ਤਾਨਾਸ਼ਾਹ ਡਰਦਾ ਹੈ

ਸੰਗੀਤ ਤੂਰ
    
Read in English
ਤਾਨਾਸ਼ਾਹ ਸਭ ਤੋਂ ਡਰਦਾ ਹੈ। ਪਰ ਸਬ ਤੋਂ ਵੱਧ ਭੈਅਭੀਤ ਓਹਨੂੰ ਕੁੜੀਆਂ ਕਰਦੀਆਂ ਨੇ। ਦਿੱਲੀ ਪੁਲਿਸ ਨੇ 17 ਸਾਲਾਂ ਦੀ ਗਰੇਟਾ ਥਨਬਰਗ ਤੇ ਪਰਚਾ ਪਾ ਕੇ ਆਪਣੀ ਬੌਣੀ ਸੋਚ ਨੂੰ ਤੇ ਸੈਂਟਰ ਸਰਕਾਰ ਦੀ ਬੁਜ਼ਦਿਲੀ ਨੂੰ ਜੱਗ ਜਾਹਰ ਕੀਤਾ ਹੈ। ਇਕ ਫਰਵਰੀ ਨੂੰ ਭਾਰਤ ਸਰਕਾਰ ਨੇ ਨਵਪ੍ਰੀਤ ਸਿੰਘ ਦੀ ਦਿੱਲੀ ਪੁਲਿਸ ਵੱਲੋਂ ਗੋਲੀ ਮਾਰ ਕੇ ਕੀਤੀ ਹੱਤਿਆ ਨੂੰ ਨਸ਼ਰ ਕਰ ਰਹੇ ਖ਼ਬਰ ਅਦਾਰਿਆਂ ਤੇ ਪੱਤਰਕਾਰਾਂ ਤੇ ਪਰਚੇ ਪਾਏ ਤੇ ਓਹਨਾ ਦੇ ਟਵਿੱਟਰ ਅਕਾਊਂਟ ਬੰਦ ਕਰਾਏ। 3 ਫਰਵਰੀ ਨੂੰ ਗਰੇਟਾ ਤੇ ਫਿਰ ਰਿਹਾਨਾ ਤੇ ਹੋਰ ਹਸਤੀਆਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿਚ ਟਵੀਟ ਪਾਏ ਗਏ।  ਦਮਗਜੇ ਮਾਰਨ ਵਾਲੀ ਸਰਕਾਰ ਦੋ ਕੁੜੀਆਂ ਦੇ ਦੋ ਟਵੀਟ ਤੋਂ ਮਿੰਟੋ ਮਿੰਟੀ ਕੰਬ ਉਠੀ। ਕੱਚ ਦੇ ਮਹਿਲਾਂ ਚ ਰਹਿਣ ਵਾਲੇ ਨੂੰ ਕੁੜੀਆਂ ਦੇ ਚਾਰ ਅੱਖਰ ਪੱਥਰਾਂ ਵਾਂਗੂ ਵੱਜੇ।

ਤਾਨਾਸ਼ਾਹ ਹਵਾ ਦੇ ਬੁੱਲਿਆਂ ਤੋਂ ਕੰਬਦਾ ਹੈ। ਮਤੇ ਚੰਗੀ ਭਲੀ ਚਲਦੀ ਹਵਾ ਹਨ੍ਹੇਰੀ ਨਾ ਬਣ ਉਠੇ। 2019 ਵਿੱਚ ਸਵੀਡਨ ਦੀ ਗਰੇਟਾ ਯੂ ਐਨ ਦੀ ਨਿਊ ਯੌਰਕ ਵਿਚ ਹੋਈ ਕਾਨਫਰੈਂਸ ਚ ਬੋਲੀ। "ਤੁਹਾਡੀ ਹਿੰਮਤ ਕਿਵੇਂ ਹੋਈ? ਤੁਸੀਂ ਮੇਰੇ ਸੁਪਨੇ ਤੇ ਮੇਰਾ ਬਚਪਨ ਆਪਣੇ ਖੋਖਲੇ ਸ਼ਬਦਾਂ ਨਾਲ਼ ਖੋਹਿਆ ਹੈ।" ਉਸ ਵਕਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲ਼ਡ ਟਰੰਪ ਨੇ ਜਵਾਬ ਵਿੱਚ ਟਵੀਟ ਕੀਤਾ, "ਨਿੱਕੀ ਅਤੇ ਪਿਆਰੀ ਕੁੜੀ ਇੱਕ ਬਹੁਤ ਖੁਸ਼ਹਾਲ ਭਵਿੱਖ ਦੀ ਆਸ ਰੱਖਦੀ ਹੈ।" ਇਹ ਲਾ ਕੇ ਦਿੱਤਾ ਗਿਆ ਜਵਾਬ ਸੀ। ਨਰੇਂਦਰ ਮੋਦੀ ਵਾਂਗੂ ਉਹ ਬਹਾਨੇ ਘੜ ਕੇ ਪਰਚੇ ਨ੍ਹੀਂ ਸੀ ਪਵਾ ਸਕਦਾ। ਉਹ ਗਰੇਟਾ ਨੂੰ ਸ਼ਰਮਸਾਰ ਕਰਨਾ ਚਾਹੁੰਦਾ ਸੀ। ਓਹਨੂੰ ਚੁੱਪ ਕਰਾਉਣਾ ਚਾਹੁੰਦਾ ਸੀ। ਪਰ ਉਹ ਡਟੀ ਰਹੀ। ਤਾਨਾਸ਼ਾਹ ਅੱਜ ਕੋਈ ਹੋਰ ਹੈ ਤੇ ਉਹ ਅੱਜ ਵੀ ਡਟੀ ਹੋਈ ਹੈ।