ਪੰਜਾਬ ਦੀ ਟਰੱਕ ਕਲਾ

ਇਸ਼ਕ ਕਹਾਣੀ - ਲੋਕ ਕਹਾਣੀ

ਨਜਮ ਹੁਸੈਨ ਸਈਦ - ਅਕੱਥ ਕਹਾਣੀ ਵਿੱਚੋਂ
    
ਸਿਆਣਿਆ, ਇਹਨਾਂ ਜਾਤਾਂ ਚੋਂ ਹੀਰ ਦੀ ਕਹਾਣੀ, ਛੜੀ ਕੁੜੀ ਮੁੰਡੇ ਦੀ ਇਸ਼ਕ ਕਹਾਣੀ ਹੈ ਈ ਨਈਂ, ਇਹ ਕਹਾਣੀ ਤੇ ਲੋਕਾਈ ਦੀ ਕਹਾਣੀ ਹੈ। ਨਿਮਾਣਿਆਂ, ਦਬੇਲਾਂ(ਦੱਬੇ ਹੋਇਆਂ), ਚਾਕਾਂ(ਨੌਕਰਾਂ), ਛਾਹ(ਲੱਸੀ) ਪਿਆਕਾਂ ਦੀ ਵਾਰ। ਨਿਮਾਣੀਆਂ, ਦਬੇਲਾਂ, ਜ਼ਨਾਨੀਆਂ ਦੀ ਕਦੀਮੀ ਵਾਰ ਤੇ ਏਸ ਕਹਾਣੀ ਰਾਹੀਂ ਦਬੀਲ ਜਣੀਆਂ-ਜਣੇ ਵਸੇਬ ਦੀ ਬਣਤਰ ਨੂੰ, ਆਪਣੀ ਹੋਂਦ ਨੂੰ, ਭਾਰੂ ਮੇਲਾਂ ਨਾਲ਼ ਭਿੜਨ ਦੀ ਆਪਣੀ ਸਕਤ(ਤਾਕਤ) ਨੂੰ ਜਾਨਣਾ ਤੇ ਜਾਚਣਾ ਚਾਹੁੰਦੇ ਹਨ। ਆਪਣੀ ਕਰਨੀ ਲਈ ਰਾਹ ਬਣਾਉਣਾ ਚਾਹੁੰਦੇ ਹਨ। ਹੀਰ ਨੂੰ ਕੱਢ ਖੜ੍ਹਨ, ਤੇ ਕਿੱਥੇ? ਆਪਣੀ ਧਰਤੀ ‘ਤੇ? ਆਪਣੇ ਮੇਲ ਦਿਆਂ ਪੁਆੜਿਆਂ ਤੋਂ ਬਾਹਰ ਕਿਸੇ ਮੰਗਵੀਂ ਬਹਿਸ਼ਤ? ਕੇ ਆਪੂੰ ਰਾਠ(ਰਾਜੇ) ਨਰ ਬਣ ਵੰਝਣ(ਜਾਣ)? ਅਸਲ ਵਿਚ ਸਾਡੇ ਸਿਆਣੇ ਹੀਰ ਦੀ ਕਹਾਣੀ ਦੀਆਂ ਪੁੱਛਾਂ ਕੋਲੋਂ ਪੱਲਾ ਛੁਡਾਉਣਾ ਲੋੜਦੇ ਹਨ। ਲੋਕਾਈ ਦਿਆਂ ਪੁਆੜਿਆਂ ਵੱਲ ਕੰਡ ਕਰਨੀ ਲੋੜਦੇ ਹਨ। ਕਿਸੇ ਕਰਾਮਾਤੀ ਬੱਕੀ ਤੇ ਚੜ੍ਹ ਕੇ ਮਾਪਿਆਂ ਦੀ ਗਵਾਚੀ ਜੂਹ ਦੇ ਸੁਖਾਲ ਵਿਚ ਉੱਡ ਅਪੜਨ ਤੇ ਉਤਾਵਲੇ ਹਨ। ਨਹੀਂ ਜਾਣਦੇ ਜੋ ਮਾਪਿਆਂ ਦੇ ਜੂਹੇ ਪਰਤਣ ਦਾ ਰਾਹ ਕੋਈ ਨਈਂ ਹੁੰਦਾ। ਕਰਾਮਾਤੀ ਬੱਕੀਆਂ ਆਪ ਭੁਲਾਵੇ ਦੀ ਘੂਕੀ ਵਿਚ ਆਣ ਉਤਾਰਦੀਆਂ ਹਨ ਤੇ ਆਪ ਭੁਲਾਵੇ ਦੀ ਘੂਕੀ ਮੌਤ ਦੀ ਘੂਕੀ ਹੁੰਦੀ ਹੈ।