ਸ਼ਹੀਦ ਭਗਵਤੀ ਚਰਨ ਵੋਹਰਾ, ਦੁਰਗਾ ਭਾਬੀ ਆਪਣੇ ਪੁੱਤਰ ਸਾਚੀ ਨਾਲ਼

ਕਰਤੀ ਧਰਤੀ- ਨਵੇਂ ਅਜ਼ਾਦੀ ਯੁਗ ਦੀ ਲਲਕਾਰ

ਪ੍ਰੋਫੈਸਰ ਜਗਮੋਹਨ ਸਿੰਘ
    
ਕਰਤੀ ਧਰਤੀ ਦੀ ਜ਼ਿੰਮੇਵਾਰੀ ਆਪਣੇ ਹੱਥ ਲੈਣਾ ਇਕ ਸ਼ੁਭ ਸ਼ਗਣ ਹੈ। ਇਹ ਯਕੀਨਨ ਇਕ ਇਨਕਲਾਬੀ ਕਦਮ ਹੈ। ਸ਼ਹੀਦ ਭਗਤ ਸਿੰਘ ਦੇ ਨਜ਼ਰੀਏ ਤੋਂ ਲਹਿਰਾਂ ਦੋ ਕਿਸਮ ਦੀਆਂ ਹੁੰਦੀਆਂ ਹਨ। ਰਾਜ ਪਲਟਾਊ ਤੇ ਯੁਗ ਪਲਟਾਊ। ਇਹਨਾਂ ਵਿਚ ਫ਼ਰਕ ਸਮਝਣਾ ਬਹੁਤ ਜ਼ਰੂਰੀ ਹੈ। 

ਰਾਜ ਪਲਟਾਊ ਦਾ ਭਾਵ ਹੈ ਕਿ ਇਕ ਪਾਰਟੀ ਤੋਂ ਦੂਸਰੀ ਪਾਰਟੀ ਦੇ ਹੱਥ ਰਾਜ ਭਾਗ ਦੀ ਵਾਗ ਡੋਰ ਦੇ ਦੇਣਾ। ਇਸ ਦਾ ਅਸਰ ਬਸ ਮੁਖੌਟਾ ਬਦਲਣ ਦਾ ਹੀ ਹੁੰਦਾ ਹੈ, ਇਹ ਸੰਕਟਗ੍ਰਸਤ ਜਨਤਾ ਨੂੰ ਕੋਈ ਰਾਹਤ ਦੇਣ ਦੀ ਸਮਰਥਾ ਹੌਲੀ-ਹੌਲੀ ਗਵਾ ਲੈਂਦੀ ਹੈ ਤੇ ਸਮਾਜਿਕ ਤੇ ਆਰਥਿਕ ਸੰਕਟ ਹੋਰ ਵਧਦਾ ਜਾਂਦਾ ਹੈ । ਇਹ ਉਸ ਘੁੰਮਣਘੇਰੀ ਵਿਚ ਪੈਣਾ ਹੈ ਜੋ ਹਮੇਸ਼ਾ ਅੰਦਰ ਨੂੰ ਖਿੱਚਦੀ ਜਾਂਦੀ ਹੈ ਅਤੇ ਵਕਤ ਨਾਲ਼ ਹੋਰ ਜ਼ੋਰਦਾਰ ਹੁੰਦੀ ਜਾਂਦੀ ਹੈ। ਅਜਿਹੇ ਸਮੇਂ ਸਿਆਸੀ ਦਲ ਲੋਕਾਂ ਵਿਚ ਜਜ਼ਬਾਤਾਂ ਦੀ ਭੜਕਾਹਟ ਪੈਦਾ ਕਰਦੇ ਹਨ, ਆਪਸੀ ਝਗੜੇ-ਝੇੜੇ ਖੜੇ ਕਰਦੇ ਹਨ। ਜਿਸ ਦਾ ਮੂਲ ਹੁੰਦਾ ਹੈ ਜਨਤਾ ਵਿਚ ਵਿਚਾਰਕ ਘਚੋਲਾ ਖੜ੍ਹਾ ਕਰਕੇ ਵੰਡੀਆਂ ਪਾਉਣਾ। ਇਸ ਨਾਲ਼ ਸੰਕਟ ਹੋਰ ਗਹਿਰਾਅ ਜਾਂਦਾ ਹੈ। ਜਿਸ ਲਈ ਰਾਜ ਕਰਦੀਆਂ ਜਮਾਤਾਂ ਜਮਹੂਰੀ ਹੱਕਾਂ, ਜਮਹੂਰੀ ਅਜ਼ਾਦੀਆਂ ਨੂੰ ਆਨੇ-ਬਹਾਨੇ ਹਮਲੇ ਦਾ ਸ਼ਿਕਾਰ ਬਣਾਉਂਦੀਆਂ ਹਨ। ਲੋਕਾਂ ਦੀਆਂ ਚੀਕਾਂ ਤੋਂ ਘੇਸ ਵੱਟਣ ਲਈ ਬੇਮਾਇਨਾ ਸ਼ੋਰ ਮਚਾਉਂਦੀਆਂ ਹਨ। ਜਨਤਾ ਨੂੰ ਇਕ ਪਾਸੇ ਡਰ ਦੇ ਅੰਧਕਾਰ ਵਿਚ ਧਕੇਲਦੀਆਂ ਹਨ, ਦੂਸਰੇ ਪਾਸੇ ਫ਼ਿਰਕਾਪ੍ਰਸਤੀ ਰਾਹੀਂ ਵੰਡੀਆਂ ਪਾਉਂਦੀਆਂ ਹਨ। ਇਹ ਅਮਲ ਦੁਨੀਆਂ ਸਪਸ਼ਟ ਫਾਸ਼ੀ ਰਾਜਾਂ ਦੇ ਰੂਪ ਵਿਚ ਹੰਢਾ ਚੁੱਕੀ ਹੈ। 

ਇਸਦੇ ਮੁਕਾਲਬਤਨ ਭਗਤ ਸਿੰਘ ਕਹਿੰਦੇ ਹਨ ਕਿ ਦੂਸਰਾ ਅਮਲ ਯੁੱਗ ਪਲਟਾਊ ਹੁੰਦਾ ਹੈ ਜਿਸ ਦਾ ਅਸਰ ਸਾਰੇ ਸਮਾਜ ਉੱਤੇ ਹੇਠਾਂ ਤੋਂ ਉਪਰ ਤੱਕ ਪੈਂਦਾ ਹੈ। ਇਹ ਅਮਲ ਸੰਕਟ ਦੇ ਮੂਲ਼ ਨੂੰ ਸਮਝ ਕੇ ਉਸ ਦਾ ਹੱਲ ਕੱਢਦਾ ਹੈ। ਇਸ ਨੂੰ ਹੀ ਭਗਤ ਸਿੰਘ ਨੇ ਇਨਕਲਾਬੀ ਅਮਲ ਕਿਹਾ ਹੈ। ਇਸ ਸਮਾਜਿਕ, ਆਰਥਿਕ ਤੇ ਸਿਆਸੀ ਸੰਕਟ ਨੂੰ ਹੱਲ ਕਰਨ ਲਈ ਉਹਨਾਂ ਸ਼ਕਤੀਆਂ ਜਿਨ੍ਹਾਂ ਨੂੰ ਹੁਣ ਤੱਕ ਨਜ਼ਰਅੰਦਾਜ ਕੀਤਾ ਹੁੰਦਾ ਹੈ, ਉਹ ਵੀ ਮੈਦਾਨ ਵਿਚ ਨਿੱਤਰ ਆਉਂਦੀਆਂ ਹਨ। ਜਿਨ੍ਹਾਂ ਦੇ ਹੜ੍ਹੀ ਵਹਾਅ ਨੂੰ ਰੋਕਣ ਦੀ ਪਿਛਾਂਹਖਿੱਚੂ ਵਿਚਾਰਾਂ ਤੇ ਅਮਲਾਂ ਦੀ ਹਿੰਮਤ ਨਹੀਂ ਹੁੰਦੀ। ਇਸ ਦੇ ਪ੍ਰਭਾਵ ਨੂੰ ਅੰਗਰੇਜ਼ ਸਾਮਰਾਜੀ ਰਾਜ ਦੇ ਖ਼ਿਲਾਫ਼ ਜੰਗ ਵਿਚ ਇਨਕਲਾਬੀ ਔਰਤਾਂ ਸਵਿਤਰੀ ਬਾਈ ਫੂਲੇ ਤੇ ਉਸਦੀ ਸਾਥਣ ਸ਼ੇਖ ਫਾਤਿਮਾ ਨੇ ਲੜਕੀਆਂ ਨੂੰ ਪੜ੍ਹਨ ਸੋਚਣ ਦੇ ਕਾਬਿਲ ਬਣਾਉਣ ਲਈ ਇਨਕਲਾਬੀ ਅਮਲ ਸ਼ੁਰੂ ਕੀਤਾ, ਪੰਜਾਬ ਵਿਚ ਵੀ 1793 ਦੇ ਸਮੇਂ ਜਰਨੈਲ ਸਾਹਿਬ ਕੌਰ ਦਾ ਕੰਪਨੀ ਜਰਨੈਲ ਅਤੇ ਫਿਰ ਮਰਹੱਟਿਆਂ ਨੂੰ ਹਰਾਉਣ ਦੀ ਵਾਰ ਵਿਚ ਪ੍ਰੋ. ਮੋਹਨ ਸਿੰਘ ਨੇ ਇੰਝ ਜ਼ਿਕਰ ਕੀਤਾ।

ਬਿੱਜ ਪਈ ਮਰਹੱਟਿਆਂ ਕੁਝ ਪੇਸ਼ ਨਾ ਜਾਏ, 
ਭੱਜ ਉਠੇ ਉਹ ਜਿਧਰ ਨੂੰ ਵੀ ਸਿੰਙ ਸਮਾਏ,
ਏਦਾਂ ਮਾਣ ਪੰਜਾਬ ਦੇ ਵੈਰੀ ਹੱਥ ਆਏ, 
ਬੱਚੀ ਪੰਜ-ਦਰਿਆ ਦੀ ਨੇ ਰੱਖ ਵਿਖਾਏ ।

ਪਰ ਅਫ਼ਸੋਸ ਹੈ ਕਿ ਪਟਿਆਲੇ ਵਿਚ ਉਸ ਦਾ ਕੋਈ ਨਿਸ਼ਾਨ ਨਹੀਂ ਹੈ, ਕਿਓਂਕਿ ਰਾਜ ਨੂੰ ਆਪਣੀਆਂ ਬਹਾਦਰ ਔਰਤਾਂ ਤੋਂ ਡਰ ਲਗਦਾ ਹੈ।

ਅੰਗਰੇਜ਼ ਵਿਰੁੱਧ ਇਨਕਲਾਬੀ ਲਹਿਰ ਨੇ ਬਹੁਤ ਲਾਸਾਨੀ ਔਰਤ ਇਨਕਲਾਬੀਆਂ ਨੂੰ ਅਮਰ ਕੀਤਾ ਹੈ ਜਿਵੇਂ 1857 ਦੀਆਂ ਗਦਰੀ ਅਜੀਜ਼ਨ , ਬੇਗ਼ਮ ਹਜ਼ਰਤ ਮਹਲ, ਰਾਣੀ ਝਾਂਸੀ, ਜਰਨੈਲ ਝਲਾਰੀ ਬਾਈ, ਗਦਰੀ ਬੀਬੀ ਗੁਲਾਬ ਕੌਰ, ਦੁਰਗਾ ਭਾਬੀ, ਸੁਸ਼ੀਲਾ ਦੀਦੀ ਜਿਹੀਆਂ ਔਰਤਾਂ ਨੇ ਜਦ ਵੀ ਕਮਾਂਡ ਆਪਣੇ ਹੱਥ ਲਈ, ਨਵੇਂ ਯੁੱਗ ਦੀ ਸ਼ੁਰੂਆਤ ਹੋਈ। ਭਗਤ ਸਿੰਘ ਨੇ ਇਨ੍ਹਾਂ ਇਨਕਲਾਬਣਾਂ ਨੂੰ ਸਲਾਮ ਕਰਦਿਆਂ ਇਹ ਲਿਖਿਆ ਸੀ:
“ਇਹ ਉਹ ਭਾਰਤ ਦੀਆਂ ਬਹਾਦਰ ਸਪੁੱਤਰੀਆਂ ਹਨ, ਜਿਨ੍ਹਾਂ ਦੀ ਆਪਣੀ ਕੁਰਬਾਨੀ ਤਾਂ ਬੇਮਿਸਾਲ ਹੈ। ਨਾਲ਼ ਹੀ ਜਿਨ੍ਹਾਂ ਨੇ ਆਪਣੇ ਪਤੀਆਂ ਤੇ ਭਰਾਵਾਂ ਨੂੰ ਜਾਂ ਬਲੀ ਵੇਦੀ ਤੇ ਭੇਂਟ ਚੜ੍ਹਾਇਆ ਹੈ ਜਾਂ ਬਲੀ ਲਈ ਆਪਣੇ ਹੱਥੀਂ ਤੋਰਿਆ ਹੈ, ਇਹਨਾਂ ਬਹਾਦਰ ਦੇਵੀਆਂ ਨੇ ਆਪਣੀ ਜਾਨ ਸਮੇਤ, ਹਰ ਪਿਆਰੀ ਤੇ ਨਜ਼ਦੀਕੀ ਚੀਜ਼ ਨੂੰ ਕੁਰਬਾਨੀ ਲਈ ਭੇਂਟ ਕੀਤਾ ਹੈ। ਤੇ ਤੁਹਾਡੀ ਸਰਕਾਰ (ਅੰਗਰੇਜ਼) ਉਹਨਾਂ ਨੂੰ ਵਿਦਰੋਹੀ ਕਰਾਰ ਦੇ ਰਹੀ।" 

ਹੈਰਾਨੀ ਨਹੀਂ ਕਿ ਅੱਜ ਦੀ ਸਰਕਾਰ ਵੀ ਉਹੀ ਅੰਗਰੇਜ਼ ਸਰਕਾਰ ਦੀ ਨੀਤੀ ‘ਤੇ ਚੱਲ ਰਹੀ ਹੈ, ਹਰ ਤਰ੍ਹਾਂ ਯਾਨੀ ਆਰਥਿਕ ਤੇ ਦਮਨ ਨੀਤੀਆਂ ਤੇ। ਇਸ ਕਰਕੇ ਇਸ ਕਿਸਾਨ ਲਹਿਰ ਵਿਚ ਵੀ ਨੌਜਵਾਨ ਔਰਤ ਕਾਰਕੁਨਾਂ ਦਾ ਕਰਤਾ ਧਰਤਾ ਬਣਨ ਦਾ ਅਹਿਦ ਇਕ ਨਵੇਂ ਅਜ਼ਾਦੀ ਦੇ ਯੁਗ ਦਾ ਆਗਾਜ਼ ਹੈ ਅਤੇ ਇਸ ਕਿਸਾਨ ਲਹਿਰ ਦੀਆਂ ਦੂਸਰੀਆਂ ਇਨਕਲਾਬੀ ਪ੍ਰਾਪਤੀਆਂ ਦੇ ਨਾਲ਼ ਇਹ ਇਕ ਮਹੱਤਵਪੂਰਨ ਯੋਗਦਾਨ ਹੈ।

ਅੱਜ ਦੇ ਸੰਕਟ ਨੇ ਬਹੁਤ ਕੁਝ ਸਪੱਸ਼ਟ ਕਰ ਦਿੱਤਾ ਹੈ। ਇਕ ਬਿਲਕੁਲ ਸਾਫ਼ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਜਨਤਾ "ਆਤਮਨਿਰਭਰ" ਹੋ ਜਾਵੇ ਕਿਓਂਕਿ ਇਹ ਰਾਜਪ੍ਰਬੰਧ ਅਮੀਰਾਂ ਦਾ ਢਿੱਡ ਹੀ ਭਰ ਸਕਦਾ ਹੈ ਤੇ ਜਨਤਾ ਲਈ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਲਈ ਕੁਝ ਵੀ ਨਾ ਕਰਨ ਦੀ ਠਾਣੀ ਹੋਈ ਹੈ। ਇਸ ਕਰਕੇ ਹਰ ਪਿੰਡ ਤੇ ਮੁਹੱਲੇ ਵਿਚ ਵੀ ਔਰਤ ਨੂੰ ਕਰਤੀ ਧਰਤੀ ਬਣਨਾ ਪਵੇਗਾ। ਜੋ ਇਸ ਲਹਿਰ ਦੇ ਮੋਰਚੇ ਨੇ ਇਨਕਲਾਬੀ ਸੱਭਿਆਚਾਰ ਸਿਖਾਇਆ ਹੈ, ਉਸ ਨੂੰ ਜ਼ਮੀਨੀ ਪੱਧਰ ‘ਤੇ ਠੋਸ ਬਣਾਉਣ ਲਈ ਕੁਝ ਅਜਿਹੀਆਂ ਪਹਿਲ ਕਦਮੀਆਂ ਦਾ ਸੋਚਣਾ ਹੋਵੇਗਾ ਜੋ ਪਿੰਡ ਪੱਧਰ ‘ਤੇ ਵਿੱਦਿਆ, ਸਿਹਤ ਤੇ ਖੁਰਾਕ ਦੇ ਪ੍ਰਬੰਧ ਵਿੱਚ ਮੁਖਤਾ ਦੇਵੇ। ਇਸ ਤਰ੍ਹਾਂ ਇਕ-ਦੂਜੇ ਨਾਲ਼ ਹੱਥ ਨਾਲ਼ ਹੱਥ ਮਿਲਾ ਕੇ, ਬਲਵਾਨ ਬਣਦੇ ਹੋਏ ਸੰਕਟ ਦਾ ਨਿਵੇਕਲਾ ਹੱਲ ਕੱਢੀਏ। ਭਗਤ ਸਿੰਘ ਨੇ ਕਿਹਾ ਸੀ, "ਜਿਸ ਦਿਨ ਮਨੁਖੱਤਾ ਦੀ ਸੇਵਾ ਤੇ ਦੁਖ ਝਾਗ ਰਹੀ ਮਨੁੱਖਤਾ ਦੇ ਨਿਜਾਤ ਦੀ ਭਾਵਨਾ ਨਾਲ਼ ਪ੍ਰੇਰਿਤ ਹੋ ਕੇ ਬਹੁਤ ਸਾਰੇ ਮਰਦ ਔਰਤਾਂ ਅੱਗੇ ਆ ਗਏ... ਉਸ ਦਿਨ ਤੋਂ ਮੁਕਤੀ ਦਾ ਯੁੱਗ ਸ਼ੂਰੁ ਹੋਵੇਗਾ।"

ਕਰਤੀ ਧਰਤੀ ਨੇ ਇਸ ਦਾ ਆਗਾਜ਼ ਕਰ ਦਿੱਤਾ ਹੈ।