ਨੌਦੀਪ ਨੂੰ ਰਿਹਾਅ ਕਰੋ

ਸੰਗੀਤ ਤੂਰ
    
Read in English
ਮੁਕਤਸਰ ਦੀ ਨੌਦੀਪ ਕੌਰ ਕੁੰਡਲੀ ਦੀ ਇਕ ਬੱਲਬ ਫੈਕਟਰੀ ਵਿੱਚ ਕੰਮ ਕਰਨ ਲੱਗੀ। ਜਲਦ ਹੀ ਮਜ਼ਦੂਰਾਂ ਦੇ ਹੋ ਰਹੇ ਸ਼ੋਸ਼ਣ ਕਰਕੇ ਓਹਨੇ ਮਜ਼ਦੂਰ ਅਧਿਕਾਰ ਸੰਗਠਨ ਵਿਚ ਹਿੱਸਾ ਪਾਉਣਾ ਸ਼ੁਰੂ ਕੀਤਾ। ਜਦੋਂ ਕਿਸਾਨ ਅੰਦੋਲਨ ਕੁੰਡਲੀ-ਸਿੰਘੂ ਜਾ ਪਹੁੰਚਿਾ ਤਾਂ ਨੌਦੀਪ ਨੇ ਮਜ਼ਦੂਰਾਂ ਨੂੰ ਇਕੱਠੇ ਕਰ ਮਜ਼ਦੂਰ ਕਿਸਾਨ ਏਕਤਾ ਦੇ ਨਾਅਰਿਆਂ ਨੂੰ ਬੁਲੰਦ ਕੀਤਾ। ਦਲਿਤ ਪਰਵਾਰ ਤੋਂ ਆਈ ਨੌਦੀਪ ਜੁਝਾਰੂ ਬਿਰਤੀਆਂ ਦੀ ਮਾਲਕ ਹੈ। ਉਹ ਹਰਿਆਣਾ ਦੀ ਕੁੰਡਲੀ ਇੰਡਸਟਰੀਅਲ ਐਸੋਸਿਏਸ਼ਨ ਤੋਂ ਮਜ਼ਦੂਰਾਂ ਦੇ ਬਣਦੇ ਹੱਕ ਮੰਗਣ ਲੱਗੀ। ਇਸ ਐਸੋਸਿਏਸ਼ਨ ਨੇ ਇਕ ਰਿਸਪੌਂਸ ਟੀਮ ਦੇ ਨਾ ਹੇਠ ਗੁੰਡਿਆਂ ਨੂੰ ਇਕੱਠਾ ਕੀਤਾ ਤੇ ਹੱਕ ਮੰਗ ਰਹੀ ਨੌਦੀਪ ਤੇ ਮਜ਼ਦੂਰਾਂ ਤੇ ਧੌਂਸ ਜਮਾਉਣ ਲੱਗੇ। ਇਹ ਗੁੰਡਾ ਟੀਮ ਮਜ਼ਦੂਰਾਂ ਨੂੰ ਇੱਕ-ਜੁੱਟ ਹੋਣ ਤੋਂ ਰੋਕਣ ਲੱਗੀ ਤੇ ਓਹਨਾ ਨੂੰ ਡਰਾਉਣ ਧਮਕਾਉਣ ਲੱਗੀ। ਐਨੇ ਨੂੰ ਨੌਦੀਪ ਨੂੰ ਨੌਕਰੀ ਚੋਂ ਕੱਢ ਦਿੱਤਾ ਗਿਆ।

ਦੋ ਜਨਵਰੀ ਨੂੰ ਆਪਣੀਆਂ ਤਨਖਾਹਾਂ ਮੰਗਣ ਗਏ ਮਜ਼ਦੂਰਾਂ ਤੇ ਇਹਨਾਂ ਗੁੰਡਿਆਂ ਵੱਲੋਂ ਗੋਲੀ ਚਲਾਈ ਗਈ। ਮਜ਼ਦੂਰ ਕੁੰਡਲੀ ਪੁਲਿਸ ਸਟੇਸ਼ਨ ਰਿਪੋਰਟ ਲਿਖਾਉਣ ਗਏ ਪਰ ਪੁਲਿਸ ਨੂੰ ਇਨਕਾਰ ਕਰ ਦਿੱਤਾ।  12 ਜਨਵਰੀ ਨੂੰ ਮਜ਼ਦੂਰ ਫੇਰ ਆਪਣੀ ਤਨਖਾਹ ਮੰਗਣ ਗਏ। ਓਹਨਾ ਤੇ ਗੁੰਡਿਆਂ ਨੇ ਲਾਠੀ ਚਾਰਜ ਕੀਤਾ, ਔਰਤਾਂ ਦੇ ਕੱਪੜੇ ਪਾੜੇ, ਨੌਦੀਪ ਨੂੰ ਬੇਤਹਾਸ਼ਾ ਕੁੱਟਿਆ ਤੇ ਪੁਲਿਸ ਉਸਨੂੰ ਜਬਰੀ ਗ੍ਰਿਫਤਾਰ ਕਰਕੇ ਕਰਨਾਲ਼ ਪੁਲਿਸ ਸਟੇਸ਼ਨ ਲੈ ਗਈ। ਨੌਦੀਪ ਦੇ ਹਿਰਾਸਤ ਤੋਂ ਬਾਅਦ ਕੀਤੇ ਮੈਡੀਕਲ ਵਿੱਚ ਪੁਲਿਸ ਤੇ ਗੁੰਡਿਆਂ ਦਾ ਤਸ਼ੱਦਦ ਜਾਹਰ ਹੁੰਦਾ ਹੈ। ਉਸਦੇ ਗੁਪਤ ਅੰਗਾਂ ਦੇ ਜ਼ਖ਼ਮ ਪੁਲਿਸ ਵੱਲੋਂ ਕੀਤੇ ਜਿਸਮੀ ਸ਼ੋਸ਼ਣ ਦੇ ਹਨ।

ਨੌਦੀਪ ਤੇ ਧਾਰਾ 307 ਦੇ ਸਮੇਤ ਹੋਰ ਕਈ ਦੋਸ਼ ਲਾਏ ਗਏ ਹਨ। ਉਸਦੀ ਜਮਾਨਤ ਦੀ ਅਰਜ਼ੀ ਦੋ ਵਾਰ ਰੱਦ ਕੀਤੀ ਗਈ ਹੈ। ਇਹ ਜ਼ਿਕਰਯੋਗ ਹੈ ਕਿ ਪੁਲਿਸ ਤੇ ਕਾਨੂੰਨੀ ਵਿਵਸਥਾ ਦਲਿਤ ਅਵਾਜ਼ਾਂ ਨੂੰ ਕੁਚਲਦੀ ਹੈ। ਨੌਦੀਪ ਤੇ ਪੁਲਿਸ ਵੱਲੋਂ ਹੋ ਰਿਹਾ ਜ਼ੁਲਮ ਅਤੇ ਅਦਾਲਤ ਵਲੋਂ ਕੀਤੀ ਜਾ ਰਹੀ ਢਿੱਲ ਦਲਿਤਾਂ ਤੇ ਦਿਨ ਬਦਿਨ ਵਧ ਰਹੇ ਅੱਤਿਆਚਾਰ ਦੇ ਸੂਚਕ ਹਨ। ਨੌਦੀਪ ਦੀ ਭੈਣ ਰਾਜਵੀਰ ਕੌਰ ਜੋ ਕਿ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਦੀ ਹੈ ਨੇ ਕਿਹਾ ਕਿ ਸਾਡਾ ਸਮਾਜ ਉੱਚੀ ਜਾਤੀ ਦੇ ਸ਼ੋਸ਼ਣ ਤੇ ਛੇਤੀ ਹੀ ਭਾਵੁਕ ਹੋ ਜਾਂਦਾ ਹੈ ਪਰ ਦਲਿਤ ਜਾ ਆਦਿਵਾਸੀ ਔਰਤ ਤੇ ਜ਼ੁਲਮ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ।