ਪਾਣੀ ਅਤੇ ਮਿੱਟੀ

ਆਸਮਾਂ ਕਾਦਰੀ
    

ਹਾਂ ਕਣੀਆਂ ਹੋ ਲੜੀਆਂ ਅਸਾਂ ਵਰ੍ਹਨਾ 

ਚਿਤ ਪੱਤਰਾਂ ਦੇ ਕਰਨੇ ਨਕੋਰ 

ਨਜਮ ਹੁਸੈਨ ਸੱਯਦ ਦਾ ਇਹ ਜੋੜ ਵਸਰਾਂਦ ਵਾਸਤੇ ਏ। ਵਸਰਾਂਦ ਹੈ ਖ਼ਸ਼ਬੋ। ਅੰਬਰੋਂ ਲੱਥਾ ਪਾਣੀ ਜਦੋਂ ਮਿੱਟੀ ਤੇ ਡਿੱਗਦਾ ਏ ਤੇ ਮਿੱਟੀ ਪਾਣੀ ਦੀ ਸੁਮੇਲ ਸੁਗੰਧ ਅਖਵੇਂਦੀ ਏ ਵਸਰਾਂਦ। ਦੂਰ ਅਸਮਾਨੀ ਵਾਅ ਸੰਗ ਖੇਡਦਾ ਪਾਣੀ ਧਰਤ ਦੀ ਤ੍ਰੇਹ ਵੇਖ ਲੈਂਦਾ ਏ। ਕਣੀ ਹੋ ਵਰ੍ਹਦਾ ਏ। ਵਰ੍ਹਿਆਂ ਦੀ ਕੱਸੀ ਵਿਯੋਗ ਕਟੇਂਦੀ ਧਰਤ ਆਪਣੇ ਅੰਗ ਪਾਣੀ ਦਾ ਸੰਗ ਮਾਣਸੀ। ਤਾਂਹੀਓਂ ਜੀਵਸੀ। ਉਪਜੇਸੀ। ਮੇਲ ਸੁਗੰਧ ਦੀ ਕੱਥ ਹੈ ਏਸ ਗਾਵਣ ਦੀ। ਮੇਲ ਹੈ ਕੀ ਤੇ ਕਰਦਾ ਕੀ ਹੈ? ਮੇਲ ਇਸ਼ਤਿਹਾਰਾਂ, ਵਾਜਿਆਂ, ਐਲਾਨਾਂ, ਬਿਆਨਾਂ ਨਾਲ ਨੀ ਹੁੰਦਾ। ਮੇਲ ਤਾਂ ਹਾਜ਼ਰੀ ਹੈ ਕੁਲ ਹਸਤੀ ਦੀ ਕੁਲ ਕੁਦਰਤ ਅੰਦਰ। ਜਿਸ ਪਲ ਵੀ ਹੋਈ ਉਹ ਘਰ ਵੱਸ ਪਈ। ਵਸਰਾਂਦ ਹੋ ਖਿਲਰੀ ਚਾਰ ਚੁਫੇਰੇ। ਅਜਿਹੇ ਸੁੱਚੇ ਮੇਲ ਨੂੰ ਓਹਲਾ ਨੀ ਲੋੜੇਂਦਾ। ਓਹਲਾ ਲੋੜੇਂਦਾ ਏ ਕੂੜ੍ਹ ਨੂੰ। ਆਪਣੀ ਕੀਤੀ ਕੱਜਣ ਵਾਸਤੇ। ਮਿੱਟੀ ਤੇ ਪਾਣੀ ਦਾ ਮੇਲ ਸੱਚ ਹੈ ਤੇ ਸੱਚ ਦੀ ਸੁਗੰਧ ਹੋ ਲਹਿੰਦਾ ਹੈ ਪਿਆਰ ਗਾਵਣ ਬਣ ਕੇ। ਅਸਾਂ ਕਣੀਆਂ ਹਾਂ। ਆਪਣੇ ਹੋਵਣ ਦਾ ਪੱਕ ਬੋਲੇਂਦਾ ਹੈ ਇਸ ਹਾਂ ਅੰਦਰ। ਕਣੀਆਂ ਦੇ ਹੋਵਣ ਵਿਚ ਨਿਰਮਾਣਤਾ ਵੀ ਹੈ। ਕਣ ਹੈ ਜ਼ਰਾ। ਕਰਨਾ ਕੀ ਹੈ ਕਣੀਆਂ ਨੇ। ਕੱਲੀਆਂ ਨਈਂ ਸਗੋਂ ਲੜੀਆਂ ਬਣ ਵਰ੍ਹਨਾ ਹੈ। ਕਣੀਆਂ ਵਰ੍ਹ ਕੇ, ਪਾਣੀ ਹੋ ਕੇ ਪੱਤਰਾਂ ਦੇ ਚਿੱਤ ਨਵੇਂ ਕਰਨੇ ਨੇ। ਪੱਤਰ ਜੋ ਧੂੜ ਦੀ ਬੁੱਕਲ ਵਿਚ ਆਪਣਾ ਅਸਲਾ ਭੁੱਲੇ। ਓਹਨਾ ਉੱਪਰੋਂ ਮਿੱਟੀ ਘੱਟਾ ਲਾਹ ਕੇ ਮੁੜ ਸੁਥਰਾ ਕਰਨ ਕੰਮ ਹੈ ਅਸਾਡਾ। ਜਿਥੇ ਤ੍ਰੇਹ ਹੈ ਉਹ ਸੱਖਣੇ ਕਟੋਰੇ ਪਾਣੀ ਨਾਲ ਭਰੀਣੇ ਨੇ। ਟੁੱਟੀ ਆਸ ਨੂੰ ਮੁੜ ਜਵਾਲਣਾ ਏ। ਆਸ ਤਾਂਘ ਹੈ। ਕਣੀਆਂ ਏਹਾ ਆਹਰ ਲੈ ਵਰ੍ਹੀਆਂ ਨੇ। ਐਸਾ ਪਾਣੀ ਹੋ ਇੰਝ ਲੱਥਣਾ ਹੈ ਹਰ ਜਗਾਹ ਜੋ ਸੋਕਾ ਮੁੱਕ ਜਾਵੇ। ਵਖਾਲੇ ਦੇ ਮਿਲਣ ਤੋਂ ਬਾਹਰ ਕਰਕੇ ਅਸਲ ਮਿਲਣ ਦਾ ਰੰਗ ਤੇ ਖ਼ੁਸ਼ਬੋਈ ਖਿੜਾਉਣੀ ਹੈ। ਅੰਦਰ ਤੇ ਬਾਹਰ। ਅੰਦਰ ਬਾਹਰ ਦੀ ਦੂਰੀ ਮਕਾਉਣੀ ਹੈ। ਮਿਲ ਕੇ, ਗੱਲ ਲੱਗ ਕੇ ਜਦ ਅੱਖੀਆਂ ਵਰ੍ਹ ਪਵਣ ਤਾਂ ਇਹ ਦੂਰੀ ਮੁੱਕ ਬਹਿੰਦੀ ਏ। ਬੰਦਾ ਕੀ ਏ। ਬੰਦਾ ਵੀ ਪਾਣੀ ਨਈਂ? ਜਦ ਸੁਥਰਾ ਹੋਵੇ, ਨਵਾਂ, ਨਿਰਮਲ ਤਾਂ ਉਸਦਾ ਕੰਮ ਵੀ ਸੁਥਰਾ ਕਾਰਨ ਈ ਹੁੰਦਾ ਏ। ਕਣੀਆਂ ਇਹੋ ਕਰਨ ਆਈਆਂ ਨੇ ਜੋ ਜਿਓਂਦੀ ਹਸਤੀ ਨੂੰ ਵਸਤ ਤੋਂ ਮੁੜ ਜਿਓੰਦਾ ਜੀਅ ਬਣਾਉਣਾ ਹੈ। 

ਫੋਟੋ ਕ੍ਰੈਡਿਟ: ਰਣਦੀਪ ਮਦੋਕੇ