ਘੁੰਡ ਵਾਲੀ ਔਰਤ ਦੀ ਤਕਰੀਰ

ਸਰੋਤ-ਗਾਜੀਪੁਰ ਮੋਰਚੇ ਤੋਂ ਇਕ ਵੀਡੀਓ
    
Read in English
ਮੈਂ ਇਸ ਜ਼ੁਲਮੀ ਹਕੂਮਤ ਅਤੇ ਗੋਦੀ ਮੀਡੀਆ ਨੂੰ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਨੈਟ ਦੈ ਕੁਨੈਕਸ਼ਨ ਤਾਂ ਕੱਟ ਸਕਦੇ ਹੋ ਪਰ ਕਿਸਾਨ ਦੇ ਦਿਲ ਦੀਆਂ ਤਰੰਗਾਂ ਨੂੰ ਤੁਸੀਂ ਨਹੀਂ ਕੱਟ ਸਕਦੇ। ਇਹ ਕਿਸਾਨਾਂ ਦੇ ਦਿਲ ਦੀਆਂ ਤਰੰਗਾਂ ਹੀ ਸਨ ਕਿ ਰਾਤੋ ਰਾਤ ਮੰਦਿਰਾਂ ਵਿੱਚ ਅਨਾਉਂਸਮੈਂਟ ਹੋ ਗਈ ਕਿ ਸਾਡੇ ਲੀਡਰ ਰੋ ਰਹੇ ਨੇ। ਅੱਜ ਗਾਜ਼ੀਪੁਰ ਬਾਡਰ ‘ਤੇ ਉਹਨਾਂ ਦੀ ਹਿੰਮਤ ਹੋਈ, ਕੱਲ੍ਹ ਟਿੱਕਰੀ ‘ਤੇ ਹੋਵੇਗੀ ਤੇ ਫੇਰ ਸਿੰਘੂ ‘ਤੇ, ਇਸ ਤਰ੍ਹਾਂ ਸਾਡਾ ਅੰਦੋਲਨ ਵਿਫਲ ਹੋ ਜਾਏਗਾ। ਮੈਂ ਗੋਦੀ ਮੀਡੀਆ ਦਾ ਧੰਨਵਾਦ ਕਰਦੀ ਹਾਂ, ਜਿੰਨ੍ਹਾਂ ਨੇ ਸਾਨੂੰ ਦਿਖਾਇਆ ਤੇ ਅਸੀਂ ਜਾਗੇ। ਜਿਵੇਂ ਕਿ ਸਾਨੂੰ ਪਤਾ ਹੈ ਕਿ ਦਿੱਲੀ ਵਿੱਚ ਗੋਦੀ ਮੀਡੀਆ ਨੇ ਝੰਡੇ ਵਾਲੀ ਘਟਨਾ ਵੱਲ ਹੀ ਲੋਕਾਂ ਦਾ ਧਿਆਨ ਕੇਂਦਰਿਤ ਕੀਤਾ, ਕਿ ਝੰਡਾ ਲਹਿਰਾਇਆ ਗਿਆ ਹੈ, ਤਾਂ ਕਿ ਜਨਤਾ ਉੱਥੇ ਹੀ ਉਲਝੀ ਰਹੇ। ਧਰਮ ਦੇ ਨਾਮ ‘ਤੇ ਲੜਨ ਵਾਲੇ ਪਾਖੰਡੀ ਕਹਿ ਰਹੇ ਨੇ ਕਿ ਅਸੀਂ ਝੰਡੇ ਦਾ ਅਪਮਾਨ ਕੀਤਾ ਹੈ, ਤੁਸੀਂ ਸਾਨੂੰ ਕੀ ਦੱਸੋਗੇ ਕਿ ਅਸੀਂ ਝੰਡੇ ਦਾ ਅਪਮਾਨ ਕੀਤਾ ਹੈ, ਝੰਡੇ ਦਾ ਅਪਮਾਨ ਉਦੋਂ ਹੁੰਦੈ ਜਦੋਂ ਸੀਮਾ ’ਤੇ ਜਵਾਨ ਰੋਂਦਾ ਹੈ ਤੇ ਖੇਤਾਂ ਵਿੱਚ ਕਿਸਾਨ ਰੋਂਦਾ ਹੈ।

ਅੱਜ ਇਹ ਹਕੀਕਤ ਹੈ ਕਿ ਸੀਮਾ ‘ਤੇ ਜਵਾਨ ਰੋ ਰਿਹਾ ਹੈ ਤੇ ਖੇਤਾਂ ਵਿੱਚ ਕਿਸਾਨ। ਸਾਡੀ ਲੜਾਈ ਤਿੰਨ ਕਾਨੂੰਨਾਂ ਦੇ ਨਾਲ਼-ਨਾਲ਼ ਗੋਦੀ ਮੀਡੀਆ, ਭ੍ਰਿਸ਼ਟਾਚਾਰ ਫੈਲਾਉਣ ਵਾਲਿਆਂ ਦੇ ਨਾਲ਼, ਗਲਤ ਜਾਣਕਾਰੀ ਦੇਣ ਵਾਲਿਆਂ ਦੇ ਨਾਲ਼ ਅਤੇ ਇਸ ਹਕੂਮਤ ਦੇ ਨਾਲ਼ ਹੈ, ਅੱਜ ਮੋਦੀ ਸਰਕਾਰ ਹੈ, ਕੱਲ੍ਹ ਨੂੰ ਕੋਈ ਦੂਜੀ ਸਰਕਾਰ ਆਵੇਗੀ। ਪਰ ਮੈਂ ਥੋਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਇਸ ਮੋਦੀ ਸਰਕਾਰ ਤੋਂ ਅਸੀਂ ਖੇਤੀ ਵੀ ਬਚਾਉਣੀ ਹੈ ਤੇ ਬੇਟੀ ਵੀ ਬਚਾਉਣੀ ਹੈ, ਕਿਉਂਕਿ ਇਹਨਾਂ ਕੁਰਸੀ ਵਾਲਿਆਂ ਦੇ ਕੋਲ ਨਾ ਖੇਤੀ ਹੈ ਤੇ ਨਾ ਹੀ ਬੇਟੀ ਹੈ। ਇਹ ਹੰਗਾਮਾ ਕਰ ਦਿੰਦੇ ਨੇ ਜਦੋਂ ਕਿਸੇ ਬੇਟੀ ਦਾ ਬਲਾਤਕਾਰ ਹੁੰਦਾ ਹੈ, ਮੀਡੀਆ ਵਿੱਚ ਚਾਰ ਦਿਨ ਗੱਲ ਚੱਲਦੀ ਹੈ, ਤਫ਼ਤੀਸ਼ ਵੀ ਪੂਰੀ ਨਹੀਂ ਹੁੰਦੀ, ਪਰ ਜਦੋਂ ਸ਼ੁਸਾਂਤ ਸਿੰਘ ਆਤਮਹੱਤਿਆ ਕਰ ਲੈਂਦਾ ਹੈ, ਤਾਂ ਕੰਗਣਾ ਰਣੌਤ ਦੀਆਂ ਗੱਲਾਂ ਵਾਰ-ਵਾਰ ਦਿਖਾਈਆਂ ਜਾਂਦੀਆਂ ਨੇ, ਕਿਉਂ ਦਿਖਾਈਆਂ ਜਾਂਦੀਆਂ ਨੇ ਤਾਂ ਕਿ ਤੁਸੀਂ ਅਸਲੀ ਮੁੱਦੇ ਤੋਂ ਭਟਕ ਜਾਉ। ਮੈਂ ਇੱਥੇ ਕੋਈ ਪੈਸੇ ਦੇ ਲਈ ਨਹੀਂ ਆਈ, ਅਤੇ ਨਾ ਹੀ ਕੋਈ ਰਾਜਨੀਤਿਕ ਭੁੱਖ ਹੈ। ਮੇਰੇ ਦਿਲ ਵਿੱਚ ਅੱਗ ਹੈ, ਮੈਂ ਕਿਸਾਨਾਂ ਦੇ ਲਈ ਬੋਲ ਰਹੀ ਹਾਂ, ਮੈਂ ਇੱਕ ਕਿਸਾਨ ਦੀ ਧੀ ਹਾਂ, ਮੈਂ ਉਸ ਕਿਸਾਨ ਦੀ ਧੀ ਹਾਂ ਜੋ  14 ਸਾਲ ਦੀ ਉਮਰ ਵਿੱਚ ਹੀ ਖੇਤੀ ਕਰਨ ਲੱਗ ਪਿਆ ਸੀ, ਅਤੇ ਅੱਜ ਵੀ ਕਰਦਾ ਹੈ, ਉਹ ਮੇਰਾ ਮਾਣ ਹੈ। ਮੈਂ ਕੁਝ ਲਾਈਨਾਂ ਤੁਹਾਨੂੰ ਸੁਣਾਉਣਾ ਚਾਹੁੰਦੀ ਹਾਂ, ਜਿਵੇਂ ਕਿ ਇੱਕ ਸ਼ਾਇਰ ਨੇ ਕਿਹਾ ਹੈ,

“ਅਪਨੇ ਚੇਹਰੇ ਸੇ ਜੋ ਜ਼ਾਹਿਰ ਹੈ, ਛੁਪਾਉਂ ਕੈਸੈ
ਤੇਰੀ ਮਰਜ਼ੀ  ਕੇ ਮੁਤਾਬਿਕ ਨਜ਼ਰ ਆਉਂ ਕੈਸੇ

ਘਰ ਸਜਾਨੇ ਕੀ ਤਸੱਵੁਰ ਤੋਹ ਬਾਦ ਕੀ ਬਾਤ ਹੈ
ਪਹਿਲੇ ਯਹ ਤੋ ਤੈਅ ਹੋ ਕਿ ਮੈਂ ਇਸ ਘਰ ਕੋ ਬਚਾਉਂ ਕੈਸੇ
ਲਾਖ ਤਲਵਾਰੇਂ ਆ ਬਢੇਂ ਮੇਰੀ ਗਰਦਨ ਕੀ ਤਰਫ
ਸਰ ਝੁਕਾਨਾ ਨਹੀਂ ਸੀਖਾ ਤੋ ਸਰ ਝੁਕਾਉਂ ਕੈਸੇ”

ਇੰਨੇ ਧਿਆਨ ਨਾਲ਼ ਸੁਣਨ ਲਈ ਧੰਨਵਾਦ, ਵੈਸੇ ਤਾਂ ਅਨਾਉਂਸਮੈਂਟ ਹੁੰਦੀ ਹੈ ਕਿ ਇੱਥੇ ਧਰਨੇ ਉੱਤੇ ਅਸੀਂ ਵੱਧ ਤੋਂ ਵੱਧ ਸੰਖਿਆ ਵਿੱਚ ਪਹੁੰਚਣਾ ਹੈ। ਸਾਨੂੰ ਇਥੋਂ ਹਟਾਉਣ ਦੀਆਂ ਤਿਆਰੀਆਂ ਪੁਲਿਸ ਪ੍ਰਸ਼ਾਸਨ ਵੱਲੋਂ ਚੱਲ ਰਹੀਆਂ ਹਨ, ਕਿਉਂਕਿ ਜਦੋਂ ਕੋਈ ਦਰੱਖਤ ਉਖਾੜਨਾ ਹੁੰਦਾ ਹੈ, ਜਦੋਂ ਤੱਕ ਉਸ ਦੀਆਂ ਜੜ੍ਹਾਂ ਮਜਬੂਤ ਨੇ ਉਦੋਂ ਤੱਕ ਉਸ ਦਰੱਖਤ ਨੂੰ ਕੋਈ ਨਹੀਂ ਹਿਲਾ ਸਕਦਾ। ਇਹ ਸਾਡੀਆਂ ਜੜਾਂ ਨੇ, ਇੱਥੋਂ ਹਿਲਾਂਗੇ ਤਾਂ ਇਹ ਬਾਡਰ ਤੇ ਜਾਣਗੇ। ਇਹ ਚੀਜ ਇਹਨਾਂ ਨੇ ਸਾਨੂੰ ਸਿਖਾ ਦਿੱਤੀ ਹੈ ਕਿ ਧਰਮ, ਮਜ਼ਹਬ ਅਤੇ ਜਾਤਾਂ ਵਿੱਚ ਤੁਸੀਂ ਲੋਕਾਂ ਨੇ ਸਾਨੂੰ ਵੰਡਿਆ ਹੈ,ਪਰ ਉਹਦੀ ਸਾਨੂੰ ਪਰਵਾਹ ਨਹੀਂ ਹੈ, ਇਹ ਤਾਂ ਸਾਡੀ ਆਪਸ ਦਾ ਲੜਾਈ ਅਸੀਂ ਆਪੇ ਫੇਰ ਲੜ ਲਵਾਂਗੇ, ਪਰ ਪਹਿਲਾਂ ਤੇਰੀ ਗੱਲ ਐ। ਗੋਦੀ ਮੀਡੀਆ ਜੋ ਅੰਦੇਲਨ ਨੂੰ ਜੋ ਨੀਚਲੇ ਸਤਰ ਤੇ ਲੈਕੇ ਜਾਣ ਦੀ ਤਿਆਰੀ ਕਰ ਰਿਹਾ ਸੀ, ਰਾਕੇਸ਼ ਟਕੈਤ ਦੇ ਹੰਝੂਆਂ ਨੇ ਉਸਨੂੰ ਮੁੜ ਅਸਮਾਨ ਤੇ ਚੜਾ ਦਿੱਤਾ ਹੈ।  ਤਾਂ ਮੈਂ ਇਹੀ ਅਪੀਲ ਕਰਦੀ ਹਾਂ ਕਿ ਸਾਨੂੰ ਸਭ ਨੂੰ ਖਾਸ ਤੌਰ ‘ਤੇ ਨੌਜਵਾਨਾ ਨੂੰ ਧਿਆਨ ਰੱਖਣਾ ਪਵੇਗਾ ਕਿ ਕੋਈ ਵੀ ਅਜਿਹੀ ਹਿੰਸਕ ਘਟਨਾ ਨਾ ਹੋਵੇ, ਜਿਸ ਨਾਲ਼ ਸਾਡੇ ਅੰਦੋਲਨ ਉੱਤੇ ਕੋਈ ਅਸਰ ਪਵੇ, ਕਿਉਂਕਿ ਗੋਦੀ ਮੀਡੀਆ ਦੀਆਂ ਅਪਸਰਾਵਾਂ ਇਸੇ ਮੌਕੇ ਦੀ ਤਲਾਸ਼ ਵਿਚ ਰਹਿੰਦੀਆੰ ਨੇ ਕਿ ਕਦੋਂ ਕੋਈ ਛੋਟਾ ਜਿਹਾ ਮੌਕਾ ਮਿਲੇ, ਤੇ ਕਦੋਂ ਉਹ ਅੰਦੋਲਨ ਨੂੰ ਖਰਾਬ ਕਰਨ। ਤਾਂ ਮੇਰੀ ਹੱਥ ਜੋੜ ਕੇ ਵਿਨਮਰ ਬੇਨਤੀ ਹੈ ਕਿ ਸਾਡੇ ਬਜ਼ੁਰਗਾਂ ਦੇ ਨਾਲ਼ ਰਹੋ, ਉਹ ਸਾਨੂੰ ਜੋ ਆਦੇਸ਼ ਦਿੰਦੇ ਨੇ ਅਸੀਂ ਉਸ ਨੂੰ ਮੰਨਣਾ ਹੈ, ਉਹਨਾਂ ਦੇ ਨਾਲ਼ ਚੱਲਣਾ ਹੈ। ਇਹ ਜਨ ਦਾ ਅੰਦੋਲਨ ਹੈ, ਪੂਰੇ ਦੇਸ਼ ਦਾ ਅੰਦੋਲਨ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਮੇਰੀਆਂ ਗੱਲਾਂ ਨੂੰ ਇੰਨੇ ਧਿਆਨ ਨਾਲ਼ ਸੁਣਨ ਲਈ।