ਗਣਤੰਤਰ ਦਿਵਸ ਜਿਹੋ ਜਿਹਾ ਮੈਂ ਦੇਖਿਆ

ਸ਼ਰਨਜੀਤ ਕੌਰ, ਜੋਗੇਵਾਲਾ, ਮੋਗਾ
    
Read in English

ਜ਼ਿੰਦਗੀ 'ਚ ਪਹਿਲੀ ਵਾਰ ਦਿੱਲੀ 'ਚ ਛੱਬੀ ਜਨਵਰੀ (ਗਣਤੰਤਰ ਦਿਵਸ) ਦੇਖਿਆ। ਕਿਸਾਨ ਅੰਦੋਲਨ 'ਚ ਹਿੱਸਾ ਲੈਣ ਆਏ ਤਾਂ ਕਿਸਾਨ ਮਹਿਲਾ ਦਿਵਸ ਵੀ ਮਨਾਇਆ, ਬੜਾ ਚੰਗਾ ਲੱਗਿਆ ਕਿਉਂਕਿ ਅੰਦੋਲਨ ਵੀ ਸ਼ਾਂਤਮਈ ਚੱਲ ਰਿਹਾ ਸੀ ਅਤੇ ਹੋਰ ਕਈ ਜ਼ਰੂਰੀ ਦਿਹਾੜੇ ਵੀ ਮਨਾਏ ਜਾ ਰਹੇ ਸਨ। ਛੱਬੀ ਦੀ ਪਰੇਡ ਦਾ ਬੜੀ ਸ਼ਿੱਦਤ ਨਾਲ਼ ਇੰਤਜ਼ਾਰ ਸੀ ਕਿ ਨੇੜਿਓਂ ਦੇਖਾਂਗੇ, ਪੱਚੀ  ਦੀ ਰਾਤ ਤੱਕ ਕੋਈ ਸਿਰਾ ਨਾ ਮਿਲਿਆ ਕਿ ਬੀਬੀਆਂ ਨੇ ਪਰੇਡ 'ਚ ਸ਼ਾਮਲ ਹੋਣਾ ਹੈ ਕਿ ਨਹੀਂ, ਇਸ ਲਈ ਅਸੀਂ ਬਿਨਾਂ ਕਿਸੇ ਤਿਆਰੀ ਦੇ ਹੀ ਸੌਂ ਗਏ ਕਿਉਂਕਿ ਕੋਈ ਕਹਿ ਰਿਹਾ ਸੀ ਕਿ ਬਹੱਤਰ ਘੰਟੇ ਬਾਅਦ ਵਾਪਸੀ ਹੋਵੇਗੀ, ਕੋਈ ਕਹਿ ਰਿਹਾ ਸੀ ਕਿ ਚੌਵੀ ਘੰਟੇ ਬਾਅਦ ਅਤੇ ਕੋਈ ਅਠਤਾਲੀ ਘੰਟੇ ਬਾਅਦ, ਫਿਰ ਨਾਲ਼ ਦੀ ਬੀਬੀ ਨੂੰ ਬਾਹਰੋਂ ਫੋਨ ਆਇਆ ਕਿ ਬੀਬੀਆਂ ਲਈ ਬੱਸਾਂ ਲਾਈਆਂ ਗਈਆਂ ਹਨ ਤੇ ਅੱਠ ਵਜੇ ਸਟੇਜ 'ਤੇ ਪਹੁੰਚੋ। ਸੋ ਅਸੀਂ ਕਾਹਲੀ-ਕਾਹਲੀ ਤਿਆਰ ਹੋ ਕੇ ਰਸੋਈ ਢਾਬੇ ਤੋਂ ਸਟੇਜ ਵੱਲ ਨੂੰ ਚੱਲ ਪਏ, ਕਾਫ਼ੀ ਦੂਰ ਤੱਕ ਪੈਦਲ ਚੱਲਦੇ ਰਹੇ, ਰਸਤੇ 'ਚ ਇਕ ਟ੍ਰੈਕਟਰ ਤੋਂ ਲਿਫ਼ਟ ਲਈ, ਟ੍ਰੈਕਟਰ ਦੋ ਕਦਮ ਚੱਲਿਆ ਤੇ ਜਾਮ 'ਚ ਫਸ ਗਿਆ। ਫੇਰ ਅਸੀਂ ਪੈਦਲ ਚੱਲ ਪਏ।

ਸਾਢੇ ਦਸ ਤਕ ਅਸੀਂ ਬੜੀ ਮੁਸ਼ਕਲ ਨਾਲ਼ ਸਟੇਜ ਕੋਲ ਪਹੁੰਚੇ ਅਤੇ ਪਰੇਡ ਲਈ ਨਿਕਲਣ ਵਾਲੇ ਟ੍ਰੈਕਟਰਾਂ ਨੂੰ ਅਸੀਂ ਕਿਸੇ ਤੋਂ ਤਿਰੰਗਾ ਝੰਡਾ ਫੜ੍ਹ ਕੇ ਇਸ ਤਰ੍ਹਾਂ ਵਿਦਾਇਗੀ ਦਿੱਤੀ ਜਿਵੇਂ ਅਸੀਂ ਕਿਸੇ ਮੰਤਰੀ ਪਦ ‘ਤੇ ਹੋਈਏ। ਅਸੀਂ ਜਾਣ ਵਾਲੇ ਟ੍ਰੈਕਟਰਾਂ ਨੂੰ ਤਸੱਲੀ ਨਾਲ਼ ਹੱਥ ਹਿਲਾ ਕੇ ਵਿਦਾ ਕਰ ਰਹੇ ਸਾਂ। ਬਹੁਤ ਥੱਕੇ ਹੋਣ ਕਰਕੇ ਪਰੇਡ 'ਤੇ ਜਾਣ ਦੀ ਸਿਹਤ ਨੇ ਇਜਾਜ਼ਤ ਨਾ ਦਿੱਤੀ ਅਤੇ ਅਸੀਂ ਉਥੇ (ਗੁਰੂ ਤੇਗ ਬਹਾਦਰ ਮੈਮੋਰੀਅਲ) ਥੋੜ੍ਹਾ ਆਰਾਮ ਕੀਤਾ, ਫੋਟੋਆਂ ਲਈਆਂ ਅਤੇ ਬਾਰਾਂ ਕੁ ਵਜੇ ਵਾਪਸ ਢਾਬੇ ਵੱਲ ਚੱਲ ਪਏ। ਪਰੇਡ ਲਈ ਟ੍ਰੈਕਟਰ ਅਜੇ ਵੀ ਉਸੇ ਉਤਸ਼ਾਹ ਨਾਲ਼ ਜਾ ਰਹੇ ਸਨ। ਪਰ ਪੈਦਲ ਚੱਲਣ ਵਾਲਾ ਇਕੱਠ ਉਸ ਤੋਂ ਵੀ ਜ਼ਿਆਦਾ ਸੀ। ਆਉਣ ਵੇਲੇ ਵੀ, ਲੋਕ ਅੱਗੋਂ ਆ ਰਹੇ ਸਨ ਅਤੇ ਜਾਣ ਵੇਲੇ ਵੀ ਲੋਕ ਅੱਗੋਂ ਆ ਰਹੇ ਸਨ। ਇਸ ਲਈ ਨਿਕਲਣਾ ਸਵੇਰ ਨਾਲ਼ੋਂ ਵੀ ਮੁਸ਼ਕਿਲ ਸੀ। ਕਦੇ ਟਰਾਲੀਆਂ ਦੀਆਂ ਹੁੱਕਾਂ ਟੱਪ ਕੇ ਖੱਬੇ ਰਸਤੇ ਅਤੇ ਕਦੇ ਸੱਜੇ ਰਸਤੇ, ਇਸ ਤਰ੍ਹਾਂ ਬਲਦ ਮੂਤਣਾ ਬਣਾਉਂਦੇ ਬਣਾਉਂਦੇ ਛੇ ਤੋਂ ਸੱਤ ਕਿਲੋਮੀਟਰ ਦੀ ਵਾਟ (ਜਿਵੇਂ ਖੋਤੇ ਦੀ ਅੱਠ ਕੋਹ ਅਤੇ ਖੋਤੇ ਵਾਲੀ ਦੀ ਸੋਲ਼ਾਂ ਕੋਹ) ਵਾਂਗ ਸਾਡੇ ਲਈ ਪਤਾ ਨਹੀਂ ਕਿੰਨੀ ਬਣ ਗਈ।

ਅੱਧ ਕੁ ਵਿਚਕਾਰ ਪਹੁੰਚ ਕੇ ਕੋਈ ਟ੍ਰੈਕਟਰ ਵਾਲੇ ਇੱਕ-ਦੂਜੇ ਨੂੰ ਖ਼ਬਰ ਸੁਣਾ ਰਹੇ ਸਨ ਕਿ ਲਾਲ ਕਿਲੇ ਤੇ ਝੰਡਾ ਝੁਲਾ ਦਿੱਤਾ, ਮੈਨੂੰ ਲੱਗਿਆ ਕਿ ਸ਼ਾਇਦ ਕਿਸਾਨੀ ਝੰਡਾ ਝੁਲਾ ਦਿੱਤਾ। ਪਰ ਮੈਂ ਕਿਸੇ ਤੋਂ ਚੰਗੀ ਤਰ੍ਹਾਂ ਖ਼ਬਰ-ਸਾਰ ਲੈਣ ਲਈ ਰਾਹ ਜਾਂਦੇ ਲੋਕਾਂ ਤੋਂ ਪੁੱਛਿਆ ਤਾਂ ਪੂਰੀ ਖ਼ਬਰ ਪਤਾ ਲੱਗੀ ਕਿ ਝੰਡਾ ਤਾਂ ਕੋਈ ਹੋਰ ਚੜ੍ਹਾਇਆ ਹੈ, ਤਾਂ ਉੱਥੋਂ ਹੀ ਇਸ਼ਾਰਾ ਮਿਲ ਗਿਆ ਕਿ ਸਰਕਾਰ ਨੇ ਆਪਣਾ ਮਕਸਦ ਪੂਰਾ ਕਰ ਲਿਆ। ਹੁਣ ਉਹ ਧਰਨੇ ਨੂੰ ਬਦਨਾਮ ਕਰ ਚੁੱਕੇ ਹਨ। ਮਨ ਬੜਾ ਉਦਾਸ ਹੋਇਆ ਕਿ ਧਰਨਾ ਕਿਸਾਨਾਂ ਦਾ, ਕਿਸਾਨਾਂ ਵੱਲੋਂ, ਕਿਸਾਨਾਂ ਦੇ ਹੱਕਾਂ ਲਈ, ਸ਼ਾਂਤਮਈ ਰੱਖਣ ਦਾ ਵਿਚਾਰ ਸੀ ਜੋ ਕਿ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਸਨ। ਸੋਚਿਆ ਕਿ ਵਿਆਹ ਵਾਲੇ ਘਰ ਵਾਂਗ ਸਾਰਿਆਂ ਨੂੰ ਆਪੋ-ਧਾਪੀ ਪਈ ਹੋਈ ਹੈ ਕਿ ਮੈਂ ਤੇਰੇ ਤੋਂ ਮੂਹਰੇ ਹੋਵਾਂ ਅਤੇ ਤੂੰ ਮੇਰੇ ਮੂਹਰੇ ਵਾਲੀ ਹਾਲਤ ਹੈ। ਪਰ ਢਾਬੇ ਤਕ ਪਹੁੰਚਦਿਆਂ-ਪਹੁੰਚਦਿਆਂ ਹਲਕਾ ਬੁਖਾਰ ਹੋ ਚੁੱਕਾ ਸੀ ਅਤੇ ਲੋਕਾਂ ਦਾ ਰੌਂਅ ਅੱਧਿਆਂ ਦਾ ਖ਼ਰਾਬ ਸੀ ਅਤੇ ਅੱਧਿਆਂ ਦਾ ਜੇਤੂ ਸੀ। ਕੋਈ ਕਹਿੰਦਾ ਸੀ ਕਿ ਗੁੜ ਵੰਡਿਆ ਜਾਏ ਪਰ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਗੁੜ ਕਿਸ ਖੁਸ਼ੀ ‘ਚ ਵੰਡਿਆ ਜਾਵੇ ਕਿਉਂਕਿ ਬੇਬੇ-ਬਾਪੂਆਂ ਦਾ ਸ਼ਾਂਤਮਈ ਧਰਨਾ ਜੋ ਐਨੀ ਠੰਢ 'ਚ ਘਰੋਂ ਬੇਘਰ ਹੋਏ, ਛੇ ਮਹੀਨੇ ਦੇ ਧੱਕੇ ਖਾਧੇ ਅਜਾਈਂ ਗਏ। ਲਾਲ ਕਿਲ੍ਹੇ ਵਿੱਚ ਵੀ ਬੇ-ਮੁਹਾਰ ਹੋਏ ਪੁੱਤ ਮਾਰੇ ਗਏ, ਬਾਕੀਆਂ ਤੇ ਕੇਸ ਪੈਣਗੇ, ਨਾ ਰੋਟੀ, ਨਾ ਪਾਣੀ, ਨਾ ਠੰਢ 'ਚ ਰਜਾਈਆਂ, ਕਿਸ ਖੁਸ਼ੀ ‘ਚ ਗੁੜ ਵੰਡੋਗੇ। ਫੇਰ ਉਹ ਗੁੜ ਵੰਡਣ ਵਾਲਾ ਬੰਦਾ ਅੱਖਾਂ ਭਰ ਆਇਆ ਕਿਉਂਕਿ ਝੰਡਾ ਝੁਲਾ ਕੇ ਅਸੀਂ ਮੋਦੀ ਦੀ ਜਿੱਤ ਕਰਵਾ ਦਿੱਤੀ, ਜਿਹੜਾ ਉਦੋਂ ਤੋਂ ਹੀ ਕਹਿ ਰਿਹਾ ਸੀ ਕਿ ਧਰਨਾ ਕਿਸਾਨਾਂ ਦਾ ਨਹੀਂ, ਸਿਖਾਂ ਦਾ ਹੈ, ਜੋ ਬਾਕੀ ਹਰਿਆਣੇ ਤੋਂ ਅਤੇ ਹੋਰ ਸੂਬਿਆਂ ਤੋਂ ਕਿਸਾਨ ਸ਼ਾਮਲ ਹੋਏ ਠੰਡ 'ਚ ਰੁਲਦੇ ਫਿਰੇ ਉਨ੍ਹਾਂ ਦਾ ਕੀ ਬਣਿਆ। ਸੰਘਰਸ਼ 'ਚ ਯੋਗਦਾਨ ਤਾਂ ਉਨ੍ਹਾਂ ਦਾ ਵੀ ਬਰਾਬਰ ਦਾ ਹੈ। ਹਰਿਆਣੇ ਦੇ ਲੰਗਰਾਂ ਵਾਲੇ ਤਾਂ ਦੁੱਧ ਵੀ ਰੋਟੀ ਨਾਲ਼ ਪਰੋਸਦੇ ਹਨ। ਖਾਪ ਵੱਲੋਂ ਵੀ ਵਧੀਆ ਲੰਗਰ, ਬੜੇ ਅਦਬ ਨਾਲ਼ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਉਂਦੇ ਅਤੇ ਬਾਅਦ ਵਿਚ ਵਧੀਆ ਲੰਗਰ ਪਰੋਸਦੇ ਹਨ। ਦੁੱਧ ਲੱਸੀ ਜਿਨਾਂ ਹਰਿਆਣੇ ਵਾਲਿਆਂ ਨੇ ਪਿਆਇਆ ਉਨਾਂ ਪੰਜਾਬ ਦੇ ਲੰਗਰਾਂ ਵਿੱਚ ਨਹੀਂ ਸੀ। ਇਸ ਲਈ ਝੰਡਾ ਝੁਲਾ ਕੇ ਤਾਂ ਅਸੀਂ ਉਨ੍ਹਾਂ ਸਾਰਿਆਂ ਦੀ ਕੀਤੀ ਖੇਹ 'ਚ ਮਿਲਾ ਦਿੱਤੀ। ਛੱਬੀ ਦੀ ਪਰੇਡ 'ਚ ਮੈਂ ਇਹੀ ਸਭ ਕੁਝ ਦੇਖਿਆ ਕਿਉਂਕਿ ਜਾਂ ਤਾਂ ਅਸੀਂ ਸ਼ਾਂਤਮਈ ਹੀ ਰਹਿੰਦੇ ਤੇ ਜਾਂ ਫਿਰ ਝੰਡਾ ਝੁਲਾਉਣ ਦੀ ਥਾਂ ਕਾਲੇ ਕਨੂੰਨਾਂ ਵਾਲੇ ਪੁਲੰਦੇ ਤੱਕ ਪਹੁੰਚਦੇ ਅਤੇ ਉਹਨਾਂ ਨੂੰ ਪਾੜ ਦਿੰਦੇ ਫੇਰ ਤਾਂ ਅਸੀਂ ਕਿਸਾਨ ਦਾ ਕੁਝ ਸੰਵਾਰਦੇ, ਹੁਣ ਤਾਂ ਅਸੀਂ ਜਾਟ ਅੰਦੋਲਨ ਵਾਂਗ ਉਸ ਦੇ ਮੱਥੇ ਖ਼ਾਲਿਸਤਾਨੀ ਟਿੱਕਾ ਲਾ ਦਿੱਤਾ ਜਿਸ ਨਾਲ਼ ਆਮ ਕਿਸਾਨ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ। ਕਿਸਾਨ ਦਾ ਲੈਣਾ-ਦੇਣਾ ਤਾਂ ਕਿਸੇ ਤਰ੍ਹਾਂ ਦੇ ‘ਸਤਾਨ’ ਨਾਲ਼ ਵੀ ਨਹੀਂ ਹੁੰਦਾ ਉਸ ਦਾ ਤਾਂ ਲੈਣਾ-ਦੇਣਾ ਉਸ ਦੇ ਖੇਤਾਂ ਨਾਲ਼ ਹੀ ਹੁੰਦਾ ਹੈ। ਛੋਟੇ ਜਿਹੇ ਖੇਤ 'ਚ ਬੈਠ ਕੇ ਹੀ ਉਹ ਰਾਜਾ ਮਹਿਸੂਸ ਕਰਦਾ ਹੈ। ਅਸੀਂ ਮਦਦ ਕਰਨੀ ਹੈ ਤਾਂ ਕਿਸਾਨ ਅੰਦੋਲਨ ਨੂੰ ਕਿਸਾਨ ਅੰਦੋਲਨ ਹੀ ਰਹਿਣ ਦੇਈਏ, ਫਿਰਕੂ ਰੰਗਤ ਨਾ ਦੇਈਏ।