ਜਦੋਂ ਔਰਤਾਂ ਮੋਦੀ ਨੂੰ ਰੋਈਆਂ

ਕੋਪਲ
    
Read in English
ਸਾਡੀ ਜ਼ਿੰਦਗੀ ਦੇ ਹਰ ਓੁਸ ਮੌਕੇ ਤੇ, ਜੋ ਸਾਡੇ ਲਈ ਭਾਵਨਾਤਮਕ ਤੌਰ ‘ਤੇ ਜ਼ਰੂਰੀ ਹੁੰਦਾ ਹੈ, ਗੀਤਾਂ ਦਾ ਅਹਿਮ ਕਿਰਦਾਰ ਹੁੰਦਾ ਹੈ। ਉਹਨਾਂ ਪਲਾਂ ਵਿੱਚ ਜਦੋਂ ਅਸੀਂ ਬਹੁਤ ਖੁਸ਼ ਅਤੇ ਉਦਾਸ ਹੁੰਦੇ ਹਾਂ, ਸਾਡੇ ਮਨ ਵਿੱਚ ਗੀਤ ਜਨਮ ਲੈਂਦੇ ਹਨ। ਵਿਆਹ-ਸ਼ਾਦੀ, ਤੀਜ-ਤਿਉਹਾਰ, ਜਨਮ-ਮਰਨ, ਦਿਲ ਦਾ ਲੱਗਣਾ-ਟੁੱਟਣਾ, ਕੁਝ ਵੀ ਗੀਤਾਂ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਤਾਂ ਅਨਿਆਂ ਦੇ ਖਿਲਾਫ਼ ਵੀ ਗੀਤਾਂ ਦਾ ਗਾਇਆ ਜਾਣਾ ਸੁਭਾਵਿਕ ਹੈ।

ਇਸ ਕਿਸਾਨ ਅੰਦੋਲਨ ਵਿੱਚ ਅੱਜ ਲੱਖਾਂ ਨਹੀਂ ਕਰੋੜਾਂ ਲੋਕ ਜੁੜੇ ਹਨ। ਇਹਨਾਂ ਕਰੋੜਾਂ ਲੋਕਾਂ ਦੇ ਸੁੱਖ-ਦੁੱਖ, ਡਰ ਤੇ ਸੁਪਨੇ, ਇਤਿਹਾਸ ਤੇ ਭਵਿੱਖ ਸਭ ਇੱਕੋ ਹੀ ਮੰਗ ਨਾਲ਼ ਬੱਝੇ ਹੋਏ ਨੇ – ਤਿੰਨ ਕਾਲੇ ਕਾਨੂੰਨਾਂ ਦੀ ਵਾਪਸੀ। ਕੋਈ ਹੈਰਾਨੀ ਦੀ ਗੱਲ ਨਹੀਂ, ਇਸ ਅੰਦੋਲਨ ਨੇ ਬੇਸ਼ੁਮਾਰ ਨਵੇਂ ਗੀਤਾਂ ਨੂੰ ਜਨਮ ਦਿੱਤਾ ਹੈ। ਪੰਜਾਬ ਗਾਇਕਾਂ ਦੀ ਸਰਜ਼ਮੀਨ ਹੈ, ਭਾਰਤ ਦੇ ਸ਼ਾਇਦ ਕਿਸੇ ਵੀ ਹੋਰ ਰਾਜ ਤੋਂ ਵੱਧ। ਪੰਜਾਬੀ ਭਾਸ਼ਾ ਅਤੇ ਲੋਕਾਚਾਰ ਵਿੱਚ ਗੀਤ-ਸੰਗੀਤ ਧੜਕਣ ਦੀ ਤਰ੍ਹਾਂ ਧੜਕਦਾ ਹੈ। ਪੰਜਾਬ ਦੇ ਹਰ ਛੋਟੇ-ਵੱਡੇ ਕਲਾਕਾਰ ਨੇ ਇਸ ਅੰਦੋਲਨ ਲਈ ਗਾਣੇ ਲਿਖੇ, ਗਾਏ ਅਤੇ ਰਿਕਾਰਡ ਕੀਤੇ ਹਨ। ਬਾਕੀ ਰਾਜਾਂ ਵਿੱਚੋਂ ਵੀ ਸੰਸਕ੍ਰਿਤਿਕ ਉਤਪਾਦਨ ਹੋ ਰਿਹਾ ਹੈ, ਪਰ ਪੰਜਾਬ ਇਸ ਵਿੱਚ ਸਭ ਤੋਂ ਅੱਗੇ ਹੈ। ਇਹਨਾਂ ਗੀਤਾਂ ਦਾ ਅੰਦੋਲਨ ਦੇ ਪ੍ਰਚਾਰ-ਪ੍ਰਸਾਰ ਵਿੱਚ ਬਹੁਤ ਯੋਗਦਾਨ ਹੈ। ਤੁਹਾਨੂੰ ਲੋਕ-ਗੀਤ ਤੋਂ ਲੈ ਕੇ ਮਾਡਰਨ, ਹਰ ਤਰੀਕੇ ਦੇ ਗੀਤ ਮਿਲ ਜਾਣਗੇ। ਜੁਗਨੀ, ਬੋਲੀਆਂ, ਟੱਪੇ, ਢਾਡੀ, ਰੈਪ, ਪੌਪ ਹਰ ਵਿਧਾ ਵਿੱਚ ਅੰਦੋਲਨ ਦੇ ਸਮਰਥਨ ਵਿੱਚ ਗੀਤ ਬਣ ਚੁੱਕੇ ਹਨ। ਗੀਤ ਵੀ ਗੱਲ ਨੂੰ ਕਹਿਣ ਦਾ ਜ਼ਰੀਆ ਹੁੰਦੇ ਨੇ, ਅਤੇ ਇਹਨਾਂ ਗੀਤਾਂ ਵਿੱਚ ਲਲਕਾਰ, ਜੋਸ਼, ਸਵੈਗ ਤੋਂ ਲੈ ਕੇ ਬੇਨਤੀ, ਪ੍ਰਾਰਥਨਾ, ਰੂਹਾਨੀਅਤ ਹਰ ਤਰ੍ਹਾਂ ਦੇ ਭਾਵ ਮਿਲਣਗੇ। ਹਰ ਗਾਇਕ ਆਪਣੀ ਸਮਝ ਦੇ ਅਨੁਸਾਰ ਪਬਲਿਕ ਅੱਗੇ ਗੱਲ ਰੱਖਦਾ ਹੈ।

ਪ੍ਰੋਫੈਸ਼ਨਲ ਕਲਾਕਾਰਾਂ ਤੋਂ ਬਿਨਾਂ ਵੀ ਆਮ ਲੋਕਾਂ ਨੇ ਅੰਦੋਲਨ ਵਿੱਚ ਵੱਡੀ ਤਾਦਾਦ ਵਿੱਚ ਕਵਿਤਾਵਾਂ ਅਤੇ ਗੀਤਾਂ ਦੀ ਰਚਨਾ ਕੀਤੀ ਹੈ। ਛੋਟੀਆਂ-ਛੋਟੀਆਂ ਨਾਟਕ ਮੰਡਲੀਆਂ, ਗੀਤ ਮੰਡਲੀਆਂ ਅਤੇ ਨੌਜਵਾਨ ਵਿਦਿਆਰਥੀ ਵਿਦਿਆਰਥਣਾਂ ਨਵੀਆਂ ਰਚਨਾਵਾਂ ਰਚ ਰਹੇ ਹਨ। ਬਾਡਰ ‘ਤੇ ਰਾਤ ਨੂੰ ਧੂਣੀ ਦੇ ਆਲੇ-ਦੁਆਲੇ ਗੀਤਾਂ ਅਤੇ ਕਵਿਤਾਵਾਂ ਦਾ ਹੀ ਮਾਹੌਲ ਬਣਦਾ ਹੈ।

ਕਿਸਾਨ ਅੰਦੋਲਨ ਵਿੱਚ ਇੱਕ ਵੱਡਾ ਤਬਕਾ ਔਰਤ ਕਿਸਾਨਾਂ ਦਾ ਹੈ, ਜੋ ਵਧ-ਚੜ੍ਹ ਕੇ ਆਪਣੀ ਹਿੱਸੇਦਾਰੀ ਦਿਖਾ ਰਹੀਆਂ ਹਨ। ਅੰਦੋਲਨ ਵਿੱਚ ਕਿਸਾਨ ਮਹਿਲਾਵਾਂ ਕਿਹੜੇ ਗੀਤ ਬਣਾ ਰਹੀਆਂ ਨੇ ਤੇ ਗਾ ਰਹੀਆਂ ਨੇ? ਕੀ ਔਰਤਾਂ ਦੇ ਗੀਤ ਪੁਰਸ਼ਾਂ ਦੇ ਗੀਤਾਂ ਨਾਲ਼ੋਂ ਅਲੱਗ ਹਨ? ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਗੀਤ ਸੰਗੀਤ ਵਿੱਚ ਮਹਿਲਾ ਅਤੇ ਪੁਰਸ਼ ਦੀਆਂ ਇੱਕਦਮ ਦੋ ਦੁਨੀਆਂ ਨੇ, ਪਰ ਪਰੰਪਰਾਗਤ ਰੂਪ ਨਾਲ਼ ਇਹ ਔਰਤਾਂ ਹੀ ਜੁੜੀਆਂ ਹੋਈਆਂ ਹਨ।

ਕੁਝ ਦਿਨ ਪਹਿਲਾਂ “ਮੋਦੀ ਤੂੰ ਮਰ ਜਾ” ਦੀ ਟੇਕ ਉੱਤੇ ਗਾਉਂਦੀਆਂ ਹੋਈਆਂ ਮਹਿਲਾ ਕਿਸਾਨਾਂ ਦੇ ਜੱਥੇ ਦੀ ਵੀਡੀਉ ਵਾਇਰਲ ਹੋਈ। ਲੀਡ ਕਰਨ ਵਾਲੀ ਔਰਤ ਛਾਤੀ ਪਿੱਟ ਕੇ ਗਾ ਰਹੀ ਹੈ .... “ਮੋਦੀ ਤੂੰ ਮਰ ਜਾ... ਵੇਚਤਾ, ਮੋਦੀ ਤੂੰ ਮਰ ਜਾ”। ਬੀਜੇਪੀ ਦੇ ਪਰਵਕਤਾ ਨੇ ਤੁਰੰਤ ਇਸਨੂੰ ਸ਼ਰਮਨਾਕ ਘੋਸ਼ਿਤ ਕੀਤਾ, ਵਿਰੋਧੀ ਧਿਰ ਨੇ ਵੀ ਇਸ ਉੱਤੇ ਖੇਦ ਜਤਾਇਆ, ਅਤੇ ਮੀਡੀਆ ਨੇ ਇਸ ਵੀਡੀਉ ਨੂੰ ਚੁੱਕ ਕੇ ਇਸਦਾ ਮੁੱਦਾ ਬਨਾਉਣ ਦੀ ਕੋਸ਼ਿਸ਼ ਕੀਤੀ। ਇਹ ਦਿਖਾਇਆ ਗਿਆ ਕਿ ਇਹ ਕਿੰਨਾ ਅਣ-ਮਨੁੱਖੀ ਤਰੀਕਾ ਹੈ, ਵਿਰੋਧ ਕਰਨ ਦਾ ਜਿਸ ਵਿੱਚ ਤੁਸੀਂ ਆਪਣੇ ਵਿਰੋਧੀ ਨੂੰ ਮਰਨ ਲਈ ਕਹਿ ਰਹੇ ਹੋ। ਕਿਹਾ ਗਿਆ ਕਿ ਰਾਜਨੀਤੀ ਦਾ ਪੱਧਰ ਡਿੱਗ ਗਿਆ ਹੈ।

ਲੱਭਣ ਉੱਤੇ ਵੱਖ-ਵੱਖ ਥਾਵਾਂ ਦੇ ਹੋਰ ਵੀ ਅਜਿਹੇ ਵੀਡੀਓ ਮਿਲੇ, ਜਿਨ੍ਹਾਂ ਵਿਚ ਔਰਤਾਂ ਮੋਦੀ ਦੇ ਮਰਨ ਬਾਰੇ ਗੀਤ ਗਾ ਰਹੀਆਂ ਹਨ। ਅਸਲ ਵਿੱਚ ਇਹ ਔਰਤਾਂ ਮੋਦੀ ਨੂੰ ਰੋ ਰਹੀਆਂ ਹਨ। ਇਹ ਖ਼ਾਸ ਤੌਰ 'ਤੇ ਔਰਤਾਂ ਦੁਆਰਾ ਅਦਾ ਕੀਤੀਆਂ ਜਾਣ ਵਾਲੀਆਂ ਸ਼ੈਲੀਆਂ ਹਨ : ਪਿੱਟ-ਸਿਆਪਾ ਅਤੇ ਕੀਰਨੇ।

ਸਿਆਪਾ ਮੌਤ 'ਤੇ ਔਰਤਾਂ ਦੁਆਰਾ ਵਿਰਲਾਪ ਕਰਨ ਦੀ ਪ੍ਰਥਾ ਹੈ। ਲਗਪਗ ਸਾਰੀਆਂ ਸੰਸਕ੍ਰਿਤੀਆਂ ਵਿੱਚ ਸਮਾਜ ਦੇ ਭਾਵਨਾਤਮਕ ਕੰਮ ਦੀ ਵੰਡ ਲਿੰਗ ਆਧਾਰਤ ਹੋਈ ਹੈ। ਇਸ ਵਿਚ ਸਮਾਜ ਨੂੰ ਭਾਵਨਾਤਮਕ ਰੂਪ ਵਿੱਚ ਤੰਦਰੁਸਤ ਰੱਖਣ ਲਈ ਕੀਤੇ ਜਾਣ ਵਾਲੇ ਕੰਮਾਂ ਦਾ ਬਹੁਤਾ ਬੋਝ ਔਰਤਾਂ ਨੂੰ ਉਠਾਉਣਾ ਪੈਂਦਾ ਹੈ। ਰੋਣਾ ਇਸ ਦਾ ਵੱਡਾ ਹਿੱਸਾ ਹੈ। ਸਮਾਜ ਜਦੋਂ ਆਪਣੇ ਵਿਚਲਾ ਕੋਈ ਵਿਅਕਤੀ ਗਵਾਉਂਦਾ ਹੈ ਤਾਂ ਇਸ ਕਮੀ ਨਾਲ਼ ਭਾਵਨਾਤਮਕ ਰੂਪ ਵਿੱਚ ਨਿਪਟਣ ਦੀ ਕਿਰਿਆ ਵਿੱਚ ਅਫ਼ਸੋਸ ਕਰਨਾ ਇੱਕ ਬਹੁਤ ਜ਼ਰੂਰੀ ਕਦਮ ਹੈ। ਮਨੋਵਿਗਿਆਨ ਵਿੱਚ ਇਸ ਵਿਸ਼ੇ ਉੱਤੇ ਬਹੁਤ ਖੋਜ ਹੋਈ ਹੈ।    

ਮੌਤ ਹੋਣ 'ਤੇ ਸਰੀਰ ਅਤੇ ਹੋਂਦ (ਅਸਤਿਤਵ) ਦਾ ਖ਼ਾਤਮਾ ਇੱਕ ਅਜਿਹੀ ਸੱਚਾਈ ਹੈ, ਜਿਸ ਨੂੰ ਸਵੀਕਾਰ ਕਰਨ ਵਿੱਚ ਮਨੁੱਖ ਨੂੰ ਔਖ ਹੁੰਦੀ ਹੈ ਅਤੇ ਸਾਰੀ ਜ਼ਿੰਦਗੀ ਇਸ ਨਾਲ਼ ਜੂਝਦਾ ਰਹਿੰਦਾ ਹੈ। ਮੌਤ ਤੋਂ ਬਾਅਦ ਆਪਣਾ ਨਾਮ ਅਤੇ ਪਹਿਚਾਣ ਜਿਊਂਦਾ ਰੱਖਣ ਦੇ ਦੋ ਤਰੀਕੇ ਹਨ: ਔਲਾਦ ਅਤੇ ਜੱਸ। ਲੋਕ ਆਪਣੇ ਕੰਮਾਂ ਅਤੇ ਵਿਚਾਰਾਂ ਰਾਹੀਂ ਅਮਰ ਹੋ ਜਾਣਾ ਚਾਹੁੰਦੇ ਹਨ। ਪਿੱਟ ਸਿਆਪਾ ਵਿੱਚ ਆਮ ਤੌਰ ‘ਤੇ ਮਰਨ ਵਾਲੇ ਦਾ ਅਸਤਿਤਵ ਮਿਟ ਜਾਣ ਦਾ ਦੁੱਖ ਮਨਾਇਆ ਜਾਂਦਾ ਹੈ ਅਤੇ ਉਹਦੀ ਯਾਦ ਵਿੱਚ ਰੋਇਆ ਜਾਂਦਾ ਹੈ।

ਪ੍ਰੰਤੂ ਜਦੋਂ ਵਿਰੋਧ ਪ੍ਰਦਰਸ਼ਨ ਵਿੱਚ ਔਰਤਾਂ ਮੋਦੀ ਦਾ ਸਿਆਪਾ ਕਰ ਰਹੀਆਂ ਹੁੰਦੀਆਂ ਹਨ ਤਾਂ ਉਹ ਉਹਦੇ ਅਪਜੱਸ ਨੂੰ ਉਜਾਗਰ ਕਰ ਕੇ ਉਹਦੀ ਪ੍ਰਤੀਕਾਤਮਕ  ਮੌਤ ਦਾ ਮੰਚਨ ਕਰ ਰਹੀਆਂ ਹੁੰਦੀਆਂ ਹਨ। ਅਸਲ 'ਚ ਇਸ ਵਿਚ ਕੁਝ ਵੀ ਨਵਾਂ ਨਹੀਂ ਹੈ। ਵਿਰੋਧ ਜਤਾਉਣ ਦੀ ਪਰੰਪਰਾ ਵਿੱਚ ਮੌਤ ਦੇ ਰੂਪ ਨੂੰ ਇਸਤੇਮਾਲ ਕਰਨ ਦਾ ਲੰਬਾ ਇਤਿਹਾਸ ਹੈ। ਵਿਰੋਧ ਪ੍ਰਦਰਸ਼ਨਾਂ ਵਿੱਚ ਪੁਤਲਾ ਫੂਕਣਾ, ਰਾਵਣ ਦਹਿਨ, ਅਰਥੀ ਜਾਂ ਸ਼ਵ ਦੀ ਅੰਤਮ ਯਾਤਰਾ ਕੱਢਣਾ ਵਿਰੋਧ ਜਤਾਉਣ ਦੇ ਆਮ ਅਤੇ ਪੂਰਵ ਸਥਾਪਤ ਤਰੀਕੇ ਹਨ। ਜਦੋਂ ਅਸੀਂ ਮੁਰਦਾਬਾਦ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹਾਂ ਤਾਂ ਉਨ੍ਹਾਂ ਪਿੱਛੇ ਇਹੀ ਸਮਾਜਕ ਪ੍ਰਤੀਕਾਤਮਕ ਪ੍ਰਕਿਰਿਆ ਕੰਮ ਕਰ ਰਹੀ ਹੁੰਦੀ ਹੈ। ਮੁਰਦਾਬਾਦ ਕਹਿਣ ਨਾਲ਼ ਕੋਈ ਮਰ ਨਹੀਂ ਜਾਂਦਾ ਤੇ ਜ਼ਿੰਦਾਬਾਦ ਕਹਿਣ ਨਾਲ਼ ਕੋਈ ਅਸਲ ਵਿਚ ਅਮਰ ਨਹੀਂ ਹੋ ਜਾਂਦਾ। ਇਹ ਉਨ੍ਹਾਂ ਦਾ ਨਾਮ ਨਾ ਮਿਟੇ, ਇਹਦੀ ਕੋਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਸਮਾਜ ਦੀ ਨੈਤਿਕ ਵਿਵਸਥਾ ਵਿਚ ਜੱਸ-ਅਪਜੱਸ ਬੇਹੱਦ ਮਹੱਤਵਪੂਰਨ ਤਰੀਕੇ ਹੁੰਦੇ ਹਨ।

ਇਕ ਵਿਅਕਤੀ ਦੇ ਜੀਵਨ ਮੁੱਲ ਦਾ ਲੇਖਾ-ਜੋਖਾ ਸਮਾਜ ਉਹਦੀ ਮੌਤ ਤੋਂ ਬਾਅਦ ਲਗਾਉਂਦਾ ਹੈ। ਵਿਧਾ ਦੇ ਤੌਰ 'ਤੇ ਸਿਆਪਾ ਇਸ ਮਹੱਤਵਪੂਰਨ ਪੜਾਅ ਉੱਤੇ ਸਥਿਤ ਹੁੰਦਾ ਹੈ। ਸਿਆਪੇ ਦੇ ਬੋਲਾਂ ਵਿਚ ਔਰਤਾਂ ਆਪਣੇ ਵਿਵੇਕ ਦੇ ਆਧਾਰ 'ਤੇ ਫੈਸਲਾ ਸੁਣਾ ਰਹੀਆਂ ਹੁੰਦੀਆਂ ਹਨ ਕਿ ਮਰਨ ਵਾਲੇ ਨੂੰ  ਯਾਦ ਕਿਵੇਂ ਕੀਤਾ ਜਾਵੇ। ਤਾਂ ਸਿਆਪੇ ਦੀ ਇਹ ਵਿਧਾ ਔਰਤਾਂ ਨੂੰ ਵਿਰੋਧ ਜਤਾਉਣ ਦੀਆਂ ਕਈ ਚੀਜ਼ਾਂ ਮੁਹੱਈਆ ਕਰਵਾਉਂਦੀ ਹੈ। ਜਦੋਂ ਉਹ ਗਾਉਂਦੀਆਂ ਹਨ, “ਸਿੱਖਿਆ ਵੇਚ ਕੇ ਖਾ ਗਿਆ, ਮੋਦੀ ਮਰ ਜਾ ਤੂੰ, ਰੇਲ ਵੇਚ ਕੇ ਖਾ ਗਿਆ ਮੋਦੀ ਮਰ ਜਾ ਤੂੰ” ਤਾਂ ਇਸ ਵਿੱਚ ਇਲਜ਼ਾਮ ਵੀ ਹੈ ਅਤੇ ਫ਼ੈਸਲਾ ਵੀ। ਗੁੱਸਾ ਵੀ ਹੈ ਅਤੇ ਰੋਸ ਵੀ। ਜੋ ਗੱਲ ਜਨਤਾ ਦੇ ਰੋਣ ਦਾ ਸਬੱਬ ਹੈ ਉਹਨੂੰ ਇੱਕ ਚਤੁਰ ਉਲਟਾਅ ਨਾਲ਼ ਔਰਤਾਂ ਹਾਕਮ ਦੇ ਰੋਣੇ 'ਚ ਤਬਦੀਲ ਕਰ ਦਿੰਦੀਆਂ ਹਨ।

ਕੀਰਨੇ ਵੀ ਔਰਤਾਂ ਗਾਉਂਦੀਆਂ ਹਨ ਇਹ ਕੋਸਣ ਅਤੇ ਸ਼ਿਕਾਇਤ ਦੇ ਗੀਤ ਹੁੰਦੇ ਹਨ। ਇਨ੍ਹਾਂ ਦਾ ਕੰਮ ਵੀ ਨਿੰਦਾ ਕਰਨਾ ਅਤੇ ਲਾਹਨਤ ਪਾਉਣੀ ਹੈ। "ਤੇਰੀ ਆ ਗਈ ਮਕਾਨ ਮੋਦੀਆ, ਬਾਦਲਾਂ ਦਾ ਭੋਗ ਪੈ ਗਿਆ।" ਇਸ ਵਿੱਚ ਸਮਾਨੰਤਰ ਰਾਜਨੀਤਿਕ ਟਿੱਪਣੀ ਵੀ ਹੈ, ਸਰਾਪ ਵੀ ਅਤੇ ਲਾਹਨਤ ਵੀ। ਇਸ ਤਰ੍ਹਾਂ ਇਹ ਵਿਧਾ ਵੀ ਸਿੱਧਾ ਪ੍ਰਤਿਸ਼ਠਾ ਅਤੇ ਸਾਖ਼ ਉੱਤੇ ਚੋਟ ਪਹੁੰਚਾਉਣ ਦੀ ਸਮਰੱਥਾ ਰੱਖਦੀ ਹੈ। ਦਰਅਸਲ ਔਰਤਾਂ ਆਪਣੇ ਕੋਲ ਪਹਿਲਾਂ ਤੋਂ ਮੌਜੂਦ ਵਿਧਾਵਾਂ ਵਿੱਚ ਆਪਣੇ ਰਾਜਨੀਤਕ ਵਿਰੋਧ ਨੂੰ ਦਰਜ ਕਰ ਰਹੀਆਂ ਹਨ ਅਤੇ ਅਜਿਹਾ ਕਰਦੇ ਹੋਏ ਵਿਰੋਧ ਦੀ ਨਵੀਂ ਭਾਸ਼ਾ ਘੜ੍ਹ ਰਹੀਆਂ ਹਨ।

ਗੌਰ ਕਰਨ ਦੀ ਗੱਲ ਹੈ ਕਿ ਇਹ ਦੋਵੇਂ ਹੀ ਵਿਧਾਵਾਂ ਨੂੰ ਤਾਕਤ ਦੀ ਤੱਕੜੀ ਵਿੱਚ ਕਮਜ਼ੋਰ ਪੱਖ ਵਾਲੇ ਹੀ ਗਾਉਂਦੇ ਹਨ। ਕੋਸਿਆ ਉਦੋਂ ਹੀ ਜਾਂਦਾ ਹੈ, ਜਦੋਂ ਤੁਸੀਂ ਕੁਝ ਨਾ ਕਰਨ ਦੀ ਸਥਿਤੀ ਵਿੱਚ ਹੋ। ਤਾਕਤਵਰ ਕਦੇ ਨਹੀਂ ਕੋਸਦੇ। ਉਨ੍ਹਾਂ ਨੂੰ ਕੋਸਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਨੇਤਾ ਉਨ੍ਹਾਂ ਲਈ ਕਾਨੂੰਨ ਬਣਾਉਂਦੇ ਹਨ, ਉਨ੍ਹਾਂ ਦਾ ਕੰਮ ਪੁਲੀਸ ਕਰ ਦਿੰਦੀ ਹੈ, ਚੈਨਲ ਦਿਨ-ਰਾਤ ਉਨ੍ਹਾਂ ਦਾ ਸਾਥ ਦਿੰਦੇ ਹਨ।

ਖਦ ਰੋਣ ਦੇ ਹਾਲਾਤ ਵਿੱਚ ਆਪਣੇ ਵਿਰੋਧੀ ਉੱਤੇ ਰੋਣਾ ਆਪਣੀ ਤਕਦੀਰ ਨਾਲ਼ ਲੜਨਾ ਹੈ। ਜਦੋਂ ਤੁਹਾਡਾ ਗੈਰ ਬਰਾਬਰ ਤਾਕਤ ਨਾਲ਼ ਸਾਹਮਣਾ ਹੁੰਦਾ ਹੈ ਤਾਂ ਸਾਰਾ ਮੁੱਖਧਾਰਾ ਮੀਡੀਆ ਰਾਜੇ ਦੀ ਪ੍ਰਸਤੁਤੀ ਕਰਦਾ ਹੈ, ਉਦੋਂ ਅਪਜੱਸ ਦੇ ਗੀਤ ਵਿਰੋਧ ਦੇ ਗੀਤ ਹੁੰਦੇ ਹਨ।

ਇਹ ਸਹੀ ਹੈ ਕਿ ਕੋਈ ਵੀ ਅੰਦੋਲਨ ਸਿਰਫ਼ ਨਕਾਰਾਤਮਕ ਭਾਵਨਾਵਾਂ ਅਤੇ ਪ੍ਰਸਤੂਤੀਆਂ ਦੇ ਆਧਾਰ ਉੱਤੇ ਸਫ਼ਲ ਨਹੀਂ ਹੋ ਸਕਦਾ। ਇਸ ਲਈ ਅਨੁਭਵੀ ਲੋਕ, ਅੰਦੋਲਨ ਵਿੱਚ ਸਕਾਰਾਤਮਕ ਨਾਅਰਿਆਂ ਅਤੇ ਗਾਣਿਆਂ ਨੂੰ ਵੀ ਅੱਗੇ ਰੱਖਦੇ ਹਨ। ਅੰਦੋਲਨ ਦੀ ਸਫ਼ਲਤਾ ਲਈ ਸਿਰਫ਼ ਵਿਰੋਧ ਕਰਨਾ ਹੀ ਕਾਫ਼ੀ ਨਹੀਂ, ਪ੍ਰੰਤੂ ਵਿਰੋਧ ਕਰਨਾ ਪਹਿਲੀ ਸ਼ਰਤ ਜ਼ਰੂਰ ਹੈ। ਰਾਜਨੀਤਕ ਕੀਰਨੇ ਅਤੇ ਪਿੱਟ-ਸਿਆਪਾ ਕਰਨ ਵਾਲੀਆਂ ਔਰਤਾਂ ਨੂੰ ਸਿਆਸੀ ਅਨਪੜ੍ਹ ਸਮਝ ਕੇ ਸਿਰੇ ਤੋਂ ਖਾਰਜ ਕਰਨ ਦੀ ਬਜਾਏ ਸਾਨੂੰ ਇਨ੍ਹਾਂ ਨੂੰ ਵਿਰੁੱਧ ਦੀ ਸੰਸਕ੍ਰਿਤੀ ਦੀਆਂ ਮਹੱਤਵਪੂਰਨ ਵਿਧਾਵਾਂ ਦੇ ਤੌਰ ਤੇ ਦਰਜ ਕਰਨਾ ਚਾਹੀਦਾ ਹੈ।