ਅੱਖੀਂ ਦੇਖਿਆ ਨਜ਼ਾਰਾ

ਸਰਗਮ ਤੂਰ, ਨਵੀਂ ਦਿੱਲੀ
    
Read in English
26 ਜਨਵਰੀ 2021 ਨੂੰ ਮੈਂ ਤੇ ਮੇਰੀ ਸਹੇਲੀ ਨੇ ਟ੍ਰੈਕਟਰ ਮਾਰਚ ‘ਚ ਹਿੱਸਾ ਲੈਣ ਦਾ ਪਲੈਨ ਬਣਾਇਆ। ਅਸੀਂ ਦੋਵੇਂ ਸਾਊਥ ਦਿੱਲੀ ਵਿੱਚ ਰਹਿੰਦੇ ਹਾਂ ਅਤੇ ਕਿਸਾਨੀ ਅੰਦੋਲਨ ਨਾਲ਼ ਜੁੜੇ ਹੋਏ ਹਾਂ, ਇਸ ਲਈ ਕਾਫ਼ੀ ਉਤਸ਼ਾਹਿਤ ਵੀ ਸਾਂ। ਠੀਕ 9 ਵਜੇ ਮੈਂ ਊਬਰ ਟੈਕਸੀ ਕਰਾਈ ਅਤੇ ਆਪਣੀ ਸਹੇਲੀ ਨੂੰ ਰਸਤੇ ‘ਚੋਂ  ਲੈ ਕੇ ਟਿਕਰੀ ਵੱਲ ਨੂੰ ਚਾਲੇ ਪਾਏ। ਊਬਰ ਪਿੰਡਾਂ ਦੇ ਰਸਤੇ ਤੋਂ ਜਾ ਰਹੀ ਸੀ, ਤੇ ਠੀਕ ਨਜ਼ਫ਼ਗੜ੍ਹ ਸੜਕ ਤੇ ਚੜ੍ਹਨ ਵਾਲੇ ਪੁਆਇੰਟ ਤੇ ਪੁਲਿਸ ਨੇ ਬੈਰੀਕੇਡ ਲਾਏ ਹੋਏ ਸੀ। ਅਸੀਂ ਊਬਰ ਨੂੰ ਅੱਧੇ ਘੰਟੇ ਦੇ ਕਰੀਬ ਆਏਂ ਹੀ ਪਿੰਡਾਂ ਵਿਚ ਦਵੱਲਿਆ, ਨੈਵੀਗੇਸ਼ਨ ਆਪਣੇ ਹੱਥ ‘ਚ ਲਈ ਪਰ 4-5 ਹੋਰ ਬੈਰੀਕੇਡ ਤੇ ਰੋਕੇ ਜਾਣ ਕਰਕੇ ਅਖੀਰ 11 ਵਜੇ ਹੱਥ ਖੜ੍ਹੇ ਕੀਤੇ ਤੇ ਪੈਦਲ ਹੀ ਟੁਰ ਪਏ। ਅਸੀਂ ਨਾਂਗਲੋਈ-ਨਜ਼ਫ਼ਗੜ੍ਹ ਸੜਕ ਤੇ ਵਸਦੇ ਪਿੰਡ ਬਾਪਰੋਲਾ ਚੋਂ ਨਿਕਲ ਰਹੇ ਸੀ। ਇਹ ਸੜਕ ਟ੍ਰੈਕਟਰ ਮਾਰਚ ਦੇ ਰੂਟ ਤੇ ਸੀ ਅਤੇ ਅਜੇ ਪਰੇਡ ਸ਼ੁਰੂ ਨਹੀਂ ਸੀ ਹੋਈ। ਪਿੰਡ ਦੇ ਲੋਕ ਨਹਾ-ਧੋ ਕੇ ਕਿਸਾਨਾਂ ਦੇ ਸਵਾਗਤ ਲਈ ਤਿਆਰ ਖੜ੍ਹੇ ਸਨ - ਲੰਗਰ ਨਾਲ਼, ਗੇਂਦੇ ਦੇ ਫੁੱਲਾਂ ਨਾਲ਼ ਤੇ ਤਾੜੀਆਂ ਮਾਰਨ ਦੀ ਬੇਸਬਰੀ ਨਾਲ਼, ਜਿਵੇਂ ਇਹ ਦਿਨ ਉਡੀਕ ਰਹੇ ਹੋਣ। ਇੱਕ ਔਰਤ ਮਿਲੀ- ਸੰਗੀਤਾ ਜਿਸਨੂੰ ਘਰੇ ਬਬਲੀ ਆਖਦੇ ਨੇ, ਓਹਨੇ ਦੱਸਿਆ ਕਿ ਓਹਦਾ ਮਨ ਕਰਦਾ ਟਿਕਰੀ ਜਾਕੇ ਮੋਰਚੇ ‘ਚ ਬੈਠਣ ਦਾ, ਪਰ ਘਰ ਦੀਆਂ ਮਜ਼ਬੂਰੀਆਂ ਕਰਕੇ ਅੱਜ ਟ੍ਰੈਕਟਰ ਮਾਰਚ ਨੂੰ ਸਲੂਟ ਮਾਰ ਕੇ ਪੂਰਾ ਯੋਗਦਾਨ ਦੇਵੇਗੀ। ਅਸੀਂ  ਕਰੀਬ 3 ਕਿਲੋਮੀਟਰ ਹੋਰ ਤੁਰੇ, 200 ਪੁਲਿਸ ਵਾਲੇ, 2000 ਦਿੱਲੀ ਵਾਲੇ, 20000 ਗੇਂਦੇ ਦੇ ਫੁੱਲਾਂ ਮਗਰੋਂ ਇੱਕ ਔਰਤ ਹੋਰ ਮਿਲੀ। ਉਹ ਕਹਿੰਦੀ “ਮੋਦੀ ਨੇ ਤੁਹਾਡਾ ਦੇਸ਼ ਬਚਾ ਲਿਆ ਬੇਟੀ,  ਚੀਨ ਨੂੰ ਸੰਨ ਪਾ ਦਿੱਤੀ, ਭ੍ਰਿਸ਼ਟਾਚਾਰ ਖਤਮ ਕਰ ਦਿੱਤਾ, ਤੁਸੀਂ ਪਿੱਛੇ ਮੁੜ ਜਾਓ।” “ਅਸੀਂ ਪਿਛਾਂਹ ਪਰਤਣ ਲਈ ਤਾਂ ਆਏ ਨਹੀਂ।” ਕਹਿ ਕੇ ਅਸੀਂ ਅੱਗੇ ਵਧੇ।  ਇਕ ਮੋਟਰਸਾਈਕਲ ਤੋਂ ਲਿਫਟ ਲਈ ਤੇ ਨਾਂਗਲੋਈ ਤੋਂ 2 ਕਿ.ਮੀ. ਪਿੱਛੇ ਉੱਤਰ ਗਏ। ਟਿਕਰੀ ਤੋਂ  ਚੱਲੀ ਪਰੇਡ ਦਾ ਸ਼ੁਰੂਆਤੀ ਹਿੱਸਾ ਦੇਖਿਆ। ਜੋਸ਼, ਉਤਸਾਹ, ਉਮੰਗ ਤੇ ਜਜ਼ਬਾ ਦੇਖਿਆ ਤਾਂ ਅਸਗ਼ਰ ਵਜ਼ਾਹਤ ਦੇ ਲਿਖੇ ਨਾਟਕ “ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਈ ਨਹੀਂ” ਵਰਗਾ ਅਹਿਸਾਸ ਹੋਇਆ।

ਬੇਅੰਤ ਜਿਹੀ ਜਾਪਦੀ ਪਰੇਡ ਨੂੰ ਦੇਖਦੇ ਅਸੀਂ ਨਾਂਗਲੋਈ ਮੋੜ ਪਹੁੰਚੇ , ਜਿੱਥੇ ਘੱਟੋ-ਘੱਟ 5000 ਲੋਕ 100 ਮੀਟਰ ਦੇ ਦਾਇਰੇ ਵਿੱਚ ਹੋਣਗੇ। ਸਾਡੇ ਸਾਹਮਣੇ ਟਿਕਰੀ ਤੋਂ ਆਏ ਟ੍ਰੈਕਟਰਾਂ ਕੋਲ ਦੋ ਰਸਤਿਆਂ ਦੀ ਚੋਣ ਸੀ-  ਸਿੱਧੀ ਸੜਕ ਕੇਂਦਰੀ ਦਿੱਲੀ ਨੂੰ ਅਤੇ ਸੱਜਾ ਮੋੜ ਮਿਥੇ ਹੋਏ ਰੂਟ ਨੂੰ। ਹਰ 50 ਟ੍ਰੈਕਟਰਾਂ ਪਿੱਛੋਂ ਇੱਕ ਟ੍ਰੈਕਟਰ ਸਿੱਧਾ ਦਿੱਲੀ ਦੀ ਚੜ੍ਹਾਈ ਕਰ ਰਿਹਾ ਸੀ। ਮੈਨੂੰ ਅਜੀਬ ਡਰ ਲੱਗ ਰਿਹਾ ਸੀ ਕਿ ਇਹ ਆਉਟਲਾਇਰ ਤੋਂ ਟਰੈਂਡ (ਨਿੱਖੜਨ ਦਾ ਰੁਝਾਨ) ਨਾ ਬਣ ਜਾਵੇ। ਕਿਸਾਨ ਮੋਰਚੇ ਦੇ ਵਲੰਟੀਅਰ ਲਾਊਡਸਪੀਕਰ ਰਾਹੀਂ ਸਾਰੇ ਟ੍ਰੈਕਟਰਾਂ ਨੂੰ ਸੱਜੇ ਮੁੜਨ ਲਈ ਕਹਿ ਰਹੇ ਸਨ ਤੇ ਆਪ ਵੀ ਓਹਨਾਂ ਦੇ ਟ੍ਰੈਕਟਰ ਮੋੜ ਰਹੇ ਸਨ। ਖ਼ੈਰ, ਦੇਖਦੇ ਹੀ ਦੇਖਦੇ, ਪੁਲਿਸ ਅੱਥਰੂ ਗੈਸ ਵਾਲੇ ਟੈਂਕਰ ਤੇ ਚੜ੍ਹ ਗਈ, ਪੁਲਿਸ ਦੀ ਗਿਣਤੀ 100 ਕੁ ਤੋਂ 200 ਹੋ ਗਈ। ਅਸੀਂ ਪੇਟ-ਪੂਜਾ ਲਈ ਭੀੜੀ ਜਿਹੀ (ਭੂਤੋਂ ਵਾਲੀ) ਗਲੀ ਵਿਚ ਵੜ ਗਏ ਤੇ ਇਡਲੀ ਦੇ ਪੈਸੇ ਦੇ ਕੇ ਤੁਰੇ ਹੀ ਸੀ ਕਿ ਭਗਦੜ ਮੱਚ ਗਈ। ਇੱਕ ਬਦਬੂ ਜਿਹੀ ਫੈਲੀ ਤਾਂ ਪਤਾ ਲੱਗਿਆ ਕਿ ਪੁਲਿਸ ਨੇ ਅੱਥਰੂ ਗੈਸ ਦਾ ਉਦਘਾਟਨ ਕਰ ਦਿੱਤਾ ਹੈ। ਓਦੋਂ ਹੜਬੜੀ ਵਿੱਚ ਸਮਝ ਨਹੀਂ ਆਈ ਕਿ ਇਹ ਅੱਥਰੂ ਗੋਲਾ ਠੀਕ ਰੂਟ ਵਾਲੇ ਪਾਸੇ ਕਿਓਂ ਆ ਡਿੱਗਿਆ। ਉਸ ਤੋਂ ਬਾਅਦ, ਹਰ ਪੰਜ ਮਿੰਟਾਂ ਮਗਰੋਂ ਇੱਕ ਗੋਲਾ ਵਰ੍ਹ ਰਿਹਾ ਸੀ, ਇਕ-ਅੱਧਾ ਤਾਂ ਕਿਸੇ ਦੀ ਛੱਤ ਤੇ ਵੀ ਡਿੱਗਿਆ ਜਿੱਥੇ ਪੂਰਾ ਪਰਿਵਾਰ ਟ੍ਰੈਕਟਰ ਪਰੇਡ ਦੇਖਣ ਲਈ ਖੜ੍ਹਾ ਸੀ। ਹੁਣ ਤਕ ਢਾਈ ਵੱਜ ਚੁੱਕੇ ਸੀ ਤੇ ਰੈੱਡ ਫੋਰਟ ਦੀਆਂ ਖ਼ਬਰਾਂ ਪਤਾ ਚੱਲ ਰਹੀਆਂ ਸਨ। ਬਠਿੰਡੇ ਦੇ ਇੱਕ ਬਜ਼ੁਰਗ ਮਿਲੇ ਜੋ ਬੜੇ ਨਿਰਾਸ਼ ਨਜ਼ਰ ਆ ਰਹੇ ਸਨ, ਕਹਿੰਦੇ “ਇਹ ਘਟਨਾ ਅੰਦੋਲਨ ਨੂੰ ਬੁਰੀ ਸੱਟ ਮਾਰੂਗੀ , ਪਿਛਲੇ ਛੇ ਮਹੀਨੇ ਤੋਂ ਵਧਦਾ ਆ ਰਿਹਾ ਅੰਦੋਲਨ, ਕੁਛ ਕੁ ਖ਼ਰਾਬ ਬੰਦਿਆਂ ਕਰਕੇ ਖਿੱਲਰ ਨਾ ਜਾਵੇ।”

ਮਨ ਬੜਾ ਮਾਯੂਸ ਹੋਇਆ ਪਰ ਫੋਨ ਤੇ ਇੰਟਰਨੈਟ ਬੰਦ ਹੋ ਚੁੱਕਾ ਸੀ, ਜਿਸ ਕਰਕੇ ਘਰ ਪਰਤਣ ਤੱਕ ਸਹੀ ਖ਼ਬਰ ਪਤਾ ਕਰਨ ਦਾ ਇੰਤਜ਼ਾਰ ਕੀਤਾ। ਵਾਪਸੀ ਤੇ ਅਸੀਂ ਪਹਿਲਾਂ ਟ੍ਰੈਕਟਰ ਤੋਂ ਲਿਫ਼ਟ ਲਈ, ਗੱਲ-ਬਾਤ ਕੀਤੀ ਤੇ ਪੁੱਛਿਆ ਵੀ ਉਹਨਾਂ ਕਿਓਂ ਨਹੀਂ ਮੋੜਿਆ ਟ੍ਰੈਕਟਰ ਦਿੱਲੀ ਆਊਟਰ ਰਿੰਗ ਰੋਡ ਵੱਲ, ਜਵਾਬ ਮਿਲਿਆ “ਕਿਓਂਕਿ ਅਸੀਂ ਕਿਸਾਨ ਜਥੇਬੰਦੀ ਨਾਲ਼ ਜੁੜੇ ਹਾਂ ਤੇ ਸਾਡੀ ਜਥੇਬੰਦੀ ਦੀ ਸਖ਼ਤ ਹਿਦਾਇਤ ਹੈ ਸਹੀ ਰਾਹ ਤੇ ਤੁਰਨ ਦੀ।”

ਘਰ ਆ ਕੇ ਟਵਿੱਟਰ ਤੇ ਆਏ #ਦਿੱਲੀਪੁਲਿਸਲਠਬਾਜਾਓ ਵਰਗੇ ਹੈਸ਼ਟੈਗ ਦੇ ਤੂਫ਼ਾਨ ਨੂੰ ਦੇਖਿਆ, ਸਿੱਖੀ ਦੇ ਝੰਡੇ ਨੂੰ ਖਾਲਿਸਤਾਨੀ ਦਾ ਟੈਗ ਮਿਲਦਾ ਦੇਖਿਆ, ਦਿੱਲੀ ਪੁਲਿਸ ਫੱਟੜ ਦੇਖੀ, ਕਿਸਾਨ ਜ਼ਖਮੀ ਤੇ ਲਾਪਤਾ ਹੁੰਦੇ ਦੇਖੇ , ਪੱਤਰਕਾਰਾਂ ਦੇ ਕੈਮਰੇ ਟੁੱਟਦੇ ਦੇਖੇ, ਪਰ ਜੋ ਨਹੀਂ ਦਿਸਿਆ ਉਹ ਸੀ ਜੋ ਸਾਰਾ ਦਿਨ ਮੈਂ ਤੇ ਬਾਕੀ ਦਿੱਲੀ ਵਾਸੀਆਂ ਨੇ ਨਾਂਗਲੋਈ-ਨਜ਼ਫ਼ਗੜ੍ਹ ਸੜਕ ਤੇ ਬੇਅੰਤ ਟ੍ਰੈਕਟਰ ਅਤੇ ਪੈਦਲ ਮਾਰਚ ਦੇ ਰੂਪ ‘ਚ ਜੋ ਚੜ੍ਹਦਾ ਇਨਕਲਾਬ ਵੇਖਿਆ।