ਤੇ ਫੇਰ ਮੈਂ ਵਾਪਿਸ ਆ ਗਈ

ਨਵਨੀਤ ਕੌਰ (ਉੱਤਰਾਖੰਡ)
    
Read in English

ਮੈਂ 20 ਦਿਨ ਪਹਿਲਾਂ ਉੱਤਰਾਖੰਡ ਤੋਂ ਆਪਣੀ ਭੈਣ ਅਤੇ ਮਾਂ ਨਾਲ਼ ਇਸ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ ਆਈ ਸੀ। ਇੱਥੇ ਆਉਣ ਤੋਂ ਬਾਅਦ ਮੈਂ ਇੱਥੋਂ ਵਾਪਿਸ ਨਹੀਂ ਜਾ ਸਕੀ। ਜਦੋਂ ਮੇਰੇ ਭਰਾ ਨੇ ਇਸ ਅੰਦੋਲਨ ਦੀ ਸ਼ਰੂਆਤ ਵਿੱਚ ਮੈਨੂੰ ਇਹਨਾਂ ਤਿੰਨ ਖੇਤੀ ਕਾਨੂੰਨਾਂ ਬਾਰੇ ਦੱਸਿਆ, ਮੈਂ ਉਦੋਂ ਤੋ ਹੀ ਇਸ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦੀ ਸੀ। 26 ਜਨਵਰੀ ਤੱਕ ਅੰਦੋਲਨ ਸ਼ਾਂਤਮਈ ਚੱਲ ਰਿਹਾ ਸੀ। 26 ਜਨਵਰੀ ਨੂੰ ਜਦੋਂ ਲੋਕ ਭਟਕ ਕੇ ਦਿੱਲੀ ਵੱਲ ਨੂੰ ਚਲੇ ਗਏ ਅਤੇ ਪੂਰੇ ਮੀਡੀਆ ਨੇ ਇਸ ਅੰਦੋਲਨ ਦਾ ਰੂਪ ਬਦਲ ਦਿੱਤਾ, ਇਹਦੇ ਨਾਲ਼ 26 ਜਨਵਰੀ ਦੇ ਮਾਰਚ ਦੀਆ ਘਟਨਾਵਾਂ ਤੋਂ ਬਾਅਦ ਗਾਜ਼ੀਪੁਰ ਵਿੱਚ ਇੱਕ ਦੁੱਖ ਭਰੀ ਖਾਮੋਸ਼ੀ ਛਾਈ ਰਹੀ। ਸ਼ਾਮ ਨੂੰ ਕੁਝ ਲੋਕ ਵਾਪਿਸ ਗਾਜ਼ੀਪੁਰ ਤੋਂ ਆਪਣੇ ਘਰਾਂ ਵੱਲ ਜਾ ਰਹੇ ਸਨ ਤਾਂ ਮੈਂ ਤੇ ਮੇਰੀ ਸਹੇਲੀ ਰਾਜਪਾਲ ਕੌਰ (ਹਰਿਆਣਾ ਤੋਂ) ਨੇ ਬਹੁਤ ਲੋਕਾਂ ਨੂੰ ਰੋਕ ਕੇ ਉਹਨਾਂ ਨੂੰ ਅੰਦੋਲਨ ਵਿੱਚ ਰੁਕਣ ਲਈ ਕਿਹਾ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਇਹ ਅੰਦੋਲਨ ਉਹਨਾਂ ਦੇ ਜਾਣ ਨਾਲ਼ ਕਮਜ਼ੋਰ ਪੈ ਜਾਵੇਗਾ। ਪਰ ਫਿਰ ਵੀ ਲੋਕ ਅਲੱਗ-ਅਲੱਗ ਕਾਰਣਾਂ ਕਰਕੇ ਵਾਪਿਸ ਜਾਂਦੇ ਰਹੇ। ਅਤੇ ਰਾਤ ਤੱਕ ਲੋਕਾਂ ਦੀ ਗਿਣਤੀ ਵਿੱਚ ਕਾਫੀ ਕਮੀ ਆ ਗਈ।

27 ਜਨਵਰੀ ਦਾ ਦਿਨ ਵੀ ਏਸੇ ਤਰ੍ਹਾਂ ਅਟਕਲਾਂ ਵਿੱਚ ਗੁਜ਼ਰਿਆ। ਦਿਨ ਭਰ ਜਿੱਥੇ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਅੰਦੋਲਨ ਦੇ ਖਿਲਾਫ਼ ਪ੍ਰਚਾਰ ਹੁੰਦਾ ਰਿਹਾ, ਗਾਜ਼ੀਪੁਰ ਦੇ ਲੋਕ ਹੋਰ ਚੌਕੰਨੇ ਹੋਣ ਲੱਗੇ। ਰਾਤ ਨੂੰ ਬਹੁਤ ਲੋਕਾਂ ਨੇ ਪਹਿਰਾ ਦਿੱਤਾ, ਅਤੇ ਅਸੀਂ ਔਰਤਾਂ ਨੇ ਵੀ ਬੈਠ ਕੇ ਰਾਤ ਕੱਢੀ। ਪਰ 28 ਜਨਵਰੀ ਦੀ ਸ਼ਾਮ ਜਦੋਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਜਦੋਂ ਆਤਮ ਸਮਰਪਣ ਦੀ ਗੱਲ ਆਖੀ ਤਾਂ ਅੰਦੋਲਨ ਵਾਲੀ ਥਾਂ ਉੱਤੇ ਹੜਬੜੀ ਜਿਹੀ ਮੱਚ ਗਈ। ਬਹੁਤ ਸਾਰੇ ਲੋਕਾਂ ਨੂੰ ਇਹ ਅੰਦੋਲਨ ਸਮਾਪਤ ਹੁੰਦਾ ਨਜ਼ਰ ਆਇਆ। ਇਸੇ ਉਧੇੜ-ਬੁਣ ਵਿੱਚ ਸਾਨੂੰ ਅਤੇ ਹੋਰ ਮਹਿਲਾ ਅੰਦੋਲਨਕਾਰੀਆਂ ਨੂੰ ਪਰਿਵਾਰ ਵਾਲਿਆਂ ਨੇ ਸੁਰੱਖਿਆ ਕਾਰਣਾਂ ਦੇ ਮੱਦੇਨਜ਼ਰ ਵਾਪਸ ਜਾਣ ਨੂੰ ਕਿਹਾ। ਮੈਂ ਇੱਥੇ ਰੁਕਣਾ ਚਾਹੁੰਦੀ ਸੀ ਅਤੇ ਸਾਰਿਆਂ ਦੇ ਨਾਲ਼ ਇਸ ਅੰਦੋਲਨ ਲਈ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ਼ ਲੜਨਾ ਚਾਹੁੰਦੀ ਸੀ, ਪਰ ਅੰਦੋਲਨ ਵਿੱਚ ਮੌਜੂਦ ਜਾਣਕਾਰਾਂ ਦੀ ਹਿਦਾਇਤ ਅਨੁਸਾਰ (ਸੁਰੱਖਿਆ ਕਾਰਣਾਂ ਕਰਕੇ) ਮੈਂ, ਮੇਰੀ ਭੈਣ, ਮੇਰੀ ਮਾਂ ਅਤੇ ਕੁਝ ਹੋਰ ਲੋਕ ਸ਼ਾਮ ਦੇ ਲੱਗਭਗ 7.00 ਵਜੇ ਗਾਜ਼ੀਪੁਰ ਤੋਂ ਉੱਤਰਾਖੰਡ ਲਈ ਇੱਕ ਟਰਾਲੀ ਵਿੱਚ ਨਿਕਲੇ। ਰਸਤੇ ਵਿੱਚ ਸਭ ਚੁੱਪ ਸਨ ਅਤੇ ਸਹਿ ਯਾਤਰੀ ਸਾਨੂੰ ਲਗਾਤਾਰ ਚੁੱਪ ਰਹਿਣ ਦੀ ਅਤੇ ਰਸਤੇ ਵਿੱਚ ਕਿਸੇ ਨੂੰ ਵੀ ਸਾਡੇ ਮੋਰਚੇ ਵਿੱਚ ਸ਼ਾਮਿਲ ਹੋਣ ਦੀ ਗੱਲ ਨਾ ਦੱਸਣ ਦੀ ਹਿਦਾਇਤ ਦੇ ਰਹੇ ਸਨ। ਪਰ ਜਦੋਂ ਮੈਨੂੰ ਅੱਧੀ ਰਾਤ ਗਾਜ਼ੀਪੁਰ ਬਾਡਰ ਤੋਂ ਆਪਣੇ ਜਾਣਕਾਰਾਂ ਤੋਂ ਇਹ ਪਤਾ ਲੱਗਿਆ ਕਿ ਅੰਦੋਲਨ ਚੱਲੇਗਾ ਅਤੇ ਟਿਕੈਤ ਸਮਰਪਣ ਨਹੀਂ ਦੇਣਗੇ, ਤਾਂ ਟਰਾਲੀ ਵਿੱਚ ਸਵਾਰ ਇੱਕ ਬਜ਼ੁਰਗ ਨੇ ਵਾਪਿਸ ਗਾਜ਼ੀਪੁਰ ਜਾਣ ਦੀ ਇੱਛਾ ਜ਼ਾਹਿਰ ਕੀਤੀ। ਮੈਂ ਵੀ ਵਾਪਿਸ ਆਉਣਾ ਚਾਹੁੰਦੀ ਸੀ ਤਾਂ ਅਸੀ ਟ੍ਰੈਕਟਰ ਵਾਲੇ ਨੂੰ ਰਸਤੇ ਵਿੱਚੋਂ ਦਿੱਲੀ ਜਾਣ ਵਾਲੀ ਬੱਸ ਵਿੱਚ ਸਾਨੂੰ ਚੜ੍ਹਾਉਣ ਨੂੰ ਕਿਹਾ। ਟ੍ਰੈਕਟਰ-ਚਾਲਕ ਰਾਤ ਨੂੰ ਮੈਨੂੰ ਬੱਸ ਚੜ੍ਹਾਉਣ ਤੋਂ ਹਿਚਕਚਾ ਰਿਹਾ ਸੀ। ਮੈਂ ਉਹਨਾਂ ਨੂੰ ਦੱਸਿਆ ਕਿ ਮੇਰੀ ਮਾਂ ਵੀ ਮੇਰੇ ਵਾਪਿਸ ਜਾਣ ਤੇ ਰਾਜ਼ੀ ਹੈ। ਫਿਰ ਆਖਿਰਕਾਰ ਰਸਤੇ ਵਿੱਚ ਦਿੱਲੀ ਵਾਲੇ ਪਾਸਿਉਂ ਆਉਣ ਵਾਲੀ ਉੱਤਰ ਪ੍ਰਦੇਸ਼ ਰਾਜ ਸੜਕ ਪਰਿਵਾਹਨ ਨਿਗਮ ਦੀ ਬੱਸ ਲੈ ਕੇ ਮੈਂ ਅਤੇ ਉਹ ਬਜ਼ੁਰਗ ਰਾਤ ਨੂੰ 2.00 ਵਜੇ ਵਾਪਿਸ ਗਾਜ਼ੀਪੁਰ ਅੱਪੜੇ। ਉਸ ਰਾਤ ਮੈਂ ਇੱਥੇ ਇਕੱਲੀ ਔਰਤ ਸੀ। ਮੈਂ ਉਸ ਦਿਨ ਤੋਂ ਲਗਾਤਾਰ ਇੱਥੇ ਹਾਂ, ਅੱਗੇ ਵੀ ਰਹਾਂਗੀ, ਕਿਉਂਕਿ ਮੈਨੂੰ ਦੇਖਕੇ ਇੱਥੇ ਹੋਰ ਔਰਤਾਂ ਆਉਣਗੀਆਂ ਅਤੇ ਉਹਨਾਂ ਨੂੰ ਦੇਖਕੇ ਕੁਝ ਹੋਰ। ਇਸ ਤਰ੍ਹਾਂ ਨਾਲ਼ ਸਾਡਾ ਅੰਦੋਲਨ ਵੀ ਅੱਗੇ ਵਧੇਗਾ ਅਤੇ ਇਸ ਵਿੱਚ ਔਰਤਾਂ ਦੀ ਗਿਣਤੀ ਅਤੇ ਹਿੱਸੇਦਾਰੀ ਵੀ ਵਧੇਗੀ।