ਪਗੜੀ ਸੰਭਾਲ ਜੱਟਾ

ਸੰਗੀਤ ਤੂਰ (ਦਿ ਵਾਇਰ ਤੋਂ ਧੰਨਵਾਦ ਸਹਿਤ)
    

 

‘ਪਗੜੀ ਸੰਭਾਲ ਜੱਟਾ’ ਪੰਜਾਬੀ ਕਿਸਾਨ ਦੇ ਜੁਝਾਰੂ ਸੁਭਾਅ ਦੇ ਨਾਲ-ਨਾਲ ਛੋਟੇ ਕਾਸ਼ਤਕਾਰ ਦੀ ਇੱਜ਼ਤ ਨੂੰ ਵੀ ਦਰਸਾਉਂਦਾ ਹੈ। 25 ਸਤੰਬਰ ਨੂੰ ਰਾਏਕੋਟ, ਜ਼ਿਲ੍ਹਾ ਲੁਧਿਆਣਾ ਦੇ ਹਰੀ ਸਿੰਘ ਨਲੂਆ ਚੌਂਕ ਵਿਚ ਹਜ਼ਾਰਾਂ ਮੁਜ਼ਾਹਰਾਕਾਰੀ ਇਕੱਠੇ ਹੋਏ। ਛੋਟੇ ਜਿਹੇ ਟੈਂਟ ਦਾ ਆਸਰਾ ਇਕੱਠ ਦੇ ਕੁਝ ਹਿੱਸੇ ਨੂੰ ਹੀ ਸੀ, ਜਦਕਿ ਬਾਕੀ ਧੁੱਪੇ ਖੜ੍ਹੇ ਹੋਏ ਸਨ। ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਆਪਣੀਆਂ ਟਰੈਕਟਰ ਟਰਾਲੀਆਂ ਨੂੰ ਮੀਲ ਵਾਟ ਸੜਕਾਂ ਦੇ ਨਾਲ਼ ਪਾਲੋ-ਪਾਲ ਖੜ੍ਹਾ ਦਿੱਤਾ, ਚਾਰ ਸੜਕਾਂ ਜੋ ਉਸ ਚੌਂਕ ਤੇ ਮੁੱਕਦੀਆਂ ਹਨ, ਜਿੱਥੇ ਇਹ ਟੈਂਟ ਲੱਗਾ ਹੋਇਆ ਹੈ।


“ਕੀ ਤੁਹਾਨੂੰ ਚਾਚਾ ਅਜੀਤ ਸਿੰਘ ਯਾਦ ਹੈ ਜਿਸ ਨੇ ਸਾਨੂੰ ਪਗੜੀ ਸੰਭਾਲ ਜੱਟਾ ਲਹਿਰ ਦੀ ਵਿਰਾਸਤ ਦਿੱਤੀ?” ਹਰੀ ਪੱਗ ਬੰਨ੍ਹੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪ੍ਰਦਰਸ਼ਨਕਾਰੀਆਂ ਨੂੰ ਪੁੱਛਿਆ। ਉਨ੍ਹਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਹਰੇ ਝੰਡੇ ਜੋ ਕਿ ਜਵਾਨ ਫ਼ਸਲਾਂ ਦੀ ਪ੍ਰਤੀਨਿਧਤਾ ਕਰਦੇ ਨੇ, ਉੱਚੇ ਕਰਕੇ ਹੁੰਗਾਰਾ ਭਰਿਆ।


ਜਿਸ ਗੀਤ ਦਾ ਉਹਨਾਂ ਹਵਾਲਾ ਦਿੱਤਾ ਹੈ, ‘ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ ਓਏ’ ਦਾ ਬਹੁਤ ਲੰਮਾ ਇਤਿਹਾਸ ਹੈ, ਜੋ ਬਗਾਵਤ ਚੋਂ ਜਨਮਿਆ ਹੈ ਅਤੇ ਹੱਕਾਂ ਲਈ ਦ੍ਰਿੜ ਕਰਦਾ ਹੈ। ਇਹ ਬਾਂਕੇ ਦਿਆਲ ਨੇ ਲਿਖਿਆ ਸੀ ਅਤੇ ਪਹਿਲੀ ਦਫ਼ਾ ਲਾਇਲਪੁਰ ਵਿਖੇ 1907 ਦੀ ਰੈਲੀ ਵਿੱਚ ਅਜੀਤ ਸਿੰਘ, ਕਿਸ਼ਨ ਸਿੰਘ, ਘਸੀਟਾ ਰਾਮ ਅਤੇ ਸੂਫੀ ਅੰਬਾ ਪ੍ਰਸਾਦ ਨੇ ਗਾਇਆ ਸੀ। ਕਿਸ਼ਨ ਸਿੰਘ, ਸ਼ਹੀਦ ਭਗਤ ਸਿੰਘ ਦਾ ਪਿਤਾ ਅਤੇ ਅਜੀਤ ਸਿੰਘ, ਉਸਦਾ ਚਾਚਾ ਸੀ। ਉਨ੍ਹਾਂ ਨੇ 1906 ਵਿੱਚ ਸੂਫੀ ਅੰਬਾ ਪ੍ਰਸ਼ਾਦ ਅਤੇ ਘਸੀਟਾ ਰਾਮ ਦੇ ਨਾਲ ਮਿਲ ਕੇ, ਮਹਿਬੂਬੇ ਵਤਨ ਨਾਮਕ ਰੂਹਪੋਸ਼ ਸੰਸਥਾ ਦੀ ਸਥਾਪਨਾ ਕੀਤੀ ਸੀ, ਅਤੇ ਉਨ੍ਹਾਂ ਦਾ ਉਦੇਸ਼ 1857 ਦੀ 50 ਵੀਂ ਵਰ੍ਹੇਗੰਢ ਤੇ 1907 ਵਿੱਚ ਇਸਨੂੰ ਮੁੜ ਸੰਗਠਿਤ ਕਰਨਾ ਸੀ।

ਉਨ੍ਹਾਂ ਨੇ ਬ੍ਰਿਟਿਸ਼ ਰਾਜ ਦੇ ਵਿਰੁੱਧ ਬਸਤੀਵਾਦੀ ਐਕਟ ਅਤੇ ਬਾਰੀ ਦੁਆਬ ਐਕਟ ਤੋਂ ਉਬਾਲੇ ਚ ਆਏ ਕਿਸਾਨਾਂ ਦੀ ਅਗਵਾਈ ਕੀਤੀ। ਅੰਦੋਲਨ ਨੂੰ ਪਗੜੀ ਸੰਭਾਲ ਜੱਟਾ ਲਹਿਰ ਵਜੋਂ ਜਾਣਿਆ ਗਿਆ ਅਤੇ ਇਹ ਪਗੜੀ ਹੀ ਸੀ ਜੋ ਕਿਸਾਨਾਂ ਨੂੰ ਧਰਮ ਅਤੇ ਜਾਤੀ ਦੀਆਂ ਵੰਡੀਆਂ ਤੋਂ ਪਾਰ ਇਕਜੁਟ ਹੋਣ ਦਾ ਪ੍ਰਤੀਕ ਬਣੀ।


ਪਗੜੀ ਜਾਂ ਪੱਗ ਆਮ ਬੰਦੇ ਦੀ ਇੱਜ਼ਤ ਦਰਸਾਉਂਦਾ ਹੈ। ਮੱਧਕਾਲੀ ਸਮੇਂ, ਸਿਰਫ਼ ਮੁਗ਼ਲ ਹਕੂਮਤ ਵੱਲੋਂ ਥਾਪੜੇ ਵੱਡੇ ਰੁਤਬੇ ਵਾਲੇ ਲੋਕਾਂ ਨੂੰ ਦਸਤਾਰ ਬੰਨ੍ਹਣ ਦੀ ਆਗਿਆ ਸੀ, ਪਰ 17ਵੀਂ ਸਦੀ ਵਿਚ ਸਿੱਖ ਇਨਕਲਾਬ ਦੇ ਸਮੇਂ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਵਿਦਰੋਹ ਦੇ ਪ੍ਰਤੀਕ ਬਣਾਇਆ। ਇਸਦੇ ਰੁਤਬੇ  ਨੂੰ ਉਲਟਾਉਂਦਿਆਂ ਆਮ ਲੋਕਾਂ ਨੂੰ ਆਪਣੇ ਸ੍ਵੈ-ਮਾਣ ਦਾ ਦਾਅਵਾ ਕਰਨ ਦਾ ਰਾਹ ਸੁਝਾਇਆ। 

ਪੱਗ ਦੀ ਇੱਕ ਜਗ੍ਹਾ ਹੈ; ਇਹ ਸਿਰ ਨੂੰ ਸ਼ਿੰਗਾਰਦੀ ਹੈ, ਅਤੇ ਪੰਜਾਬ ਵਿਚ, ਇਹ ਅਜਿਹੀ ਪਛਾਣ ਨੂੰ ਦਰਸਾਉਂਦੀ ਹੈ ਜਿਸ ਦਾ ਖਾਸਾ ਨਾਬਰੀ ਹੈ। ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਜੀ ਦਾ ਪਰਵਾਰ ਖ਼ਤਮ ਹੋ ਗਿਆ; ਉਹਨਾਂ ਆਪਣੇ ਚਾਰ ਪੁੱਤਰ ਵਾਰ ਦਿੱਤੇ; ਪਰੰਤੂ ਉਹਨਾਂ ਇਸਨੂੰ ਪਰਮਾਤਮਾ ਦੀ ਰਜ਼ਾ ਵਜੋਂ ਸਵੀਕਾਰ ਨਹੀਂ ਕੀਤਾ।


ਜ਼ੁਲਮ ਅਤੇ ਬੇਇਨਸਾਫ਼ੀ ਨੂੰ ਰੱਬ ਦੀ ਰਜ਼ਾ ਆਖ ਸਵੀਕਾਰ ਨਹੀਂ ਕੀਤਾ ਜਾਂਦਾ। ਗੁਰੂ ਗੋਬਿੰਦ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਆਂ ਦੀ ਲੜਾਈ ਨੂੰ ਅੱਗੇ ਵਧਾਉਣ ਲਈ ਕਿਹਾ। 1710 ਵਿਚ, ਯਮੁਨਾ ਤੋਂ ਸਤਲੁਜ ਦੇ ਵਿਚਕਾਰ ਦੇ ਖੇਤਰ ਨੂੰ ਆਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ, ਬੰਦਾ ਬਹਾਦਰ ਨੇ ਜ਼ਿਮੀਂਦਾਰੀ ਸਿਸਟਮ ਨੂੰ ਖ਼ਤਮ ਕਰ ਦਿੱਤਾ ਅਤੇ ਹਲਵਾਹਕਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ।

ਦੂਜੇ ਸ਼ਬਦਾਂ ‘ਚ, ਪੱਗ ਦਾ ਉੱਤਰਨਾ ਰਾਜਨੀਤਿਕ ਬੇਇਨਸਾਫ਼ੀ ਦੇ ਜ਼ੁਲਮ ਨੂੰ ਸਵੀਕਾਰ ਕਰਨ ਵੱਲ ਸੰਕੇਤ ਕਰਦਾ ਹੈ। 


“ਮੰਨਦੀ ਨਾ ਗੱਲ ਸਾਡੀ, ਇਹ ਭੈੜੀ ਸਰਕਾਰ ਵੋ

ਅਸੀਂ ਕਿਓਂ ਮੰਨੀਏ ਵੀਰੋ, ਏਸ ਦੀ ਕਾਰ ਵੋ

ਹੋਇਕੇ ‘ਕੱਠੇ ਵੀਰੋ, ਮਾਰੋ ਲਲਕਾਰ ਵੋ

ਤਾੜੀ ਦੋ ਹੱਥੜ ਵੱਜਣੀ, ਛੈਣਿਆਂ ਨਾਲ ਵੋ

ਪਗੜੀ ਸੰਭਾਲ ਜੱਟਾ…………..”


1900 ਦੇ ਦਹਾਕੇ ਵਿੱਚ, ਖੇਤੀਬਾੜੀ ਆਮਦਨੀ ਖ਼ਰਾਬ ਹੋਣ ਨਾਲ, ਪੰਜਾਬੀਆਂ ਨੇ ਪਰਦੇਸ ਜਾਣਾ ਸ਼ੁਰੂ ਕਰ ਦਿੱਤਾ। ਪਗੜੀ ਸੰਭਾਲ ਜੱਟਾ ਅੰਦੋਲਨ ਨੇ 1913 ਵਿਚ ਅਮਰੀਕਾ ਵਿਚ ਗ਼ਦਰ ਲਹਿਰ ਦੀ ਸਥਾਪਨਾ ਕਰਨ ਵਾਲੇ ਪੰਜਾਬੀ ਡਾਇਸਪੋਰਾ ਨੂੰ ਬਲ ਬਖਸ਼ਿਆ ਅਤੇ ਅੰਗਰੇਜ਼ੀ ਹਕੂਮਤ ਦਾ ਖਾਤਮਾ ਕਰਨ ਭਾਰਤ ਵਾਪਸੀ ਕੀਤੀ। ਇਸ ਲੋਕ ਲਹਿਰ ਦੇ ਇਤਿਹਾਸਕਾਰ ਚਿਰੰਜੀ ਲਾਲ ਕੰਗਣੀਵਾਲ ਕਹਿੰਦੇ ਹਨ, “ਬਾਬਾ ਜਵਾਲਾ ਸਿੰਘ ਠੱਠੀਆਂ ਗਦਰ ਪਾਰਟੀ ਕਾਰਕੁਨ ਸਨ, ਜਿਨ੍ਹਾਂ ਨੇ ਲਹਿਰ ਤੋਂ ਪ੍ਰੇਰਨਾ ਲੈ ਕੇ ਮਾਰਚ 1937 ਨੂੰ ਲਾਹੌਰ ਵਿਚ ਕਿਸਾਨ ਸਭਾ ਦੀ ਸਥਾਪਨਾ ਕੀਤੀ।”


ਪਿਛਲੇ ਕੁਝ ਦਹਾਕਿਆਂ ਵਿਚ, ਖ਼ਾਸਕਰ ਖਾੜਕੂਵਾਦ ਤੋਂ ਬਾਅਦ ਪੰਜਾਬ ਵਿਚ, ਸ਼ਬਦ ‘ਜੱਟ’ ਨੇ ਪੰਜਾਬੀਆਂ ਵਿਚਕਾਰ ਕਠੋਰ ਲਾਈਨ ਖਿੱਚ ਦਿੱਤੀ ਹੈ, ਇੱਕ ਪਾਸੇ ਜੱਟ ਤੇ ਦੂਜੇ ਪਾਸੇ ਬਾਕੀ। 

ਇਤਿਹਾਸਕ ਤੌਰ ਤੇ ਜੱਟ ਮੁਜ਼ਾਰੇ ਸਨ, ਅਤੇ ਖੁਦਕਾਸ਼ਤੀਏ, ਜ਼ਮੀਨ ਆਪ ਵਾਹੁਣ ਵਾਲੇ। ਇਹ ਸਮਾਨ ਸ਼ਬਦ ਸੀ, ਜੋ ਕਿਸਾਨੀ ਜਾਂ ਕਿਸਾਨ ਲਈ ਵਰਤਿਆ ਜਾਂਦਾ। ਹਾਲ ਹੀ ਦੇ ਸਮੇਂ ਵਿੱਚ, ਹਾਲਾਂਕਿ, ਕੁਝ ਵੱਡੇ ਕਿਸਾਨਾਂ ਵਿੱਚ ਖੁਸ਼ਹਾਲੀ ਨੇ ਇਹ ਧਾਰਨਾ ਪੈਦਾ ਕੀਤੀ ਹੈ ਕਿ ਸਿਰਫ਼ ਉੱਚ ਜਾਤੀ ਦੇ ਸਿੱਖ ਹੀ ਜੱਟ ਹਨ-ਇਹ ਧਨ-ਦੌਲਤ ਨਾਲ ਵੀ ਜੁੜਿਆ ਹੋਇਆ ਹੈ। ਮੁੱਖ ਧਾਰਾ ਦੇ ਪੰਜਾਬੀ ਗੀਤਾਂ ਵਿਚ ਸ਼ਬਦ 'ਜੱਟ' ਅਤੇ ਇਸ ਦੇ ਸਮਾਨ ਚਿੱਤਰਾਂ ਦੀ ਬੋਲਚਾਲ ਦੀ ਵਰਤੋਂ ਨੇ ਇਕ ਖਾਸ ਰੁਝਾਨ ਜਿਸਨੂੰ 'ਜੱਟਵਾਦ' ਕਿਹਾ ਜਾਂਦਾ ਹੈ, ਨੂੰ ਬੜਾਵਾ ਦੇ ਦੇ ਕੇ ਹਾਸ਼ੀਏ ਦੇ ਕਿਸਾਨ ਅਤੇ ਵੱਡੇ ਜਿਮੀਦਾਰ  ਅਤੇ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਕਿਸਾਨਾਂ ਵਿੱਚ ਪਾੜਾ ਪੈਦਾ ਕਰ ਦਿੱਤਾ ਹੈ।  

 

ਜ਼ਮੀਨੀ ਹਕੀਕਤ ਨੇ ਵੀ ਇਹ ਤਬਦੀਲੀਆਂ ਹੰਢਾਈਆਂ। 1990-2011 ਦੇ ਵਿਚਾਲੇ, 2 ਕਿੱਲਿਆਂ ਤੋਂ ਘੱਟ ਦੇ ਮਾਲਕ, ਸੀਮਾਂਤ ਅਤੇ ਛੋਟੇ ਕਿਸਾਨਾਂ ਦੀ ਗਿਣਤੀ 0.50 ਮਿਲੀਅਨ ਤੋਂ ਘੱਟ ਕੇ 0.36 ਮਿਲੀਅਨ ਹੋ ਗਈ, ਜਦੋਂ ਕਿ ਅਰਧ-ਮੱਧਮ, ਦਰਮਿਆਨੇ ਅਤੇ ਵੱਡੇ ਖੇਤ ਜ਼ਮੀਨਾਂ (2-4 ਕਿੱਲ਼ੇ, 4-10 ਕਿੱਲੇ  ਅਤੇ 10 ਕਿੱਲੇ ਕ੍ਰਮਵਾਰ) 0.62 ਮਿਲੀਅਨ ਤੋਂ 0.69 ਮਿਲੀਅਨ ਤੱਕ ਵਧਿਆ। ਇਹ ਰਾਸ਼ਟਰੀ ਰੁਝਾਨ ਦੇ ਉਲਟ ਸੀ, ਜਿੱਥੇ ਸੀਮਾਂਤ ਅਤੇ ਛੋਟੀਆਂ ਜ਼ਮੀਨਾਂ ਦੀ ਹੋਲਡਿੰਗ ਉਸੇ ਸਮੇਂ ਦੌਰਾਨ 83.5 ਤੋਂ 117.6 ਮਿਲੀਅਨ ਹੋ ਗਈ। ਪੰਜਾਬ ਦਾ ਖੇਤੀ ਸੰਕਟ, ਕੇਵਲ ਸੀਮਾਂਤ ਅਤੇ ਛੋਟੇ ਕਿਸਾਨੀ ਉੱਤੇ ਬੋਝ ਬਣ ਗਿਆ। 


ਜਮਹੂਰੀ ਕਿਸਾਨ ਸਭਾ ਪੰਜਾਬ ਦੀਆਂ 31 ਕਿਸਾਨੀ ਜਥੇਬੰਦੀਆਂ ਵਿਚੋਂ ਇੱਕ ਹੈ। ਉਨ੍ਹਾਂ ਦਾ ਲੋਗੋ ਅਜੀਤ ਸਿੰਘ ਦੀ ਤਸਵੀਰ ਦਰਸਾਉਂਦਾ ਹੈ, ਅਤੇ ਗੋਲ ਘੇਰੇ ਦੇ ਅੰਦਰਲੇ ਪਾਸੇ ਪਗੜੀ ਸੰਭਾਲ ਜੱਟਾ ਛਪਿਆ ਹੋਇਆ ਹੈ। ਉਨ੍ਹਾਂ ਦੇ ਪ੍ਰੈਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਸਾਨ ਅੰਦੋਲਨ ਦੇ ਇਸ ਇਤਿਹਾਸਕ ਪ੍ਰਤੀਕ ਦੇ ਸੱਦੇ ਤੇ ਵਧੇਰੇ ਚਾਨਣਾ ਪਾਇਆ। “ਇਹ ਸਿਰਫ਼ ਖੇਤੀ ਬਿੱਲਾਂ ਨੂੰ ਹੀ ਵਾਪਸ ਲਏ ਜਾਣਾ ਹੀ ਨਹੀਂ , ਬਲਕਿ ਪੂਰੀ ਰਾਜਨੀਤਿਕ ਪ੍ਰਣਾਲੀ ਅਤੇ ਆਰਥਿਕ ਨਮੂਨਾ ਹੈ ਜਿਸ ਨੂੰ ਭੂਚਾਲ ਜਿਹੀ ਸ਼ਿਫਟ ਦੀ ਜ਼ਰੂਰਤ ਹੈ। ਉਹਨਾਂ ਦਿਨਾਂ ਵਿੱਚ, ਪਗੜੀ ਸੰਭਾਲ ਜੱਟਾ ਲਹਿਰ ਦਾ ਵੱਡਾ ਦ੍ਰਿਸ਼ਟੀਕੋਣ ਸੀ - ਰਾਜ ਨੂੰ ਹਰਾਉਣ। ਇਸੇ ਤਰ੍ਹਾਂ, ਸਮਕਾਲੀ ਲਹਿਰ ਦਾ ਉਦੇਸ਼ ਰਾਜਨੀਤਿਕ ਤਬਦੀਲੀ ਲਿਆਉਣਾ ਹੈ ਕਿਉਂਕਿ ਸਿਰਫ਼ ਕਿਸਾਨ ਦੀ ਇੱਜ਼ਤ ਹੀ ਦਾਅ 'ਤੇ ਨਹੀਂ ਲੱਗੀ ਹੋਈ, ਲੋਕਤੰਤਰ ਖੁਦ ਹੀ ਖ਼ਤਰੇ ਵਿੱਚ ਹੈ।”

ਰਾਏਕੋਟ ਵਿਰੋਧ ਪ੍ਰਦਰਸ਼ਨ ਵਿੱਚ, ਖੇਤ ਯੂਨੀਅਨ ਦੇ ਨੇਤਾਵਾਂ ਨੇ ਆਪਣੇ ਭਾਸ਼ਣਾਂ ਵਿੱਚ ਦੇਸ਼ ਦੇ ਸਾਹਮਣੇ ਆਉਣ ਵਾਲੀ ਵੱਡੀ ਚੁਣੌਤੀ - ਵਿਦਵਾਨਾਂ, ਵਿਦਿਆਰਥੀਆਂ ਅਤੇ ਕਾਰਕੁਨਾਂ ਦੀ ਕੈਦ - ਨੂੰ ਵੀ ਸੰਬੋਧਿਤ ਕੀਤਾ। ਕਿਸਾਨ ਇਹ ਨੁਕਤਾ ਦੱਸ ਰਹੇ ਹਨ ਕਿ ਉਹ ਜਾਣਦੇ ਨੇ ਕਿ ਉਨ੍ਹਾਂ ਦੇ ਆਪਣੇ ਤੇ ਦੂਜਿਆਂ ਦੇ ਹੱਕ ਖੋਹੇ ਜਾ ਰਹੇ ਹਨ।


ਸਿੱਖਾਂ ਦੀ ਬਹੁਗਿਣਤੀ ਵਾਲਾ ਰਾਜ ਹੋਣ ਕਰਕੇ ਬਹੁਤੇ ਪੰਜਾਬੀਆਂ ਨੂੰ ਨਾ ਤਾਂ ਭਾਜਪਾ ਦੀ ਅਗਵਾਈ ਵਾਲੇ ਹਿੰਦੂ ਰਾਸ਼ਟਰ ਪ੍ਰਾਜੈਕਟ, ਅਤੇ ਨਾ ਹੀ ਪੰਜਾਬੀ ਕੱਟੜ ਸਿੱਖ-ਅਗਵਾਈ ਵਾਲੀ ਖਾਲਿਸਤਾਨ ਪ੍ਰਾਜੈਕਟ ਅੱਗੇ ਵਿਕਦੇ ਹਨ। ਪ੍ਰਦਰਸ਼ਨਕਾਰੀ ਨੇਤਾਵਾਂ ਅਤੇ ਬੁਲਾਰਿਆਂ ਨੇ ਪੂਰੇ ਅੰਦੋਲਨ ਦੌਰਾਨ ਖਾਲਿਸਤਾਨ ਦੇ ਵਿਚਾਰ ਨੂੰ ਜ਼ੋਰਦਾਰ ਢੰਗ ਨਾਲ ਰੱਦ ਕਰ ਦਿੱਤਾ ਹੈ। ਅੰਦੋਲਨ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਬਚਾਉਣ ਲਈ ਯੂਨੀਅਨਾਂ ਨੇ ਹਰ ਤਰ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਪਲੇਟਫਾਰਮ ਤੋਂ ਇਨਕਾਰ ਵੀ ਕੀਤਾ।

 

ਪੰਜਾਬੀ ਨੌਜਵਾਨਾਂ ਨੇ ਇਹ ਸਾਫ਼ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਿਆਣੇ, ਲੋਕ-ਹਿਤੈਸ਼ੀ ਅਤੇ ਲੋਕਤੰਤਰ ਪੱਖੀ ਨੇਤਾਵਾਂ ਦੀ ਅਗਵਾਈ ਚਾਹੁੰਦੇ ਹਨ। ਇਹ ਗੱਲ ਹੈਰਾਨੀ ਦੀ ਨਹੀਂ ਕਿਉਂਕਿ ਇਹ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ(ਪੰਜਾਬ) ਦੇ ਕਾਰਕੁਨ ਸਨ, ਜੋ ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨ ਵਿਚ ਸਭ ਤੋਂ ਪਹਿਲਾਂ ਨਿੱਤਰੇ ਸਨ ਅਤੇ ਧਾਰਾ 370 ਨੂੰ ਰੱਦ ਕਰਨ ਦੇ ਵਿਰੋਧ ਵਿੱਚ ਵੀ ਹਿੱਸਾ ਲਿਆ ਸੀ।

 

ਖੇਤੀ ਗੁਆਉਣਾ ਜਾਂ ਜ਼ਮੀਨਾਂ ਖੁੱਸ ਜਾਣਾ ਸਿਰਫ਼ ਰੋਜ਼ੀ-ਰੋਟੀ ਦਾ ਨੁਕਸਾਨ ਹੀ ਨਹੀਂ, ਬਲਕਿ ਇਹ ਜ਼ਰੂਰੀ ਪੰਜਾਬੀ ਪਛਾਣ ਵੀ ਹੈ ਜਿਸਨੂੰ ਗੁਰੂ ਨਾਨਕ ਦੇਵ ਜੀ ਨੇ ਖੇਤੀ ਵੱਲ ਮੁੜਕੇ ਅਪਣਾਇਆ ਸੀ। ਕਿਉਂ ਅਜੀਤ ਸਿੰਘ ਸੌ ਸਾਲ ਪਹਿਲਾਂ ਕਿਸਾਨਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਲਈ ਉੱਭਰਿਆ ਸੀ, ਅਤੇ ਕਿਉਂ ਸਾਨੂੰ ਪਗੜੀ ਸੰਭਾਲ ਜੱਟਾ ਦੇ ਰੂਪ ਵਿਚ ਆਪਣੀ ਵਿਰਾਸਤ ਛੱਡ ਕੇ ਗਿਆ? ਅੰਦੋਲਨ ਨਾ ਕਰਨਾ ਅਤੇ ਤਿੰਨ ਖੇਤੀ ਕਾਨੂੰਨਾਂ ਅਤੇ ਰਾਜਨੀਤਿਕ ਸਥਿਤੀ ਨੂੰ ਵੀ ਰੱਬ ਦੀ ਰਜ਼ਾ ਮੰਨ ਬਹਿਣਾ ਘਾਤਕ ਹੋਵੇਗਾ।

(ਫੋਟੋ ਕ੍ਰੈਡਿਟ ਅਵਨੀ ਰਾਏ)