹਿੰਦਾ ਨਹੀਂ ਡੈਡੀ ਮੈਂ ਜਾਣਾ ਹੈ। ਨਬਾਲਗ ਹੋਣ ਕਰਕੇ ਤਿਹਾੜ ਜੇਲ੍ਹ ਨਹੀਂ ਭੇਜਿਆ, ਚਾਰ ਦਿਨਾਂ ਬਾਅਦ ਰਿਹਾਅ ਕਰ ਦਿੱਤਾ।


ਪਿੰਡ ਤਤਾਰੀਏ ਵਾਲਾ ਮੋਗਾ ਜ਼ਿਲ੍ਹੇ ਤੋਂ ਪੰਦਰਾਂ-ਵੀਹ ਮਿੰਟ ਦਾ ਰਸਤਾ ਹੈ। ਛੇ ਸੌ ਕੁ ਵੋਟ ਦਾ ਪਿੰਡ ਖੇਤੀ ਕਿਰਤ ਅਤੇ ਛੋਟੀਆਂ-ਮੋਟੀਆਂ ਨੌਕਰੀਆਂ ਜਾਂ ਪਸ਼ੂ ਪਾਲਣ ਦੇ ਸਹਾਇਕ ਧੰਦੇ ਕਰਕੇ ਬਾਬੇ ਨਾਨਕ ਦੇ ਦਿੱਤੇ ਸਬਰ ਸ਼ੁਕਰ ਨਾਲ ਪੂਰਾ ਖੁਸ਼ਹਾਲ ਹੈ। ਕਿਸੇ ਪਾਰਟੀ ਜਾਂ ਜਥੇਬੰਦੀਆਂ ਨਾਲ਼ ਬਹੁਤਾ ਕੋਈ ਲੈਣਾ ਦੇਣਾ ਨਹੀਂ। ਕਾਲੇ ਕਾਨੂੰਨਾਂ ਦਾ ਹੋ - ਹੱਲਾ ਮੱਚਿਆ ਤਾਂ ਕਿਸਾਨ ਜਥੇਬੰਦੀਆਂ ਦੀ ਸ਼ਰਨ ‘ਚ ਧਰਨਿਆਂ ਨਾਲ  ਕਿਸਾਨੀ ਘੋਲ ‘ਚ ਸ਼ਾਮਲ ਹੋ ਗਏ। ਪਿੰਡ ਛੋਟਾ ਹੋਣ ਕਾਰਨ ਇੱਕ ਦੂਜੇ ਨਾਲ ਦੁੱਖਾਂ-ਸੁੱਖਾਂ ਦੀ ਗੂੜ੍ਹੀ ਸਾਂਝ ਹੈ। ਛੋਟੇ-ਮੋਟੇ ਝਗੜੇ ਪੰਚਾਇਤੀ ਤੌਰ ‘ਤੇ ਹੀ ਨਿਬੇੜ ਲੈਂਦੇ ਹਨ। ਠਾਣੇ-ਕਚਹਿਰੀਆਂ ਤੋਂ ਦੂਰ ਹੀ ਰਹਿਣਾ ਪਸੰਦ ਕਰਦੇ ਹਨ। ਪਰ ਹੁਣ ਕਿਸਾਨੀ ਘੋਲ਼ ਵਿੱਚ ਉਨ੍ਹਾਂ ਦੇ ਪੁੱਤਾਂ ਨੂੰ ਜੇਲ੍ਹ ਹੋਈ ਹੈ ਤਾਂ ਸਿੱਧਾ ਦਿੱਲੀ ਦੀ ਤਿਹਾੜ ਜੇਲ੍ਹ ਨਾਲ ਵਾਹ ਪਿਆ ਹੈ। ਘਰ ਤੋਂ ਖੇਤ ਤੇ ਖੇਤੋਂ ਘਰ ਤੱਕ ਰਹਿਣ ਵਾਲੇ ਭਲੇ ਕਿਸਾਨ ਜੋ ਕਿਸੇ ਦੇ ਰਾਹ ਪੁੱਛਣ ਤੇ ਆਪਣੇ ਘਰੋਂ ਚਾਹ ਪਾਣੀ ਪਿਆ ਕੇ ਦੂਜੇ ਦੇ ਘਰ ਛੱਡਣ ਜਾਂਦੇ ਹਨ, ਦਿੱਲੀ ਸਰਕਾਰ ਦੀਆਂ ਸਾਜ਼ਸ਼ੀ ਚਾਲਾਂ ਨੂੰ ਕੀ ਜਾਣਨ, ਜਿਹੜੀ ਕਿਸਾਨਾਂ ਦੀ ਕਿਰਤ ਦਾ ਮੁੱਲ ਪਾਉਣ ਦੀ ਥਾਂ ‘ਤੇ ਕਿਸਾਨ ਸਮੱਸਿਆਵਾਂ ਦਾ ਹੱਲ ਕੱਢਣ ਦੀ ਥਾਂ ‘ਤੇ ਜ਼ਮੀਨਾਂ ਹੀ ਖੋਹਣ ਨੂੰ ਤਿਆਰ ਹੈ,  ਕਿ ਨਾ ਰਹੇ ਬਾਂਸ ਤੇ ਨਾ ਵੱਜੇਗੀ ਬੰਸਰੀ। ਪਰ ਇਸ ਸਾਂਝੀ ਮੁਸੀਬਤ ਵੇਲੇ ਸਾਰਾ ਪਿੰਡ ਇਕਮੁੱਠ ਹੈ। ਹੁਣ ਤਾਂ ਉਨ੍ਹਾਂ ਨੇ ਸਰਕਾਰ ਨਾਲ ਲੜਨਾ ਅਤੇ ਦਿੱਲੀ ਜਾਣਾ ਸਿੱਖ ਲਿਆ ਹੈ। ਉਹ ਜਿਉਂਦੇ-ਜੀਅ ਆਪਣੀਆਂ ਜ਼ਮੀਨਾਂ ਕਿਸੇ ਕੀਮਤ ‘ਤੇ ਸਰਕਾਰ ਨੂੰ ਨਹੀਂ ਦੇਣਗੇ। ਮੋਹਤਬਰ ਬੰਦੇ ਕਹਿੰਦੇ ਹਨ ਕਿ ਸਾਡੇ ਮੁੰਡੇ ਤਾਂ ਲਾਲ ਕਿਲੇ ਗਏ ਹੀ ਨਹੀਂ, ਚਾਲੀ ਕਿਲੋਮੀਟਰ ਪਿੱਛੇ ਹੀ ਸਨ। ਫੇਰ ਉਨ੍ਹਾਂ ਨੂੰ ਸਰਕਾਰ ਕਿਸ ਗੁਨਾਹ ‘ਚ ਫੜ੍ਹਦੀ ਹੈ? ਸਾਨੂੰ ਚੰਗੇ-ਭਲੇ ਵਸਦਿਆਂ ਨੂੰ ਕਾਲੇ ਕਾਨੂੰਨ ਬਣਾ ਕੇ ਵਖ਼ਤ ਖੜ੍ਹਾ ਕਰ ਦਿੱਤਾ। ਹੁਣ ਅਸੀਂ ਜ਼ਮੀਨਾਂ ਉਨ੍ਹਾਂ ਨੂੰ ਕਿਵੇਂ ਦੇ ਦੇਈਏ, ਹੁਣ ਤਾਂ ਅਸੀਂ ਸ਼ਾਂਤਮਈ ਧਰਨਿਆਂ ‘ਚ ਵੱਧ ਤੋਂ ਵੱਧ ਸ਼ਾਮਲ ਹੋਵਾਂਗੇ।


ਸ਼ਰਨਜੀਤ ਕੌਰ