ਇੱਕ ਗੱਲ ਹੋਰ

ਟੀਮ ਕਰਤੀ ਧਰਤੀ
    

ਬੰਨ ਕੇ ਮੌਤ ਮੋਢਿਆਂ ਉੱਤੇ ਜੋ ਸਪਰੇਹਾਂ ਕਰਦਾ ਏ 

ਟੀਸੀ ਉੱਤੇ ਰੋਟੀ ਜਿਸਦੀ ਪਲ ਪਲ ਸੂਲੀ ਚੜ੍ਹਦਾ ਏ

ਪਰ ਭੁੱਖਾਂ ਤੇ ਦੁੱਖਾਂ ਵਿਚ ਮਸ਼ਹੂਰ ਆਖਿਆ ਜਾਂਦਾ ਏ

ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏ


ਮਾਲਕ ਮੱਖਣ ਮਲਾਈਆਂ ਦਾ ਤੇ ਸੁੱਕੀ ਰੋਟੀ ਛਕਦਾ ਏ

ਤੂੜੀ ਵਿਚੋਂ ਦਾਣੇ ਕੱਢ ਕੇ ਆਪ ਗਰਦ ਨੂੰ ਫਕਦਾ ਏ

ਕਾਣੀ ਵੰਡ ਨੂੰ ਏਥੋਂ ਦਾ ਦਸਤੂਰ ਆਖਿਆ ਜਾਂਦਾ ਏ

ਨਾਨਕ ਦੇ ਇਸ ਲਾਲੋ ਨੂੰ ਮਜ਼ਦੂਰ ਆਖਿਆ ਜਾਂਦਾ ਏ


ਕਵੀਸ਼ਰੀ ਜੱਥਾ ਰਸੂਲਪੁਰ ਦੀ ਇਸ ਕਵਿਤਾ ਨਾਲ਼ ਰੈਲ਼ੀ ਦਾ ਮੁੱਢ ਬੱਝਿਆ। 10 ਵਜੇ ਦੇ ਕਰੀਬ ਬਰਨਾਲਾ ਦਾਣਾ ਮੰਡੀ ਵਿੱਚ ਵਲੰਟੀਅਰਾਂ ਲਈ ਸਪੀਕਰ ਤੇ ਅਨਾਊਂਸਮੈਂਟਾਂ ਚੱਲ ਰਹੀਆਂ ਸਨ। ਇੱਕ ਪਾਸੇ ਉਨ੍ਹਾਂ ਦੇ ਚਾਹ ਪਾਣੀ ਦਾ ਪ੍ਰਬੰਧ ਸੀ, ਦੂਜੇ ਪਾਸੇ ਲੋਕੀਂ ਲਗਾਤਾਰ ਲਾਈਨ-ਵਾਰ ਟਰਾਲੀਆਂ ਜੀਪਾਂ ਤੇ ਚੜ੍ਹ ਆਪੋ-ਆਪਣੀਆਂ ਥਾਵਾਂ ਮੱਲ ਰਹੇ ਸਨ। ਪੁਲਿਸ ਵਾਲਿਆਂ ਦੇ ਝੁੰਡ ਬਰੋਟਿਆਂ ਹੇਠਾਂ ਖੜ੍ਹੇ, ਧੁੱਪ ਦਾ ਬੱਦਲਾਂ ਵਿੱਚੋਂ ਆਉਣ ਜਾਣ ਦੇਖਦੇ ਰਹੇ।  


ਝੰਡਾ ਸਿੰਘ ਜੇਠੂਕੇ ਤੇ ਹਰਿੰਦਰ ਬਿੰਦੂ ਸਵੇਰ ਤੋਂ ਹੀ ਸਟੇਜ ਦਾ ਪ੍ਰਬੰਧ ਦੇਖ ਰਹੇ ਸਨ। ਵਲੰਟੀਅਰਾਂ ਵੱਲੋਂ ਪੰਡਾਲ ਦੇ ਹਰ ਕੋਨੇ ਵਿਚ ਸਾਊਂਡ ਟੈਸਟ ਕੀਤੀ ਗਈ ਅਤੇ ਆਵਾਜ਼ ਖਿੱਲਰਨ ਦੀ ਸ਼ਿਕਾਇਤ ਸਟੇਜ ਤੱਕ ਪਹੁੰਚਾਈ ਗਈ। ਝੰਡਾ ਸਿੰਘ ਜੀ ਸਟੇਜ ਤੋਂ ਬੋਲਣ ਲੱਗੇ। ਪੰਡਾਲ ਵਿੱਚ ਸਿਰਫ ਪੁਲੀਸ ਵਾਲੇ ਹੀ ਸਨ। ਸਾਊਂਡ ਦੁਬਾਰਾ ਟੈਸਟ ਕਰਨ ਲਈ ਉਸੇ ਹੀ ਜੋਸ਼ ਨਾਲ ਬੋਲਣਾ ਜ਼ਰੂਰੀ ਸੀ ਜਿਸ ਤਰ੍ਹਾਂ ਦਿਨ ਵਿਚ ਬੁਲਾਰਿਆਂ ਨੇ ਬੋਲਣਾ ਸੀ। ''ਅਨਾਜ ਨੇ ਸੋਨੇ ਦੇ ਭਾਅ ਵਿਕਣਾ ਭਰਾਵੋ! ਤੇ ਸਰਕਾਰ ਕੂੜ ਪ੍ਰਚਾਰ 'ਚ ਹੋਈ ਲੱਗੀ ਆ। ਮਜ਼ਦੂਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਜ਼ਮੀਨ ਖੋਹ ਕੇ ਤੁਹਾਨੂੰ ਦੇਣੀ ਹੈ।” ਉਨ੍ਹਾਂ ਸਾਊਂਡ ਵਾਲਿਆਂ ਨੂੰ ਅਪੀਲ ਕੀਤੀ ਕਿ ਦਾਣਾ ਮੰਡੀ ਦੇ ਕਿਸੇ ਵੀ ਕੋਨੇ ਵਿੱਚ ਆਵਾਜ਼ ਖ਼ਰਾਬ ਨ੍ਹੀਂ ਜਾਣੀ ਚਾਹੀਦੀ। ਝੰਡਾ ਸਿੰਘ ਇਹੋ ਤਕਰੀਰ ਫਿਰ ਤੋਂ ਕਰਨਗੇ - ਠੀਕ ਚਾਰ ਘੰਟਿਆਂ ਬਾਅਦ ਜਦੋਂ ਟਰਾਲੀਆਂ, ਬੱਸਾਂ, ਟਰੱਕਾਂ 'ਚ ਚੜ੍ਹ ਕੇ ਲੋਕ ਲਾਲ, ਪੀਲੇ, ਹਰੇ ਝੰਡੇ ਚੁੱਕੀ ਆਪਣੀ ਆਵਾਜ਼, ਕਿਸਾਨਾਂ ਦੀ ਆਵਾਜ਼, ਮਜ਼ਦੂਰਾਂ ਦੀ ਆਵਾਜ਼, ਅਵਾਮ ਦੀ ਆਵਾਜ਼ ਆਪਣੇ ਨੁਮਾਇੰਦਿਆਂ ਰਾਹੀਂ ਦੁਨੀਆਂ ਦੇ ਕੋਨੇ-ਕੋਨੇ ਪਹੁੰਚਾਉਣ ਲਈ ਜੁੜ ਬੈਠੇ। ਇੱਕ ਲੱਖ ਤੋਂ ਜਿਆਦਾ ਦੇ ਇਕੱਠ ਨੇ ਇਕ ਟੱਕ ਬੁਲਾਰਿਆਂ ਨੂੰ ਸੁਣਿਆ। ਮਜ਼ਦੂਰਾਂ ਤੇ ਕਿਸਾਨਾਂ ਦੇ ਝੰਡੇ ਦਾਣਾ ਮੰਡੀ ਦੀ ਖੁੱਲ੍ਹੀ ਹਵਾ ਵਿੱਚ ਆਜ਼ਾਦ ਲਹਿਲਹਾਉਂਦੇ ਰਹੇ।

 

ਇਸ ਮਹਾਰੈਲੀ ਦੀ ਖਾਸੀਅਤ ਹੀ ਆਵਾਜ਼ ਦੀ ਇਕਜੁੱਟਤਾ ਨੂੰ ਬਿਨਾਂ ਖਿਲਾਰਿਆਂ ਕੰਨਾਂ ਤੇ ਜ਼ਿਹਨ ਤੱਕ ਪਹੁੰਚਾਉਣਾ ਸੀ। ਪਿਛਲੇ ਕੁਝ ਹਫ਼ਤਿਆਂ ਤੋਂ ਕਦੇ ਟੁੱਟਦੇ ਦੱਸੇ ਜਾਂਦੇ ਸੰਯੁਕਤ ਕਿਸਾਨ ਮੋਰਚੇ ਬਾਰੇ ਪ੍ਰਚਾਰ ਹੋਇਆ ਅਤੇ ਕਦੇ ਆਗੂਆਂ ਨੂੰ ਭਗੌੜੇ ਅਤੇ ਕਮਜ਼ੋਰ ਹੋਣ ਦੀ ਗੱਲ ਕਹੀ ਗਈ। ਜੋਗਿੰਦਰ ਸਿੰਘ ਉਗਰਾਹਾਂ ਨੇ 20 ਫ਼ਰਵਰੀ ਨੂੰ ਚੰਡੀਗੜ੍ਹ ਦੀ ਮਹਾਂ ਪੰਚਾਇਤ ਤੇ ਫਿਰ ਬਰਨਾਲਾ ਦੀ ਮਹਾਰੈਲੀ ਚ ਸਪੱਸ਼ਟ ਰੂਪ ਵਿੱਚ ਹਕੂਮਤ ਵੱਲੋਂ ਜੇਲ੍ਹਾਂ 'ਚ ਬੰਦ ਕਿਸਾਨਾਂ ਦੀ ਕਾਨੂੰਨੀ ਪੈਰਵਾਈ ਦਾ ਹਵਾਲਾ ਦਿੱਤਾ। ਬਰਨਾਲਾ ਰੈਲੀ ਦਾ ਸੱਦਾ  ਬੀ.ਕੇ.ਯੂ. ਉਗਰਾਹਾਂ ਵੱਲੋਂ ਸੀ। ਪਰ ਸੰ.ਕਿ.ਮੋ. ਦੇ ਕੁਲਵੰਤ ਸਿੰਘ ਸੰਧੂ, ਰੁਲਦੂ ਸਿੰਘ ਮਾਨਸਾ ਅਤੇ ਬਲਵੀਰ ਸਿੰਘ ਰਾਜੇਵਾਲ ਸਮੇਤ ਹੋਰ ਆਗੂਆਂ ਨੇ ਰੈਲੀ 'ਚ ਪਹੁੰਚ ਕੇ ਅੰਦੋਲਨ ਬਾਰੇ ਪ੍ਰਚਾਰੇ ਜਾ ਰਹੇ ਨਿਘਾਰ ਦਾ ਮੋੜਵਾਂ ਜਵਾਬ ਬੜੀ ਸੁਹਿਰਦਤਾ ਨਾਲ਼ ਦਿੱਤਾ।ਇਹ ਸੁਹਿਰਦਤਾ ਤੇ ਸੂਝ-ਬੂਝ, ਸਵੇਰ ਦੀ ਖਾਲੀ ਪੰਡਾਲ ਵਿਚ ਕੀਤੀ ਸਾਊਂਡ ਟੈਸਟ ਵਾਲੀ ਤਕਰੀਰ ਵਿੱਚ ਵੀ ਜ਼ਾਹਿਰ ਸੀ। "ਲੋਕ ਕੰਧ ਨਹੀਂ ਨੇ, ਉਨ੍ਹਾਂ ਨੇ ਬਹਿਣਾ ਹੈ। ਉਨ੍ਹਾਂ ਦੇ ਆਉਣ ਨਾਲ ਆਵਾਜ਼ ਟਕਰਾਓਣੀ ਬੰਦ ਨ੍ਹੀਂ ਹੋਣੀ। ਮੇਰੀ ਸਾਊਂਡ ਵਾਲਿਆਂ ਨੂੰ ਬੇਨਤੀ ਹੈ ਕਿ ਇਸ ਦਾ ਹੱਲ ਹੁਣੇ ਕਰੀਏ, ਫੇਰ ਲਈ ਨਾ ਛੱਡੀਏ।” ਸਟੇਜ ਦੇ ਮਗਰ ਪਏ ਤਖਤਪੋਸ਼ ਦਾ ਜ਼ਿਕਰ ਹੋਇਆ। ਉਹਨੂੰ ਟੈਂਪੂ ਯੂਨੀਅਨ ਦਾ ਤਾਲਾ ਲੱਗਿਆ ਹੋਇਆ ਸੀ। ਤਖ਼ਤਪੋਸ਼ ਹਟਾਉਣ ਲਈ ਅਪੀਲ ਕੀਤੀ। "ਜਦੋਂ ਲੋਕ ਤਖ਼ਤਪੋਸ਼ ਤੇ ਬਹਿ ਗਏ, ਫੇਰ ਨੀ ਉਹ ਉੱਠਦੇ।" ਅਖੀਰ ਤਾਲਾ ਤੋੜਿਆ ਗਿਆ ਤੇ ਮਜ਼ਬੂਰੀ ਵੱਸ ਟੁੱਟੇ ਤਾਲੇ ਦੇ ਪੈਸੇ ਭਰਨ ਦਾ ਯਕੀਨ ਦਿੱਤਾ ਗਿਆ। ਮਹਾਂਰੈਲੀ 'ਚ ਪਹਿਲੇ ਜੱਥੇ ਪਹੁੰਚਣ ਲੱਗੇ। ਇੱਕ ਵਜੇ ਤੱਕ ਦਾਣੇ ਉਗਾਉਣ ਵਾਲੇ ਲੋਕ ਦਾਣਾ ਮੰਡੀ ਦੇ ਵਿਹੜੇ 'ਚ ਜੁੜ ਚੁੱਕੇ ਸਨ। ਲੋਕਾਂ ਤੱਕ ਆਪਣੀਆਂ ਮੰਗਾਂ ਦੀ ਆਵਾਜ਼ ਬਿਨਾਂ ਟੁੱਟੇ, ਬਿਨਾਂ ਖਿਲਰੇ ਪਹੁੰਚ ਰਹੀ ਸੀ।


(photo credits: Nav Rahi)