ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ॥ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ॥ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥

ਆਸਮਾ ਕਾਦਰੀ, ਲਾਹੌਰ ਯੂਨੀਵਰਸਿਟੀ - ਮਿੱਟੀ ਅਤੇ ਜ਼ਮੀਨ ਨੂੰ ਬਾਬੇ ਨਾਨਕ ਦੀ ਪਹਿਲੀ ਪੌੜੀ ਵਿੱਚੋਂ ਵੇਖਦੇ ਹੋਏ ।
    

ਮਿੱਟੀ ਆਦਿ-ਜੁਗਾਦਿ ਦੇ ਸੱਚ ਨਾਲ਼ ਜੁੜਦੀ ਹੈ। ਮਿੱਟੀ ਉੱਪਰ ਆਕੜ-ਆਕੜ ਕੇ ਟੁਰਨ ਵਾਲੇ ਭੁੱਲ ਬਹਿੰਦੇ ਨੇ ਜੋ ਮੋਇਆਂ ਏਸ ਮਿੱਟੀ ਹੇਠ ਹੀ ਜਾਵਣਾ ਹੈ ਅਸਾਂ। ਏਹਾ ਮਿੱਟੀ ਹੀ ਹੈ ਜਿਸ ਸਾਡੀ ਸਾਂਭ ਕਰਨੀ ਹੈ। ਮਿੱਟੀ ਨਾਲ਼ ਮਿੱਟੀ ਹੋਏ ਜਿਉਂਦੇ ਜੀਅ ਹਨ ਜਾਂ ਪੈਰਾਂ ਹੇਠ ਮਿੱਟੀ, ਦੋਏਂ ਈ ਬੇ-ਜ਼ੁਬਾਨ ਹੋਏ। ਦੋਹਾਂ ਦੀ ਕਰਨੀ ਬੋਲਦੀ ਹੈ, ਇਹ ਆਪ ਨਹੀਂ ਬੋਲਦੇ। ਮਿੱਟੀ ਏਸ ਕਾਇਨਾਤ ਦੀ ਸਭ ਤੋਂ ਹੇਠਲੀ ਹੋਂਦ ਹੈ। ਪੈਰਾਂ ਹੇਠ ਆਉਂਦੀ ਐ ਮਿੱਟੀ, ਕਿਸ-ਕਿਸ ਰੰਗ ਵਿੱਚ ਸੇਵਾ ਕਰੇਂਦੀ ਹੈ। ਮਿੱਟੀ ਨਿਮਾਣਤਾ ਦਾ ਨਿਸ਼ਾਨ ਹੈ। ਮਿੱਟੀ ਹਰ ਪਲ ਆਪਣੇ ਆਹਰੇ ਲੱਗੀ ਐ, ਪਰ ਕਦੀ ਇਸ ਦੀ ਵਾਜ਼ ਨਹੀਂ ਸੁਣੀਂ ਕਿਸੇ। ਬੱਸ ਮਿੱਟੀ ਦੀ ਕਰਨੀ ਬੋਲਦੀ ਹੈ। ਮਿੱਟੀ-ਪਾਣੀ ਦਾ ਸੰਗ ਹੋਇਆ ਆਦਿ-ਜੁਗਾਦਿ ਦਾ। ਮਿੱਟੀ ਦੀ ਕੁੱਖ ਸਾਂਭਦੀ ਹੈ ਹਰ ਬੀਅ ਨੂੰ, ਰਾਖੀ ਕਰੇਂਦੀ ਹੈ ਤੇ ਰੁੱਤ ਆਵਣ ਤੇ ਬੂਟਾ ਬਣਾ ਕੇ ਆਪਣਾ ਢਿੱਡ ਪਾੜ ਕੇ ਉਸਨੂੰ ਜੰਮਦੀ ਐ। ਮਿੱਟੀ ਦਾ ਉਗਾਇਆ ਕੁੱਲ ਜਿਉਂਦੀ ਹੋਂਦ ਦਾ ਜੀਵਕਾ ਹੋਇਆ। ਮਿੱਟੀ ਵਿੱਚ ਉੱਗਿਆ ਨਿੱਕਾ ਜਿਤਨਾ ਬੂਟਾ ਹੌਲੀ-ਹੌਲੀ ਵੱਡਾ ਉੱਚਾ-ਲੰਮਾ ਰੁੱਖ ਬਣਕੇ ਅੰਬਰ ਨਾਲ਼ ਗੱਲਾਂ ਕਰੇਂਦਾ ਏ। ਮਿੱਟੀ ਅੰਦਰ ਕੋਈ ਹਸਰਤ ਨਹੀਂ ਪੈਦਾ ਹੁੰਦੀ ਜੋ ਮੇਰਾ ਜੰਮਿਆ ਅੱਜ ਕਿੱਥੇ ਉਚਿਆਈਆਂ ਵਿੱਚ ਹੈ। ਮਿੱਟੀ ਰੁੱਖ ਦੀਆਂ ਜੜ੍ਹਾਂ ਦੀ ਸਾਂਭ ਕਰੇਂਦੀ ਓਸਦੀ ਸਿਖਰ ਨੂੰ ਵੀ ਵੱਤਰਦੀ ਏ।

ਮਿੱਟੀ ਜਿਓਂਦਿਆਂ ਨੂੰ ਪਾਲਦੀ ਤੇ ਮੋਇਆਂ ਨੂੰ ਸਾਂਭਦੀ ਏ। ਮਿੱਟੀ ਮੋਏ ਵਜੂਦ ਦੀ ਸਾਂਭ ਨਾ ਕਰੇ ਤਾਂ ਧਰਤ ਉੱਪਰ ਜੀਵਨ ਮੁੱਕ ਜਾਵੇ। ਮਿੱਟੀ ਦਾ ਆਪਣਾ ਫ਼ਿੱਕਾ ਜਿਹਾ ਭੂਰਾ ਰੰਗ ਹੈ, ਪਰ ਮਿੱਟੀ ਦੀ ਉਪਜ ਵੰਨੋ-ਵੰਨ ਰੰਗਾਂ ਵਿੱਚ ਖਿੜਦੀ ਹੱਸਦੀ ਹੈ। ਮਿੱਟੀ ਵਿੱਚੋਂ ਹੀ ਉੱਗਿਆ ਹੈ, ਸਰ੍ਹੋਂ ਦਾ ਹਰਾ ਬੂਟਾ, ਪੀਲੇ ਫੁੱਲਾਂ ਵਿੱਚ ਹੱਸਦਾ-ਵਸਦਾ, ਵੇਖੋ ਮਿੱਟੀ ਦਾ ਸੁਨੇਹਾ ਪਿਆ ਦੇਂਦਾ ਹੈ। ਨਜਮ ਹੁਸੈਨ ਦਾ ਜੋੜਿਆ ਜੋੜ ਹੈ - 

ਸਰ੍ਹੋਂ ਦੀ ਪੀਲਕ ਦੇ ਵਿੱਚ ਸਾਵਾ
ਜਿਸ ਪੜ੍ਹਿਆ,
ਤਿਸ ਨੈਣ ਕੀਤੇ ਸਰ ਸਾਵੇ
ਹੈ ਦੂਈ ਆਪ ਮਿਲਾਵਾ
ਤਨ-ਮਨ ਵਿਛੜਿਆਂ ਦਾ

ਮਿੱਟੀ ਦੀ ਕਰਨੀ ਸੁਨੇਹਾ ਦੇਂਦੀ ਹੈ ਏਕਾਈ ਦਾ। ਇੱਕ ਨਿੱਕੇ ਜਿਹੇ ਬੀਅ ਵਿੱਚੋਂ ਕਿਤਨੇ ਰੰਗ ਨਿਕਲੇ ਨੇ ਤੇ ਮਿੱਟੀ ਚੋਂ ਬਾਹਰ ਆ ਕੇ, ਵਧ ਕੇ, ਫੁੱਲ ਕੇ ਆਪਣੇ ਬੀਅ ਵਿੱਚ ਸਮਾ ਗਏ ਨੇ। ਇੱਕ ਬੀਅ ਨੇ ਆਪਣੀ ਹੋਂਦ ਗਵਾਈ ਏ ਤੇ ਬੂਟਾ ਬਣਿਆ ਏ। ਇੱਕ ਹੋਂਦ ਮੁਕਾਵਣ ਪਾਰੋਂ ਹੀ ਅਨੇਕਾਂ ਬੀਅ ਜੰਮੇ ਨੇ। ਮਿੱਟੀ ਹੀ ਤੱਤ ਹੈ ਮਨੁੱਖ ਦਾ। ਮਿੱਟੀ ਉਪਜਾਉਂਦੀ ਏ, ਆਪਣੀ ਸੱਤ-ਸੱਤਿਆ ਵਰਤ ਕੇ। 

ਜੇ ਮਿੱਟੀ ਉਪਜ ਨਾ ਕਰੇ ਤਾਂ ਉਹ ਮਿੱਟੀ ਸੱਚ ਨਾ ਰਹਿਸੀ। ਮਿੱਟੀ ਹੀ ਪੌਂਦ ਹੈ, ਮੁੱਢ ਹੈ, ਮਿੱਟੀ ਬੀਅ ਲੈਂਦੀ ਏ, ਬੂਟਾ ਬਣਾ ਪਰਤਾਉਂਦੀ ਏ। ਸਾਵਾਂ ਲੈਣ-ਦੇਣ ਹੀ ਜੀਵਨ-ਤੋਰਾ ਹੈ ਕੁਦਰਤ ਦਾ। ਇਨਸਾਨੀ ਹੋਂਦ ਵੀ ਮਿੱਟੀ ਨਾਲ਼ ਬਣੀ ਹੈ ਤਾਹੀਓਂ ਤਾਂ ਮਰ-ਮੁੱਕ ਕੇ ਮਿੱਟੀ ਨਾਲ਼ ਮਿੱਟੀ ਹੋ ਵੈਂਹਦੀ ਏ। ਹਰ ਸ਼ੈਅ ਆਪਣੇ ਅਸਲੇ ਨਾਲ਼ ਹੀ ਇੱਕ-ਮਿੱਕ ਹੁੰਦੀ ਏ। ਬਸ ਵਿੱਥ ਇਤਨੀ ਹੈ ਜੋ ਪੈਰਾਂ ਹੇਠ ਦੀ ਮਿੱਟੀ ਜਵਾਲਦੀ, ਪਾਲਦੀ, ਸਾਂਭਦੀ ਹੈ। ਜੋ ਮਿੱਟੀ ਤਨ ਉੱਤੇ ਲੱਗੀ ਹੈ, ਉਹ ਬੱਝ ਕੇ ਮੈਂ ਬਣ ਜਉਂਦੀ ਹੈ - ਹਉਮੈ।

ਮੈਂ ਦਾ ਕੰਮ ਮਾਰ ਮੁਕਾਵਣਾ ਹੋਇਆ, ਉਹ ਉਪਜ ਕਰ ਹੀ ਨਹੀਂ ਸਕਦੀ। ਮਿੱਟੀ ਦਾ ਕੰਮ ਤਾਂ ਮਿਲਣ ਹੋਇਆ। ਬੰਦੇ ਦੇ ਤਨ ਵਿੱਚ ਕੈਦ ਹੋਈ ਮਿੱਟੀ ਮਿਲਣ ਭੁੱਲੀ ਤਾਂ ਵਿਸ ਬਣੀ। ਏਹਾ ਗੱਲ ਚੇਤਾ ਕਰਵਾਈ ਆਹੀ ਫ਼ਰੀਦ ਨੇ, ਜੋ ਬਾਬੇ ਨਾਨਕ ਨੇ ਲਿਖ ਸਾਂਭੀ।

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥
ਸਾਈਂ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥


ਮਿਲਣ ਸਕਤ, ਉਪਜ ਸਕਤ ਜਦੋਂ ਬੱਝ ਜਾਵੇ, ਆਪਣੀ ਸੱਤ-ਸੱਤਿਆ ਸਾਂਝੀ ਨਾ ਕਰ ਸਕੇ ਕੁੱਲ ਕੁਦਰਤ ਨਾਲ਼ ਤਾਂ ਉਹ ਵਿਸ ਬਣ ਬਹਿੰਦੀ ਏ। ਮਿੱਟੀ ਮਿਲਦੀ ਹੈ ਹਰ ਪਲ ਵਾਅ ਨਾਲ਼, ਪਾਣੀ ਨਾਲ਼, ਸਿਝ ਨਾਲ਼, ਤਾਹੀਓਂ ਉਪਜਾਉਂਦੀ ਏ। ਮਿੱਟੀ ਦਾ ਵਰਤਾਰਾ ਕੁੱਲ ਹੋਂਦ ਨਾਲ਼ ਸਾਵਾਂ ਹੈ। ਮਿੱਟੀ ਨੂੰ ਕੋਈ ਨਿੰਦੇ, ਰੱਦੇ, ਉਹ ਪਰਤਾਵਾ ਪਿਆਰ ਦਾ ਹੀ ਦੇਂਦੀ ਏ। ਮਿੱਟੀ ਨੂੰ ਕੋਈ ਵਡਿਆਵੇ ਤਾਂ ਵੀ ਉਹ ਮਾਣ ਨਹੀਂ ਕਰੇਂਦੀ, ਸਗੋਂ ਹੋਰ ਨਿੰਵਦੀ ਹੈ। ਮਿੱਟੀ ਜੁੜਨ ਸਿਖਾਉਂਦੀ ਐ। ਹੁਣ ਵੇਖੋ, ਆਦਿ ਦੀ ਜ਼ੇਰ-ਜ਼ਬਰ ਤੋਂ ਵੱਖ ਕੁਦਰਤ ਦੀ ਕਰਨੀ। ਪੈਰਾਂ ਥੱਲੇ ਜ਼ੇਰ ਹੋਈ ਮਿੱਟੀ ਮੋਏ ਵਜੂਦ ਦੀ ਜ਼ਬਰ ਬਣ ਵੈਂਹਦੀ ਏ। ਉਲਮਾਈ ਦੀ ਜ਼ੇਰ-ਜ਼ਬਰ ਵਿੱਚ ਫਾਤਾ ਜੀਅ ਕੁਦਰਤ ਦੀ ਦਾਨ ਹੋਈ ਸ਼ੱਕਰ ਨੂੰ ਅੰਦਰੇ-ਅੰਦਰ ਜੋੜ ਕੇ ਵਿਸ ਬਣਾ ਕੇ ਪਿਆ ਵੰਡਦਾ ਹੈ ਤੇ ਵੀਰਾਨ ਥੀਂਦਾ ਹੈ।