ਪੰਜਾਬ ਦੇ ਖੇਤੀ ਸੰਕਟ ਵਿਚ ਦਲਿਤ ਮਜ਼ਦੂਰ ਔਰਤ

ਨਵਸ਼ਰਨ ਕੌਰ
    

ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੇ ਭਾਰਤ ਦੇ ਵਿਕਾਸ ਮਾਡਲ ਵਿਚ ਖੇਤੀ ਦਾ ਭਵਿੱਖ ਕੀ ਹੋਵੇ ਦਾ ਸਵਾਲ ਸੰਘਰਸ਼ੀ ਪਿੜਾਂ ਵਿੱਚ ਖੋਲ੍ਹ ਦਿੱਤਾ ਹੈ। ਪਰ ਇਸ ਸੰਕਟ ਦੀਆਂ ਕਈ ਢਕੀਆਂ ਪਰਤਾਂ ਹਨ ਜੋ ਹਾਲੀ ਖੋਲ੍ਹੀਆਂ ਜਾਣੀਆਂ ਬਾਕੀ ਹਨ। ਸੰਘਰਸ਼ਾਂ ਅੰਦਰ ਚਲਦੀਆਂ ਬਹਿਸਾਂ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਕਿਸਾਨੀ ਸੰਕਟ ਲਾਹੇਵੰਦ ਕੀਮਤਾਂ, ਅਤੇ ਕਰਜ਼ੇ ਦੀਆਂ ਪੰਡਾਂ ਤਕ ਸੀਮਤ ਨਹੀਂ, ਇਹ ਖੇਤੀ ਦੀਆਂ ਜ਼ਮੀਨਾਂ ਉੱਤੇ ਕਬਜ਼ੇ ਅਤੇ ਖੇਤੀ ਦੀ ਹੋਂਦ ਨਾਲ ਜੁੜਿਆ ਸਵਾਲ ਵੀ ਹੈ। ਇਸ ਦੇ ਨਾਲ ਹੀ ਜੁੜਿਆ ਸਵਾਲ ਹੈ ਕਿ ਖੇਤੀ ਦੇ ਭਵਿੱਖ ਨਾਲ ਜ਼ਮੀਨ ਤੋਂ ਵਾਂਝੇ ਰੱਖੇ ਗਏ ਖੇਤ ਮਜ਼ਦੂਰ ਵੀ ਜੁੜੇ ਹਨ, ਅਤੇ ਨਾਲ ਹੀ ਜੁੜਿਆ ਹੈ ਦਲਿਤ ਖੇਤ ਮਜ਼ਦੂਰ ਔਰਤਾਂ ਦਾ ਭਵਿੱਖ। ਕਿਸਾਨੀ ਸੰਕਟ ਸਾਡੇ ਪੂਰੇ ਸਮਾਜ ਤੇ ਨਸੂਰ ਬਣਕੇ ਉੱਗ ਚੁੱਕਾ ਹੈ ਅਤੇ ਇਸ ਦੀ ਪੀੜ ਦਲਿਤ ਮਜ਼ਦੂਰ ਔਰਤਾਂ ਵੀ ਝੱਲ ਰਹੀਆਂ ਹਨ। 

ਅੱਜ ਖੇਤੀ-ਜ਼ਮੀਨੀ ਸੰਬੰਧਾਂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਅਤੇ ਡਵੈਲਪਮੈਂਟ ਪ੍ਰੋਜੈਕਟਾਂ ਦੀ ਵਜ੍ਹਾ ਨਾਲ ਜ਼ਮੀਨ ਦੀ ਵਰਤੋਂ ਵੀ ਬਦਲ ਰਹੀ ਹੈ। ਬਹੁਤ ਥਾਵਾਂ ਤੇ ਕਿਸਾਨਾਂ ਦੀਆਂ ਨਿੱਜੀ ਜ਼ਮੀਨਾਂ ਪ੍ਰੋਜੈਕਟਾਂ ਥੱਲੇ ਆ ਰਹੀਆਂ ਹਨ ਅਤੇ ਉਹ ਜਾਇਜ਼ ਮੁਆਵਜ਼ੇ ਤੇ ਵਟਾਵੀਂ ਜ਼ਮੀਨ ਲਈ ਜੱਦੋਜਹਿਦ ਵੀ ਕਰ ਰਹੇ ਹਨ। ਪਰ ਨਵੇਂ ਧੱਕੇ ਜਾ ਰਹੇ ਜ਼ਮੀਨ ਪ੍ਰਾਪਤੀ ਕਾਨੂੰਨ, ਅਤੇ ਸ਼ਾਮਲਾਟ ਅਤੇ ਪੰਚਾਇਤੀ ਜ਼ਮੀਨਾਂ ਉੱਤੇ ਉਦਯੋਗ ਸਥਾਪਤ ਕਰਨ ਲਈ ਕ਼ਾਨੂੰਨ ਵਿਚ ਸੋਧਾਂ ਨਾਲ ਪੇਂਡੂ ਦਲਿਤ ਵਰਗ ਦਾ ਪਿੰਡਾਂ ਦੀ ਇੱਕ ਤਿਹਾਈ ਸ਼ਾਮਲਾਟ ਜ਼ਮੀਨਾਂ ਤੇ ਬੋਲੀ ਦੇਣ ਦੇ ਹੱਕ ਤੇ ਵੀ ਡੂੰਘਾ ਅਸਰ ਪੈ ਰਿਹਾ ਹੈ। ਪਿੰਡ ਵਿਚ ਰੋਜ਼ਗਾਰ ਦੇ ਵਸੀਲੇ ਅਤੇ ਜ਼ਮੀਨਾਂ ਘਟਣ ਨਾਲ ਖੇਤ ਮਜ਼ਦੂਰ ਹਮੇਸ਼ਾ ਵਾਸਤੇ ਦਿਹਾੜੀਦਾਰ ਮਜ਼ਦੂਰ ਵਿੱਚ ਤਬਦੀਲ ਹੋ ਚੁੱਕੇ ਹਨ। ਆਦਮੀ ਸ਼ਹਿਰਾਂ ਵਿੱਚ ਦਿਹਾੜੀਆਂ ਕਰਨ ਤੇ ਮਜ਼ਬੂਰ ਹਨ ਤੇ ਮਗਰ ਰਹਿ ਜਾਂਦੀਆਂ ਹਨ ਮਜ਼ਦੂਰ ਔਰਤਾਂ ਕਿਸੇ ਤਰੀਕੇ ਡੰਗ ਟਪਾਉਣ ਨੂੰ।  


ਖੇਤ ਮਜ਼ਦੂਰ ਔਰਤਾਂ ਵਾਸਤੇ ਰੋਜ਼ਗਾਰ ਦੀ ਬੇਹੱਦ ਕਮੀ ਹੈ। ਸਾਡੇ ਸਰਵੇ ਦਸਦੇ ਹਨ ਕਿ ਪੰਜਾਬ ਵਿੱਚ ਔਰਤ ਖੇਤ ਮਜ਼ਦੂਰ ਨੂੰ ਸਾਲ ਭਰ ਵਿਚ ਵੱਧ ਤੋਂ ਵੱਧ 150 ਦਿਹਾੜੀਆਂ ਦਾ ਖੇਤੀ ਅੰਦਰਲਾ ਕੰਮ ਮਿਲਦਾ ਹੈ ਤੇ ਔਸਤਨ ਦਿਹਾੜੀ ਸਰਕਾਰੀ ਨਿਊਨਤਮ ਉਜਰਤ ਤੋਂ ਕਿਤੇ ਥੱਲੇ ਮਿਲਦੀ ਹੈ। ਇਹ ਦਿਹਾੜੀ ਮਜ਼ਦੂਰ ਮਰਦ ਨੂੰ ਮਿਲਦੀ ਦਿਹਾੜੀ ਤੋਂ ਵੀ ਘੱਟ ਹੈ। ਇਸੇ ਲਈ ਮਜ਼ਦੂਰ ਔਰਤਾਂ ਬਹੁਤ ਹੀ ਘੱਟ ਉਜਰਤ ਵਾਲੇ, ਹੱਡ ਭੰਨਵੇਂ, ਮਾੜੇ ਮੋਟੇ ਕਿੱਤਿਆਂ ਵਿੱਚ ਹੀ ਪੀਸੀਆਂ ਜਾ ਰਹੀਆਂ ਨੇ। ਉਨ੍ਹਾਂ ਦੇ ਕਿੱਤਿਆਂ ਦਾ ਕੋਈ ਮੁੱਲ ਨਹੀਂ ਹੈ ਕਿਓਂਕਿ ਗੋਹਾ-ਕੂੜਾ, ਪਸ਼ੂਆਂ ਦੀ ਸਾਂਭ ਸੰਭਾਲ ਤੇ ਸਾਫ਼ ਸਫ਼ਾਈ ਭਾਵੇਂ ਹੱਡ ਭੰਨਵੀਂ ਮਜ਼ਦੂਰੀ ਹੈ ਪਰ ਇਸ ਨੂੰ ਘਰ ਦੇ ਕੰਮ ਦਾ ਵਿਸਤਾਰ ਹੀ ਸਮਝਿਆ ਜਾਂਦਾ ਹੈ, ਜੋ ਔਰਤ ਦੇ ਹਿੱਸੇ ਆਇਆ ਹੈ ਪਰ ਇਸ ਦਾ ਮਜ਼ਦੂਰ ਮੰਡੀ ਵਿੱਚ ਕੋਈ ਮੁੱਲ ਨਹੀਂ। ਹਰ ਮਜ਼ਦੂਰ ਔਰਤ, ਮਜ਼ਦੂਰ ਮੰਡੀ ਵਿੱਚ ਇਸ ਕਸਰ ਨਾਲ ਦਾਖਲ ਹੁੰਦੀ ਹੈ ਤੇ ਦਲਿਤ ਮਜ਼ਦੂਰ ਔਰਤ ਇਸਦੇ ਨਾਲ ਆਪਣੀ ਜਾਤ ਦੀ ਕਸਰ ਵੀ ਝਲਦੀ ਹੈ। ਦਲਿਤ ਔਰਤਾਂ ਦੇ ਕੰਮ  ਦੀ ਕੀਮਤ ਏਨੀ ਘਟ ਚੁਕੀ ਹੈ ਕਿ ਮਜ਼ਦੂਰ ਮੰਡੀ ਵਿੱਚ ਉਸ ਦੀ ਹੈਸੀਅਤ ਬਹੁਤ ਨਿਗੂਣੀ ਰਹਿ ਗਈ ਹੈ। ਜ਼ਮੀਨ ਅਤੇ ਹੋਰ ਵਸੀਲਿਆਂ ਦੇ ਮਾਲਕਾਂ ਦੀ ਭੈੜੀ ਨਜ਼ਰ, ਅਸ਼ਲੀਲ ਬੋਲ, ਜਿਨਸੀ ਹਮਲੇ, ਜ਼ਮੀਨ ਮਾਲਕਾਂ ਦੀ ਅੰਨ੍ਹੀ ਵਧਦੀ ਤਾਕਤ ਅਤੇ ਮਜ਼ਦੂਰ ਔਰਤਾਂ ਦੀ ਖੁਰੀ ਹੈਸੀਅਤ ਅਤੇ ਨਿਘਰਦੀ ਹਾਲਤ ਦਾ ਹੀ ਨਤੀਜਾ ਹੈ। ਦਲਿਤ ਔਰਤ ਦੇ ਸਮਾਜਕ ਨਿਘਾਰ ਦਾ ਇੱਕ ਚਿੰਤਾਜਨਕ ਉਦਾਹਰਣ “ਵਾਅਦਿਆਂ ਨੂੰ ਅਮਲ ਵਿੱਚ ਲਿਆਉਣਾ: 2030 ਦੇ ਏਜੰਡੇ ਵਿੱਚ ਲਿੰਗ ਸਮਾਨਤਾ” ਨਾਂ ਦੀ ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ। 2018 ਦੀ ਇਹ ਰਿਪੋਰਟ ਕਹਿੰਦੀ ਹੈ ਕਿ ਭਾਰਤ ਵਿਚ ਦਲਿਤ ਔਰਤ ਦੀ ਔਸਤਨ ਉਮਰ ਉੱਚ ਜਾਤੀ ਦੀਆਂ ਔਰਤਾਂ ਤੋਂ 14.6 ਸਾਲ ਘੱਟ ਹੈ। ਇਸ ਅੰਕੜੇ ਨੂੰ ਅਸੀਂ ਕਿਵੇਂ ਸਮਝਦੇ ਹਾਂ? ਕੌਣ ਖਾ ਗਿਆ ਹੈ ਦਲਿਤ ਔਰਤਾਂ ਦੀ ਉਮਰ ਦੇ 14 ਸਾਲ 6 ਮਹੀਨੇ? ਕਿਉਂ ਸਰਕਾਰ ਜਵਾਬਦੇਹ ਨਹੀਂ? ਕਿਉਂ ਨੀਤੀਘਾੜਿਆਂ ਨੂੰ ਸ਼ਰਮ ਨਹੀਂ ਆਉਂਦੀ? ਕਿਉਂ ਸਾਡਾ ਸਮਾਜ ਸ਼ਰਮਿੰਦਾ ਨਹੀਂ?


ਦਲਿਤ ਖੇਤ ਮਜ਼ਦੂਰ ਔਰਤਾਂ ਸਚਮੁਚ ਕਿਸੇ ਦੇ ਚਿੱਤ ਚੇਤੇ ਨਹੀਂ। ‘ਹਰੇ ਇਨਕਲਾਬ’ ਦੇ ਆਉਣ ਨਾਲ ਖੇਤ ਮਜ਼ਦੂਰ ਔਰਤਾਂ ਨਾਲ ਕੀ ਬੀਤੀ, ਉਨ੍ਹਾਂ ਦੇ ਰੋਜ਼ਗਾਰ ਦੇ ਵਸੀਲੇ ਕਿਵੇਂ ਅਲੋਪ ਹੋ ਗਏ, ਉਹ ਗੁਜ਼ਾਰਾ ਕਿਵੇਂ ਕਰ ਰਹੀਆਂ ਨੇ, ਦਲਿਤ ਬੱਚੀਆਂ ਦੀ ਸਿਖਿਆ ਅਤੇ ਅੱਗੇ ਵਧਣ ਦੇ ਕੀ ਰਾਹ ਹਨ, ਕਿਸੇ ਨੀਤੀਘਾੜੇ ਜਾਂ ਸਰਕਾਰ ਨੇ ਨਾ ਇਹ ਸਵਾਲ ਪੁੱਛੇ ਅਤੇ ਨਾ ਹੀ ਕੋਈ ਹੀਲੇ ਕੱਢੇ। ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਸਵਾਲ ਉੱਠੇ ਹੀ ਨਹੀਂ। ਪੰਜਾਬ ਵਿੱਚ ਇਹ ਸਵਾਲ ਲੋਕ ਜਮਹੂਰੀ ਸੱਭਿਆਚਾਰਕ ਅਤੇ ਸਿਆਸੀ ਪਿੜ੍ਹਾਂ ਵਿੱਚ ਪੂਰੀ ਤਰਾਂ ਖੁੱਲ੍ਹੇ। ਇਹ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਤੇ ਗੀਤਾਂ ’ਚ ਗੂੰਜੇ ਜਿਨ੍ਹੇ ਮਜ਼ਦੂਰ ਧੀਆਂ ਤੇ ਗੀਤ ਸਿਰਜੇ, ਵਗਦੇ ਨੱਕ, ਚੁੰਨੀਆਂ ਅੱਖਾਂ ਤੇ ਕਰੇੜੇ ਦੰਦਾਂ ਨੂੰ ਆਪਣੇ ਗੀਤਾਂ ਵਿੱਚ ਸ਼ਾਮਲ ਕੀਤਾ, ਅਤੇ ਸੂਰਜ ਨੂੰ ਵਿਹੜਿਆਂ ਵਿਚ ਮਘਦੇ ਰਹਿਣ ਦਾ ਹੋਕਾ ਦਿੱਤਾ। ਇਹ ਗੁਰਸ਼ਰਨ ਸਿੰਘ ਦੇ ਨਾਟਕਾਂ ਰਾਹੀਂ ਸਾਹਮਣੇ ਆਏ। ਇਹ ਸਵਾਲ ਮਜ਼ਦੂਰ ਯੂਨੀਅਨਾਂ ਦੇ ਹਵਾਲਿਆਂ ਵਿਚ ਉੱਭਰੇ।  


ਹਾਲ ਵਿੱਚ ਦਲਿਤ ਔਰਤਾਂ ਦਾ ਜਾਤ ਅਧਾਰਤ ਜਿਨਸੀ ਤਸ਼ੱਦਦ, ਭੋਂ ਤੇ ਹੋਰ ਵਸੀਲਿਆਂ ਤੋਂ ਬੇਦਖਲੀ, ਸਵੈਮਾਨ ਨੂੰ ਸੱਟ, ਅਤੇ ਜ਼ਮੀਨ ਪ੍ਰਾਪਤੀ ਵਰਗੇ ਮਸਲੇ, ਜਥੇਬੰਧਕ ਟਾਕਰੇ ਦਾ ਆਧਾਰ ਬਣੇ ਹਨ। ਇਨ੍ਹਾਂ ਸਾਰੇ ਘੋਲਾਂ ਨਾਲ ਦਲਿਤ ਮਜ਼ਦੂਰ ਔਰਤ, ਤੇ ਖਾਸ ਕਰਕੇ ਨਵੀਂ ਪੀੜ੍ਹੀ ਨੇ ਸਿਆਸੀ ਪਿੜ ਵਿੱਚ ਦਸਤਕ ਦਿੱਤੀ ਹੈ। ਨੌਦੀਪ ਕੌਰ ਤੇ ਰਾਜਵੀਰ ਕੌਰ ਵਰਗੀਆਂ ਬਹਾਦਰ ਨੌਜਵਾਨ ਔਰਤਾਂ ਹੱਕ ਇਨਸਾਫ਼ ਦੀ ਜੰਗ ਵਿਚ ਸ਼ਾਮਲ ਹੋਈਆਂ ਹਨ। ਅੱਜ ਲੋੜ ਹੈ ਕਿ ਦਲਿਤ ਔਰਤ ਦਾ ਸੰਦਰਭ ਅਤੇ ਉਸ ਦੇ ਕਿੱਤੇ ਨਾਲ ਜੁੜੀਆਂ ਮੰਗਾਂ ਜਿਵੇਂ ਸ਼ਾਮਲਾਟ ਜ਼ਮੀਨ ਅਤੇ ਨਿਊਨਤਮ ਉਜਰਤ ਦਾ ਬਰਾਬਰ ਹੱਕ, ਖੇਤ ਮਜ਼ਦੂਰੀ ਦੀਆਂ ਵਾਜਬ ਦਰਾਂ, ਘਰ ਪਾਉਣ ਲਈ ਜ਼ਮੀਨ, ਮਜ਼ਦੂਰ ਖੁਦਕੁਸ਼ੀਆਂ ਲਈ ਮੁਆਵਜ਼ੇ ਅਤੇ ਲੈਂਡ ਸੀਲਿੰਗ ਐਕਟ ਅਧੀਨ ਜ਼ਮੀਨ ਦੀ ਮੁੜ ਵੰਡ, ਮਜ਼ਦੂਰ ਕਿਸਾਨ ਘੋਲ ਅੰਦਰ ਇਮਾਨਦਾਰੀ ਨਾਲ ਖੋਲ੍ਹੀਆਂ ਜਾਣ ਅਤੇ ਉਠਾਈਆਂ ਜਾਣ। ਸ਼ਾਨਾਮੱਤੇ ਮੌਜੂਦਾ ਕਿਸਾਨ ਘੋਲ ਵਿੱਚੋਂ ਉੱਭਰੇ ਇੱਕ ਨਵੇਂ ਸਮਾਜ ਦੀ ਕਲਪਨਾ ਇਨ੍ਹਾਂ ਮੰਗਾਂ ਨਾਲ ਸਿੱਧੇ ਤੌਰ ਤੇ ਜੁੜੀ ਹੈ।