ਵਸਰਾਂਦ

ਟੀਮ ਕਰਤੀ ਧਰਤੀ
    

ਜਦੋਂ ਵੀ ਕੋਈ ਸੰਘਰਸ਼ ਲੜਿਆ ਜਾਂਦਾ ਹੈ ਤਾਂ ਇਸਦੇ ਕੁੱਝ ਉਦੇਸ਼ ਤੈਅ ਕੀਤੇ ਜਾਂਦੇ ਹਨ। ਸੰਘਰਸ਼ ਉਦੇਸ਼ਾਂ ਨੂੰ ਸਾਹਮਣੇ ਰੱਖ ਕੇ ਲੜੇ ਜਾਂਦੇ ਹਨ। ਵੱਖ-ਵੱਖ ਜਥੇਬੰਦੀਆਂ ਵੱਲੋਂ ਮਈ 2020 ਵਿਚ ਵਿੱਢੇ ਸੰਘਰਸ਼ ਦੇ ਉਦੇਸ਼ ਆਰਥਿਕ ਹਨ। 27 ਅਕਤੂਬਰ 2020 ਨੂੰ ਰਕਾਬਗੰਜ ਗੁਰਦਵਾਰੇ ਵਿਚ ਮੀਟਿੰਗ ਕਰਕੇ ਭਾਰਤ ਭਰ ਦੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਦੇ ਨਾਂ ਹੇਠ ਸੰਗਠਿਤ ਹੋਈਆਂ। ਇਸ ਸੰਗਠਨ ਨੂੰ ਚਲਾਉਣ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ। ਇਸ ਕਮੇਟੀ ਵਿਚ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਅਤੇ ਪੰਜਾਬ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹਨ। ਆਰਥਿਕ ਉਦੇਸ਼ਾਂ ਵਾਲੇ ਇਸ ਸੰਘਰਸ਼ ਦੀਆਂ ਮੰਗਾਂ ਕਿਸਾਨਾਂ, ਮਜ਼ਦੂਰਾਂ ਅਤੇ ਖਪਤਕਾਰਾਂ ਨੂੰ ਜੋੜਦੀਆਂ ਹਨ। ਇਸ ਅੰਦੋਲਨ ਦੀ ਮੁਖ ਮੰਗ ਤਿੰਨ ਕਾਲੇ ਕਾਨੂੰਨ ਰੱਦ ਕਰਾਉਣਾ ਹੈ। ਇਸ ਤੋਂ ਇਲਾਵਾ ਘੱਟੋ ਘੱਟ ਸਮਰਥਨ ਮੁੱਲ ਦਵਾਉਣਾ, ਬਿਜਲੀ ਬਿੱਲ 2020 ਵਾਪਸ ਕਰਾਉਣਾ, ਅਤੇ ਵਾਤਾਵਰਨ ਬਿੱਲ ਵਿਚ ਕਿਸਾਨ ਵਿਰੋਧੀ ਧਾਰਾਵਾਂ ਨੂੰ ਰੱਦ ਕਰਾਉਣਾ ਹੈ।


ਕਰਤੀ ਧਰਤੀ ਦਾ ਉਦੇਸ਼ ਇੱਕ ਵਾਰ ਫੇਰ ਤੋਂ ਇਸ ਅੰਦੋਲਨ ਦੇ ਉਦੇਸ਼ ਨੂੰ ਜ਼ੋਰਦਾਰ ਆਵਾਜ਼ ਵਿਚ ਦੁਹਰਾਉਣਾ ਹੈ। ਇਹ ਸੰਘਰਸ਼ ਆਰਥਿਕ ਹੋਣ ਦੇ ਨਾਲ਼ ਨਾਲ਼ ਫਿਰਕੂ ਸਰਕਾਰ ਦੇ ਵਿਰੁੱਧ ਵੀ ਹੈ। ਜਾਤ-ਪਾਤ, ਧਰਮ, ਮਜ਼ਹਬ, ਫਿਰਕਾ, ਇਲਾਕਾ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚਲਾਏ ਗਏ ਇਸ ਸੰਘਰਸ਼ ਵਿੱਚ ਕਿਸੇ ਤਰਾਂ ਦੇ ਫਿਰਕੂਕੱਟੜਵਾਦ ਦੀ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ।


ਜਿੱਥੇ ਕੁਝ ਮਨਮੁਖਾਂ ਵੱਲੋਂ ਲੋਕਾਂ ਦੀਆਂ ਮੰਗਾਂ ਨੂੰ ਢਾਅ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ, ਓਥੇ ਹੀ ਮੋਰਚੇ ਵੱਲੋਂ 12 ਫ਼ਰਵਰੀ ਨੂੰ ਜਗਰਾਓਂ ਵਿਚ ਮਹਾਂ ਪੰਚਾਇਤ ਕੀਤੀ ਗਈ, 16 ਨੂੰ ਸਰ ਛੋਟੂ ਰਾਮ ਜਨਮ-ਦਿਹਾੜਾ ਮਨਾਇਆ ਗਿਆ, ਚੰਡੀਗੜ੍ਹ ਵਿਚ 20 ਅਤੇ ਬਰਨਾਲਾ ਵਿਖੇ 21 ਨੂੰ (ਭਾ.ਕਿ.ਯੂ. ਉਗਰਾਹਾਂ ਵੱਲੋਂ) ਮਹਾਰੈਲੀ ਕੀਤੀ ਗਈ। ਲੋਕਾਂ ਨੇ ਇਹਨਾਂ ਵਿਚ ਸ਼ਾਮਲ ਹੋ ਕੇ ਆਪਣੀਆਂ ਹੱਕੀ ਮੰਗਾਂ ਲਈ ਭਾਰੀ ਹਮਾਇਤ ਦਾ ਮੁਜ਼ਾਹਰਾ ਕੀਤਾ। ਇਹਨਾਂ ਇਕੱਠਾਂ ਨੇ ਜਿੱਥੇ ਲੋਕਾਂ ਵਿਚ ਫਿਰ ਤੋਂ ਉਤਸ਼ਾਹ ਭਰਿਆ ਹੈ, ਓਥੇ ਹੀ ਕਿਸਾਨ ਅਤੇ  ਮਜ਼ਦੂਰ ਆਗੂਆਂ ਦੀ ਸ਼ਮੂਲੀਅਤ ਨੇ ਜਥੇਬੰਦੀਆਂ ਦੀ ਅਗਵਾਈ ‘ਤੇ ਕੀਤੇ ਜਾਂਦੇ ਸਵਾਲਾਂ ਦਾ ਮੋੜਵਾਂ ਜਵਾਬ ਸੁਹਿਰਦਤਾ ਨਾਲ਼ ਦਿੱਤਾ ਹੈ। 


ਬਰਨਾਲਾ ਵਿੱਖੇ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਦਿੱਲੀ ਜੇਲ੍ਹਾਂ ਚ ਕੈਦ ਅੰਦੋਲਨਕਾਰੀਆਂ ਦੀ ਸੰ.ਕਿ.ਮੋ. ਵੱਲੋਂ ਪੈਰਵਾਈ ਦਾ ਵਾਰ-ਵਾਰ ਜ਼ਿਕਰ ਕੀਤਾ। ਓਹਨਾਂ ਆਉਣ ਵਾਲ਼ਾ ਪ੍ਰੋਗਰਾਮ ਐਲਾਨਿਆ। 23 ਫ਼ਰਵਰੀ ਨੂੰ ਚਾਚਾ ਅਜੀਤ ਸਿੰਘ ਦਾ ਜਨਮ ਦਿਹਾੜਾ ਸਾਂਝੇ ਤੌਰ ਤੇ ਮਨਾਇਆ ਜਾਵੇਗਾ। 27 ਫ਼ਰਵਰੀ ਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਉਗਰਾਹਾਂ ਜਥੇਬੰਦੀ ਦਾ ਹੋਵੇਗਾ। ਜਦੋਂ 8 ਮਾਰਚ ਨੂੰ ਔਰਤ ਦਿਵਸ ਦਿੱਲੀ ਮਨਾਉਣ ਦਾ ਐਲਾਨ ਉਗਰਾਹਾਂ ਜਥੇਬੰਦੀ ਵੱਲੋਂ ਕੀਤਾ ਗਿਆ ਤਾਂ ਸਟੇਜ ਤੇ ਬੈਠੇ ਸੰ.ਕਿ.ਮੋ. ਆਗੂਆਂ ਨੇ ਫਟਾਫਟ ਮੋਰਚੇ ਵੱਲੋਂ ਵੀ ਇਹ ਦਿਨ ਮਨਾਉਣ ਦਾ ਫੈਸਲਾ ਸਕਿੰਟਾਂ ‘ਚ ਸਟੇਜ ਤੋਂ ਹੀ ਕਰ ਦਿੱਤਾ। 


ਪੰਜਾਬ ਵਿਚ ਹੋ ਰਹੀਆਂ ਲੋਕ ਪੰਚਾਇਤਾਂ ਦੇ ਦੋ ਹਾਸਿਲ ਨੇ। ਪਹਿਲਾ ਇਹ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਆਪਣੇ ਵਖਰੇਵੇਆਂ ਨੂੰ ਮੰਨਦਿਆਂ ਮੌਜੂਦਾ ਸੰਘਰਸ਼ ਵਿਚ ਜਥੇਬੰਦਕ ਏਕੇ ਦਾ ਰਾਹ ਉਲੀਕਿਆ ਹੈ। ਦੂਸਰਾ ਹਾਸਿਲ ਹੈ ਪੰਜਾਬ ਦੇ ਲੋਕਾਂ ਦਾ ਹੁੰਗਾਰਾ। ਇਹ ਹੁੰਗਾਰੇ ਅਤੇ ਭਾਰੀ ਇਕੱਠ ਹੀ ਹੈ ਜਿਹੜੇ ਇਸ ਘੋਲ ਦੇ ਆਗੂਆਂ ਨੂੰ ਬਲ ਬਖ਼ਸ਼ਦਾ ਹੈ। ਇੰਨੇ ਵਿਸ਼ਵਾਸ ਨਾਲ ਦਿੱਲੀ ਪੁਲਿਸ ਦੇ ਕਾਨੂੰਨੀ ਕੇਸਾਂ ਤੇ ਹਕੂਮਤ ਦੇ ਡਰਾਵੇਆਂ ਨੂੰ ਟਿੱਚ ਜਾਨਣਾ ਲੋਕਾਂ ਦੇ ਲੱਖਾਂ ਦੀ ਗਿਣਤੀ ਵਿਚ ਜੁੜੇ ਹੋਣ ਕਰਕੇ ਸੰਭਵ ਹੋਇਆ ਹੈ।   

(ਫੋਟੋ ਕ੍ਰੈਡਿਟ : ਨਵ ਰਾਹੀ)