ਗਾਜ਼ੀਪੁਰ ਤੋਂ

ਨਵਪ੍ਰੀਤ ਕੌਰ, ਦਿੱਲੀ
    
Read in English
ਪੱਛਮੀ ਉੱਤਰ ਪ੍ਰਦੇਸ਼ ਦੇ ਬਾਘਪਤ, ਮੁਜ਼ੱਫਰਨਗਰ, ਮੇਰਠ, ਸ਼ਾਮਲੀ ਅਤੇ ਹੋਰ ਅਨੇਕਾਂ ਥਾਂਵਾਂ ‘ਤੇ ਮਹਾਂ ਪੰਚਾਇਤਾਂ ਤੋਂ ਬਾਅਦ ਵੱਡੀ ਸੰਖਿਆ ਵਿੱਚ ਕਿਸਾਨ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋ ਰਹੇ ਹਨ। ਕਿਸਾਨਾਂ ਦੇ ਕੁਝ ਵੱਡੇ ਸਮੂਹ ਅੰਦੋਲਨ ਵਿੱਚ ਸ਼ਾਮਿਲ ਹੋਣ ਦੀਆਂ ਤਿਆਰੀਆਂ ਕਰ ਰਹੇ ਹਨ। ਕਿਸਾਨਾਂ ਦੇ ਨਾਲ਼਼-ਨਾਲ਼਼ ਗਾਜ਼ੀਪੁਰ ਮੋਰਚੇ ਉੱਤੇ ਮਜ਼ਦੂਰਾਂ ਦੀ ਹਿੱਸੇਦਾਰੀ ਵੀ ਵਧ ਰਹੀ ਹੈ। ਪਲਵਲ ਤੋਂ ਬਾਅਦ ਜਦੋਂ ਗਾਜ਼ੀਪੁਰ ਬਾਰਡਰ ਦੇ ਮੋਰਚੇ ਨੂੰ 28 ਜਨਵਰੀ ਦੀ ਸ਼ਾਮ ਤੱਕ ਹਟਾਉਣ ਦੇ ਨੋਟਿਸ ਅਤੇ ਭਾਕਿਯੂ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੁਆਰਾ ਆਤਮ ਸਮਰਪਣ ਦੇ ਐਲਾਨ ਤੋਂ ਕੁਝ ਘੰਟੇ ਤੱਕ ਮਾਹੌਲ ਤਣਾਅਪੂਰਨ ਰਿਹਾ, ਪਰ ਸ਼ਾਮ ਨੂੰ ਲੋਨੀ ਦੇ ਐਮਐੱਲਏ ਦਾ ਅੰਦੋਲਨ ਸਥਾਨ ‘ਤੇ ਕੁਝ ਲੋਕਾਂ ਦੇ ਆਉਣ ਤੋਂ ਬਾਅਦ ਰਾਕੇਸ਼ ਟਕੈਤ ਨੇ ਅੰਦੋਲਨ ਤੋਂ ਪਿੱਛੇ ਨਾ ਹਟਣ ਦਾ ਐਲਾਨ ਕਰ ਦਿੱਤਾ ਅਤੇ ਗਾਜ਼ੀਪੁਰ ਵਿੱਚ ਕਿਸਾਨ ਸੰਗਠਨਾਂ ਦੀ ਸਾਂਝੀ ਸੰਮਤੀ ਦੁਆਰਾ ਮੋਰਚੇ ਨੂੰ ਜਾਰੀ ਰੱਖਣ ਦਾ ਫ਼ੈਸਲਾ ਲਿਆ। ਇਸਦੇ ਨਾਲ਼ ਹੀ ਮੀਡੀਆ ਦੁਆਰਾ ਟਕੈਤ ਦੇ ਭਾਵਨਾਤਮਕ ਭਾਸ਼ਣ ਦੀ ਕਵਰੇਜ ਨੇ ਘਰ - ਘਰ ਪਹੁੰਚਾਇਆ, ਜਿਸ ਨਾਲ਼਼ ਅੰਦੋਲਨ ਮੁੜ ਪੱਕੇ ਪੈਰੀ ਹੋਇਆ ਹੈ।

ਜਨਵਰੀ 26 ਤੋਂ 28 ਦੌਰਾਨ ਇਸ ਅੰਦੋਲਨ ਵਿੱਚ ਦੋ ਅਹਿਮ ਬਦਲਾਅ ਆਏ ਹਨ, ਪਹਿਲਾ ਕਿਸਾਨਾਂ (ਮੁੱਖ ਤੌਰ ‘ਤੇ ਨੌਜਵਾਨਾਂ) ਵਿੱਚ ਇਸ ਅੰਦੋਲਨ ਨੂੰ ਸ਼ਾਂਤੀਪੂਰਨ ਰੱਖਣ ਦੀ ਦ੍ਰਿੜ੍ਹਤਾ ਆਈ ਹੈ ਅਤੇ ਦੂਸਰਾ ਇਸ ਅੰਦੋਲਨ ਨੂੰ ਲਗਾਤਾਰ ਪੰਜਾਬੀਆਂ ਜਾਂ ਸਿੱਖਾਂ ਦਾ ਕਹਿ ਕੇ ਰਾਸ਼ਟਰ ਵਿਰੋਧੀ ਐਲਾਨਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਉਨ੍ਹਾਂ ਤੋਂ ਉਲਟ ਇਹ ਅੰਦੋਲਨ ਪੂਰੇ ਦੇਸ਼ ਦੇ ਅੰਦੋਲਨ ਦੀ ਤਰ੍ਹਾਂ ਉੱਭਰ ਕੇ ਆਇਆ ਹੈ।

ਇਸ ਤੋਂ ਇਲਾਵਾ ਇੱਕ ਹੋਰ ਬਦਲਾਅ ਇੱਥੇ ਮੌਜੂਦ ਔਰਤਾਂ ਦੀ ਗਿਣਤੀ ਵਿੱਚ ਆਇਆ ਹੈ। ਇੱਥੇ 26 ਜਨਵਰੀ ਤੱਕ ਔਸਤਨ 750 ਤੋਂ 1000 ਦੀ ਗਿਣਤੀ ਵਿੱਚ ਔਰਤਾਂ ਹੁੰਦੀਆਂ ਸਨ, ਇਸ ਗਿਣਤੀ ਵਿੱਚ ਅਚਾਨਕ 26 ਜਨਵਰੀ ਤੋਂ ਬਾਅਦ ਤੇਜ਼ੀ ਨਾਲ਼ ਕਮੀ ਆਈ ਹੈ। ਰਵਨੀਤ ਕੌਰ ਕਾਨੂੰਨ ਦੀ ਪੜ੍ਹਾਈ ਦੇ ਦੂਜੇ ਸਾਲ ਦੀ ਵਿਦਿਆਰਥਣ ਹੈ ਅਤੇ ਉਹ ਦੱਸਦੀ ਹੈ ਕਿ 26 ਜਨਵਰੀ ਤੋਂ ਪਹਿਲਾਂ ਔਰਤਾਂ ਇੱਥੇ ਕਾਫੀ ਵੱਡੀ ਗਿਣਤੀ ਵਿੱਚ ਸਨ। ਉਨ੍ਹਾਂ ਲਈ ਅਲੱਗ ਤੋਂ ਰਹਿਣ, ਪਖਾਨਾ ਅਤੇ ਸਟੋਰ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਸੀ ਅਤੇ ਉਹ ਇੱਥੇ ਹੀ ਟੈਂਟਾਂ ਵਿੱਚ ਰਹਿੰਦੀਆਂ ਸੀ। ਰਵਨੀਤ ਕੌਰ ਇੱਕ ਔਰਤ ਵਲੰਟੀਅਰ ਹੋਣ ਦੇ ਨਾਤੇ ਲੋਕਾਂ ਦੀ ਮਦਦ ਕਰਦੀ ਰਹੀ ਹੈ। ਰਵਨੀਤ ਦੱਸਦੀ ਹੈ ਕਿ 18 ਜਨਵਰੀ ਨੂੰ ਔਰਤ ਕਿਸਾਨ ਦਿਵਸ ਦੇ ਮੌਕੇ ‘ਤੇ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਤੋਂ ਔਰਤਾਂ ਨੇ ਗਾਜ਼ੀਪੁਰ ਬਾਰਡਰ ‘ਤੇ ਆ ਕੇ ਹਿੱਸਾ ਲਿਆ ਸੀ। ਔਰਤਾਂ ਵਿੱਚ ਇੱਕ ਉਤਸ਼ਾਹ, ਜੋਸ਼ ਅਤੇ ਸੰਘਰਸ਼ ਦਾ ਜਜ਼ਬਾ ਸੀ। ਇਨ੍ਹਾਂ ਵਿੱਚੋਂ ਕੁਝ ਔਰਤਾਂ ਤਾਂ ਸੰਗਠਨਾਂ ਦੇ ਨਾਲ਼ ਆਈਆਂ। ਪਰ ਇਨ੍ਹਾਂ ਤੋਂ ਇਲਾਵਾ ਇੱਕ ਵੱਡੀ ਗਿਣਤੀ ਉਨ੍ਹਾਂ ਔਰਤਾਂ ਦੀ ਵੀ ਸੀ ਜੋ ਪਹਿਲੀ ਵਾਰ ਕਿਸੇ ਅੰਦੋਲਨ ਵਿੱਚ ਸ਼ਾਮਲ ਹੋਈਆਂ ਸੀ ਅਤੇ ਇਨ੍ਹਾਂ ਵਿੱਚੋਂ ਪਹਿਲੀ ਵਾਰ ਆਉਣ ਵਾਲੀਆਂ ਔਰਤਾਂ ਜ਼ਿਆਦਾਤਰ ਜਾਂ ਤਾਂ ਆਪਣੇ ਪਰਿਵਾਰ ਨਾਲ਼਼ ਜਾਂ ਫੇਰ ਹੋਰ ਔਰਤਾਂ ਨਾਲ਼ ਇੱਕ ਸਮੂਹ ਵਿੱਚ ਆਈਆਂ ਸੀ। 28 ਜਨਵਰੀ ਤੋਂ ਬਾਅਦ ਇੱਥੇ ਆਈਆਂ ਔਰਤਾਂ ਦੀ ਗਿਣਤੀ ਵਿੱਚ ਆਈ ਇਸ ਕਮੀ ਬਾਰੇ ਰਵਨੀਤ ਦੱਸਦੀ ਹੈ ਕਿ 26 ਜਨਵਰੀ ਤੋਂ 28 ਜਨਵਰੀ ਤੱਕ ਤਣਾਅਪੂਰਨ ਸਥਿਤੀ ਵਿੱਚ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਸੁਰੱਖਿਆ ਕਾਰਨਾਂ ਕਰ ਕੇ ਵਾਪਸ ਆ ਜਾਣ ਲਈ ਕਿਹਾ ਗਿਆ। ਰਵਨੀਤ ਮੰਨਦੀ ਹੈ ਕਿ ਔਰਤਾਂ ਦੀ ਹਿੱਸੇਦਾਰੀ ਅਹਿਮ ਹੈ ਕਿਉਂਕਿ ਇਹ ਖੇਤੀ ਕਨੂੰਨ ਉਨ੍ਹਾਂ ਦੀ ਰੋਜ਼ੀ-ਰੋਟੀ  ਨੂੰ ਪ੍ਰਭਾਵਿਤ ਕਰਨਗੇ। ਇਸ ਅੰਦੋਲਨ ਦੇ ਮੁੜ ਉਭਾਰ ਦੇ ਬਾਵਜੂਦ ਅਜੇ ਤੱਕ ਔਰਤਾਂ ਇਸ ਵਿੱਚ ਦੁਬਾਰਾ ਉਸੇ ਤਰ੍ਹਾਂ ਸ਼ਾਮਲ ਨਹੀਂ ਹੋਈਆਂ। ਰਵਨੀਤ ਦੇ ਅੰਦਾਜੇ ਮੁਤਾਬਕ ਕੁੱਲ ਪੰਜ ਤੋਂ ਛੇ ਔਰਤਾਂ ਹੀ ਹਨ ਜੋ ਗਾਜ਼ੀਪੁਰ ਬਾਰਡਰ ਉੱਤੇ ਰਹਿੰਦੀਆਂ ਹਨ ਅਤੇ ਲਗਭਗ 100 ਤੋਂ 150 ਔਰਤਾਂ ਦਿੱਲੀ ਦੇ ਆਸੇ-ਪਾਸੇ ਦੇ  ਪਿੰਡਾਂ ਤੋਂ ਆਉਂਦੀਆਂ ਹਨ ਅਤੇ ਸ਼ਾਮ ਨੂੰ ਘਰ ਵਾਪਸ ਚਲੀਆਂ ਜਾਂਦੀਆਂ ਹਨ। 26 ਜਨਵਰੀ ਨੂੰ ਇੱਥੇ ਔਰਤਾਂ ਅਤੇ ਬਾਕੀ ਸਾਰੇ, ਅੰਦੋਲਨ ਕਾਰਜ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਸਨ, ਰਸਤੇ ਵਿੱਚ ਭੜਕਾਹਟ ਅਤੇ ਉਲਝਣ ਕਾਰਨ ਕੁਝ ਲੋਕ ਤੈਅ ਕੀਤੇ ਰਸਤੇ ਦੀ ਬਜਾਏ ਦਿੱਲੀ ਵੱਲ ਚਲੇ ਗਏ ਸਨ। ਰਵਨੀਤ ਦਾ ਕਹਿਣਾ ਹੈ ਕਿ ਦਿੱਲੀ ਦੇ ਰਸਤੇ 'ਤੇ ਜਾਣ ਦਾ ਕੋਈ ਫੈਸਲਾ ਵੀ ਨਹੀਂ ਸੀ, ਪਰ ਭੜਕਾਹਟ ਅਤੇ ਉਲਝਣ ਨੇ ਜਨਵਰੀ 26 ਦੇ ਟ੍ਰੈਕਟਰ ਪਰੇਡ ਦਾ ਉਦੇਸ਼ ਹੀ ਬਦਲ ਦਿੱਤਾ।

ਹਾਲਾਂਕਿ ਔਰਤਾਂ ਦੀ ਗਿਣਤੀ ਅਜੇ ਘੱਟ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਦੀ ਨਾ ਸਿਰਫ ਗਿਣਤੀ ਵਿੱਚ ਵਾਧਾ ਹੋਵੇਗਾ, ਸਗੋਂ ਅੰਦੋਲਨ ਦੀ ਅਗਵਾਈ ਵਿਚ ਵੀ ਸ਼ਾਮਲ ਹੋਣ ਦੀ ਉਮੀਦ ਹੈ।